ਕਿਸੇ ਮੰਗਤੇ ਕੋਲੋਂ ਨਾ ਮੰਗਣਾ

ਲੇਖ
April 17, 2026

1949 ਈ: ਦੀ ਗੱਲ ਹੈ। ਮੈਂ ਉਦੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਸਾਂ। ਸਾਡੀ ਅੰਤਰਿਮ ਕਮੇਟੀ ਨੇ ਫ਼ੈਸਲਾ ਕੀਤਾ ਕਿ ਪਾਉਂਟਾ ਸਾਹਿਬ ਵਿਖੇ ਸਿਰਕੱਢ ਵਰਕਰਾਂ ਦਾ ਟ੍ਰੇਨਿੰਗ ਕੈਂਪ ਲਗਾਇਆ ਜਾਵੇ। ਉਸ ਦੇ ਲਈ ਮਾਇਆ ਦਰਕਾਰ ਸੀ। ਕਿਸੇ ਸਲਾਹ ਦਿੱਤੀ, ਮਾਸਟਰ ਤਾਰਾ ਸਿੰਘ ਜੀ ਇਸ ਕਾਰਜ ਲਈ ਲੋੜੀਂਦੀ ਸਹਾਇਤਾ ਕਰ ਸਕਦੇ ਹਨ ਤੇ ਮੈਨੂੰ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋਣ ਲਈ ਪ੍ਰੇਰਿਆ ਗਿਆ।

ਮੈਂ ਅੰਮ੍ਰਿਤਸਰ ਉਨ੍ਹਾਂ ਦੇ ਨਿਵਾਸ ਅਸਥਾਨ ‘ਤੇ ਪੁੱਜਾ ਤੇ ਉਨ੍ਹਾਂ ਨੂੰ ਗਿਆਤ ਕਰਵਾਇਆ ਕਿ ਅਸੀਂ ਵਰਕਰਾਂ ਦਾ ਟ੍ਰੇਨਿੰਗ ਕੈਂਪ ਲਗਾਉਣ ਦਾ ਇਰਾਦਾ ਬਣਾਇਆ ਹੈ। ਉਨ੍ਹਾਂ ਨੇ ਇਸ ਇਰਾਦੇ ਦੀ ਸ਼ਲਾਘਾ ਕੀਤੀ ਤੇ ਅੰਦਰੋਂ ਸੌ ਰੁਪਏ ਦਾ ਇੱਕ ਨੋਟ ਲਿਆ ਕੇ ਮੈਨੂੰ ਦਿੱਤਾ ਤੇ ਕਿਹਾ, “ਇਸ ਕਾਰਜ ਲਈ ਇਹ ਸਹਾਇਤਾ ਮੇਰੇ ਵੱਲੋਂ ਪ੍ਰਵਾਨ ਕਰੋ।” ਮੈਂ ਇਤਨਾ ਮਾਯੂਸ ਹੋਇਆ ਕਿ ਮੈਂ ਉਹ ਨੋਟ ਮੋੜਦਿਆਂ ਕਿਹਾ, “ਮਾਸਟਰ ਜੀ, ਇਹ ਰਹਿਣ ਦਿਓ, ਤੁਹਾਡੇ ਹੋਰ ਕਿਸੇ ਕੰਮ ਆ ਜਾਏਗਾ। ਮੈਂ ਵਾਹਿਗੁਰੂ ਪਾਸੋਂ ਲੋੜੀਂਦੀ ਸਹਾਇਤਾ ਮੰਗ ਲਵਾਂਗਾ।” ਮੈਨੂੰ ਉਸ ਵੇਲੇ ਕਦੇ ਆਪਣੇ ਦਾਦਾ ਜੀ ਦੇ ਪਹਿਲਾਂ ਦੇ ਕਹੇ ਹੋਏ ਬਚਨ ਯਾਦ ਆਏ। ਉਨ੍ਹਾਂ ਕਿਹਾ ਸੀ, “ਬੱਚਿਆ, ਕਦੇ ਕਿਸੇ ਮੰਗਤੇ ਕੋਲੋਂ ਨਾ ਮੰਗੀਂ, ਕੇਵਲ ਦਾਤੇ ਕੋਲੋਂ ਹੀ ਮੰਗੀ ਤੇ ਦਾਤਾ ਕੇਵਲ ਇਕ ਵਾਹਿਗੁਰੂ ਹੀ ਹੈ।”

ਮਾਸਟਰ ਤਾਰਾ ਸਿੰਘ ਹੋਰਾਂ ਨੂੰ ਮੈਂ ਕਹਿ ਤਾਂ ਆਇਆ, “ਮੈਂ ਵਾਹਿਗੁਰੂ ਪਾਸੋਂ ਮੰਗ ਲਵਾਂਗਾ, ਪਰ ਮੈਨੂੰ ਅਜੇ ਸਮਝ ਨਹੀਂ ਸੀ ਮੰਗਣਾ ਕਿਵੇਂ ਹੈ।” ਮੈਂ ਅੰਮ੍ਰਿਤਸਰੋਂ ਲੁਧਿਆਣਾ ਚਲਾ ਆਇਆ ਤੇ ਰਾਤ ਸ੍ਰ: ਭਾਨ ਸਿੰਘ ਹੋਰਾਂ ਦੇ ਘਰ ਠਹਿਰਿਆ। ਉਨ੍ਹਾਂ ਨੂੰ ਮੈਂ ਮਾਸਟਰ ਜੀ ਤੋਂ ਪ੍ਰਾਪਤ ਹੋਈ ਮਾਯੂਸੀ ਦੀ ਗੱਲ ਦੱਸੀ। ਉਨ੍ਹਾਂ ਸਲਾਹ ਦਿੱਤੀ, “ਕੱਲ੍ਹ ਸਵੇਰੇ ਐਤਵਾਰ ਹੈ ਸਿੰਘ ਸਭਾ ਦੇ ਗੁਰਦੁਆਰੇ ਦੀਵਾਨ ਸਜਦਾ ਹੈ।ਉੱਥੇ ਚੱਲ ਕੇ ਸੰਗਤ ਪਾਸ ਅਪੀਲ ਕਰ ਵੇਖਦੇ ਹਾਂ।” ਸੋ ਅਗਲੇ ਦਿਨ ਤੜਕੇ ਹੀ ਅਸੀਂ ਸਿੰਘ ਸਭਾ ਦੇ ਗੁਰਦੁਆਰੇ ਪਹੁੰਚ ਗਏ। ਭਾਈ ਸਮੁੰਦ ਸਿੰਘ ਜੀ ਦਾ ਪ੍ਰਸਿੱਧ ਜਥਾ ਕੀਰਤਨ ਕਰ ਰਿਹਾ ਸੀ।

ਭੋਗ ਪਿਆ ਤਾਂ ਮੈਂ ਸਕੱਤਰ ਸਾਹਿਬ ਪਾਸੋਂ ਸਿੱਖ ਵਿਦਿਆਰਥੀਆਂ ਦੇ ਕੈਂਪ ਲਈ ਮਾਇਕ ਸਹਾਇਤਾ ਦੀ ਸੰਗਤ ਪਾਸ ਅਪੀਲ ਕਰਨ ਦੀ ਆਗਿਆ ਮੰਗੀ। ਉਨ੍ਹਾਂ ਨੇ ਆਗਿਆ ਦੇ ਦਿੱਤੀ।

ਮੈਂ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ, “ਇਹ ਫ਼ਰਜ਼ ਤਾਂ ਮਾਪਿਆਂ ਦਾ ਸੀ ਕਿ ਆਪਣੇ ਬੱਚਿਆਂ ਨੂੰ ਆਪਣੇ ਧਰਮ ਨਾਲ ਜਾਣੂ ਕਰਾਉਂਦੇ, ਪਰ ਇਉਂ ਹੋਇਆ ਨਹੀਂ। ਇਸ ਲਈ ਬੱਚਿਆਂ ਨੇ ਇੱਕ-ਦੂਜੇ ਨੂੰ ਆਪਣੇ ਧਰਮ ਨਾਲ ਜਾਣੂ ਕਰਾਉਣ ਲਈ ਇੱਕ ਟ੍ਰੇਨਿੰਗ ਕੈਂਪ ਲਗਾਉਣ ਦਾ ਸੰਕਲਪ ਕੀਤਾ ਹੈ।ਆਪ ਪਾਸ ਇਸ ਕਾਰਜ ਲਈ ਮਾਇਕ ਸਹਾਇਤਾ ਲਈ ਬੇਨਤੀ ਹੈ।

ਉਸ ਵੇਲੇ ਭਾਈ ਸਮੁੰਦ ਸਿੰਘ ਹੋਰਾਂ ਨੂੰ ਇਕਵੰਜਾ ਰੁਪਏ ਕੀਰਤਨ ਭੇਟਾ ਵਜੋਂ ਸਿੰਘ ਸਭਾ ਵੱਲੋਂ ਪ੍ਰਾਪਤ ਹੋਏ ਸਨ। ਉਨ੍ਹਾਂ ਆਪਣੀ ਜੇਬ ਵਿੱਚੋਂ ਪੰਜਾਹ ਰੁਪਏ ਹੋਰ ਕੱਢੇ ਤੇ ਇਕ ਸੌ ਰੁਪਏ ਮੈਨੂੰ ਫੜਾਉਂਦਿਆਂ ਕਿਹਾ, “ਇਹ ਭੇਟਾ ਸਾਡੇ ਵੱਲੋਂ ਕਬੂਲ ਕਰੋ ਤੇ ਜਿਤਨੇ ਦਿਨ ਤੁਹਾਡਾ ਕੈਂਪ ਲੱਗੇਗਾ, ਦੋਏਂ ਵੇਲੇ ਦੀ ਸ਼ਬਦ ਚੌਂਕੀ ਦੀ ਸੇਵਾ ਸਾਡਾ ਜੱਥਾ ਕਰੇਗਾ।” ਉਨ੍ਹਾਂ ਦਾ ਇਹ ਕਹਿਣਾ ਸੀ, ਕਿ ਸੰਗਤਾਂ ਨੇ ਮਾਇਆ ਦਾ ਢੇਰ ਲਾ ਦਿੱਤਾ।

 

ਡਾ. ਜਸਵੰਤ ਸਿੰਘ ਨੇਕੀ