views 12 secs 0 comments

ਬਲਿਹਾਰੀ ਕੁਦਰਤਿ ਵਸਿਆ

ਲੇਖ
May 07, 2026

ਕੁਦਰਤ ਅਤੇ ਮਨੁੱਖ ਦਾ ਬਹੁਤ ਡੂੰਘਾ ਸੰਬੰਧ ਹੈ। ਕੇਵਲ ਸਬੰਧ ਹੀ ਨਹੀਂ ਸਗੋਂ ਮਨੁੱਖ ਕੁਦਰਤ ਦਾ ਇਕ ਹਿੱਸਾ ਹੈ। ਜਦੋਂ ਪਰਮੇਸ਼ਰ ਨੇ ਅਫੁਰ ਤੋਂ ਸਫੁਰ ਅਵਸਥਾ ਵਿਚ ਆਉਣਾ ਚਾਹਿਆ ਤਾਂ ਗੁਰਬਾਣੀ ਦੇ ਮਹਾਂਵਾਕ:
“ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥”
ਅਨੁਸਾਰ ਇਕ ਹੁਕਮ ਨਾਲ ਹੀ ਸਾਰਾ ਪਾਸਾਰਾ ਦਿੱਤਾ। ਪਰਮਾਤਮਾ ਦਾ ਸਰਗੁਣ ਸਰੂਪ ਹੋਂਦ ਵਿਚ ਆ ਗਿਆ। ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦੇ ਅਨੁਸਾਰ ਕੁਦਰਤ ਨੂੰ ਸਾਜ ਕੇ ਉਸ ਪਰਮੇਸ਼ਰ ਨੇ ਇਸ ਕੁਦਰਤ ਵਿਚ ਵਿਆਪਕ ਹੋ ਕੇ ਆਪ ਹੀ ਆਪਣਾ ਚੋਜ ਜਾਂ ਤਮਾਸ਼ਾ ਦੇਖਣਾ ਸ਼ੁਰੂ ਕਰ ਦਿੱਤਾ । ਸ੍ਰਿਸ਼ਟੀ ਦੇ ਦ੍ਰਿਸ਼ਟਮਾਨ ਸਰੂਪ ਵਿਚ ਪ੍ਰਭੂ ਦੀ ਕੁਦਰਤ ਹੀ ਨਜ਼ਰ ਆ ਰਹੀ ਹੈ। ਪਹਿਲਾਂ ਓਸ ਅਗੰਮੀ ਸ਼ਕਤੀ ਨੇ ਬ੍ਰਹਿਮੰਡ ਦੀ ਰਚਨਾ ਕੀਤੀ ਅਤੇ ਫਿਰ ਜੀਵ ਜੰਤੂ ਪੈਦਾ ਕੀਤੇ। ਪਉਣ, ਪਾਣੀ, ਧਰਤੀ ਇਹ ਸਭ ਬ੍ਰਹਿਮੰਡ ਦੇ ਅੰਸ਼ ਹਨ। ਇਨ੍ਹਾਂ ਤਿੰਨ ਮੰਡਲਾਂ ਤੋਂ ਬਿਨਾਂ ਜੀਵ ਮੰਡਲ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਪਵਣੁ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤਿ ਨੂੰ ਮਾਤਾ ਕਹਿ ਕੇ ਵਡਿਆਉਂਦੇ ਹਨ। ਇਸ ਤਰ੍ਹਾਂ ਉਸ ਪ੍ਰਭੂ ਪਰਮੇਸ਼ਰ ਨੇ ਇਸ ਜੀਵ-ਮੰਡਲ ਵਿਚ ਚਾਰ ਖਾਣੀਆਂ: ਅੰਡਜ, ਜੇਰਜ ਸੇਤਜ ਅਤੇ ਉਤਭੁਜ ਦੀ ਰਚਨਾ ਕੀਤੀ ਅਤੇ ਆਪਣੀ ਜੋਤ ਇਨ੍ਹਾਂ ਵਿਚ ਟਿਕਾ ਦਿੱਤੀ। ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥ ਜੀਵ ਮੰਡਲ ਵਿਚ ਕੁਝ ਜੀਵ ਜੇਰ ਤੇ ਸੇਤਜ ਭਾਵ ਪਸੀਨੇ ਤੋਂ ਪੈਦਾ ਹੁੰਦੇ ਹਨ। ਉਤਭੁਜ ਤੋਂ ਮਤਲਬ ਧਰਤੀ ‘ਚੋਂ ਉੱਗਣ ਵਾਲੇ ਬਿਰਖ, ਬੂਟੇ ਅਤੇ ਬਨਸਪਤੀ ਆਦਿ ਹੈ। ਇਸ ਜੀਵ-ਮੰਡਲ ਵਿਚ ਮਨੁੱਖ ਦੀ ਸਰਦਾਰੀ ਹੈ। ਇਸ ਲੇਖ ਵਿਚ ਰੁੱਖ/ਬਨਸਪਤੀ ਅਤੇ ਮਨੁੱਖ ਦੀ ਹੀ ਗੱਲ ਕੀਤੀ ਜਾਵੇਗੀ। ਸਾਨੂੰ ਇਸ ਗੱਲ ਤੋਂ ਭਲੀਭਾਂਤ ਜਾਣੂ ਹੋ ਜਾਣਾ ਚਾਹੀਦਾ ਹੈ ਕਿ ਜੇ ਰੁੱਖ ਨਹੀਂ ਤਾਂ ਮਨੁੱਖ ਨਹੀਂ। ਅੱਜ ਮਨੁੱਖ ਦੀ ਹੋਂਦ ਖ਼ਤਰੇ ਵਿਚ ਹੈ। ਇਸੇ ਲਈ ਸਤਿਗੁਰੂ ਜੀ ਗੁਰਬਾਣੀ ਵਿਚ ਥਾਂ ਪੁਰ ਥਾਂ ਰੁੱਖਾਂ, ਬੂਟਿਆਂ ਅਤੇ ਬਨਸਪਤੀ ਦੀ ਗੱਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਰਦੇ ਸਾਡੇ ਦ੍ਰਿਸ਼ਟੀਗੋਚਰ ਹੁੰਦੇ ਹਨ। ਜੇ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਰਤ ਪੰਕਤੀ ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ॥ ਨੂੰ ਗਹੁ ਨਾਲ ਵਿਚਾਰੀਏ ਤਾਂ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਰੁੱਖਾਂ, ਬੂਟਿਆਂ ਤੇ ਵਣਾਂ ਆਦਿ ਦੀ ਮਹਤੱਤਾ ਸਿੱਧੇ ਜਾਂ ਅਸਿੱਧੇ ਤੌਰ ‘ਤੇ ਦਰਸਾਅ ਰਹੇ ਹਨ। ਹੋਰ ਤਾਂ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਨਾਮ ਵੀ ਇਨ੍ਹਾਂ ਰੁੱਖਾਂ ਦੇ ਨਾਵਾਂ ‘ਤੇ ਹੀ ਰੱਖੇ ਗਏ ਹਨ, ਜਿਵੇਂ: ਬੇਰ ਸਾਹਿਬ, ਟਾਹਲੀ ਸਾਹਿਬ ਆਦਿ। ਮਨੁੱਖ ਤੋਂ ਇਲਾਵਾ ਜੰਗਲੀ ਜੀਵਾਂ ਦਾ ਵੀ ਰੁੱਖਾਂ, ਬੂਟਿਆਂ ਅਤੇ ਜੰਗਲਾਂ ਨਾਲ ਬਹੁਤ ਹੀ ਡੂੰਘਾ ਸੰਬੰਧ ਹੈ, ਪਰੰਤੂ ਵਰਤਮਾਨ ਸਮੇਂ ਰੁੱਖਾਂ ਦੀ ਧੜਾਧੜ ਕਟਾਈ ਹੋ ਰਹੀ ਹੈ। ਜਿਸ ਕਾਰਨ ੬੬੦੦੦ ਜੀਵ-ਜੰਤੂਆਂ ਤੇ ਪੌਦਿਆਂ ਦੀਆਂ ਜਾਤੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਰੁੱਖ, ਮਨੁੱਖ ਅਤੇ ਹੋਰ ਜੀਵ-ਜੰਤੂਆਂ ਲਈ ਬਹੁਤ ਹੀ ਲਾਭਕਾਰੀ ਹਨ। ਇਸੇ ਕਰਕੇ ਥਾਂ-ਪੁਰ-ਥਾਂ ਸਤਿਗੁਰੂ ਜੀ ਮਨੁੱਖ ਨੂੰ ਕੁਦਰਤ ਵਿਚ ਵਸੇ ਕਾਦਰ ਦੀ ਯਾਦ ਦਿਲਾਉਂਦਿਆਂ ਹੋਇਆਂ ਇਸ ਨੂੰ ਨੁਕਸਾਨ/ਹਾਨੀ ਨਾ ਪਹੁੰਚਾਉਣ ਲਈ ਪ੍ਰੇਰਿਤ ਕਰਦੇ ਹਨ ਅਤੇ ਇਸ ਕੁਦਰਤ ਦੇ ਸੰਤੁਲਿਤ ਨੂੰ ਕਾਇਮ ਰੱਖਣ ਹਿੱਤ ਵਕਤ ਨੂੰ ਵਿਚਾਰ ਕੇ ਚੱਲਣ ਦੀ ਤਾਕੀਦ ਕਰਦੇ ਹਨ:

ਕੁਦਰਤਿ ਕਰਿ ਕੈ ਵਸਿਆ ਸੋਇ॥
ਵਖਤੁ ਵੀਚਾਰੇ ਸੁ ਬੰਦਾ ਹੋਇ॥
( ਅੰਗ ੮੩)

ਗੁਰੂ ਸਾਹਿਬ ਤਾਂ ਇੱਥੋਂ ਤਕ ਕਹਿੰਦੇ ਹਨ ਕਿ ਅਸਲ ਵਿਚ ਜੋਗੀ ਪਰਮੇਸ਼ਰ ਦਾ ਪਿਆਰਾ ਹੀ ਉਹ ਹੈ, ਜੋ ਰੁੱਖਾਂ ਵਿਚ, ਘਰ ਵਿਚ ਅਤੇ ਬਾਹਰ ਵਿਚ ਉਸੇ ਦੇ ਹੀ ਦਰਸ਼ਨ ਕਰਦਾ ਹੈ:

ਜੋਗੀ ਕਉ ਕੈਸਾ ਡਰੁ ਹੋਇ॥ ਰੁਖਿ ਬਿਰਖਿ ਗ੍ਰਿਹਿ ਬਾਹਰਿ ਸੋਇ॥ (ਪੰਨਾ ੨੨੩) ਸੋ ਜਿਸ ਨੇ ਕਦੇ ਫੁਲਵਾੜੀ ਨੂੰ ਸਿੰਜਿਆ ਨਾ ਹੋਵੇ ਉਹ ਰੱਬ ਦੇ ਨਾਲ ਨਾਲ ਸੈਰ ਨਹੀਂ ਕਰ ਸਕਦਾ। ਅਸਲ ਵਿਚ ਕਾਦਰ ਕੁਦਰਤ ਵਿਚ ਹੈ ਅਤੇ ਕੁਦਰਤ ਕਾਦਰ ਵਿਚ।

ਦਰਅਸਲ ਰੁੱਖ ਧਰਤੀ ਦੇ ਫੇਫੜੇ ਹਨ ਜੋ ਵਾਤਾਵਰਨ ਵਿੱਚੋਂ ਕਾਰਬਨ ਡਾਈਆਕਸਾਈਡ ਸੋਖਦੇ ਹਨ ਅਤੇ ਆਕਸੀਜਨ ਪੈਦਾ ਕਰਦੇ ਹਨ। ਜੇਕਰ ਫੇਫੜੇ ਹੀ ਜ਼ਖ਼ਮੀ ਕਰ ਦਿੱਤੇ ਜਾਣ ਤਾਂ . . . । ਇਹ ਮਿੱਟੀ ਨੂੰ ਖੁਰਨ ਤੋਂ ਬਚਾਉਣ, ਮਿੱਟੀ ਨੂੰ ਸੰਭਾਲ ਕੇ ਰੱਖਣ ਅਤੇ ਵਰਖਾ ਪਵਾਉਣ ਵਿਚ ਸਹਾਈ ਹੁੰਦੇ ਹਨ। ਰੁੱਖਾਂ ਦਾ ਇਕ ਵਰਗ ਕਿਲੋਮੀਟਰ ਜੰਗਲ ਆਪਣੀਆਂ ਜੜ੍ਹਾਂ ਵਿਚ ੨੦,੦੦੦ ਤੋਂ ੩੦,੦੦੦ ਕਿਊਬਿਕ ਪਾਣੀ ਰੱਖਦਾ ਹੈ। ਇਹ ਜ਼ਮੀਨ ਹੇਠਲੇ ਪਾਣੀ ਦੀ ਸਤਹਿ ਨੂੰ ਡਿੱਗਣ ਤੋਂ ਬਚਾਉਂਦੇ ਹਨ। ਇਸ ਲਈ ਪਿੰਡਾਂ/ਸ਼ਹਿਰਾਂ ਜਾਂ ਖੇਤਾਂ ਦੁਆਲੇ ਰੁੱਖਾਂ ਦੀ ਪੱਟੀ ਬਹੁਤ ਜ਼ਰੂਰੀ ਹੈ।

ਜਿਸ ਧਰਤੀ ਨੂੰ ਸਤਿਗੁਰੂ ਜੀ ਨੇ ਮਾਤਾ ਕਹਿ ਕੇ ਵਡਿਆਇਆ ਸੀ, ਅੱਜ ਉਸੇ ਦੀ ਬੇਅਦਬੀ ਹੋ ਰਹੀ ਹੈ। ਧੜਾਧੜ ਰੁੱਖਾਂ ਦੀ ਕਟਾਈ ਕਰ ਕੇ ਅਸੀਂ ਧਰਤੀ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਾਂ। ਸੰਯੁਕਤ ਰਾਸ਼ਟਰ ਸੰਘ (UNO) ਦੀ ਰਿਪੋਰਟ ਦੱਸਦੀ ਹੈ ਕਿ ਗਰਮ ਖੰਡੀ
ਦੇਸ਼ਾਂ ਵਿਚ ਇਕ ਸਾਲ ਵਿਚ ੧੫ ਮਿਲੀਅਨ ਹੈਕਟੇਅਰ ਤੋਂ ਵੱਧ ਜੰਗਲ ਖੇਤੀਬਾੜੀ, ਇਮਾਰਤੀ, ਰਿਹਾਇਸ਼ ਅਤੇ ਹੋਰਨਾਂ ਕਾਰਨਾਂ ਕਰਕੇ ਨਸ਼ਟ ਹੋ ਰਹੇ ਹਨ। ਧਰਤੀ ਦੇ ਘੱਟੋ-ਘੱਟ ੩੩% ਹਿੱਸੇ ‘ਤੇ ਰੁੱਖ ਹੋਣੇ ਚਾਹੀਦੇ ਹਨ, ਪਰੰਤੂ ਧਰਤੀ ਦੇ ਕੇਵਲ ੨੭% ਹਿੱਸੇ ‘ਤੇ ਹੀ ਰੁੱਖ ਹਨ।

ਜੋ ਇਕ ਬੜੀ ਵੱਡੀ ਤ੍ਰਾਸਦੀ ਹੈ। ਹੋਰ ਤਾਂ ਹੋਰ ਸਾਡੇ ਭਾਰਤ ਦੇ ਕੇਵਲ ੧੦% ਹਿੱਸੇ ‘ਤੇ ਰੁੱਖ/ਜੰਗਲ ਹਨ। ਪੰਜਾਬ ਜਿਸ ਨੂੰ ਸਤਿਗੁਰਾਂ ਦੀ ਧਰਤੀ ਕਿਹਾ ਜਾਂਦਾ ਹੈ, ਇਸ ਦੇ ਕੇਵਲ ੨.੩% ਹਿੱਸੇ ‘ਤੇ ਹੀ ਰੁੱਖ ਹਨ। ਰੁੱਖਾਂ ਦੀ ਕਟਾਈ ਕਾਰਨ ਮੌਸਮ ਵਿਚ ਕਾਫੀ ਬਦਲਾਅ ਆਇਆ ਹੈ ਜੋ ਖਤਰਨਾਕ ਸਥਿਤੀ ਵਲ ਸੰਕੇਤ ਹੈ। ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਹੋਰ ਵੀ ਕਈ ਕਾਰਨ ਹਨ, ਪਰ ਰੁੱਖਾਂ ਦੀ ਕਟਾਈ ਇਕ ਵੱਡਾ ਕਾਰਨ ਹੈ। ਪਿਛਲੇ ਕੁਝ ਦਹਾਕਿਆਂ ਤੋਂ ਮਨੁੱਖ ਨੇ ਸਵਾਰਥ ਹਿੱਤ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਸ਼ੁਰੂ ਕੀਤੀ ਹੈ। ਇੱਥੇ ਇਕ ਕਵਿਤਾ ਦੀਆਂ ਕੁਝ ਸਤਰਾਂ ਆਪ ਜੀ ਦੇ ਦ੍ਰਿਸ਼ਟੀਗੋਚਰ ਕਰਨ ਦਾ ਯਤਨ ਕਰਾਂਗੇ:

ਗਿਆ ਰੱਬ ਦਾ ਖੌਫ ਹੈ ਭੁੱਲ ਸਾਨੂੰ,
ਨ੍ਹੇਰ ਰਿਹਾ ਸਵਾਰਥੀ ਝੁੱਲ ਮੀਆਂ,
ਰੁੱਖ ਵੱਢ ਪ੍ਰਦੂਸ਼ਣ ਫੈਲਾਈ ਜਾਂਦੇ, ਦੀਵਾ ਹੋ ਗਿਆ ਸੋਚ ਦਾ ਗੁੱਲ ਮੀਆਂ,
ਹੁਣ ਤਾਂ ਓਜੋਨ ਪਰਤ ਵੀ ਪਾਟ ਗੀਏ,
ਮਿਲੂ ਸਾਫ-ਸੁੱਥਰੀ ਕਿੱਥੋਂ ਖੁੱਲ੍ਹ ਮੀਆਂ,
ਜੰਗ ਕੁਦਰਤ ਦੇ ਨਾਲ ‘ਗੰਭੀਰ’ ਹੋਗੀ,
ਗਏ ਆਪਣਾ ਮੂਲ ਹਾਂ ਭੁੱਲ ਮੀਆਂ।

ਹਾਲਤ ਏਥੋਂ ਤਕ ਨਿਘਰ ਗਈ ਹੈ ਕਿ ਵੱਡੇ-ਵੱਡੇ ਸ਼ਹਿਰਾਂ ‘ਚ ਪ੍ਰਦੂਸ਼ਣ-ਮਾਪਕ ਯੰਤਰ ਲਗਾਉਣ ਦੀ ਵੀ ਲੋੜ ਪੈ ਗਈ ਹੈ। ਪਿੱਛੇ ਜਿਹੇ ਖ਼ਬਰ ਸੀ ਕਿ ਦਿੱਲੀ ਵਿਚ ਲੱਗੇ ਪ੍ਰਦੂਸ਼ਣ-ਮਾਪਕ ਯੰਤਕ ਦੇ ਅੰਕ ਦਾ ਪੱਧਰ ਬੇਹੱਦ ਖ਼ਤਰਨਾਕ ਹੱਦ ਤਕ ਵੱਧ ਗਿਆ ਹੈ। ੨੨੦ ਅੰਕ ਤੋਂ ਵੀ ਉੱਪਰ। ਜਿਸ ਦਾ ੫੦ ਤਕ ਦਾ ਅੰਕ ਆਦਰਸ਼ ਵਾਤਾਵਰਨ ਮੰਨਿਆ ਜਾਂਦਾ ਹੈ।

੧੦੦ ਹੋਵੇ ਤਾਂ ਠੀਕ-ਠਾਕ। ੧੫੦ ਤਕ ਬਿਮਾਰਾਂ ਨੂੰ ਸੁਚੇਤ ਰਹਿਣ ਲਈ ਅਤੇ ਘਰੋਂ ਬਾਹਰ ਨਾ ਨਿਕਲਣ ਲਈ ਕਿਹਾ ਜਾਂਦਾ ਹੈ। ੧੫੦ ਤੋਂ ਵੱਧ ਤਾਂ ਤੰਦਰੁਸਤ ਲੋਕਾਂ ਨੂੰ ਵੀ ਘਰੋਂ-ਬਾਹਰ ਨਾ ਨਿਕਲਣ ਦੀ ਤਾਕੀਦ ਕਰ ਦਿੱਤੀ ਜਾਂਦੀ ਹੈ, ਪਰ ਇਹ ਤਾਂ ੨੨੦ ਤੋਂ ਵੀ ਉੱਪਰ ਹੈ।

ਏਸੇ ਤਰ੍ਹਾਂ ਹੋਰ ਸ਼ਹਿਰਾਂ/ਕਸਬਿਆਂ ਦੀ ਹਾਲਤ ਐਸੀ ਹੀ ਹੈ, ਪਰ ਸੋਚਣ ਦੀ ਲੋੜ ਤਾਂ ਇਹ ਹੈ ਕਿ ਇਹ ਯੰਤਰ ਲਾਉਣ ਦੀ ਲੋੜ ਹੀ ਕਿਉਂ ਪਈ? ਇਸ ਦੇ ਲਈ ਕਾਰਨ ਤਾਂ ਹੋਰ ਵੀ ਜ਼ਿੰਮੇਵਾਰ ਹਨ, ਪਰ ਰੁੱਖਾਂ ਦਾ ਕਟਾਅ ਇਕ ਵੱਡਾ ਕਾਰਨ ਹੈ।

ਅੱਜ ਲੋੜ ਹੈ, ਰੁੱਖ ਅਤੇ ਮਨੁੱਖ ਦੇ ਸੰਬੰਧ ਨੂੰ ਪਛਾਣਨ ਦੀ। ਜੇ ਰੁੱਖ ਹੈ ਤਾਂ ਮਨੁੱਖ ਹੈ। ਇਨ੍ਹਾਂ ਦਾ ਆਪਸ ਵਿਚ ਪਰਸਪਰ ਸੰਬੰਧ ਹੈ। ਜੇ ਮਨੁੱਖ ਨੇ ਇਸ ਕਾਇਨਾਤ ਵਿਚ ਆਪਣੀ ਸਰਦਾਰੀ ਕਾਇਮ ਰੱਖਣੀ ਹੈ ਤਾਂ ਉਸ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ। ਅੱਜ ਫਿਲਟਰਡ ਪਾਣੀ ਬੋਤਲਾਂ ਵਿਚ ਮਿਲਦਾ ਹੈ। ਕੰਪਨੀਆਂ ਅੰਨ੍ਹਾ ਰੁਪੱਈਆ ਫਿਲਟਰਡ ਪਾਣੀ ਦੇ ਨਾਂ ਹੇਠ ਕਮਾ ਰਹੀਆਂ ਹਨ। ਅਜਿਹਾ ਨਾ ਹੋਵੇ ਕਿ ਸਾਨੂੰ ਸ਼ੁੱਧ/ਸਾਫ ਕੀਤੀ ਆਕਸੀਜਨ ਦੇ ਸਿਲੰਡਰ ਵੀ ਆਪਣੇ ਮੋਢਿਆਂ ‘ਤੇ ਚੁੱਕਣੇ ਪੈਣ। ਆਓ ਸੋਚੀਏ! ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ

ਅਤੇ ਪਛਤਾਉਣਾ ਪਵੇ:

ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥ (ਅੰਗ ੯੧੮)