ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ੧੫ ਅਪ੍ਰੈਲ, ੧੫੬੩ ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਹੋਇਆ।
ਮੁੱਢਲੇ ਬਾਲਪਨ ਦੇ ਵਰ੍ਹੇ ਆਪ ਨੇ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਪਾਸ ਗੁਜ਼ਾਰੇ। ਬਚਪਨ ਵਿਚ ਹੀ ਆਪ ਦੇ ਮਸਤਕ ਦੇ ਰੂਹਾਨੀ ਤੇਜ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਪਿਆਰ ਨਾਲ ਵਰਦਾਨ ਦਿੱਤਾ: ‘ਦੋਹਿਤਾ ਬਾਣੀ ਕਾ ਬੋਹਿਥਾ’, ਜੋ ਭਵਿੱਖ ਵਿਚ ਸਤਿ ਸਾਬਤ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਆਪ ਜੀ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਪਾਸ ਸਾਰੇ ਪਰਵਾਰ ਨਾਲ ‘ਗੁਰੂ ਕੇ ਚੱਕ’ ਸ੍ਰੀ ਅੰਮ੍ਰਿਤਸਰ ਵਿਚ ਆ ਗਏ। ਉੱਥੇ ਹੀ ਹੋਰ ਸਿੱਖਿਆ ਗ੍ਰਹਿਣ ਕੀਤੀ ਅਤੇ ਮਗਰੋਂ ਗੁਰੂ ਪਿਤਾ ਦੀ ਅਗਵਾਈ ਵਿਚ ਗੁਰਸਿੱਖੀ ਦੀ ਸਿੱਖਿਆ ਦੀ ਘਾਲ-ਕਮਾਈ ਅਤੇ ਗੁਰੂ-ਘਰ ਦੀ ਸੇਵਾ ਨਾਲ ਜੁੜ ਗਏ। ਉਦੋਂ ਉੱਥੇ ਗੁਰੂ-ਘਰ ਦੇ ਅਸਥਾਨਾਂ ਦੇ ਨਿਰਮਾਣ ਦੇ ਕਾਰਜ ਜ਼ੋਰਾਂ ‘ਤੇ ਚੱਲ ਰਹੇ ਸਨ। ਜੋ ਸੇਵਾ ਆਪ ਜੀ ਦੇ ਸਪੁਰਦ ਕੀਤੀ ਜਾਂਦੀ, ਉਹ ਪੂਰੀ ਤਰ੍ਹਾਂ ਨਿਸ਼ਕਾਮ ਭਾਵਨਾ ਨਾਲ ਸਿਰੇ ਚਾੜ੍ਹਦੇ ਅਤੇ ਸਦਾ ਸਿਮਰਨ ਵੀ ਕਰਦੇ ਰਹਿੰਦੇ ਸਨ। ਇਸ ਤਰ੍ਹਾਂ ਆਪ ਜੀ ਦੇ ਜੀਵਨ ਵਿਵਹਾਰ ਵਿਚ ਪ੍ਰਭੂ-ਪ੍ਰੇਮ ਦੀ ਲਲਕ ਤੇ ਦੁਨਿਆਵੀ ਕਾਰਜਾਂ ਨੂੰ ਕੁਸ਼ਲਤਾ ਸਹਿਤ ਸਿਰੇ ਚਾੜ੍ਹਣ ਦੇ ਗੁਣਾਂ ਦਾ ਸੁਮਿਸ਼ਰਨ ਹੋ ਗਿਆ।
ਸ੍ਰੀ ਗੁਰੂ ਰਾਮਦਾਸ ਜੀ ਆਪਣੇ ਵੱਡੇ ਪੁੱਤਰਾਂ ਪ੍ਰਿਥੀ ਚੰਦ ਤੇ ਮਹਾਂਦੇਵ ਦੇ ਕਿਰਦਾਰ ਨੂੰ ਵੀ ਵੇਖ ਰਹੇ ਸਨ ਜੋ ਗੁਰਮਤਿ ਦੀ ਕਸੌਟੀ ’ਤੇ ਖਰੇ ਨਹੀਂ ਉਤਰੇ ਜਦਕਿ ਉਨ੍ਹਾਂ ਦੇ ਛੋਟੇ ਸਪੁੱਤਰ ਸ੍ਰੀ ‘ਗੁਰੂ ਅਰਜਨ ਦੇਵ ਜੀ ਪ੍ਰਭੂ-ਪ੍ਰੇਮ ਵਿਚ ਰੰਗੀਜੇ, ਗੁਰਬਾਣੀ ਦੇ ਪ੍ਰੇਮੀ, ਸ਼ਬਦ ਦੀ ਸੁਰਤ ਵਿਚ ਵਿਚਾਰ ਕਰਨ ਵਾਲੇ, ਹਰ ਆਗਿਆ ਦਾ ਤੁਰੰਤ ਪਾਲਣ ਕਰਨ ਵਾਲੇ, ਗੁਰੂ-ਘਰ ਦੀ ਹਰ ਸੇਵਾ ਲਈ ਤਤਪਰ ਰਹਿਣ ਵਾਲੇ, ਹਰ ਜ਼ਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਤੇ ਯੋਗਤਾ ਨਾਲ ਸਿਰੇ ਚੜ੍ਹਾ ਲੈਣ ਵਾਲੇ ਅਤੇ ਸੰਗਤਾਂ ਨਾਲ ਪ੍ਰੇਮ-ਭਾਵਨਾ ਰੱਖਣ ਵਾਲੇ ਸਨ । ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣਾ ਸੰਸਾਰਕ ਸਮਾਂ ਨੇੜੇ ਜਾਣਦਿਆਂ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਹਰ ਤਰ੍ਹਾਂ ਯੋਗ ਸਮਝਦਿਆਂ ਆਪਣੇ ਹੱਥੀਂ ਗੁਰੂ ਥਾਪ ਕੇ ਗੁਰਿਆਈ ਦੇ ਤਖਤ ‘ਤੇ ਬਿਰਾਜਮਾਨ ਕਰ ਦਿੱਤਾ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ
ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੇਠਾ ਪੁੱਤਰ ਹੋਣ ਕਰਕੇ ਆਪਣੇ ਆਪ ਨੂੰ ਗੁਰਗੱਦੀ ਦਾ ਹੱਕੀ ਵਾਰਸ ਜਤਾਉਂਦਿਆਂ ਗੁਰੂ-ਪਿਤਾ ਨਾਲ ਬੜਾ ਕਲੇਸ਼ ਕੀਤਾ। ਸ੍ਰੀ ਗੁਰੂ ਰਾਮਦਾਸ ਜੀ ਨੇ ਉਸ ਨੂੰ ਗੁਰੂ-ਹੁਕਮਾਂ ਦਾ ਵਿਰੋਧ ਕਰਨ ਤੇ ‘ਮੀਣਾ’ ਕਹਿ ਕੇ ਦਰਕਾਰ ਦਿੱਤਾ ਅਤੇ ਗੁਰੂ-ਘਰ ਤੋਂ ਖਾਰਿਜ ਕਰ ਦਿੱਤਾ । ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤ ਸਮਾਉਣ ਮਗਰੋਂ ਵੀ ਪ੍ਰਿਥੀ ਚੰਦ ਨੇ ਸਰਕਾਰੀ ਗੱਠਜੋੜ ਤੇ ਹੋਰ ਕੁਚਾਲਾਂ ਚੱਲਦਿਆਂ ਸਿੱਖ ਸੰਗਤਾਂ ਨੂੰ ਵਰਗਲਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਲਈ ਕਈ ਪਰੇਸ਼ਾਨੀਆਂ ਤੇ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ । ਸ੍ਰੀ ਗੁਰੂ ਅਰਜਨ ਦੇਵ ਜੀ ਉਸ ਵੱਲੋਂ ਖੜ੍ਹੇ ਕੀਤੇ ਝਗੜਿਆਂ ਦੇ ਬਾਵਜੂਦ ਵੀ ਪਰਮਾਤਮਾ ਦਾ ਓਟ ਆਸਰਾ ਲੈ ਕੇ ਧੀਰਜ ਨਾਲ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਰਹੇ ਅਤੇ ਸਿਦਕ-ਦਿਲੀ ਨਾਲ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨਾਲ ਜੁੜੇ ਰਹੇ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਜੋ ਸਿੱਖੀ ਦਾ ਕੇਂਦਰੀ ਅਸਥਾਨ ਸਥਾਪਿਤ ਹੋ ਚੁੱਕਾ ਸੀ, ਦੇ ਹੋਰ ਵਿਕਾਸ ਕਾਰਜਾਂ ਦੇ ਨਾਲ ਅੰਮ੍ਰਿਤ-ਸਰੋਵਰ ਦੀ ਕਾਰ-ਸੇਵਾ ਕਰਵਾ ਕੇ ਇਸ ਦੀਆਂ ਪਉੜੀਆਂ ਨੂੰ ਪੱਕਾ ਕਰਵਾਇਆ। ਸ਼ੁਰੂ ਵਿਚ ਪ੍ਰਿਥੀ ਚੰਦ ਵੱਲੋਂ ਧੱਕੇ ਨਾਲ ਗੁਰੂ-ਘਰ ਦੀ ਉਗਰਾਹੀ ਦੀ ਭੇਟਾ ਸੰਗਤਾਂ ਪਾਸੋਂ ਇਕੱਠੀ ਕਰ ਲੈਣ ‘ਤੇ ਕੁਝ ਦਿੱਕਤਾਂ ਵੀ ਪੇਸ਼ ਆਈਆਂ, ਲੰਗਰ ਦੀ ਹਾਲਤ ਵੀ ਕੁਝ ਢਿੱਲੀ ਪਈ। ਪਰ ਆਪ ਜੀ ਪੂਰਨ ਭਰੋਸੇ ਵਿਚ ਰਹੇ। ਗੁਰੂ-ਘਰ ਦੇ ਅਨਿੰਨ ਗੁਰਸਿੱਖਾਂ ਬਾਬਾ ਬੁੱਢਾ ਜੀ, ਭਾਈ ਸਾਲ੍ਹੋ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਗੁਰਦਾਸ ਜੀ ਨੇ ਸਾਰੀ ਸਥਿਤੀ ਨੂੰ ਵਿਚਾਰ ਕੇ ਪ੍ਰਿਥੀ ਚੰਦ ਦੇ ਰਵੱਈਏ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਨ੍ਹਾਂ ਯਤਨਾਂ ਦੇ ਕਾਰਨ ਗੁਰੂ-ਘਰ ਦੀ ਉਸਾਰੀ ਦੇ ਕਾਰਜਾਂ ਵਿਚ ਵੀ ਤੇਜ਼ੀ ਆ ਗਈ ਅਤੇ ਗੁਰੂ-ਦਰਬਾਰ ਦੀਆਂ ਰੌਣਕਾਂ ਵਿਚ ਵੀ ਚੰਗਾ ਵਾਧਾ ਹੋ ਗਿਆ।
ਇਸ ਦੇ ਨਾਲ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ-ਦਰਬਾਰ ਵਿਚ ਗੁਰਬਾਣੀ ਦੇ ਕੀਰਤਨ ਕਥਾ, ਸੇਵਾ, ਸਿਮਰਨ, ਗੁਰਸਿੱਖੀ ਸਿੱਖਿਆ ਨੂੰ ਦ੍ਰਿੜ ਕਰਾਉਣ ਵਾਸਤੇ ਗੁਰਬਾਣੀ ਨਾਲ ਜੁੜਨ ਦੀ ਨਿੱਗਰ ਧਾਰਾ ਦੇ ਪ੍ਰਵਾਹ ਨੂੰ ਚਲਾ ਦਿੱਤਾ। ਇਸ ਸਦਕਾ ਸਭਪਾਸਿਓਂ ਸੰਗਤਾਂ ਦਰਸ਼ਨ-ਇਸ਼ਨਾਨ ਤੇ ਪ੍ਰਭੂ-ਭਗਤੀ ਦੇ ਰਸ ਦਾ ਲਾਹਾ ਲੈਣ ਲਈ ਵਹੀਰਾਂ ਘੱਤ ਕੇ ਆਉਣ ਲੱਗ ਪਈਆਂ। ਉਨ੍ਹਾਂ ਐਸੀ ਮਰਯਾਦਾ ਬੰਨ੍ਹ ਦਿੱਤੀ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਦੇ ਕੀਰਤਨ ਤੇ ਹਰੀ ਰਸ ਦੇ ਅੰਮ੍ਰਿਤ-ਰਸ ਦੀ ਧੁਨੀ ਸਦਾ ਗੂੰਜਣ ਲੱਗ ਪਈ।
ਪ੍ਰਿਥੀ ਚੰਦ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਗਤਾਂ ਵਿਚ ਫੈਲ ਰਹੀ ਸੋਭਾ ਨੂੰ ਨਾ ਸਹਾਰਦਿਆਂ ਲਾਹੌਰ ਸੂਬੇ ਦੇ ਮਾਲ-ਅਫ਼ਸਰ ਸੁਲਹੀ ਖਾਨ ਨਾਲ ਗੋਂਦਾਂ ਰਚਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਵਾਸਤੇ ਨਿੱਤ ਨਵੀਆਂ ਸਰਕਾਰੀ ਮੁਸੀਬਤਾਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸ੍ਰੀ ਗੁਰੂ ਅਰਜਨ ਦੇਵ ਜੀ ਸ਼ੁਰੂ ਤੋਂ ਹੀ ਧੀਰਜ ਤੇ ਸ਼ਾਂਤ ਸੁਭਾਅ
ਵਾਲੇ ਸਨ। ਉਨ੍ਹਾਂ ਨੇ ਪ੍ਰਿਥੀ ਚੰਦ ਦੀਆਂ ਚਾਲਾਂ ਤੇ ਉਲਝੇਵਿਆਂ ਵਿਚ ਉਲਝਣ ਦੀ ਥਾਂ ਕੁਝ ਦੇਰ ਲਈ ਸ੍ਰੀ ਅੰਮ੍ਰਿਤਸਰ ਤੋਂ ਦੂਰ ਰਹਿ ਕੇ ਸਿੱਖੀ ਦੇ ਪ੍ਰਚਾਰ ਨੂੰ ਬਿਆਸ ਤੇ ਰਾਵੀ ਦੇ ਇਲਾਕੇ ਵਿਚ ਕਰਨ ਦੀ ਯੋਜਨਾ ਬਣਾ ਲਈ। ਉਹ ਸੰਗਤਾਂ ਨਾਲ ਉਸ ਇਲਾਕੇ ਵਿਚ ਸਿੱਖੀ ਦੇ ਪ੍ਰਸਾਰ ਲਈ ਚਲੇ ਗਏ। ਗੁਰੂ ਜੀ ਨੇ ਪਹਿਲੇ ਪੜਾਅ ਵਿਚ ਤਰਨਤਾਰਨ ਸਾਹਿਬ ਦੀ ਨੀਂਹ ਰੱਖ ਕੇ ਇਸ ਨੂੰ ਵਸਾਇਆ ਤੇ ਫਿਰ ਇੱਥੇ ਗੁਰ-ਅਸਥਾਨ ਤਿਆਰ ਕਰਵਾ ਕੇ ਇਸ ਇਲਾਕੇ ਦੇ ਵਿਚ ਪਾਣੀ ਦੀ ਕਿੱਲਤ ਦੂਰ ਕਰਨ ਲਈ ਵਿਸ਼ਾਲ ਸਰੋਵਰ ਤਿਆਰ ਕਰਵਾਇਆ। ਇਸ ਦੇ ਨਾਲ ਹੀ ਇੱਥੇ ਅਪਾਹਜਾਂ ਤੇ ਗੰਭੀਰ ਰੋਗਾਂ ਨਾਲ ਗ੍ਰਸਤ ਰੋਗੀਆਂ ਦੀ ਸੇਵਾ ਲਈ ਕੁਸ਼ਟ ਆਸ਼ਰਮ ਸਥਾਪਿਤ ਕਰਵਾਇਆ। ਇਸ ਦੇ ਨਾਲ ਉੱਥੇ ਸਿੱਖੀ ਦੀ ਸਿੱਖਿਆ ਤੇ ਗੁਰਬਾਣੀ ਦਾ ਪ੍ਰਵਾਹ ਚਲਾਇਆ। ਤਰਨਤਾਰਨ ਸਾਹਿਬ ਵਸਾਉਣ ਤੋਂ ਬਾਅਦ ਗੁਰੂ ਸਾਹਿਬ ਕਰਤਾਰਪੁਰ ਸਾਹਿਬ (ਜਲੰਧਰ) ਆ ਗਏ। ਇਸ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕਰਵਾਇਆ। ਸੰਗਤਾਂ ਨੂੰ ਉਤਸ਼ਾਹ ਤੇ ਪ੍ਰੇਰਨਾ ਦੇ ਕੇ ਗੁਰੂ-ਘਰ ਦਾ ਅਸਥਾਨ ਤਿਆਰ ਕਰਵਾਇਆ ਤਾਂ ਜੋ ਉਸ ਇਲਾਕੇ ਦੀ ਸੰਗਤ ਉੱਥੇ ਰੋਜ਼ਾਨਾ ਸਾਧ-ਸੰਗਤ ਦੇ ਰੂਪ ਵਿਚ ਗੁਰਬਾਣੀ ਨਾਲ ਜੁੜ ਕੇ ਗੁਰਸਿੱਖੀ ਸਿੱਖਿਆ ਗ੍ਰਹਿਣ ਕਰਨ ਦਾ ਅਭਿਆਸ ਕਰ ਸਕੇ ਅਤੇ ਨਾਲ ਹੀ ਸਭਨਾਂ ਦਾ ਆਪਸੀ ਭਾਈਚਾਰਾ ਵੀ ਪ੍ਰਫੁਲਿਤ ਹੋਏ। ਉੱਥੇ ਕੁਝ ਸਮਾਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਗੁਜ਼ਾਰਿਆ। ਗੁਰੂ ਜੀ ਨੇ ਉਸ ਇਲਾਕੇ ਦੇ ਇਰਦ-ਗਿਰਦ ਪਿੰਡਾਂ ਵਿਚ ਸਿੱਖੀ ਦੀਆਂ ਪ੍ਰਚਾਰ ਫੇਰੀਆਂ ਲਾਈਆਂ। ਜਿਸ ਨਾਲ ਉਸ ਇਲਾਕੇ ਵਿਚ ਸਿੱਖੀ ਦਾ ਕਾਫੀ ਪ੍ਰਚਾਰ ਹੋਇਆ। ਗੁਰੂ ਜੀ ਦੇ ਉੱਦਮ ਨਾਲ ਕਰਤਾਰਪੁਰ ਸਾਹਿਬ ਵੀ ਸਿੱਖੀ ਦਾ ਇਕ ਹੋਰ ਕੇਂਦਰ ਸਥਾਪਿਤ ਹੋ ਗਿਆ।
ਉੱਥੋਂ ਗੁਰੂ ਸਾਹਿਬ ਸੰਗਤਾਂ ਨਾਲ ਪੜਾਅ ਕਰਦੇ ਲਹਿੰਦੇ ਵੱਲ ਦੇ ਇਲਾਕੇ ਵਿਚ ਵਡਾਲੀ (ਸ੍ਰੀ ਅੰਮ੍ਰਿਤਸਰ) ਆ ਡੇਰਾ ਕੀਤਾ। ਵਡਾਲੀ ਵਿਖੇ ਹੀ ਉਨ੍ਹਾਂ ਦੇ ਘਰ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਵਡਾਲੀ ਪੱਕਾ ਟਿਕਾਣਾ ਬਣਾ ਕੇ ਗੁਰੂ ਜੀ ਲਹਿੰਦੇ ਪਹਾੜ ਦੇ ਪਾਸੇ ਦੱਖਣ ਦੇ ਪਿੰਡਾਂ ਵਿਚ ਸਿੱਖੀ ਦੇ ਪ੍ਰਚਾਰ ਲਈ ਫੇਰੀਆਂ ਲਾਉਂਦੇ ਰਹੇ।
ਉਸ ਸਮੇਂ ਇਸ ਇਲਾਕੇ ਵਿਚ ਬੜੀ ਔੜ ਲੱਗ ਗਈ। ਉਧਰ ਖੇਤੀ ਵਰਖਾ ਆਸਰੇ ਹੀ ਹੁੰਦੀ ਸੀ ਅਤੇ ਕੁਝ ਖੂਹਾਂ ਦੁਆਰਾ। ਗੁਰੂ ਜੀ ਜਿੱਧਰ ਵੀ ਸਿੱਖੀ ਦੇ ਪ੍ਰਚਾਰ ਲਈ ਜਾਂਦੇ ਤਾਂ ਲੋਕਾਂ ਨੂੰ ਸਰੋਵਰ ਤੇ ਖੂਹ ਲਾਉਣ ਦੀ ਪ੍ਰੇਰਨਾ ਦਿੰਦੇ ਤਾਂ ਜੋ ਖੇਤੀ ਦੀ ਉਪਜ ਲਈ ਵਰਖਾ ਦੇ ਨਾਲ ਹੋਰ ਸਾਧਨ ਵੀ ਬਣ ਜਾਣ। ਪਰ ਭਿਆਨਕ ਔੜ ਦੇ ਕਾਰਨ ਉਸ ਇਲਾਕੇ ਵਿਚ ਕਾਲ ਪੈ ਗਿਆ । ਕਾਲ ਪੈਣ ਦੇ ਨਾਲ ਕੁਦਰਤੀ ਬਿਮਾਰੀਆਂ ਵੀ ਪੈਦਾ ਹੋ ਗਈਆਂ। ਰੋਟੀ ਨਾ ਮਿਲਣ ‘ਤੇ ਭੁੱਖੇ ਲੋਕ ਮੌਤ ਦਾ ਸ਼ਿਕਾਰ ਬਣਨਾ ਸ਼ੁਰੂ ਹੋ ਗਏ। ਪਿੰਡਾਂ ਵਿਚ ਤਾਂ ਮਾੜਾ-ਮੋਟਾ ਅੰਨ ਦਾ ਦਾਣਾ ਮਿਲ ਜਾਂਦਾ ਸੀ, ਪਰ ਸ਼ਹਿਰਾਂ
ਵਿਚ ਅੰਨ ਦੀ ਘਾਟ ਕਾਰਨ ਬਿਮਾਰੀਆਂ ਨੇ ਬੜੀ ਮਾਰ ਕੀਤੀ। ਹੋਰ ਸ਼ਹਿਰਾਂ ਦੇ ਨਾਲ ਲਾਹੌਰ ਦੀ ਹਾਲਤ ਖਾਸ ਤੌਰ ‘ਤੇ ਭਿਆਨਕ ਤੇ ਤਰਸਯੋਗ ਬਣ ਗਈ। ਲਾਹੌਰ ਦੀਆਂ ਗਲੀਆਂ ਤੇ ਬਾਜ਼ਾਰਾਂ ਵਿਚ ਮੁਰਦਿਆਂ ਦੇ ਢੇਰ ਲੱਗ ਗਏ ਸਨ । ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਦੀ ਦੁਰਦਸ਼ਾ ਦੀ ਖ਼ਬਰ ਮਿਲਣ ‘ਤੇ ਸੰਗਤਾਂ ਨਾਲ ਤੁਰੰਤ ਲਾਹੌਰ ਪਹੁੰਚ ਗਏ। ਉਨ੍ਹਾਂ ਦੁਖੀਆਂ ਦਾ ਦੁੱਖ-ਦਰਦ ਵੰਡਣ ਲਈ ਅਤੇ ਕਾਲ ਪੀੜਤਾਂ ਦੀ ਸਹਾਇਤਾ ਵਾਸਤੇ ਲੰਗਰ ਅਤੇ ਦਵਾ-ਦਾਰੂ ਦੇ ਰਾਹਤ ਕਾਰਜ ਸ਼ੁਰੂ ਕਰਵਾ ਦਿੱਤੇ। ਸੰਗਤਾਂ ਤੇ ਹੋਰ ਸਭਨਾਂ ਨੂੰ ਉਤਸ਼ਾਹ ਦਿੰਦਿਆਂ ਉਨ੍ਹਾਂ ਅੰਦਰ ਪਰਉਪਕਾਰ ਦੀ ਭਾਵਨਾ ਜਗਾ ਕੇ ਰੋਗੀਆਂ ਅਤੇ ਲੋੜਵੰਦਾਂ ਦੀ ਸੇਵਾ ਨਾਲ ਜੋੜਿਆ। ਯਤੀਮਾਂ ਤੇ ਬੇਰੁਜ਼ਗਾਰਾਂ ਦੀ ਸਹਾਇਤਾ ਲਈ ਉਨ੍ਹਾਂ ਨੇ ਚੂਨਾ ਮੰਡੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਦੀ ਇਮਾਰਤ ਅਤੇ ਡੱਬੀ ਬਜ਼ਾਰ ਵਿਚ ਗੁਰਦੁਆਰਾ ਤੇ ਬਾਉਲੀ ਸਾਹਿਬ ਦੀ ਉਸਾਰੀ ਅਰੰਭ ਕਰਵਾ ਦਿੱਤੀ ਤਾਂ ਜੋ ਬੇਰੁਜ਼ਗਾਰਾਂ ਤੇ ਯਤੀਮਾਂ ਨੂੰ ਕਾਰ ਮਿਲ ਸਕੇ। ਉਨ੍ਹਾਂ ਗੁਰੂ-ਘਰ ਦੀ ਦਸਵੰਧ ਦੀ ਰਕਮ ਅਤੇ ਸੰਗਤਾਂ ਨੂੰ ਪ੍ਰੇਰ ਕੇ ਇਕੱਤਰ ਕੀਤੀਆਂ ਸਾਰੀਆਂ ਭੇਟਾਵਾਂ ਲੋਕਾਂ ਦੀ ਭਲਾਈ ਲਈ ਖਰਚ ਕਰ ਦਿੱਤੀਆਂ। ਗੁਰੂ ਸਾਹਿਬ ਦੇ ਇਨ੍ਹਾਂ ਸੇਵਾ-ਕਾਰਜਾਂ ਨੂੰ ਅਕਬਰ ਬਾਦਸ਼ਾਹ ਨੇ ਵੀ ਬੜਾ ਸਲਾਹਿਆ।
ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਾਬ ਦੇ ਪਿੰਡਾਂ ਵਿਚ ਸਿੱਖੀ ਦੀ ਸਿੱਖਿਆ ਫੈਲਾਉਣ ਦੇ ਨਾਲ ਅੱਗੋਂ ਵਾਸਤੇ ਔੜ ਦੇ ਨਾਲ ਨਜਿੱਠਣ ਲਈ ਕਿਸਾਨਾਂ ਵਿਚ ਜਾਗ੍ਰਤੀ ਲਿਆਉਣ ਲਈ ਖੇਤੀ ਲਈ ਖੂਹਾਂ ਦੇ ਲਗਵਾਉਣ ਵੱਲ ਉਚੇਚਾ ਧਿਆਨ ਦਿਵਾਉਂਦੇ ਰਹੇ। ਉਨ੍ਹਾਂ ਨੂੰ ਜਿੱਥੇ-ਜਿੱਥੇ ਵੀ ਲੋੜ ਜਾਪੀ, ਖੂਹ ਲਵਾਉਣ ਵਿਚ ਗੁਰੂ-ਘਰ ਲਈ ਇਕੱਤਰ ਹੋਏ ਦਸਵੰਧ ਵਿੱਚੋਂ ਵੀ ਮਦਦ ਕੀਤੀ। ਉਨ੍ਹਾਂ ਲੋਕਾਂ ਨੂੰ ਇਕ ਹਰਟੇ ਖੂਹ ਦੀ ਦੋ-ਹਰਟੇ, ਚਾਰ-ਹਰਟੇ, ਛੇ-ਹਰਟੇ ਖੂਹ ਲਗਵਾਉਣ ਲਈ ਪ੍ਰੇਰਨਾ ਦਿੱਤੀ ਤਾਂ ਜੋ ਇਕ ਖੂਹ ਤੋਂ ਵੱਧ ਖੂਹਾਂ ਦਾ ਕੰਮ ਲਿਆ ਜਾ ਸਕੇ। ਉਨ੍ਹਾਂ ਵਡਾਲੀ ਤੋਂ ਲਹਿੰਦੇ ਪਾਸੇ ਦੇ ਪਿੰਡ ਵਿਚ ਛੇ-ਹਰਟਾ ਖੂਹ ਲਗਵਾ ਕੇ ਇਹ ਉਦਾਹਰਨ ਸਭ ਦੇ ਸਾਹਮਣੇ ਰੱਖ ਦਿੱਤੀ। ਇਹ ਖੂਹ ਹੁਣ ਵੀ ਛੇਹਰਟਾ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਖੇ ਕਾਇਮ ਹੈ। ਗੁਰੂ ਸਾਹਿਬ ਸਭਨਾਂ ਨੂੰ ਇਸ਼ਨਾਨ ਕਰਕੇ ਸਵੱਛ ਹੋ ਕੇ ਭਜਨ-ਬੰਦਗੀ ਨਾਲ ਜੁੜਨ, ਸੱਚੀ-ਸੁੱਚੀ ਕਿਰਤ ਕਰਨ, ਪ੍ਰਕਿਰਤਿਕ ਸਮੱਸਿਆਵਾਂ ਲਈ ਅਗਾਊਂ ਬਾਨਣੂ ਬੰਨਣ, ਪਰਉਪਕਾਰ ਤੇ ਸੇਵਾ ਵਾਲਾ ਜੀਵਨ ਜਿਊਂਣ ਦਾ ਉਦੇਸ਼-ਉਪਦੇਸ਼ ਦ੍ਰਿੜ੍ਹ ਕਰਾਉਂਦੇ ਹੋਏ ਵਾਪਸ ਵਡਾਲੀ ਆ ਗਏ।
ਵਡਾਲੀ ਵਿਖੇ ਸ੍ਰੀ ਅੰਮ੍ਰਿਤਸਰ ਦੀਆਂ ਸੰਗਤਾਂ ਵੱਲੋਂ ਇੱਥੇ ਆ ਕੇ ਜ਼ੋਰ ਪਾਉਣ ‘ਤੇ ਆਪ ਪਰਵਾਰ ਸਹਿਤ ਸ੍ਰੀ ਅੰਮ੍ਰਿਤਸਰ ਵਾਪਸ ਪਰਤ ਆਏ। ਗੁਰੂ ਜੀ ਦੇ ਸ੍ਰੀ ਅੰਮ੍ਰਿਤਸਰ ਆਉਣ ਨਾਲ ਗੁਰੂ-ਦਰਬਾਰ ਦੀਆਂ ਰੌਣਕਾਂ ਵਾਪਸ ਪਰਤ ਆਈਆਂ। ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਤੇ ਗੁਰ-ਬਚਨਾਂ ਦੀ ਕਥਾ-ਵਿਆਖਿਆ ਦੀ ਧੁਨੀ ਨਿਰੰਤਰ ਗੂੰਜਣੀ ਸ਼ੁਰੂ ਹੋ ਗਈ। ਸਭ ਪਾਸਿਓਂ ਆਉਣ ਵਾਲੀਆਂ ਸੰਗਤਾਂ ਦਾ
ਤਾਂਤਾ ਲੱਗਾ ਰਹਿੰਦਾ ਸੀ। ਆਪ ਜੀ ਨੇ ਗੁਰੂ-ਘਰ ਦੇ ਰਬਾਬੀਆਂ ਵੱਲੋਂ ਕੀਰਤਨ ਕਰਨ ਲਈ ਦਿੱਕਤਾਂ ਖੜੀਆਂ ਕਰਨ ‘ਤੇ ਆਪ ਸਰੰਦਾ ਲੈ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਿੱਖ ਸੰਗਤਾਂ ਨੂੰ ਰਲ ਕੇ ਕੀਰਤਨ ਕਰਨ ਵਾਲੇ ਪਾਸੇ ਜੋੜਿਆ।
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਧਦੇ ਪ੍ਰਤਾਪ ਨੂੰ ਅਤੇ ਸਿੱਖੀ ਦੇ ਸਭ ਪਾਸੇ ਹੋ ਰਹੇ ਪ੍ਰਚਾਰ ਨੂੰ ਵੇਖ ਕੇ ਪ੍ਰਿਥੀ ਚੰਦ ਨੀਚ ਘਿਨੌਣੀਆਂ ਹਰਕਤਾਂ ‘ਤੇ ਉਤਰ ਆਇਆ।
ਗੁਰੂ-ਘਰ ਦਾ ਵਿਰੋਧ ਕਰਦਿਆਂ ਮੀਣਿਆਂ ਵੱਲੋਂ ਨਾਨਕ ‘ਪਦ’ ਵਰਤ ਕੇ ਆਪਣੀ ਨਕਲੀ ਬਾਣੀ ਦੀ ਰਚਨਾ ਕਰ ਕੇ ਗੁਰਬਾਣੀ ਵਿਚ ਰਲਾ ਪਾਉਣ ਦੀ ਸਾਜ਼ਿਸ਼ ਸ਼ੁਰੂ ਕਰ ਦਿੱਤੀ । ਸ੍ਰੀ ਗੁਰੂ ਅਰਜਨ ਦੇਵ ਜੀ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਧਰਮ ਚੰਦ (ਬਾਬਾ ਲਖਮੀ ਦਾਸ ਜੀ ਦੇ ਬੇਟੇ) ਦੇ ਅਕਾਲ ਚਲਾਣੇ ਦੇ ਭੋਗ ‘ਤੇ ਡੇਰਾ ਬਾਬਾ ਨਾਨਕ ਗਏ ਤਾਂ ਉੱਥੇ ਰਾਗੀਆਂ ਨੇ ਗੁਰਬਾਣੀ ਦੇ ਕੀਰਤਨ ਦੇ ਨਾਲ ‘ਨਾਨਕ’ ਪਦ ਹੇਠ ਰਚਿਤ ਮੀਣਿਆਂ ਦੀ ਕੱਚੀ ਬਾਣੀ ਦਾ ਵੀ ਗਾਇਨ ਕੀਤਾ। ਗੁਰੂ ਜੀ ਉਸ ਤੋਂ ਚੌਕਸ ਹੋ ਗਏ ਅਤੇ ਮੀਣਿਆਂ ਵੱਲੋਂ ਨਕਲੀ ਬਾਣੀ ਦੇ ਗੁਰਬਾਣੀ ਵਿਚ ਪਾਏ ਜਾਣ ਵਾਲੇ ਰਲੇ ਨੂੰ ਰੋਕਣ ਤੇ ਗੁਰਬਾਣੀ ਦੀ ਸ਼ੁੱਧਤਾ ਤੇ ਪ੍ਰਮਾਣਿਕਤਾ ਨੂੰ ਸਥਾਪਿਤ ਕਰਨ ਲਈ ਗੁਰੂ ਸਾਹਿਬਾਨ, ਭਗਤ ਸਾਹਿਬਾਨ ਤੇ ਹੋਰ ਪ੍ਰਮਾਣਿਕ ਬਾਣੀ ਨੂੰ ਸੰਕਲਿਤ ਕਰ ਕੇ ਸਾਰੀ ਪ੍ਰਮਾਣਿਕ ਬਾਣੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕਰਨ ਦੀ ਯੋਜਨਾ ਸੋਚ ਲਈ ਤਾਂ ਜੋ ਸਦੀਵ ਵਾਸਤੇ ਸਿੱਖੀ ਦੀ ਅਗਵਾਈ ਲਈ ਗੁਰਬਾਣੀ ਦਾ ਇਕ ਪ੍ਰਮਾਣਿਕ ਧਰਮ ਗ੍ਰੰਥ ਤਿਆਰ ਹੋ ਜਾਏ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਿਆਰੀ ਵਾਸਤੇ ਸ੍ਰੀ ਰਾਮਸਰ (ਸ੍ਰੀ ਅੰਮ੍ਰਿਤਸਰ) ਦੇ ਇਕਾਂਤ ਸਥਾਨ ਨੂੰ ਚੁਣ ਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਵਿਦਵਾਨ ਗੁਰਸਿੱਖਾਂ ਨੂੰ ਭੇਜ ਕੇ ਜਿੱਥੇ-ਜਿੱਥੇ ਵੀ ਬਾਣੀ ਸੰਭਾਲੀ ਪਈ ਸੀ, ਉੱਥੋਂ ਮੰਗਵਾ ਲਈ। ਗੁਰੂ ਸਾਹਿਬਾਨ ਦੀਆਂ ਬਾਣੀਆਂ ਜੋ ਪੋਥੀਆਂ ਦੇ ਰੂਪ ਵਿਚ ਸੰਭਾਲੀਆਂ ਪਈਆਂ ਸਨ, ਉਹ ਬਾਣੀ ਗੁਰਿਆਈ ਦੇ ਸਮੇਂ ਉਨ੍ਹਾਂ ਨੂੰ ਸੌਂਪੀ ਗਈ ਹੋਈ ਸੀ, ਉਹ ਉਨ੍ਹਾਂ ਪਾਸ ਮੌਜੂਦ ਸੀ । ਆਪ ਜੀ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਜੁੜੇ ਹੋਏ ਸਨ। ਆਪ ਜੀ ਨੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸਾਰੀ ਇਕੱਤਰ ਹੋਈ ਬਾਣੀ ਦੀ ਪੂਰੀ ਤਰ੍ਹਾਂ ਨਿਰਖ-ਪਰਖ ਕਰ ਕੇ ਸਾਰੀ ਪ੍ਰਮਾਣਿਕ ਬਾਣੀ ਇਕ ਥਾਂ ਸੰਭਾਲ ਕੇ ਇਕੱਤਰ ਕਰ ਲਈ। ਗੁਰੂ ਸਾਹਿਬ ਨੇ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਦੇ ਸਪੁਰਦ ਕੀਤੀ। ਸਾਰੀ ਬਾਣੀ ਗੁਰੂ ਜੀ ਆਪ ਲਿਖਵਾਉਂਦੇ ਸਨ ਤੇ ਭਾਈ ਗੁਰਦਾਸ ਜੀ ਲਿਖਦੇ ਸਨ। ਸਾਰੀ ਬਾਣੀ ਗੁਰਮੁਖੀ ਅੱਖਰਾਂ ਵਿਚ ਗੁਰੂ ਜੀ ਦੀ ਸੋਚੀ ਵਿਉਂਤ ਅਨੁਸਾਰ ਲਿਖੀ ਗਈ। ਸਾਰੀ ਬਾਣੀ ਨੂੰ ਰਚਨਾਕਾਰਾਂ, ਕਾਵਿ ਭੇਦਾਂ ਤੇ ਰਾਗਾਂ ਦੀ ਵਿਸ਼ੇਸ਼ ਤਰਤੀਬ ਵਿਚ ਲਿਖਿਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋ ਜਾਣ ‘ਤੇ ਜਿਲਦ ਬੰਨ੍ਹਵਾ ਕੇ ਇਸ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਏਕਮ ੧੬੬੧ ਸੰਮਤ (੧੬੦੪ ਈ:) ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਗਿਆ । ਬਾਬਾ
ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਲਾਹੀ ਬਾਣੀ ਇਤਨੀ ਵਿਗਿਆਨਕ ਤੇ ਬਰੀਕੀਆਂ ਸਹਿਤ ਸੰਪੂਰਣ ਰਾਗਮਈ ਤਰਤੀਬ ਵਿਚ ਹੈ, ਜਿਸ ਦੀ ਬਦੌਲਤ ਇਹ ਮਹਾਨ ਗ੍ਰੰਥ, ਸਿੱਖੀ ਦਾ ਇਹ ਧਾਰਮਿਕ ਗ੍ਰੰਥ ਸੰਸਾਰ ਦੇ ਸਭਧਾਰਮਿਕ ਗ੍ਰੰਥਾਂ ਦੇ ਖੇਤਰ ਵਿਚ ਇਕ ਲਾਸਾਨੀ ਸਥਾਨ ਰੱਖਦਾ ਹੈ। ਸਿੱਖੀ ਵਾਸਤੇ ਇਹ ਗ੍ਰੰਥ ਸਦੀਵ ਲਈ ਹਰ ਤਰ੍ਹਾਂ ਦੀ ਅਗਵਾਈ ਦੇਣ ਲਈ ਪ੍ਰਮਾਣਿਕ ਰਾਹ-ਦਿਸੇਰਾ ਹੈ। ਇਸ ਮਹਾਨ ਗ੍ਰੰਥ ਵਿਚ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਪਾਸੋਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾ ਕੇ ਜੋਤੀ-ਜੋਤ ਸਮਾਉਣ ਤੋਂ ਪਹਿਲੇ ਇਸ ਪਾਵਨ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਕੇ ਸਿੱਖੀ ਦੀ ਗੁਰਿਆਈ ਦਿੱਤੀ ਅਤੇ ਇਸ ਨੂੰ ਜ਼ਾਹਿਰਾ-ਜ਼ਹੂਰ ਗੁਰੂ ਥਾਪ ਕੇ ਸਦੀਵ ਲਈ ਸਿੱਖਾਂ ਨੂੰ ਇਸ ਦੇ ਲੜ ਲਗਾ ਦਿੱਤਾ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਧਾਰਮਿਕ ਇਸ਼ਟ ਗ੍ਰੰਥ ਹੋਣ ਦੇ ਨਾਲ ਹੀ ਜ਼ਾਹਿਰਾ-ਜ਼ਹੂਰ ਗੁਰੂ ਵੀ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉੱਦਮਾਂ ਸਦਕਾ ਸਿੱਖੀ ਨਾ ਕੇਵਲ ਪੰਜਾਬ ਦੇ ਸਭਨਾਂ ਇਲਾਕਿਆਂ ਵਿਚ, ਸਗੋਂ ਪੰਜਾਬ ਤੋਂ ਬਾਹਰ ਕਸ਼ਮੀਰ, ਕਾਬਲ, ਆਗਰਾ, ਮੱਧ ਭਾਰਤ, ਮਹਾਂਰਾਸ਼ਟਰ, ਗੁਜਰਾਤ ਦੇ ਦੂਰ-ਦੂਰ ਦੇ ਇਲਾਕਿਆਂ ਤਕ ਵੀ ਫੈਲ ਗਈ ਸੀ । ਭਾਈ ਗੁਰਦਾਸ ਜੀ ਨੇ ਆਪਣੀਆਂ ਰਚੀਆਂ ਵਾਰਾਂ ਵਿਚ ਗਿਆਰ੍ਹਵੀਂ ਵਾਰ ਦੀ ੧੮ਵੀਂ ਤੇ ੧੯ਵੀਂ ਪਉੜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਸਿੱਖਾਂ ਦੇ ਨਾਮ, ੨੦ਵੀਂ ਪਉੜੀ ਵਿਚ ਸਿੱਖ ਨਾਮਾਵਲੀ, ੨੧ਵੀਂ ਪਉੜੀ ਵਿਚ ਸੁਲਤਾਨਪੁਰੀਏ ਸਿੱਖਾਂ, ੨੨ਵੀਂ ਪਉੜੀ ਵਿਚ ਮਸੰਦ ਸਿੱਖਾਂ, ੨੩ਵੀਂ ਪਉੜੀ ਵਿਚ ਅਤਿ ਸਨਮੁਖ ਸਿੱਖਾਂ, ੨੪ਵੀਂ ਪਉੜੀ ਵਿਚ ਪੰਜਾਬ ਦੇ ਸਿੱਖਾਂ, ੨੫ਵੀਂ ਪਉੜੀ ਵਿਚ ਲਾਹੌਰ, ਮੁਜੰਗੀ ਸੰਗਤ, ੨੬ਵੀਂ ਪਉੜੀ ਵਿਚ ਦੇਸ਼ਾਂਤਰੀ ਸੰਗਤ, ੨੭ਵੀਂ ਪਉੜੀ ਵਿਚ ਆਗਰੇ ਦੀ ਸੰਗਤ ਅਤੇ ੨੮ਵੀਂ ਪਉੜੀ ਵਿਚ ਹਜ਼ੂਰੀ ਸਿੱਖਾਂ ਬਾਰੇ ਸੰਕੇਤ ਰੂਪ ਵਿਚ ਜਾਣਕਾਰੀ ਦਿੱਤੀ ਹੈ। ਜਿਸ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਕ ਦੇ ਸਿੱਖੀ ਦੇ ਫੈਲਾਉ ਬਾਰੇ ਪਤਾ ਲੱਗਦਾ ਹੈ। ਸਿੱਖੀ ਦਾ ਪ੍ਰਤਾਪ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਫੈਲਣਾ ਸ਼ੁਰੂ ਹੋ ਗਿਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਦੇ ਯਤਨਾਂ ਸਦਕਾ ਸਿੱਖ ਸੰਗਤਾਂ ਦੀ ਗਿਣਤੀ ਵਿਚ ਬੜਾ ਵਾਧਾ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਵੀ ਪਹਿਲੇ ਸੰਗਤਾਂ ਸਥਾਪਿਤ ਸਨ, ਉਨ੍ਹਾਂ ਸਭ ਕੜੀਆਂ ਨੂੰ ਮਜ਼ਬੂਤ ਕਰ ਕੇ ਉਨ੍ਹਾਂ ਅੰਦਰ ਇਹ ਨਵੀਂ ਰੂਹ ਫੂਕ ਦਿੱਤੀ ।
ਆਪ ਜੀ ਦੇ ਸਿੱਖੀ ਦੇ ਪ੍ਰਚਾਰ ਤੇ ਫੈਲਾਉ ਸਦਕਾ ਸਿੱਖਾਂ ਦੀ ਗਿਣਤੀ ਜੋ ਹਜ਼ਾਰਾਂ ਵਿਚ ਸੀ, ਲੱਖਾਂ ਵਿਚ ਹੋ ਗਈ ਅਤੇ ਸੰਸਾਰ ਦੇ ਹਰ ਦੇਸ਼ ਵਿਚ ਸਿੱਖ ਫੈਲ ਗਏ ਸਨ।
ਜਦੋਂ ਅਕਬਰ ਬਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣ ਕੇ ਅਤੇ ਗੁਰੂ ਜੀ ਨਾਲ ਸਿੱਖੀ ਬਾਰੇ ਬਚਨ-ਬਿਲਾਸ ਕਰ ਕੇ ਬੜਾ ਪ੍ਰਸੰਨ ਹੋਇਆ। ਉਸ ਨੇ ਗੁਰੂ-ਘਰ ਵਾਸਤੇ ਜਾਗੀਰ
ਲਾਉਣੀ ਚਾਹੀ। ਪਰ ਗੁਰੂ ਜੀ ਨੇ ਜਾਗੀਰ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਗੁਰੂ-ਘਰ ਦੇ ਸਾਰੇ ਕਾਰਜ ਸੰਗਤਾਂ ਆਸਰੇ ਚਲਦੇ ਹਨ, ਸ਼ਾਹੀ ਜਾਗੀਰਾਂ ਨਾਲ ਨਹੀਂ। ਗੁਰੂ ਜੀ ਨੇ ਇਤਨਾ ਜ਼ਰੂਰ ਕੀਤਾ ਕਿ ਅਕਬਰ ਨੂੰ ਕਹਿ ਕੇ ਪੰਜਾਬ ਦੇ ਸੋਕੇ ਤੋਂ ਪੀੜ੍ਹਤ ਕਿਸਾਨਾਂ ਵਾਸਤੇ ਰਾਹਤ ਵਜੋਂ ਕੁਝ ਜ਼ਮੀਨ ਦਾ ਲਗਾਨ ਮੁਆਫ਼ ਕਰਵਾ ਦਿੱਤਾ। ਗੁਰੂ ਜੀ ਸਦਾ ਲੋਕਾਈ ਦੀ ਭਲਾਈ ਵਾਸਤੇ ਸੋਚਦੇ ਤੇ ਉਨ੍ਹਾਂ ਦੇ ਉਧਾਰ ਲਈ ਯਤਨਸ਼ੀਲ ਰਹਿੰਦੇ ਸਨ।
ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਤਖ਼ਤ ‘ਤੇ ਬੈਠਾ। ਉਸ ਨੇ ਹਕੂਮਤ ਨੂੰ ਮਜ਼ਬੂਤੀ ਨਾਲ ਸੰਭਾਲਣ ਵਾਸਤੇ ਕੱਟੜ ਜਨੂੰਨੀ ਮੌਲਾਣਿਆਂ ਤੇ ਮੁਸਲਿਮ ਧਾਰਮਿਕ ਆਗੁਆਂ ਨਾਲ ਨਜ਼ਦੀਕੀ ਸਥਾਪਿਤ ਕਰ ਲਈ। ਅਕਬਰ ਬਾਦਸ਼ਾਹ ਧਾਰਮਿਕ ਤੌਰ ‘ਤੇ ਸੁਲਹਕੁਲ ਹੋਣ ਕਰਕੇ ਕੱਟੜ ਨਹੀਂ ਸੀ। ਹੁਣ ਕੱਟੜ ਤੇ ਇਸਲਾਮੀ ਜਨੂੰਨ ਨਾਲ ਭਰੇ ਮੌਲਾਣਿਆਂ ਤੇ ਉਲਮਾਵਾਂ ਨੂੰ ਐਸਾ ਸ਼ਹਿਨਸ਼ਾਹ ਮਿਲ ਗਿਆ, ਜੋ ਇਸਲਾਮ ਦੇ ਜਬਰਨ ਫੈਲਾਉ ਲਈ ਉਨ੍ਹਾਂ ਦੇ ਇਸ਼ਾਰੇ ‘ਤੇ ਚੱਲ ਸਕਦਾ ਸੀ। ਪੰਜਾਬ ਵਿਚ ਸਿੱਖ ਧਰਮ ਦੇ ਪ੍ਰਭਾਵ ਕਾਰਨ ਇਸਲਾਮ ਨੂੰ ਧੱਕਾ ਲੱਗਣਾ ਸ਼ੁਰੂ ਹੋ ਗਿਆ ਸੀ । ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖੀ ਦੇ ਪਚਾਰ ਕਾਰਨ ਸਿੱਖਾਂ ਦਾ ਸਭ ਪਾਸੇ ਬੜਾ ਵਾਧਾ ਹੋ ਰਿਹਾ ਸੀ। ਸਿੱਖੀ ਦੀ ਵਿਕਾਸ ਗਤੀ ਤੇਜ਼ ਹੋਣ ਨਾਲ ਇਸਲਾਮ ਨੂੰ ਕਾਫੀ ਢਾਹ ਲੱਗ ਰਹੀ ਸੀ। ਇਹ ਵੇਖ ਕੇ ਕੱਟੜ ਜਨੂੰਨੀ ਮੌਲਾਣੇ ਸਿੱਖੀ ਨਾਲ ਈਰਖਾ ਕਰਨ ਲੱਗ ਪਏ। ਨਕਸ਼ਬੰਦੀ ਇਸਲਾਮੀ ਫਿਰਕੇ ਦੇ ਹੱਠ-ਧਰਮੀ ਅਤੇ ਜਨੂੰਨੀ ਸ਼ੇਖ ਮੁਹੰਮਦ ਸਰਹੰਦੀ ਜੋ ਜਹਾਂਗੀਰ ਬਾਦਸ਼ਾਹ ਦੇ ਬਹੁਤ ਨੇੜੇ ਸੀ, ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਹਕੂਮਤ ਦੇ ਵਿਦਰੋਹੀ ਅਮੀਰ ਖੁਸਰੋ ਨੂੰ ਬਗਾਵਤ ਦੇ ਸਮੇਂ ਦੌਰਾਨ ਉਸ ਦੀ ਮਦਦ ਕਰਨ ਦੀ ਦਲੀਲ ਦੇ ਕੇ ਇਸ ਜ਼ੁਰਮ ਕਾਰਨ ਜਹਾਂਗੀਰ ਨੂੰ ਭੜਕਾ ਕੇ ਇਸਲਾਮੀ ‘ਯਾਸਾ’ ਕਾਨੂੰਨ ਦੇ ਤਹਿਤ ਮੌਤ ਦੀ ਸਜ਼ਾ ਦਾ ਫ਼ਰਮਾਨ ਜਾਰੀ ਕਰਵਾ ਦਿੱਤਾ। ਇਸ ਸ਼ਾਹੀ ਫ਼ਰਮਾਨ ਦੇ ਤਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਪਰੰਪਰਾ ਨੂੰ ਜਨਮ ਦਿੱਤਾ। ਆਪ ਜੀ ਨੇ ਸਿੱਖਾਂ ਨੂੰ ਆਪਣੇ ਧਰਮ ਦੇ ਅਕੀਦੇ ਨੂੰ ਸਲਾਮਤ ਰੱਖਣ ਵਾਸਤੇ ਜਾਨ ਕੁਰਬਾਨ ਕਰਨ ਦੀ ਸਿੱਖਿਆ ਗ੍ਰਹਿਣ ਕਰਵਾ ਦਿੱਤੀ। ਆਪ ਜੀ ਦੀ ਸ਼ਹੀਦੀ ਦੇ ਪਰਿਣਾਮ ਵਜੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਬੈਠ ਕੇ ਸਿੱਖੀ ਦੀ ਗੁਰਿਆਈ ਗੱਦੀ ਗ੍ਰਹਿਣ ਕਰ ਕੇ ਸਿੱਖੀ ਵਿਚ ਭਗਤੀ ਤੇ ਸ਼ਕਤੀ ਨੂੰ ਸੰਯੁਕਤ ਕਰਨ ਦੀ ਮਰਯਾਦਾ ਦੀ ਬੁਨਿਆਦ ਰੱਖ ਦਿੱਤੀ। ਇਸ ਦੇ ਨਾਲ ਹੀ ਸਿੱਖੀ ਵਿਚ ਭਾਉ-ਭਗਤੀ ਤੇ ਨਾਮ-ਸਿਮਰਨ ਦੇ ਅਭਿਆਸ ਦੇ ਨਾਲ ਬੀਰ ਰਸੀ ਗਤੀਵਿਧੀਆਂ ਦੀ ਪਰੰਪਰਾ ਵੀ ਸ਼ੁਰੂ ਹੋ ਗਈ।
-ਡਾ. ਗੁਰਚਰਨ ਸਿੰਘ
