views 9 secs 0 comments

ਬਾਰਹ ਮਾਹਾ ਤੁਖਾਰੀ : ਪ੍ਰਕਿਰਤੀ ਦਾ ਸੰਕਲਪ

ਲੇਖ
May 05, 2026

ਪੰਜਾਬੀ ਸਾਹਿਤ ਵਿਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਬਾਰਹ ਮਾਹ ਲਿਖਣ ਦੀ ਅਰੰਭਤਾ ਕੀਤੀ ਬਾਰਹ ਮਾਹ ਪੰਜਾਬੀ ਸਾਹਿਤ ਦਾ ਇਕ ਅਜਿਹਾ ਕਾਵਿ-ਰੂਪ ਹੈ ਜਿਸ ਵਿਚ ਪ੍ਰਕ੍ਰਿਤਕ ਵਾਯੂਮੰਡਲ ਦੇ ਨਾਲ-ਨਾਲ ਇਕ ਜੀਵ ਇਸਤਰੀ ਕਿਸ ਤਰ੍ਹਾਂ ਆਪਣੇ ਪਤੀ-ਪਰਮੇਸ਼ਰ ਨੂੰ ਮਿਲਣ ਦੀ ਤੀਬਰ ਇੱਛਾ ਰੱਖਦੀ ਹੋਈ ਵਿਰਲਾਪ ਕਰਦੀ ਹੈ, ਬਾਰੇ ਦੱਸਿਆ ਗਿਆ ਹੈ। ਇਸ ਵਿਚ ਬਿਰਹਾ ਦੀਆਂ ਸੁਰਾਂ ਨੂੰ ਛੇੜਦੇ ਹੋਏ ਸੰਜੋਗ-ਵਿਜੋਗ ਦਾ ਚਿਤਰਨ ਕੀਤਾ ਗਿਆ ਹੈ। ਪੂਰਬ ਪਰੰਪਰਾ ਅਨੁਸਾਰ ਬਾਰਹ ਮਾਹ ਦਾ ਮੁੱਖ ਮੰਤਵ ਸ਼ੁੱਧ ਸ਼ਿੰਗਾਰ ਸਿਰਜਣਾ ਸੀ, ਪ੍ਰੰਤੂ ਗੁਰੂ ਨਾਨਕ ਸਾਹਿਬ ਨੇ ਇਸ ਵਿਚ ਪ੍ਰਕਿਰਤਕ ਵਾਤਾਵਰਨ ਅਤੇ ਅਧਿਆਤਮਿਕਤਾ ਦੇ ਸਾਰੇ ਪੱਖਾਂ ਨੂੰ ਉਜਾਗਰ ਕੀਤਾ ਹੈ :

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥

ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥(ਅੰਗ ੧੧੦੯)

‘ਬਾਰਹ ਮਾਹਾ ਤੁਖਾਰੀ’ ਦਾ ਸਿੱਧਾ ਸੰਬੰਧ ਪ੍ਰਕਿਰਤੀ ਦੇ ਚਿਤਰਨ ਨਾਲ ਹੈ।

ਇੱਕੋ-ਇੱਕ ਗੁਰੂ ਨਾਨਕ ਸਾਹਿਬ ਹਨ, ਜਿਨ੍ਹਾਂ ਨੇ ਸਾਹਿਤਕ ਪੱਖ ਤੋਂ ਕੁਦਰਤ ਦੇ ਨਾਲ ਇਕਮਿਕ ਹੋ ਕੇ ਕਵਿਤਾ ਦੀ ਸਿਰਜਣਾ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ‘ਬਾਰਹ ਮਾਹ ਤੁਖਾਰੀ’ ਵਿਚ ਦਰਦਨਾਕ ਸ਼ਾਇਰੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਉਸ ਦਾ ਟਾਕਰਾ ਸਮੁੱਚੀ ਦੁਨੀਆ ਦੇ ਸਾਹਿਤ ਦੇ ਖੇਤਰ ਵਿਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ। ਜਿਵੇਂ :

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥(ਅੰਗ ੫੫੭)

ਇਸ ਸ਼ਬਦ ਵਿਚ ਦਰਦਨਾਕ ਬਿਰਹਾ ਦੀ ਤਸਵੀਰ ਨੂੰ ਉਲੀਕਿਆ ਗਿਆ ਹੈ। ਸਾਰੀ ‘ਬਾਰਹ ਮਾਹਾ ਤੁਖਾਰੀ’ ਬਾਣੀ ਵਿੱਚੋਂ ਇਹੀ ਸੰਕੇਤ ਸਪੱਸ਼ਟ ਹੁੰਦੇ ਹਨ ਕਿ ਗੁਰੂ ਸਾਹਿਬ ਜੀ ਨੇ ਪ੍ਰਕਿਰਤੀ ਦੇ ਅਨੰਦ ਨੂੰ ਖੂਬ ਮਾਣਿਆ ਅਤੇ ਕਦੇ ਵੀ ਉਦਾਸ ਨਹੀਂ ਹੋਏ। ਗੁਰੂ ਸਾਹਿਬ ਅਨੁਸਾਰ ਕਾਦਰ ਅਤੇ ਕੁਦਰਤ ਇਕ ਹੀ ਹੈ ਵੱਖ-ਵੱਖ ਨਹੀਂ। ਇਸ ਬਾਣੀ ਦੇ ਅਧਿਐਨ ਤੋਂ ਕੁਦਰਤ ਦੇ ਸਰੂਪ ਬਾਰੇ ਸਪੱਸ਼ਟ ਹੈ ਜਿਵੇਂ ਕਿ: ਕੁਦਰਤ ਅਸੀਮ ਹੈ, ਕੁਦਰਤ ਅਨੁਸ਼ਾਸਨ ਵਿਚ ਹੈ, ਕੁਦਰਤ ਰੱਬੀ ਗਾਇਨ ਵਿਚ ਹੈ, ਕੁਦਰਤ ਲੋਪ ਤਾਂ ਹੋ ਸਕਦੀ ਹੈ, ਪਰ ਨਸ਼ਟ ਨਹੀਂ।

‘ਬਾਰਹ ਮਾਹਾ ਤੁਖਾਰੀ’ ਵਿਚ ਗੁਰੂ ਸਾਹਿਬ ਨੇ ੧੨ ਮਹੀਨਿਆਂ ਨੂੰ ਬਾਖੂਬੀ
ਚਿਤਰਿਆ ਹੈ। ਜਿਵੇਂ ਕਿ ਚੇਤ ਦਾ ਮਹੀਨਾ ਜੋ ਕਿ ਸਿੱਖ ਪਰੰਪਰਾ ਅਨੁਸਾਰ ਨਵੇਂ ਸਾਲ ਦੀ ਅਰੰਭਤਾ ਵਜੋਂ ਮੰਨਿਆ ਜਾਂਦਾ ਹੈ। ਇਹ ਮਹੀਨਾ ਮਨਮੋਹਕ ਅਤੇ ਰੰਗ-ਬਿਰੰਗੇ ਫੁੱਲਾਂ ਦੀ ਖੁਸ਼ਬੋ ਨਾਲ ਭਰਿਆ ਹੁੰਦਾ ਹੈ। ਭੰਵਰੇ ਫੁੱਲਾਂ ਉੱਪਰ ਭੌਂਦੇ ਹਨ ਅਤੇ ਬਹੁਤ ਸੁੰਦਰ ਲਗਦੇ ਹਨ। ਇਸ ਮਹੀਨੇ ਵਿਚ ਬਿਰਹਨੀ ਆਪਣੇ ਪਿਆਰੇ ਦੀ ਕਲਪਨਾ ਕਰਦੀ ਹੈ ਅਤੇ ਵਿਰਲਾਪ ਦੀ ਅਵਸਥਾ ਵਿਚ ਕਹਿੰਦੀ ਹੈ ਕਿ ਉਸ ਦਾ ਪ੍ਰੀਤਮ ਘਰ ਵਿਚ ਹੋਣਾ ਚਾਹੀਦਾ ਹੈ, ਪਰ ਜੇ ਪਿਆਰਾ ਘਰ ਵਿਚ ਨਹੀਂ ਹੁੰਦਾ ਤਾਂ ਉਸ ਨੂੰ ਨਾ ਕੋਇਲ ਦੀ ਕੂ-ਕੂ ਚੰਗੀ ਲੱਗਦੀ ਹੈ ਅਤੇ ਨਾ ਹੀ ਭੰਵਰੇ ਫੁੱਲਾਂ ਉੱਤੇ ਚੰਗੇ

ਲਗਦੇ ਹਨ:

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥(ਅੰਗ ੧੧੦੭)

ਗੁਰੂ ਸਾਹਿਬ ਜੀ ਜੇਠ ਮਹੀਨੇ ਦੇ ਗਰਮ ਵਾਤਾਵਰਨ ਵਿਚ ਜੀਵਾਤਮਾ ਦੇ ਹਿਰਦੇ ਦੀ ਤਪਸ਼ ਬਿਆਨ ਕਰਦੇ ਹੋਏ ਦੱਸਦੇ ਹਨ ਕਿ ਬਾਹਰੀ ਪ੍ਰਕਿਰਤੀ ਦੀ ਤਪਸ਼ ਨਾਲੋਂ ਮਨੁੱਖੀ ਜੀਵ ਇਸਤਰੀ ਦੀ ਤਪਸ਼ ਬਹੁਤ ਹੀ ਘਾਤਕ ਹੁੰਦੀ ਹੈ। ਇਸ ਅੰਦਰਲੀ ਤਪਸ਼ ਨੂੰ ਮਿਟਾਉਣ ਵਾਸਤੇ ਜੀਵ ਇਸਤਰੀ ਪ੍ਰਭੂ ਦੇ ਚਰਨਾਂ ਵਿਚ ਅਰਦਾਸ ਕਰਦੀ ਹੋਈ ਕਹਿੰਦੀ ਹੈ ਕਿ, ਹੇ ਪ੍ਰਭੂ! ਮੈਂ ਤੇਰੀ ਸਿਫਤ-ਸਾਲਾਹ ਇਸ ਲਈ ਕਰਦੀ ਹਾਂ ਤਾਂ ਜੋ ਮੈਂ ਤੈਨੂੰ ਚੰਗੀ ਲੱਗ ਸਕਾਂ ਅਤੇ ਇਸ ਦੀ ਤਪਸ਼ ਵਿੱਚੋਂ ਬਾਹਰ ਨਿਕਲ ਸਕਾਂ।

ਕੇਵਲ ਤੇ ਕੇਵਲ ਇਕ ਪਰਮਾਤਮਾ ਹੀ ਹਿਰਦੇ ਦੀ ਤਪਸ਼ ਮਿਟਾ ਸਕਣ ਦੇ ਸਮਰੱਥ ਹੈ। ਗੁਰੂ ਸਾਹਿਬ ਜੀ ਨੇ ਮਨੁੱਖੀ ਹਿਰਦੇ ਦੀ ਤਪਸ਼ ਦਾ ਵਿਸ਼ਲੇਸ਼ਣ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਇਨ੍ਹਾਂ ਪੰਜ ਵਿਕਾਰਾਂ ਨਾਲ ਕੀਤਾ ਹੈ, ਕਿਉਂਕਿ ਇਹ ਵਿਕਾਰ ਸੰਸਾਰੀ ਜੀਵਾਂ ਦੇ ਹਿਰਦੇ ਦੀ ਤਪਸ਼ ਦਾ ਕਾਰਨ ਬਣੇ ਹੋਏ ਹਨ, ਪਰ ਜਿਹੜਾ ਜੀਵ ਉਸ ਪ੍ਰਭੂ ਪਤੀ ਦੀ ਸਿਫਤ-ਸਾਲਾਹ ਕਰਦਾ ਹੈ ਉਹੀ ਇਸ ਵਿਕਾਰਾਂ ਦੀ ਤਪਸ਼ ਤੋਂ ਬਚ ਸਕਦਾ ਹੈ। ਗੁਰੂ ਸਾਹਿਬ ਜੀ ਇਸ ਜੇਠ ਮਹੀਨੇ ਦੀ ਗਰਮ ਪ੍ਰਕਿਰਤੀ ਦਾ

ਚਿਤਰਨ ਕਰਦੇ ਹੋਏ ਫੁਰਮਾਉਂਦੇ ਹਨ :
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥ ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥
(ਅੰਗ ੧੧੦੮)

ਗੁਰੂ ਸਾਹਿਬ ਜੀ ਨੇ ‘ਬਾਰਹ ਮਾਹਾ ਤੁਖਾਰੀ’ ਵਿਚ ਸਤਿਗੁਰੂ ਦੇ ਸਰੂਪ ਨੂੰ ਇਕ ਨਵੀਨਤਾ ਵਜੋਂ ਪੇਸ਼ ਕੀਤਾ ਹੈ। ਮਨੁੱਖ ਅਤੇ ਪ੍ਰਕਿਰਤੀ ਵੀ ਉਸ ਪਰਮਾਤਮਾ ਦੀ ਅੰਸ਼ ਹੀ ਹੈ, ਕਿਉਂਕਿ ਪਰਮਾਤਮਾ ਘਟ-ਘਟ ਵਿਚ ਰਮਿਆ ਹੋਇਆ ਹੈ :

ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥ (ਅੰਗ ੧੧੦੯)

-ਗੁਰਪ੍ਰੀਤ ਸਿੰਘ