ਅਸੀਂ ਬਹੁਤ ਸਾਰੇ ਤਾਂ ਜ਼ਿੰਦਗੀ, ਬਿਨਾਂ ਕਿਸੇ ਮਕਸਦ ਤੋਂ ਜੀਅ ਰਹੇ ਹਾਂ । ਖਾਣਾ-ਪੀਣਾ, ਹੱਸਣਾ, ਸੌਣਾ, ਪਹਿਨਣਾ, ਹੰਢਾਉਣਾ; ਇਹ ਤਾਂ ਇਸ ਸਰੀਰ ਨੂੰ ਜਿਉਂਦੇ – ਰੱਖਣ ਦਾ ਇੱਕ ਵਸੀਲਾ ਹੈ, ਇਕ ਸਾਧਨ ਹੈ । ਜ਼ਿੰਦਗੀ ਸਾਹਮਣੇ ਧੇਅ ਕੀ ਹੈ ? ਟੀਚਾ = ਕੀ ਹੈ ? ਇਹ ਜਾਨਣ ਦੀ ਸਾਨੂੰ ਜ਼ਰੂਰਤ ਹੀ ਨਹੀਂ ਮਹਿਸੂਸ ਹੁੰਦੀ । ਇਸ ਵਡਮੁੱਲੇ ਜੀਵਨ ਜਾਂ ਜਨਮ, ਜਿਸ ਨੂੰ ਗੁਰਬਾਣੀ ਨੇ ‘ਜਨਮ-ਰਤਨ’ ਦੀ ਸੰਗਿਆ ਵੀ ਦਿੱਤੀ ਹੈ, ਦਾ ਮਕਸਦ ਆਪਣੇ ਜੀਵਨ-ਲਕਸ਼ ਨੂੰ ਪਰਾਪਤ ਕਰਨਾ ਹੈ। ਅਸੀਂ ਕਿਧਰੋਂ ਵਿਛੜ ਕੇ ਆਏ ਹਾਂ ? ਅਸੀਂ ਇਸ ਨਸ਼ਵਰ ਸਰੀਰ ਨੂੰ ਲੈ ਕੇ ਇਸ ਸੰਸਾਰ ਤੇ ਇੱਕ ਅਗੰਮੀ ਸ਼ਕਤੀ ਦੁਆਰਾ
ਏਥੇ ਭੇਜੇ ਗਏ ਹਾਂ ਤੇ ਸਾਡਾ ਅਸਲ ਕਾਰਜ ਹੈ :-
ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੁ ॥ ਜਾ ਕੇ ਸੰਗ ਤੇ ਬੀਛੁਰਾ ਤਾਹੀ ਕੇ ਸੰਗਿ ਲਾਗੁ ॥ (ਅੰਗ ੧੩੭੧)
ਪਰ ਅਸੀਂ ਕਰ ਕੀ ਰਹੇ ਹਾਂ ? ਆਪਣੇ ਵੱਲੋਂ ਭਰਪੂਰ ਜੀਵਨ ਜੀ ਰਹੇ ਹੈ, ਰਿਸ਼ਟ-ਪੁਸ਼ਟ ਤੇ ਤਗੜੇ ਲਗਦੇ ਹਾਂ । ਧਨੀ-ਧਨਾਢ ਤਾਂ ਜ਼ਰੂਰ ਹਾਂ, ਪਰ ਅਸਲੇ ਤੋਂ ਬਹੁਤ ਦੂਰ ਹਾਂ ।
ਇਸ ਜੀਵ ਨੇ ਉਸ ਵਾਹਿਗੁਰੂ ਤੱਕ ਪੁੱਜਣਾ ਹੈ, ਜਿਸ ਲਈ ਗੁਰਬਾਣੀ ਹੁਕਮ ਕਰਦੀ ਹੈ ਕਿ ਇਹ ਪ੍ਰਾਣੀ ਆਇਆ ਤਾਂ ਲਾਹਾ ਲੈਣ ਸੀ ਪਰ ਲੱਗ ਗਿਆ ਹੋਰ ਕੰਮਾਂ ਵਿੱਚ ਤੇ ਜ਼ਿੰਦਗੀ ਬਿਨਾਂ ਕਿਸੇ ਮਕਸਦ ਅਕਾਰਥ ਹੀ ਗਵਾ ਦਿੱਤੀ :-
ਪ੍ਰਾਣੀ ਤੂੰ ਆਇਆ ਲਾਹਾ ਲੈਣਿ ।।
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ।। (ਅੰਗ ੪੩)
ਅਸੀਂ ਸਾਰੇ ਜੀਅ ਵਿਦਿਆਰਥੀਆਂ ਵਾਂਗ ਹੀ ਹਾਂ । ਜੀਵਨ ਇੱਕ ਪ੍ਰੀਖਿਆ ਹੈ! ਜਿਹਨਾਂ ਮਨੁੱਖਾਂ ਦੇ ਅੰਦਰ ਕੁੱਝ ਲਿਖਣ ਦਾ ਚਾਅ ਹੈ, ਉਹ ਇਸ ਗੱਲ ਨੂੰ ਉਚੇਚੇ ਧਿਆਨ ਨਾਲ ਵਿਚਾਰਨ । ਜਦੋਂ ਅਸੀਂ ਆਪਣੇ ਇਮਤਿਹਾਨਾਂ ਦੀ ਤਿਆਰੀ ਵਿਚ ਲੱਗੇ ਹੁੰਦੇ ਹਾਂ ਤਾਂ ਸਿਆਣੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਦੇ ਹਨ ਕਿ ਉਹ ਪੜ੍ਹਾਏ ਗਏ ਸਿਲੇਬਸ ਨੂੰ ਮੁੜ-ਮੁੜ ਲਿਖਣ । ਇਹੋ ਲੇਖਣ ਅਭਿਆਸ ਬਣ ਜਾਏਗਾ ਤੇ ਸਹਿਜ ਹੀ ਸਾਡੇ ਦਿਮਾਗ਼ ਵਿੱਚ ਸੁਰੱਖਿਅਤ ਹੋ ਸਾਂਭਿਆ ਜਾਏਗਾ । ਜਦੋਂ ਪ੍ਰੀਖਿਆ ਵਿੱਚ ਬੈਠਦੇ ਹਾਂ ਤਾਂ ਕਿਸੇ ਕੰਪਿਊਟਰ ਦੀ ਫ਼ਲਾਪੀ ਵਾਂਗ ਉਹ ਸਾਰਾ ਕੁਝ ਸਾਡੇ ਹਿਰਦੇ-ਪਟਲ ਭਾਵ ਪਰਦੇ ਉੱਤੇ ਉਪਰ ਪੈਂਦਾ ਹੈ । ਅਸੀਂ ਉਸ ਨੂੰ ਆਪਣੇ ਪਰਚੇ ਵਿੱਚ ਲਿਖ ਕੇ, ਭਲੀ ਪ੍ਰਕਾਰ ਚੰਗੇ ਨੰਬਰ ਲੈ ਕੇ ਕਾਮਯਾਬ ਹੁੰਦੇ ਹਾਂ ।
ਬਿਲਕੁਲ ਏਸੇ ਤਰ੍ਹਾਂ ਦਾ ਹੁਕਮ ਗੁਰਬਾਣੀ ਵਿੱਚ ਗੁਰੂਦੇਵ ਨੇ ਕੀਤਾ ਹੈ ਕਿ ਜ਼ਿੰਦਗੀ ਦੇ ਇਮਤਿਹਾਨ ਵਿੱਚ ਕਾਮਯਾਬ ਹੋਣ ਲਈ ਨਾਮ ਪੜ੍ਹਿਆ ਵੀ ਜਾਏ ਤੇ ਨਾਮ ਲਿਖਿਆ ਵੀ ਜਾਏ । ਐਸਾ ਕਰਨ ਨਾਲ ਸਾਰੀ ਗੱਲ ਅੰਤਹਕਰਨ ਵਿੱਚ ਉੱਕਰੀ ਜਾਏ ਅਤੇ ਜਦੋਂ ਕੋਈ ਆੜਾ ਵਕਤ ਪ੍ਰੀਖਿਆ ਵਾਂਗ ਸਾਹਮਣੇ ਆਉਂਦਾ ਹੈ ਤਾਂ ਮਨੁੱਖ ਭਟਕਦਾ ਨਹੀਂ, ਡਾਵਾਂ-ਡੋਲ ਨਹੀਂ ਹੁੰਦਾ, ਡੀਗਣ-ਡੋਲਾ ਨਹੀਂ ਰਹਿੰਦਾ ਕਿਉਂਕਿ ਲੇਖਣ ਦੇ ਅਭਿਆਸ ਨਾਲ ਗੁਰੂ ਪਾਧੇ ਨੇ ਸਾਰੇ ਭਰਮ ਮੁਕਾ ਦਿੱਤੇ ਹੁੰਦੇ ਹਨ :-
ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥ ਭ੍ਰਮ ਕਾਟੇ ਗੁਰਿ ਆਪਣੈ ਪਾਏ ਬਿਸਰਾਮਾ ॥੧ ॥ ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੁਟੇ ॥ ਹਮ ਛੂਟੇ ਅਬ ਉਨਾਂ ਤੇ ਓਇ ਹਮ ਤੇ ਛੂਟੇ ॥
(ਅੰਗ ੪੦੦)
ਸੇਵਾ ਤੇ ਪ੍ਰਤੀਕ ਤੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਸਤਿਗੁਰੂ ਨੂੰ ਗਿਆਨੀ ਵੀ ਕਿਹਾ ਹੈ ਤੇ ਪਾਧਾ ਵੀ; ਭਾਵ ਸਤਿਗੁਰੂ ਸਾਡਾ ਗਿਆਨਦਾਤਾ ਵੀ ਹੈ ਤੇ ਸਾਡਾ ਅਧਿਆਪਕ ਵੀ ।ਆਪ ਜੀ ਬਹੁਤ ਸੁੰਦਰ ਹੁਕਮ ਕਰਦੇ ਹਨ ਕਿ ਸਤਿਗੁਰੂ ਨੇ ਮੈਨੂੰ ਸੇਵਾ ਵਿੱਚ ਲਾ ਲਿਆ । ਇਸ ਪ੍ਰਕਾਰ ਮੇਰੇ ਮਨ ਦਾ ਸੁਭਾਅ ਐਸਾ ਬਣ ਗਿਆ ਕਿ ਮੈਂ ਇੰਜ ਮਹਿਸੂਸ ਕਰਦਾ ਹਾਂ ਜਿਵੇਂ ਵਾਹਿਗੁਰੂ ਮੇਰੇ ਅੰਦਰੋਂ ਲਿਖਾ ਰਿਹਾ ਹੈ। ਇਹ ਉਸੇ ਦੀ ਮਿਹਰ ਸਦਕਾ ਹੈ । ਹੁਣ ਲਿਖਤ ਤੇ ਲਿਖਾਰੀ ਵਿੱਚ ਕੋਈ ਅੰਤਰ ਨਹੀਂ ਰਿਹਾ। ਮੇਰੇ ਅੰਦਰ, ਇਸ ਕਾਰਜ ਲਈ ਉਹ ਉਤਸ਼ਾਹ ਤੇ
ਉਮਾਹ ਬਣ ਕੇ ਵਿਦਮਾਨ ਹੁੰਦਾ ਹੈ:-
ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥
ਮੇਰੇ ਮਨ ਜਪਿ ਰਾਮ ਨਾਮੁ ਉਮਾਹਾ ॥ ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ।। (ਅੰਗ ੬੦੬)
ਇੱਕ ਹੋਰ ਬਹੁਤ ਉੱਤਮ ਬਾਤ ਸਪੱਸ਼ਟ ਹੋ ਕੇ ਸਾਹਮਣੇ ਆਉਂਦੀ ਹੈ, ਜਿਸ ਨੂੰ ਆਮ ਕਰਕੇ ਲੇਖਕਾਂ ਤੇ ਲਿਖਾਰੀਆਂ ਨੇ ਵਿਸਾਰਿਆ ਹੋਇਆ ਹੈ, ਖਾਸ ਕਰਕੇ ਅਜਬ ਲਿਖਾਰੀਆਂ ਨੇ । ਜਦੋਂ ਲਿਖਾਰੀ ਸੇਵਾ ਤੇ ਘਾਲ ਕਮਾਈ ਨਾਲ ਆਪਣੇ ਜੀਵਨ ਨੂੰ ਪਵਿੱਤਰ ਕਰ ਲੈਂਦਾ ਹੈ ਤਾਂ ਉਹ ਜਿਹੜੀ ਗੱਲ ਕਹਿੰਦਾ ਹੈ ਉਹ ਵੀ ਪਵਿੱਤਰ ਹੁੰਦੀ ਹੈ-‘ਪਵਿੱਤਰਤਾ ਵੀ ਰੱਬ ਜਿੰਨੀ ਪਵਿੱਤਰ । ਅਜਿਹੇ ਲੇਖਕ ਦੀ ਕਹੀ ਹੋਈ ਗੱਲ ਪਾਠਕ ‘ਤੇ ਅਸਰ ਵੀ ਕਰੇਗੀ ਕਿਉਂਕਿ ਉਹ ਉਪਰੋਂ ‘ਓੜੀ ਹੋਈ ਲਬਾਦੇ ਰੂਪ ਗੱਲ ਨਹੀਂ ਸਗੋਂ ਪਵਿੱਤਰ ਅੰਤਰ-ਆਤਮਾ ਤੋਂ ਕਮਾਈ, ਹੰਢਾਈ ਹੋਈ ਗੱਲ ਹੋਵੇਗੀ ।
ਇਸ ਨਾਲ ਅਜਿਹਾ ਲਿਖ਼ਾਰੀ ਜੋ ਕੁਝ ਕਰੇਗਾ, ਉਸ ਦੇ ਅੰਦਰ ਇੱਕ ਉਮਾਹ ਤੇ ਉਤਸ਼ਾਹ ਹੋਵੇਗਾ ਜੋ ਕਦੀ ਹੱਤੋ-ਉਤਸਾਹਤ ਨਹੀਂ ਹੋਵੇਗਾ । ਐਸੇ ਲੇਖਕ ਦੀਆਂ ਲਿਖ਼ਤਾਂ ਮਿੱਠਤ ਰੂਪ ਹੋ ਕੇ, ਪਾਠਕਾਂ ਦੇ ਅੰਦਰੀ ਰੱਚਦੀਆਂ ਸੁਮਿੱਚਦੀਆਂ ਜਾਣਗੀਆਂ।
ਏਥੇ ਇੱਕ ਹੋਰ ਗੱਲ ਬੜੀ ਵਿਚਾਰਣ ਯੋਗ ਹੈ ਕਿ ਜੇ ਵਿਦਵਾਨ ਲੇਖਕ ਦਾ ਧਿਆਨ ਨਿਰਾ ਗਿਆਨ ਵੱਲ ਹੈ ਤਾਂ ਇਹ ਗਿਆਨ-ਧਿਆਨ ਉਸ ਨੂੰ ਬੰਧਨ ਵਿੱਚ ਬੰਨ੍ਹ ਦਏਗਾ, ਗੁਰੂ ਨਾਨਕ ਸਾਹਿਬ ਦਾ ਹੁਕਮ ਹੈ.-
ਗਿਆਨੁ ਧਿਆਨੁ ਸਭੁ ਕੋਈ ਰਵੈ ।। ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥ ਸੇਵਾ ਕਰੇ ਸੁ ਚਾਕਰੁ ਹੋਇ ॥ ਜਲਿ ਥਲਿ ਮਹੀਅਨਿ ਰਵਿ ਰਹਿਆ ਸੋਇ ।।
(ਅੰਗ ੭੨੮)
ਇਸ ਦਾ ਇਹ ਭਾਵ ਕਤਈ ਨਹੀਂ ਕਿ ਅਸੀਂ ਗਿਆਨ ਦੀਆਂ ਗੱਲਾਂ ਕਰਨੀਆਂ ਜਾਂ ਲਿਖਣੀਆਂ ਨਹੀਂ ਸਗੋਂ ਸਮਝਣ ਵਾਲੀ ਗੱਲ ਇਹ ਹੈ ਕਿ ਗਿਆਨ ਕਿਧਰੇ ਹਉਮੈ ਤੇ ਨਹੀਂ ਪੈਦਾ ਕਰ ਰਿਹਾ । ਜੇ ਅਜਿਹਾ ਹੈ ਤਾਂ ਉਹ ਗਿਆਨ ਸਾਨੂੰ ਅਸਲੇ ਨਾਲੋਂ ਤੋੜ ਦਏਗਾ ਤੇ ਸਭ ਕੁਝ ਹੁੰਦਿਆਂ-ਸੁੰਦਿਆਂ ਅਸੀਂ ਨਾਕਾਮਯਾਬ ਹੋ ਜਾਵਾਂਗੇ । ਸਾਡਾ ਹਾਲ ਉਹੀ ਹੋਵੇਗਾ ਕਿ ਜਿਨ੍ਹਾਂ ਬਹੁਤਾ ਲਿਖਿਆ ਪੜ੍ਹਿਆ ਓਨਾ ਹੀ ਕੜਿਆ । ਭੇਖਾਂ ਵਿਚ ਪੈ ਗਿਆ । ਦੇਹੀ ਪ੍ਰਧਾਨ ਹੋ ਗਈ । ਅੰਦਰਲੀ ਗੱਲ ਬਣੀ ਕੋਈ ਨਾ; ਹੋਰ ਤਰ੍ਹਾਂ ਦੀਆਂ ਨਿਕੰਮੀਆਂ ਗੱਲਾਂ ਵਿੱਚ ਪੈ ਕੇ ਸਰੀਰ ਨੂੰ ਖਰਾਬ ਕਰ ਲਿਆ :-
ਲਿਖਿ ਲਿਖਿ ਪੜਿਆ ।। ਤੇਤਾ ਕੜਿਆ।
ਬਹੁ ਤੀਰਥ ਭਵਿਆ।। ਤੇਤੋ ਲਵਿਆ ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥
ਸਹੁ ਵੇ ਜੀਆ ਅਪਣਾ ਕੀਆ ।।
ਅੰਨੁ ਨ ਖਾਇਆ ਸਾਦੁ ਗਵਾਇਆ ।।
ਬਹੁ ਦੁਖੁ ਪਾਇਆ ਦੂਜਾ ਭਾਇਆ ।।
ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥
ਮੋਨ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ॥
ਗਿਆਨੀ ਦੀ ਟੀਸੀ ਤੇ ਪਹੁੰਚਿਆ ਹੋਇਆ ਮਨੁੱਖ ਆਤਮਕ ਸੁੱਖ ਨਹੀਂ ਮਾਣ ਸਕੇਗਾ, ਜਿਤਨਾ ਚਿਰ ਮਨ ਜਾਗਣਹਾਰਾ ਨਹੀਂ ਹੋਵੇਗਾ ਤੇ ਇਹ ਗੁਰੂ ਬਿਨਾਂ ਅਸੰਭਵ ਹੈ । ਜਿਸ ਦੀ ਖੋਜ, ਆਵਿਸ਼ਕਾਰ, ਗਿਆਨ-ਵਿਗਿਆਨ ਦਾ ਝੁਕਾਅ ਅਗੰਮੀ ਸ਼ਕਤੀ ਵਾਹਿਗੁਰੂ ਵੱਲ ਹੋਵੇਗਾ, ਉਹ ਮਾਨਯੋਗ ਤੇ ਸਤਿਕਾਰਯੋਗ ਹੈ । ਦਰ ਅਸਲ ਹੁੰਦਾ ਹੀ ਇਸ ਤਰ੍ਹਾਂ ਹੈ, ਜਿਉਂ-ਜਿਉਂ ਵਿਗਿਆਨ ਉੱਨਤੀ ਕਰਦਾ ਹੈ, ਵੱਡੇ ਦੀ ਵਡਿਆਈ ਉਘੜ-ਉਘੜ ਪੈਂਦੀ ਹੈ ।
ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਲਿਖ਼ਾਰੀ ਪੜ੍ਹਿਆ ਜ਼ਰੂਰ ਹੋਵੇ ਪਰ ਕੜਿਆ ਨਾ ਹੋਵੇ । ਜੇ ਐਸੀ ਗੱਲ ਹੈ ਤਾਂ ਫੇਰ ਭਾਵੇਂ ਜਿਤਨਾ ਮਰਜ਼ੀ ਲਿਖ ਦਏ, ਸਮਝੋ ਝੱਗਾ ਸੜਿਆ ਹੈ ਤੇ ਅਸਲੇ ਵੱਲ ਇੱਕ ਕਦਮ ਵੀ ਨਹੀਂ ਵੱਧਿਆ । ਉਦੋਂ ਹਾਲ ‘ਜਿਉਂ ਕੋਹਲੂ ਬਲਦ ਫਿਰੰਦੇ’ ਵਾਲਾ ਹੀ ਹੋਵੇਗਾ ।
ਉੱਤੇ ਵੀ ਸੰਕੇਤ ਕੀਤਾ ਸੀ ਕਿ ਗਿਆਨ ਉਪਾਰਜਨ ਅਤੇ ਵੱਖ-ਵੱਖ ਵਿਸ਼ਿਆਂ ਤੇ ਲਿਖਣਾ ਮਨ੍ਹਾਂ ਨਹੀਂ ਪਰ ਹਰ ਐਸੀ ਗੱਲ ਵਿਸਾਰ ਦੇਣੀ ਚਾਹੀਦੀ ਹੈ ਜਿਸ ਨਾਲ ਕਰਤਾ ਵਿਸਰੇ । ਅਸੀਂ ਇੱਥੇ ਮਹਾਨ ਵਿਗਿਆਨ ਅਤੇ ਆਵਿਸ਼ਕਾਰਕ, ਸਰ ਆਈਜੈਕ ਨੀਊਟਨ ਦੀ ਮਿਸਾਲ ਲੈ ਸਕਦੇ ਹਾਂ । ਉਸਨੇ ਵਿਗਿਆਨ ਦੀ ਝੋਲੀ ਉਸਾਰੂ ਸਿਧਾਤਾਂ ਤੇ ਆਵਿਸ਼ਕਾਰਾਂ ਨਾਲ ਭਰ ਦਿੱਤੀ । ਅਨੇਕ ਨਵੇਂ ਪੰਧ ਖੋਲ੍ਹ ਦਿੱਤੇ ਜੋ ਅੱਜ ਦੇ ਵਿਗਿਆਨੀ ਖੋਜੀਆਂ ਦਾ ਅਧਾਰ ਭੂਤ ਬਣੇ ਹੋਏ ਹਨ ਪਰ ਏਨਾ ਕੁਝ ਕਰਨ ਤੋਂ ਬਾਅਦ ਉਸਨੇ ਏਹੀ ਕਿਹਾ ਕਿ ਮੈਂ ਅਜੇ ਗਿਆਨ ਦੇ ਵਿਸ਼ਾਲ ਸਾਗਰ ਦੇ ਕਿਨਾਰੇ ਖੜ੍ਹਾ ਰੇਤ ਵਿਚੋਂ ਘੋਗੇ ਹੀ ਚੁੱਗ ਰਿਹਾ ਹਾਂ । ਇਹਨਾਂ ਹੀ ਸਿਧਾਂਤਾਂ ਉੱਤੇ ਕੰਮ ਕਰਨ ਵਾਲੇ ਅਜੋਕੇ ਵਿਗਿਆਨਕ ਸ੍ਰੀ ਨਾਰਲੀਕਰ ਨੇ ਜਦੋਂ ਆਪਣੀ ਸ਼ੋਧ ਨੂੰ ਦੁਨੀਆਂ ਸਾਹਮਣੇ ਰੱਖਿਆ ਤਾਂ ਲੋਕ ਅਸ਼-ਅਸ਼ ਕਰ ਉੱਠੇ । ਨਾਰਲੀਕਰ ਨੂੰ ਕਿਹਾ ਗਿਆ ਕਿ ਤੁਸੀਂ ਕੁਝ ਕਹੋ । ਜਿਸ ਵਿਗਿਆਨਕ ਨੇ ਨੀਊਟਨ ਨੂੰ ਬੇਹਤਰ ਕੀਤਾ ਸੀ, ਉਸ ਦੀ ਨਿਮਰਤਾ ਵੀ ਨੀਊਟਨ ਤੋਂ ਅੱਗੇ ਸੀ । ਉਸਨੇ ਆਖਿਆ, ਮੈਂ ਵਿਸ਼ਾਲ ਗਹਿਰੇ ਸਮੁੰਦਰ ਦੀ ਤਹਿ ਉੱਤੇ ਤੈਰ ਰਹੇ ਇੱਕ ਵੱਡੇ ਜਹਾਜ਼ ਦੇ ਹੇਠਲੀ ਛੱਤੇ ਰੱਖੇ ਹੋਏ ਟਰੰਕ ਵਿੱਚ ਪਏ ਹੋਏ ਡੱਬੇ ਅੰਦਰ ਰੱਖੇ ਹੋਏ ਕਿਸੇ ਆਲੂ ਦੀ ਅੱਖ ਵਿੱਚ ਪਿਆ ਹੋਇਆ ਇੱਕ ਕੀੜਾ ਹਾਂ । ਮੈਂ ਗਿਆਨ ਸਾਗਰ ਦੀ ਵਿਸ਼ਾਲਤਾ ਬਾਰੇ ਕੀ ਕਹਿ ਸਕਦਾ ਹਾਂ ? ਕੀ ਇਸ ਵਿਚੋਂ ਸਾਨੂੰ ਗੁਰੂ ਅਮਰਦਾਸ ਸਾਹਿਬ ਜੀ ਦੀ ਨਿਮਰਤਾ ਦੀ ਪਵਿੱਤਰ ਖੁਸ਼ਬੂ ਨਹੀਂ ਆਉਂਦੀ ?
ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ।। (ਅੰਗ ੭੯੨)
ਕਥਾ, ਕਹਾਣੀਆਂ, ਨਾਟਕ, ਦਾਸਤਾਨਾਂ, ਕਵਿਤਾਵਾਂ, ਜੀਵਨੀਆਂ, ਮਹਾਂਕਾਵਿ, ਗਜ਼ਲਾਂ, ਲੇਖ ਸਭ ਚੰਗੇ ਹਨ, ਜੇ ਉਹ ਏਕੇ ਨਾਲ ਜੋੜਦੇ ਹਨ । ਜਿਹੜਾ ਸਾਹਿਤ ਸਾਨੂੰ ਹਿੱਤ ਦੀ ਗੱਲ ਨਹੀਂ ਸਮਝਾ ਰਿਹਾ, ਮਹਾਂਪ੍ਰੀਤ ਦੀ ਗੱਲ ਨਹੀਂ ਸਮਝਾ ਰਿਹਾ, ਉਹ ਹਿੱਤਕਾਰੀ ਨਹੀਂ । ਐਵੇਂ ਆਹਵਾਜਾਰੀ ਹੈ, ਇੱਕ ਰੋਗ ਹੈ, ਇੱਕ ਬੀਮਾਰੀ । ਲਿਖਤ ਉਹ ਭਲੀ, ਜਿਹਦੇ ਨਾਲ ਰੋਗ ਕੱਟੇ ਜਾਂਦੇ ਹਨ ਤੇ ਮਨ ਬਲਵਾਨ ਹੁੰਦਾ ਹੈ ।
ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਆਪ ਨੂੰ ਸ਼ਾਇਰ ਤੇ ਲਿਖਾਰੀ ਕਹਿ ਕੇ ਸਾਡਾ ਮਾਨ ਵਧਾਇਆ ਹੈ। ਸਾਨੂੰ ਆਪਣੀ ਜਮਾਤ ਵਿੱਚ ਬਿਠਾਇਆ ਹੈ ਤੇ ਸਾਨੂੰ ਆਪਣੇ ਵਿਸ਼ਾਲ ਟੱਬਰ ਦਾ ਸਦੱਸਯ ਬਣਾ ਲਿਆ ਹੈ । ਹੁਣ ਸਾਡੀ ਕਾਨੀ ਧਿਆਨ ਨਾਲ ਵੱਗੇ ਕਿਉਂਕਿ ਇਹ ਕਿਸੇ ਤੇਗ਼-ਤਲਵਾਰ ਨਾਲੋਂ ਘੱਟ ਨਹੀਂ ।ਇਕ ਕਾਨੀ ਦੁਆਰਾ ਲਿਖੀ-ਲਿਖਤ ਲੱਖਾਂ ਹੱਥਾਂ ਨੂੰ ਏਨੀ ਦ੍ਰਿੜਤਾ ਬਖਸ਼ ਸਕਦੀ ਹੈ ਕਿ ਉਹਨਾਂ ਹੱਥਾਂ ਦੀ ਗ੍ਰਿਫਥ ਵਿੱਚ ਕਿਰਪਾਨਾਂ ਘੁੱਟ ਕੇ ਫੜੀਆਂ ਜਾ ਸਕਦੀਆਂ ਹਨ ।
ਬਲਵਿੰਦਰ ਸਿੰਘ
