ਆਚਰਣ

ਲੇਖ
May 27, 2026

ਜ਼ਿੰਦਗੀ ਦਾ ਆਦਰਸ਼ ਸੁੱਖ ਨਹੀਂ; ਆਚਰਣ ਹੈ।ਆਚਰਣ ਪੂਰੀ ਤਰ੍ਹਾਂ ਸਾਧੇ ਹੋਏ ਨੈਤਿਕ ਜੀਵਨ-ਚੱਜ ਦਾ ਨਾਮ ਹੈ। ਚੰਗਾ ਮਨੁੱਖ ਆਪਣੀ ਕਿਸਮਤ ਦਾ ਘੜਨਹਾਰ ਤਾਂ ਨਹੀਂ ਹੁੰਦਾ, ਪਰ ਉਸ ਨੂੰ ਆਪਣੇ ਆਚਰਣ ਦਾ ਘੜਨਹਾਰਾ ਜ਼ਰੂਰ ਕਿਹਾ ਜਾ ਸਕਦਾ ਹੈ।

ਬੰਦੇ ਦਾ ਆਚਰਣ ਹੀ ਉਸ ਦੀ ਅਸਲੀਅਤ ਹੈ। ਉਸ ਦੇ ਆਚਰਣ ਬਾਰੇ ਲੋਕਾਂ ਦੀ ਰਾਏ ਹੀ ਉਸ ਦਾ ਜੱਸ ਹੁੰਦਾ ਹੈ। ਆਚਰਣ ਉਸ ਦਾ ਹੁੰਦਾ ਹੈ, ਕੀਰਤੀ ਦੂਜੇ ਕਰਦੇ ਹਨ। ਆਚਰਣ ਅਸਲ ਵਸਤੂ ਹੈ, ਕੀਰਤੀ ਤਾਂ ਉਸ ਦਾ ਪਰਛਾਵਾਂ ਹੈ। ਆਚਰਣ ਨੈਤਿਕ ਹੁੰਦਾ ਹੈ, ਆਚਾਰ ਨੈਤਿਕ ਤੋਂ ਇਲਾਵਾ ਮਨੁੱਖ ਦੀਆਂ ਕਲਾਤਮਕ ਆਦਿ ਕਿਰਿਆਵਾਂ ਦਾ ਧਾਰਨੀ ਵੀ ਹੁੰਦਾ ਹੈ।

ਆਚਰਣ ਕਿਸੇ ਕਾਗ਼ਜ਼ ਦੇ ਨਿਆਈਂ ਹੈ। ਜੇ ਇਹ ਇਕ ਵਾਰੀ ਦਾਗਿਆ ਗਿਆ ਤਾਂ ਉਸ ਨੂੰ ਮੁੜ ਪਹਿਲੇ ਵਰਗਾ ਸਫ਼ੇਦ ਕਰਨਾ ਸੰਭਵ ਨਹੀਂ ਹੁੰਦਾ।

ਸਚਿਆਰਤਾ ਆਚਰਣ ਦਾ ਨੀਂਹ-ਪੱਥਰ ਹੈ। ਜਿਸ ਆਚਰਣ ਨੂੰ ਠੀਕ ਰੱਖਣ ਲਈ ਕਾਨੂੰਨ . ਲੋੜੀਂਦਾ ਹੋਵੇ, ਉਸ ਨੂੰ ਕਾਨੂੰਨ ਵੀ ਸੋਧ ਨਹੀਂ ਸਕਦਾ। ਪਰ ਜੇਕਰ ਕੋਈ ਵਿਅਕਤੀ ਆਪਣੇ ਆਚਰਣ ਦਾ ਧਿਆਨ ਰੱਖਦਾ ਹੈ ਤਾਂ ਉਸ ਦੀ ਕੀਰਤੀ ਸੁਤੇ ਹੀ ਉਸ ਦਾ ਧਿਆਨ ਰੱਖਦੀ ਹੈ।

ਬੰਦਾ ਆਪਣੇ ਵਾਤਾਵਰਣ ਮੂਜਬ ਆਪਣਾ ਆਚਰਣ ਆਪ ਢਾਲਦਾ ਹੈ। ਜੇ ਇਕ ਵੇਰਾਂ ਢਲ ਗਿਆ ਤਾਂ ਫਿਰ ਇਹ ਬੰਦੇ ਨੂੰ ਢਾਲਦਾ ਹੈ। ਕੋਈ ਵੀ ਬੰਦਾ ਆਪਣਾ ਆਚਰਣ ਸੁਪਨਿਆਂ ਦੇ ਸਿਰ ‘ਤੇ ਨਹੀਂ ਢਾਲ ਸਕਦਾ। ਇਸ ਨੂੰ ਵੀ ਹਥੌੜੇ ਤੇ ਛੈਣੀ ਨਾਲ ਤਰਾਸ਼ਣਾ ਪੈਂਦਾ ਹੈ— ਹਥੌੜਾ ਨਾਮ ਦਾ, ਛੈਣੀ ਸ਼ਬਦ ਦੀ। ਇਹਨਾਂ ਬਾਝੋਂ ਸੱਚਾ ਆਚਰਣ ਨਹੀਂ ਘੜਿਆ ਜਾ ਸਕਦਾ । ਜਿਨ੍ਹਾਂ ਪਾਸ ਇਹ ਅਧਿਆਤਮਕ ਸੰਦ ਹੈ ਹੀ ਨਹੀਂ, ਉਹ ਮਨਮੁਖੀ ਦੁਰਾਚਾਰੀ ਜੀਵਨ ਹੀ ਜਿਊ ਸਕਦੇ ਹਨ। ਪਰ ਜਿਸ ਨੇ ਸਤਿਗੁਰੂ ਪਾਸੋਂ ਆਚਰਣ ਸਾਧਣ ਦਾ ਚੱਜ ਸਿੱਖ ਲਿਆ, ਉਸ ਦਾ ਜੀਵਨ ਸੌਰ ਜਾਂਦਾ ਹੈ ਤੇ ਉਹ ਦੁੱਖਾਂ ਕਸ਼ਟਾਂ ਤੋਂ ਉਪਰ ਉਠ ਜਾਂਦਾ ਹੈ। ਜਿਨ੍ਹਾਂ ਇਹ ਚੱਜ ਸਿੱਖ ਲਿਆ, ਉਹ ਆਚਾਰਵੰਤ ਹੋ ਗਏ ਤੇ ਉਹਨਾਂ ਦੀ ਪ੍ਰਤਿਸ਼ਠਾ ਬੜੀ ਉੱਚੀ ਹੁੰਦੀ ਹੈ।” ਪਰ ਜਿਨ੍ਹਾਂ ਪਾਸ ਇਹ ਚੱਜ ਨਹੀਂ, ਉਹ ਗੱਲਾਂ ਭਾਵੇਂ ਕਰਨ, ਆਚਰਣ ਤੇ ਆਚਾਰ ਵਜੋਂ ਨਿਰਬਲ ਹੀ ਹੁੰਦੇ ਹਨ।

ਡਾ. ਜਸਵੰਤ ਸਿੰਘ ਨੇਕੀ