views 15 secs 0 comments

‘ਕਿਰਤ’

ਲੇਖ
May 05, 2026

ਸ੍ਰੀ ਗੁਰੂ ਨਾਨਕ ਸਾਹਿਬ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਨਗਰ ਵਸਾ ਕੇ ਉਦਾਸੀਆਂ ਸੰਪੂਰਨ ਕਰਨ ਮਗਰੋਂ ਕਿਰਸਾਨੀ ਦੀ ਕਾਰ ਨੂੰ ਅਪਣਾਇਆ। ਗੁਰੂ ਜੀ ਦਾ ਉਪਦੇਸ਼ ਹੈ— ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’। ਇਸ ਨੂੰ ਆਪਣੇ ਜੀਵਨ ਵਿਚ ਢਾਲ ਲੈਣ ਨਾਲ ਸਾਡੀਆਂ ਮੌਜੂਦਾ ਸਮੇਂ ਦੀਆਂ ਕਈ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ। ਪੰਜਾਬੀ ਦੀ ਕਹਾਵਤ ‘ਕਰ ਮਜੂਰੀ ਖਾਹ ਚੂਰੀ’ ਸਾਨੂੰ ਸੱਚੀ-ਸੁੱਚੀ ਕਿਰਤ ਕਰਨ ਤੇ ਇਸ ਦਾ ਮਿੱਠਾ ਫ਼ਲ ਖਾਣ ਦੀ ਪ੍ਰੇਰਨਾ ਦਿੰਦੀ ਹੈ। ਇੱਥੇ ਸੋਚਣ ਦਾ ਪਹਿਲੂ ਇਹ ਹੈ ਕਿ ਜੋ ਅੱਜ ਪੰਜਾਬ ਦਾ ਕਿਸਾਨ ਆਰਥਿਕ ਸੰਕਟ ਵਿਚ ਘਿਰ ਗਿਆ ਹੈ, ਇਸ ਦਾ ਮੂਲ ਕਾਰਨ ਕੀ ਹੈ?

ਲੱਗਭਗ ਅੱਧੀ ਸਦੀ ਪਹਿਲਾਂ ਜਿਹੜੇ ਵੀ ਕਿਸਾਨ ਆਪਣੀ ਕਿਰਤ ਲਗਨ ਤੇ ਮਿਹਨਤ ਨਾਲ ਕਰਦੇ ਸਨ, ਉਨ੍ਹਾਂ ਦੇ ਪਰਵਾਰ ਬੜੇ ਵਧੀਆ ਢੰਗ ਨਾਲ ਪਲਦੇ ਸਨ। ਹਰ ਕਿਸਾਨ ਦਿਨ-ਭਰ ਜਾਨ ਹੂਲ ਕੇ ਮਿਹਨਤ ਵੀ ਕਰਦਾ ਸੀ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਕਾਮਿਆਂ ਦੇ ਪਰਵਾਰਾਂ ਦੇ ਜੀਅ ਵੀ ਰੱਜ ਕੇ ਰੋਟੀ ਖਾ ਕੇ ਸੌਂਦੇ ਸਨ । ਬਾਕੀ ਲੋੜਾਂ ਵੀ ਜਿਵੇਂ-ਕਿਵੇਂ ਔਖੇ-ਸੌਖੇ ਹੋ ਕੇ ਪੂਰੀਆਂ ਹੋ ਹੀ ਜਾਂਦੀਆਂ ਸਨ। ਉਦੋਂ ਲੱਗਭਗ ਹਰ ਕਿਸਾਨ ਆਪ ਖੇਤਾਂ ਵਿਚ ਕੰਮ ਕਰਦਾ ਸੀ। ਵੱਖਰੇ-ਵੱਖਰੇ ਢੰਗਾਂ ਨਾਲ ਸਾਰੇ ਪਰਵਾਰ ਖੇਤੀਬਾੜੀ ਦੇ ਕਿੱਤੇ ‘ਤੇ ਆਧਾਰਿਤ ਸਨ । ਛੋਟੇ ਕਿਸਾਨਾਂ ਦੀ ਜਦੋਂ ਸਿਆਲ ਵਿਚ ਸੁੱਕੀ ਤੂੜੀ ਮੁੱਕ ਜਾਣੀ ਤਾਂ ਉਨ੍ਹਾਂ ਨੇ ਆਪ ਵੀ ਪਸ਼ੂਆਂ ਦੇ ਚਾਰੇ ਵਾਸਤੇ ਆਸਰਾ ਆਪਣੀ ਸਿਆਣਪ ਸਦਕਾ ਬਣਾ ਲੈਣਾ। ਖੇਤਾਂ ਵਿਚ ਗੋਡੀ ਕਰਨੀ, ਕੱਖ ਕੱਢ ਕੇ ਪਸ਼ੂਆਂ ਦੇ ਚਾਰੇ ਦਾ ਡੰਗ ਸਾਰ ਲੈਣਾ। ਇੱਥੋਂ ਤਕ ਕਿ ਕਈ ਛੋਟੇ ਕਿਸਾਨ ਆਪਣੇ ਤੋਂ ਵੱਧ ਸਾਧਨਾਂ ਵਾਲੇ ਕਿਸਾਨ ਦੇ ਖੇਤਾਂ ਵਿਚ ਕਮਾਦ ਘੜਨ ਦੀ ਕਿਰਤ ਵੀ ਕਰ ਲੈਂਦੇ ਸਨ। ਗੱਲ ਕੀ, ਮਿਹਨਤ ਤੇ ਹੱਥੀਂ ਕਿਰਤ ਕਰਨ ਤੋਂ ਕੋਈ ਗੁਰੇਜ਼ ਨਹੀਂ ਕਰਦਾ ਸੀ।

ਜੇ ਦੂਜੇ ਪਾਸੇ ਗੱਲ ਕਰੀਏ ਤਾਂ ਕੁਦਰਤੀ ਆਫ਼ਤਾਂ ਵੀ ਆਉਂਦੀਆਂ ਰਹੀਆਂ ਨੇ, ਪਰ ਮਿਹਨਤੀ ਕਿਸਾਨ ਸਿੱਦਕੋਂ ਨਹੀਂ ਡੋਲਦੇ ਸਨ । ਉਠ ਮਰ ਜਾਣਾ, ਬਲਦ ਮਰ ਜਾਣਾ, ਕਿਸਾਨ ਲਈ ਬੜੀ ਦੁਖਦਾਇਕ ਹਾਲਤ ਪੈਦਾ ਕਰ ਦੇਣ ਵਾਲੀ ਆਫ਼ਤ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਛੋਲੇ ਕਾਫੀ ਬੀਜੇ ਜਾਂਦੇ ਸਨ। ਜਦੋਂ ਕਦੇ ਮਾੜੇ ਭਾਗਾਂ ਨਾਲ ਛੋਲਿਆਂ ਦੇ ਲੁੱਸ-ਲੁੱਸ ਕਰਦੇ ਖੇਤਾਂ ‘ਤੇ ਫੱਗਣ-ਚੇਤ ਵਿਚ ਅਸਮਾਨੀ ਬਿਜਲੀ ਪੈ ਜਾਂਦੀ ਤਾਂ ਅੱਧਾ ਖੇਤ ਹੁੱਲ ਜਾਇਆ ਕਰਦਾ ਸੀ। ਕਿਸਾਨ ਐਸੀ ਹਾਲਤ ਵਿਚ ਇਕ ਦੂਜੇ ਨੂੰ ਦਿਲਾਸਾ ਦੇ ਕੇ ਹਿੰਮਤ ਦਿੰਦੇ, “ਕੋਈ ਨਾ ਭਾਈ, ਮਿਹਨਤ ਕਰ ! ਆਪੇ ਰੱਬ ਮਿਹਨਤ ਨੂੰ ਫਲ ਲਾਊ! !” ਅਜਿਹੇ ਸ਼ਬਦ ਹੋਏ ਨੁਕਸਾਨ ਨੂੰ ਦਿਲੋਂ ਸਹਿਣ ਅਤੇ ਅੱਗੋਂ ਵੱਧ ਮਿਹਨਤ ਕਰ ਕੇ ਘਾਟਾ ਪੂਰਾ ਕਰਨ ਵਾਸਤੇ ਪ੍ਰੇਰਨਾ ਦਾ ਸ੍ਰੋਤ ਬਣ ਜਾਂਦੇ ।

ਪਰ ਹੁਣ ਹਾਲਤ ਇਹ ਬਣੀ ਹੋਈ ਹੈ ਕਿ ਕਿਸਾਨ ਕਰਜ਼ਾ ਤਾਂ ਚੁੱਕ ਲੈਂਦਾ ਹੈ ਪਰ ਉਸ ਕਰਜ਼ੇ ਦੀ ਠੀਕ ਵਰਤੋਂ ਨਹੀਂ ਕਰਦਾ। ਕਿਸਾਨੀ ਕਰਜ਼ਾ ਖੇਤੀਬਾੜੀ ਸੰਬੰਧਿਤ ਲੋੜਾਂ ਪੂਰੀਆਂ ਕਰਨ ਹਿੱਤ ਹੁੰਦਾ ਹੈ, ਜਦਕਿ ਕਰਜ਼ੇ ਵਾਲੀ ਰਕਮ ਨੂੰ ਵਿਆਹਾਂ-ਸ਼ਾਦੀਆਂ ਤੇ ਮਰਗਾਂ ਦੇ ਕੀਤੇ ਜਾਣ ਵਾਲੇ ‘ਕੱਠਾਂ
ਜਾਂ ਹੋਰ ਪਰਵਾਰਿਕ ਤੇ ਸਮਾਜਿਕ ਭਾਈਚਾਰਕ ਸਮਾਗਮਾਂ ‘ਤੇ ਆਪਣੀ ਫੌਕੀ ਸ਼ਾਨ ਬਣਾਉਣ ਹਿੱਤ ਖ਼ਰਚ ਕਰ ਦਿੱਤਾ ਜਾਂਦਾ ਹੈ।

ਖੇਤੀਬਾੜੀ ਵਾਸਤੇ ਲਈ ਗਈ ਕਰਜ਼ੇ ਦੀ ਰਕਮ ਖੇਤੀ ਲਈ ਜਦ ਵਰਤੀ ਹੀ ਨਹੀਂ ਤਾਂ ਲਾਭ ਕਿੱਥੋਂ ਹੋ ਸਕਦੈ? ਫਿਰ ਕਰਜ਼ਾ ਮੋੜਨਾ ਤਾਂ ਔਖਾ ਹੋਇਆ। ਵਿਆਜ਼ ਵਧਦਾ ਵੇਖ ਕੇ ਕਿਸਾਨ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਦੇ ਰਾਹ ‘ਤੇ ਤੁਰ ਪੈਂਦਾ ਹੈ। ਮੌਤ ਕਦੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ। ਜੇਕਰ ਹੌਂਸਲੇ ਬੁਲੰਦ ਹੋਣ ਤਾਂ ਔਖੀ ਤੋਂ ਔਖੀ ਹਾਲਤ ਨੂੰ ਵੀ ਸੁਖਾਵੀਂ ਬਣਾਇਆ ਜਾ ਸਕਦਾ ਹੈ। ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ। ਪੰਜਾਬ ਵਿੱਚੋਂ ਜਦੋਂ ਕਿਸਾਨਾਂ ਨੇ ਹਰਾ ਇਨਕਲਾਬ ਲਿਆਂਦਾ ਸੀ, ਹਰ ਕਿਸਾਨ ਨੇ ਆਪਣੀ ਮਿਹਨਤ-ਲਗਨ ਅਤੇ ਉਤਸ਼ਾਹ ਨਾਲ ਵਿਗਿਆਨ ਦੀਆਂ ਨਵੀਆਂ ਖੋਜਾਂ, ਸੰਦਾਂ ਤੇ ਸੁਧਰੇ ਬੀਜਾਂ ਦੀ ਚੰਗੀ ਵਰਤੋਂ ਕਰ ਕੇ ਇੰਨਾ ਅਨਾਜ ਪੈਦਾ ਕੀਤਾ ਕਿ ਦੇਸ਼ ਦੇ ਸਾਰੇ ਗੁਦਾਮ ਅੰਨ ਨਾਲ ਭਰ ਗਏ। ਮੇਰੀ (ਲੇਖਕ ਦੀ) ਉਮਰ ਦੇ ਬਹੁਤੇ ਲੋਕ ਮੈਕਸੀਕਨ ਕਣਕ ਦੇ ਸਵਾਦ ਨੂੰ ਜਾਣਦੇ ਹੋਣਗੇ। ਉਹ ਲਾਲ ਭਾਅ ਮਾਰਦੀ ਕਣਕ ਸੀ, ਜੋ ਅਮਰੀਕਾ ਤੋਂ ਆਯਾਤ ਕਰਵਾਈ ਜਾਂਦੀ ਸੀ, ਇਸ ਦਾ ਜ਼ਾਇਕਾ ਸਾਡੇ ਆਪਣੇ ਦੇਸ਼ ਵਿਚ ਪੈਦਾ ਹੋਣ ਵਾਲੀ ਕਣਕ ਦੇ ਰਸੀਲੇ ਜ਼ਾਇਕੇ ਤੋਂ ਕਸਰਵੰਨਾ ਸੀ, ਮਜ਼ਬੂਰਨ ਸਾਨੂੰ ਉਹ ਕਣਕ ਖਾਣੀ ਪੈਂਦੀ ਸੀ। ਪੰਜਾਬ ਦੇ ਕਿਸਾਨਾਂ ਨੇ ਉਸ ਮਜ਼ਬੂਰੀ ਵਾਲੀ ਹਾਲਤ ਨੂੰ ਬਦਲ ਕੇ ਰੱਖ ਦਿੱਤਾ।

ਅੱਜ ਦੇ ਕਈ ਕਿਸਾਨਾਂ ਨੇ ਹੱਥੀਂ ਕਿਰਤ ਕਰਨੀ ਲੱਗਭਗ ਛੱਡ ਦਿੱਤੀ ਹੈ। ਓਪਰਿਆਂ ‘ਤੇ ਪੂਰੀ ਤਰ੍ਹਾਂ ਸੁੱਟ ਦਿੱਤਾ ਗਿਆ, ਵਪਾਰ ਤੇ ਖੇਤੀ ਲਾਭ ਨਹੀਂ ਦੇ ਸਕਦੇ।

ਸਾਰੀ ਖੁਸ਼ੀ ਦਾ ਮੂਲ ਆਧਾਰ ਸੱਚੀ ਤੇ ਸੁੱਚੀ ਕਿਰਤ ਹੈ। ਜੇ ਕਿਰਤ ਨਾਲੋਂ ਟੁੱਟ ਜਾਈਏ ਤਾਂ ਸਭ ਬਰਕਤਾਂ ਛਾਈ-ਮਾਈ ਹੋ ਜਾਂਦੀਆਂ ਹਨ । ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਤ-ਕਮਾਈ ਕਰ ਕੇ ਸਾਨੂੰ ਸਾਦਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ ਹੈ। ਪਹਿਲਾਂ ਆਪ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਹੱਟੀ ਦਾ ਕੰਮ ਕਰਦਿਆਂ ਤੇਰਾ-ਤੇਰਾ ਤੋਲਿਆ। ਗੁਰੂ ਜੀ ਨੇ ਉਦਾਸੀ ਸਮੇਂ ਜਦੋਂ ਭਾਈ ਲਾਲੋ ਜੀ ਦਾ ਬੂਹਾ ਖੜਕਾਇਆ ਤਾਂ ਪੁੱਛਿਆ ਭਾਈ ਕੀ ਕਰਦਾ? ਉਨ੍ਹਾਂ ਜਵਾਬ ਦਿੱਤਾ ‘ਮੈਂ ਕਿੱਲੇ ਘੜ੍ਹਦਾਂ’ ਗੁਰੂ ਜੀ ਨੇ ਕਿਹਾ, ਭਾਈ ਕਦੀ ਮਨ ਨੂੰ ਵੀ ਘੜ੍ਹ ਲੈ।

ਗੁਰੂ ਸਾਹਿਬ ਨੇ ਗ੍ਰਿਹਸਥ ਜੀਵਨ ਬਤੀਤ ਕਰਦਿਆਂ ਮਨੁੱਖ ਨੂੰ ਸੱਚੀ-ਸੁੱਚੀ ਕਿਰਤ ਕਰਦਿਆਂ ਪ੍ਰਭੂ ਦਾ ਚਿੰਤਨ ਕਰਨ ਦਾ ਹੁਕਮ ਦਿੱਤਾ। ਅਸੀਂ ਜਾਣਦੇ ਹਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਤੋਂ ਬਾਅਦ ਖੇਤੀ ਕੀਤੀ। ਕਿਸਾਨਾਂ ਵਾਲਾ ਸਾਧਾਰਨ ਵੇਸ, ਹੱਥ ਵਿਚ ਪਰਾਣੀ, ਮੋਢੇ ‘ਤੇ ਪਰਨਾ ਰੱਖ ਕੇ ਤੇ ਬਲਦਾਂ ਦੀ ਜੋੜੀ ਅੱਗੇ ਲਾ ਗੁਰੂ ਜੀ ਖੇਤੀ ਕਰਿਆ ਕਰਦੇ ਸਨ। ਸਾਨੂੰ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਹੱਥੀਂ ਕਿਰਤ ਕਰਨ ਨਾਲ ਜਿੱਥੇ ਸਿਹਤ ਵੀ ਨੌਂ ਬਰ ਨੌਂ ਰਹਿੰਦੀ ਹੈ, ਉੱਥੇ ਕੰਮ ਦੇ ਸੰਪੂਰਨ ਹੋਣ ਦੀ ਮਨ ਨੂੰ ਵੀ ਸੰਤੁਸ਼ਟੀ ਹੁੰਦੀ ਹੈ। ਜੇ ਅਸੀਂ ਵੀ ਇਸ ਪਾਸੇ ਨੂੰ ਤੁਰ ਪਈਏ ਤਾਂ ਇਕ ਦਿਨ ਅਸੀਂ ਜ਼ਰੂਰ ਹੀ ਆਪਣੀ ਮਾੜੀ ਹਾਲਤ ਦੀ ਦਲਦਲ ‘ਚੋਂ ਬਾਹਰ ਨਿਕਲ ਸਕਦੇ ਹਾਂ । ਸ੍ਰੀ ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਸਿੱਧੇ ਰਾਹ ਪਾਉਂਦੇ ਹੋਏ ਪ੍ਰੇਰਨਾ ਦਿੱਤੀ ਹੈ ਕਿ ਹੱਥੀਂ ਕੀਤੀ ਹੋਈ ਦਸਾਂ ਨਹੁੰਆਂ ਦੀ ਕਿਰਤ ਵਿਚ ਹਮੇਸ਼ਾ ਬਰਕਤ ਪੈਂਦੀ ਹੈ ਤੇ ਘਰ-ਪਰਵਾਰ ਵਿਚ ਖੁਸ਼ਹਾਲੀ ਆਉਂਦੀ ਹੈ। ਭਾਈ ਗੁਰਦਾਸ ਜੀ ਨੇ ਵੀ ਸੱਚੀ-ਸੁੱਚੀ ਕਿਰਤ ਕਰ ਕੇ ਦੂਜਿਆਂ ਦਾ ਭਲਾ ਕਰਨ ਦਾ ਪ੍ਰੇਰਨਾ ਕਰਦਿਆਂ ਫੁਰਮਾਇਆ ਹੈ ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ।

– ਜਸਵੰਤ ਸਿੰਘ