ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਪ੍ਰਮੁੱਖ ਨਿਸ਼ਾਨਾ ਤਾਂ ਮਨੁੱਖੀ ਕਲਿਆਣ ਹੀ ਹੈ। ਭਗਤੀ, ਸਿਮਰਨ ਅਤੇ ਮੁਕਤੀ ਇਸੇ ਮੰਤਵ ਦੇ ਸੂਚਕ ਹਨ। ਗੁਰੂ ਸਾਹਿਬਾਨ ਦਾ ਰੂਹਾਨੀ ਮਿਸ਼ਨ ਮਨੁੱਖ ਨੂੰ ਸੱਚੀ ਭਗਤੀ ਵੱਲ ਜੋੜਨਾ ਤੇ ਵਿਅਰਥ ਦੇ ਕਰਮ-ਕਾਂਡਾਂ ਤੋਂ ਦੂਰ ਕਰਨਾ ਸੀ। ਇਸ ਲਈ ਗੁਰੂ ਸਾਹਿਬਾਨ ਦਾ ਮੰਤਵ ਮਨੁੱਖ ਨੂੰ ਆਤਮਿਕ ਤੌਰ ‘ਤੇ ਉੱਚਾ ਤੇ ਸੁੱਚਾ ਬਣਾਉਣਾ ਸੀ। ਇਸੇ ਲੜੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਾਣੀ ਰਾਹੀਂ ਮਨੁੱਖਤਾ ਨੂੰ ਸੇਧ ਦਿੱਤੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚ ਹਉਮੈਂ-ਗ੍ਰਸਤ ਖੁਦਗਰਜ਼ ਜੀਵਨ, ਕੁਟੰਬ ਦੀ ਸੀਮਤ ਚਾਰਦੀਵਾਰੀ ਦੇ ਐਸ਼ਵਰਜ ਤੇ ਬੇਅਣਖ ਜ਼ਿੰਦਗੀ ਤੋਂ ਘ੍ਰਿਣਾ, ਵੈਰਾਗ ਤੇ ਉਪਰਾਮਤਾ ਹੈ ਅਤੇ ਬਾਗ਼ੈਰਤ, ਬਲਧਾਰੀ ਮਾਨਵੀ ਜੀਵਨ ਲਈ ਅਧਿਆਤਮਕ ਹੱਲਾ ਹੈ। ਆਪ ਦੀ ਬਾਣੀ ਵਿਚ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਦੇ ਗਿਆਨੀ ਜੀਵਨ-ਪੱਧਰ ਨੂੰ ਸਤਿਕਾਰਿਆ ਗਿਆ ਹੈ। ਬਲੁ ਹੋਆ ਬੰਧਨ ਛੁਟੇ ਸਭ ਕਿਛੁ ਹੋਤ ਉਪਾਇ ਦਾ ਮੁਕਤੀ ਮਾਰਗ ਦਰਸਾਇਆ ਗਿਆ ਹੈ। ਇੱਥੇ ਗੁਰੂ ਸਾਹਿਬ ਨੇ ਬਲ ‘ਨਾਮ’ ਦਾ ਮੰਨਿਆ ਹੈ ਜੋ ਭੈ ਨਾਸਨ ਦੁਰਮਤਿ ਹਰਨ ਹੈ। ਨਾਮ ਭਗਤੀ ਹੀ ਹਉਮੈਂ ਨੂੰ ਕੱਟਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੰਧਨ ਵਿਚ ਪਏ ਮਨੁੱਖ ਨੂੰ ਮੂੜ ਮੁਗਧ (ਅਗਿਆਨੀ) ਕਿਹਾ ਹੈ। ਗੁਰੂ ਸਾਹਿਬ ਦੀ ਬਾਣੀ ਦਾ ਕੇਂਦਰੀ ਵਿਸ਼ਾ ਹੀ ਬੰਧਨ ਵਿਚ ਪਏ ਮਨੁੱਖ ਨੂੰ ਨਿਰਭੈ-ਨਿਰਬਾਣ ਪਦ ‘ਤੇ ਪਹੁੰਚਾਉਣਾ ਹੈ।
ਗੁਰੂ ਜੀ ਨੇ ਬੰਧਨ ਦਾ ਕਾਰਨ ਅਗਿਆਨੀ ਮਨ ਨੂੰ ਦੱਸਿਆ ਹੈ, ਜੇ ਮਨੁੱਖ ਨੂੰ ਸਹੀ ਆਤਮਿਕ ਗਿਆਨ ਪ੍ਰਾਪਤ ਹੋ ਜਾਵੇ ਤਾਂ ਉਹ ਇਸ ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ:
-ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥ ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥
(ਅੰਗ, ੧੪੨੬)
-ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥
(ਅੰਗ, ੧੪੨੯)
ਮਨੁੱਖ ਕਈ ਅਤੁੱਟ ਤੰਦਾਂ ਵਿਚ ਉਲਝ ਗਿਆ ਹੈ। ਤਨ ਦਾ ਮੋਹ ਉਸ ਦਾ ਪਹਿਲਾ ਬੰਧਨ ਹੈ। ਕੁਟੰਬ ਦਾ ਮੋਹ ਉਸ ਦਾ ਦੂਜਾ ਬੰਧਨ ਹੈ ਆਪਣੀ ਤੇ ਆਪਣੇ ਕੁਟੰਬ ਦੇ ਸੁੱਖ ਦੀ ਲਾਲਸਾ ਉਸ ਦਾ ਤੀਜਾ ਬੰਧਨ ਹੈ। ਮਾਇਆ ਦੇ ਮੋਹ ਕਾਰਨ ਮਨ ਦਾ ਉਲਾਰਪਨ ਉਸ ਦਾ ਚੌਥਾ ਬੰਧਨ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ: ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥
ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥
(ਅੰਗ, ੧੪੨੭)
ਅਗਿਆਨੀ ਦਾ ਜੀਵਨ ਮਾਇਆ ਦੇ ਧੰਦਿਆਂ ਵਿਚ ਲੰਘਦਾ ਹੈ। ਮਾਇਆ ਵਿਚ ਖਚਿਤ
ਹੋਣ ਕਾਰਨ ਪ੍ਰਭੂ-ਸਿਮਰਨ ਦਾ ਧਿਆਨ ਨਹੀਂ ਰਹਿੰਦਾ। ਇਸ ਤਰ੍ਹਾਂ ਜੀਵਨ ਨਿਸਫਲ ਹੋ ਜਾਂਦਾ ਹੈ। ਜੀਵਨ ਦਾ ਅਸਲ ਮਨੋਰਥ ਮਾਇਆ ਇਕਠੀ ਕਰਨਾ ਨਹੀਂ, ਨਾਮ ਦਾ ਧਨ ਇਕੱਠਾ ਕਰਨਾ ਹੈ ਜੋ ਮਨੁੱਖ ਨਾਲ ਜਾਣਾ ਹੈ। ਗੁਰੂ ਸਾਹਿਬ ਨੇ ਹਉਮੈਂ ਨੂੰ ਪੰਜਵਾਂ ਬੰਧਨ ਕਿਹਾ ਹੈ:
ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥
(ਅੰਗ, ੧੪੨੮)
ਹਉਮੈਂ ਆਉਣ ਨਾਲ ਮਨ `ਤੇ ਪਹਿਲਾਂ ਨਾਲੋਂ ਕਈ ਗੁਣਾ ਵੱਧ ਮੈਲ ਚੜ੍ਹ ਜਾਂਦੀ ਹੈ ਅਜਿਹੀ ਸਥਿਤੀ ਵਿਚ ਕੀਤੇ ਤੀਰਥ ਬਰਤ, ਪੁੰਨ, ਦਾਨ ਰਸਮੀ ਧਰਮ ਕਰਮ ਹਨ। ਪਰ ਨਾਮ-ਸਿਮਰਨ ਨਾਲ ਮਨ ਨਿਰਮਲ, ਪਾਕ-ਪਵਿੱਤਰ ਹੋ ਜਾਂਦਾ ਹੈ। ਦੁੱਖ-ਸੁੱਖ, ਉਸਤਤਿ-ਨਿੰਦਾ ਆਦਿ ਦਸ਼ਾਵਾਂ ਵਿਚ ਡੋਲਣਾ ਵੀ ਬੰਧਨ ਹੀ ਹੈ ਇਸ ਦੁਰਦਸ਼ਾ ਦਾ ਕਾਰਨ ਮਨ ਹੈ ਮਨ ਦੇ ਰੂਪ ਤੇ ਅਸਲੀਅਤ ਨੂੰ ਨਾ ਜਾਣਨਾ ਅਗਿਆਨਤਾ ਹੈ। ਜੇ ਅਗਿਆਨੀ ਮਨ ਨੂੰ ਸ਼ਬਦ ਰੂਪੀ ਗਿਆਨ ਹੋ ਜਾਵੇ ਤਾਂ ਇਹ ਭਗਤੀ ਕਰੇਗਾ ਤਦ ਇਹ ਬੰਧਨ ਮੁਕਤ ਹੋ ਜਾਵੇਗਾ:
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥(ਅੰਗ ੧੪੨੭)
ਸ੍ਰੀ ਗੁਰੂ ਤੇਗ ਬਹਾਦਰ ਜੀ ਮਨੁੱਖੀ ਮਨ ਨੂੰ ਸਾਧਣ ਲਈ ਉਤਸ਼ਾਹਿਤ ਕਰਦੇ ਹਨ:
ਸਾਧੋ ਮਨ ਕਾ ਮਾਨੁ ਤਿਆਗਉ ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ਰਹਾਉ॥ ਸੁਖ ਦੁਖ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ (ਅੰਗ, ੨੧੯)
ਇਨ੍ਹਾਂ ਬੰਧਨਾਂ ਕਾਰਨ ਹੀ ਮਨੁੱਖ ਉਸ ਪਰਮ ਸੰਤਾ ਤੋਂ ਕੋਹਾਂ ਦੂਰ ਚਲਾ ਜਾਂਦਾ ਹੈ ਤੇ ਜੇ ਗਿਆਨ ਪ੍ਰਾਪਤ ਹੋ ਜਾਵੇ ਤਾਂ ਜੀਵ ਸੱਚ ਵੱਲ ਪਰਤਦਾ ਹੈ। ਉਸ ਨੂੰ ਨਾਮ ਦਾ ਰਸ ਸਾਰੇ ਹੋਰ ਰਸਾਂ ਤੋਂ ਸ੍ਰੇਸ਼ਟ ਜਾਪਦਾ ਹੈ। ਨਾਮ ਦੀ ਸੋਝੀ ਤੋਂ ਉੱਚਾ ਕੁਝ ਵੀ ਨਹੀਂ, ਇਹ ਸਰਬ ਸ੍ਰੇਸ਼ਟ ਧਰਮ ਹੈ ਜੋ ਮਨੁਖ ਨੂੰ ਫੋਕੇ ਕਰਮ-ਕਾਂਡਾਂ ਤੇ ਵਹਿਮਾਂ-ਭਰਮਾਂ ਨੂੰ ਛੱਡ ਕੇ ਆਪਣੇ ਮਨ ਨੂੰ ਆਤਮਿਕ ਤੌਰ ‘ਤੇ ਬਲਵਾਨ ਬਣਾਉਣ ਦੀ ਸਿੱਖਿਆ ਦਿੰਦਾ ਹੈ:
ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥ ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥
(ਅੰਗ ੬੩੨)
ਨਾਮ ਪਤਿਤ ਨੂੰ ਪਾਵਨ ਕਰਨ ਵਾਲਾ ਹੈ:
ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥ ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥(ਅੰਗ ੧੪੨੬)
ਪਰਮਾਤਮਾ ਦਾ ਨਾਮ ਭੈ ਨਾਸ਼ਕ ਹੈ. ਦੁਰਮਤਿ ਦੂਰ ਕਰਨ ਵਾਲਾ ਹੈ: ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥ ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥(ਅੰਗ ੧੪੨੭)
ਉਸ ਸਦਾ ਸਥਿਰ ਅਕਾਲ ਪੁਰਖ ਦੀ ਸ਼ਰਨ ਵਿਚ ਆਇਆ ਮਨੁੱਖ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਤੇ ਉਸ ਨੂੰ ਨਿਰਯਤਨ ਹੀ ਮੁਕਤੀ ਮਿਲ ਜਾਂਦੀ ਹੈ ਅਤੇ ਇਹ ਤਾਂ ਹੀ ਸੰਭਵ ਹੁੰਦਾ ਹੈ ਜੇ ਉਸ ਅਕਾਲ ਪੁਰਖ ਦੀ ਮਿਹਰ ਹੋ ਜਾਵੇ। ਗਿਆਨੀ ਦੀ ਅਵਸਥਾ ਹੁਕਮ ਵਿਚ ਚੱਲਣ ਵਾਲੇ ਦੀ ਮੰਨੀ ਹੈ। ਗਿਆਨੀ ਹੁਕਮ, ਰਜਾ, ਭਾਣੇ ਵਿਚ ਰਾਜੀ ਰਹਿੰਦਾ ਹੈ। ਉਹ ਹਰ ਭਾਣੇ ਵਿਚ ਉਸ ਪਰਮ-ਪਿਤਾ ਪਰਮਾਤਮਾ ਦੇ ਹੁਕਮ ਨੂੰ ਪਛਾਣਦਾ ਹੈ ਅਤੇ ਉਸ ਪਰਮਾਤਮਾ ਦੇ ਦਿੱਤੇ ਹਰ ਰੰਗ ਵਿਚ ਰਾਜ਼ੀ ਰਹਿੰਦਾ ਹੋਇਆ ਦੁੱਖ ਅਤੇ ਸੁੱਖ ਨੂੰ ਸਮਾਨ ਜਾਣਦਾ ਹੈ। ਇਹੀ ਉਹ ਅਵਸਥਾ ਹੈ ਜਦੋਂ ਗੁਰੂ ਕਿਰਪਾ ਨਾਲ ਨਾਮ ਵਿਚ ਲੱਗਣ ਨਾਲ ਪ੍ਰਭੂ ਮਿਲਾਪ ਹੋ ਜਾਂਦਾ ਹੈ:
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥੧॥ਰਹਾਉ॥
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ॥
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥(ਅੰਗ, ੬੩੩)
ਹੁਕਮ ਵਿਚ ਜੀਣਾ ਆ ਜਾਵੇ ਤਾਂ ਸਾਰੀਆਂ ਚਿੰਤਾਵਾਂ ਮੁੱਕ ਜਾਂਦੀਆਂ ਹਨ। ਫਿਰ ਮਨੁੱਖ ਨੂੰ ਨਾ ਮੌਤ ਦੀ ਚਿੰਤਾ ਤੇ ਨਾ ਡਰ ਰਹਿੰਦਾ ਹੈ:
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥ (ਅੰਗ ੧੪੨੯)
ਅਕਾਲ ਪੁਰਖ ਦੀ ਰਜ਼ਾ ਤੇ ਭਾਣੇ ਵਿਚ ਚੱਲ ਰਹੇ ਗਿਆਨੀ ਨੂੰ ਕੋਈ ਡਰ ਜਾ ਭੈ ਨਹੀਂ ਹੁੰਦਾ ਕਿਉਂਕਿ ਉਸ ਨੂੰ ਹੁਕਮ ਦੀ ਸਮਝ ਆ ਚੁੱਕੀ ਹੈ ਕਿ ਹੁਕਮ ਨੇ ਅਵੱਸ਼ ਹੀ ਵਾਪਰਨਾ ਹੈ ਜਿਸ ਨੂੰ ਕੋਈ ਨਹੀਂ ਬਦਲ ਸਕਦਾ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੁਸਾਰ ਧਰਮ ਤਾਂ ਤਦ ਹੀ ਸੰਭਵ ਹੈ ਜੇ ਮਨ ‘ਤੇ ਕਾਬੂ ਹੋਵੇ। ਰਸਮੀ ਸਾਧਨਾ ਕਰਨ ਨਾਲ ਮਨ ਦਾ ਹੰਕਾਰ ਵੱਧਦਾ ਹੈ। ਇਹੋ ਮਨ ਦੀ ਚੰਚਲਤਾ ਹੈ। ਧਰਮ ਤਦ ਹੀ ਪੂਰਨ ਹੈ ਜੋ ਮਨ ਵੱਸ ਆ ਜਾਵੇ:
ਤੀਰਥ ਕਰੈ ਬੂਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥ ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥
(ਅੰਗ, ੮੩੧)
ਮਨ ਪੱਥਰ ਨਿਆਈਂ ਹੈ ਜੋ ਭਗਤੀ ਨਾਲ ਹੀ ਭਿਜਦਾ ਹੈ ਤੇ ਵਸ ਆਉਂਦਾ ਹੈ।
ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥ ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥(ਅੰਗ ੮੩੧)
“ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ” ਇਹ ਸਲੋਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਹੀ ਹਨ। ਕਿਉਂਕਿ ਆਤਮਕ ਬਲ ਵਿੱਚੋਂ ਸਾਹਸ, ਦਲੇਰੀ, ਸਿਪਾਹੀ ਦੀ ਸ਼ਕਤੀ ਤੇ ਸ੍ਵੈ-ਕਾਬੂ ਵਰਗੇ ਗੁਣ ਪੈਦਾ ਹੁੰਦੇ ਹਨ। ਇਸੇ ਲਈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਗਤੀ ਉੱਤੇ ਜ਼ੋਰ ਦਿੱਤਾ ਹੈ ਤਾਂ ਜੋ ਮਨੁੱਖ ਵਿਚ ਆਤਮਿਕ ਸ਼ਕਤੀ ਪੈਦਾ ਹੋਵੇ। ਇਹ ਉਹ ਦੈਵੀ ਮਾਰਗ ਸੀ ਜਿਸ ਅਧੀਨ ਕੌਮ ਨੂੰ ਕੁਰਬਾਨੀ ਕਰਨ ਲਈ ਤਿਆਰ ਕੀਤਾ ਗਿਆ। ਗੁਰੂ ਸਾਹਿਬਾਨ ਨੇ ਆਪਣੀ ਸਾਰੀ ਬਾਣੀ ਵਿਚ ਮਾਇਆ ਮੋਹ ਤੋਂ ਉਪਰਾਮਤਾ ਸਿਖਾਈ ਹੈ, ਕਿਉਂਕਿ ਅਜਿਹੀ ਉਪਰਾਮਤਾ ਹੀ ਅੱਤਿਆਚਾਰੀ ਹਕੂਮਤ ਤੇ ਸ਼ਾਸਕ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਦੀ ਹੈ। ਇਸ ਲਈ ਸਾਧਕ ਆਪਣੇ ਤਨ, ਮਨ, ਧਨ ਨੂੰ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ। ਇਸ ਤਰੀਕੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਆਹੂਤੀ ਲਈ ਕੌਮ ਨੂੰ ਤਿਆਰ ਕੀਤਾ।
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਧਰਮ ਸਿਧਾਂਤ ਬਾਰੇ ਦੱਸਿਆ ਹੈ ਕਿ ਧਰਮ ਪ੍ਰਭੂ ਪ੍ਰੇਮ ਹੈ, ਪਰ ਪ੍ਰੇਮ ਲਈ ਤਨ, ਮਨ, ਧਨ ਦੀ ਕੁਰਬਾਨੀ ਲੋੜੀਂਦੀ ਹੈ। ਆਪਣਾ ਆਪ ਵੀ ਕੁਰਬਾਨ ਕਰਨਾ ਪੈਂਦਾ ਹੈ। ਗੁਰੂ ਸਾਹਿਬਾਨ ਨੇ ਭਗਤ ਕਬੀਰ ਜੀ ਦੇ ਨਿਮਨ-ਦਰਜ ਦੋ ਸਲੋਕਾਂ ਦੀ ਇਹੋ ਭਾਵਨਾ ਪਰਵਾਨ ਕਰਦਿਆਂ ਹੀ ਮਾਰੂ ਰਾਗ ਵਿਚ ਦਰਜ ਕੀਤੇ ਸਨ:
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥੨॥੨॥(ਅੰਗ ੧੧੦੫)
ਇਸੇ ਭਾਵਨਾ ਵਿਚ ਬਲੁ ਛੁਟਕਿਓ ਬੰਧਨ ਪਰੇ ਅਤੇ ਬਲੁ ਹੋਆ ਬੰਧਨ ਛੁਟੇ ਦੇ ਸਲੋਕ ਹਨ। ਇਹ ਬਲ ਧਾਰਨ ਕਰਨ ਲਈ ਲੋੜੀਂਦੀ ਸ਼ਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸਾਰੀ ਬਾਣੀ ਵਿਚ ਸਪੱਸ਼ਟ ਕੀਤੀ ਹੈ। ਜਿੱਥੇ ਗਿਆਨ ਆ ਗਿਆ, ਉੱਥੇ ਤਿਆਗ ਆਇਗਾ, ਜਿੱਥੇ ਤਿਆਗ ਆ ਗਿਆ, ਉੱਥੇ ਬਲ ਆਇਗਾ, ਉੱਥੇ ਹੀ ਅਜਾਦੀ ਆਵੇਗੀ। ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਪਦੇਸ਼ ਹੈ।
-ਡਾ. ਨਰਿੰਦਰ ਕੌਰ
