ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੀ ਦੂਜੀ ਗੁਰੂ ਸ਼ਖ਼ਸੀਅਤ ਹਨ। ਪ੍ਰਿੰ. ਸਤਿਬੀਰ ਸਿੰਘ ਅਨੁਸਾਰ ਗੁਰੂ ਅੰਗਦ ਸਾਹਿਬ ਜੀ ਦੀ ਸ਼ਖ਼ਸੀਅਤ ਲਈ ਜੇ ਕੇਵਲ ਦੋ ਹੀ ਸ਼ਬਦ ਵਰਤਣੇ ਹੋਣ ਦਾ ‘ਕੁਦਰਤੀ ਨੂਰ’ ਦੇ ਲਫ਼ਜ਼ ਠੀਕ ਢੁਕਣਗੇ। ਸ੍ਰੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਿੱਖੀ ਬੂਟੇ ਦੀ ਸਾਂਭ-ਸੰਭਾਲ ਕਰਨੀ ਕੋਈ ਸੌਖਾ ਕਾਰਜ ਨਹੀਂ ਸੀ।
ਸ੍ਰੀ ਗੁਰੂ ਅੰਗਦ ਸਾਹਿਬ ਦਾ ਪ੍ਰਕਾਸ਼ ਬਾਬਾ ਫੇਰੂ ਮੱਲ ਜੀ ਦੇ ਘਰ ਤੇ ਮਾਤਾ ਦਇਆ ਕੌਰ ਜੀ ਦੀ ਕੁਖੋਂ ਮੱਤੇ ਦੀ ਸਰਾਂ ਵਿਖੇ ਮਾਰਚ 31, 1504 ਈ. ਨੂੰ ਅੰਮ੍ਰਿਤ ਵੇਲੇ ਹੋਇਆ। ਇਨ੍ਹਾਂ ਦਾ ਬਚਪਨ ਦਾ ਨਾਮ ਭਾਈ ਲਹਿਣਾ ਸੀ। ਇਸ ਬਾਰੇ ‘ਗੁਰ ਪ੍ਰਣਾਲੀ’ ਕ੍ਰਿਤ ਕਵੀ ਗੁਲਾਬ ਸਿੰਘ ਵਿਚ ਇਸ ਤਰ੍ਹਾਂ ਲਿਖਿਆ ਹੈ—‘ਮਾਲਵੇ ਮੈਂ ਮਤੇ ਕੀ ਸਰਾਇ, ਹਰੀ ਕੇ ਗਿਰਾਉ, ਤੇਹਣ ਕੀ ਕੁਲ ਬਿਖੈ। ਇਹ ਵੀ ਸੂਰਜਬੰਸੀ ਲਛਮਣ ਦੀ ਸੰਤਾਨ ਮਧਯ ਤੇ ਹੀ ਨਿਕਸੈ ਹੈ।’ ਭਾਈ ਫੇਰੂ ਮੱਲ ਦੇ ਦਾਦਕੇ ਪਿੰਡ ਮੰਗੋਵਾਲ ਦੇ ਸਨ ਜੋ ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਦਾ ਇਕ ਵੱਡਾ ਪਿੰਡ ਸੀ ਤੇ ਗੁਜਰਾਤ ਤੋਂ 22 ਮੀਲ ਦੀ ਦੂਰੀ ‘ਤੇ ਸੀ। ਮੰਗੋਵਾਲ ਤੇਹਣ ਖੱਤਰੀਆਂ ਦੇ ਬਹੁਤ ਘਰ ਸਨ। ਮੰਗੋਵਾਲ ਹੀ ਬਾਬਾ ਫੇਰੂ ਮੱਲ ਜੀ ਦੇ ਪਿਤਾ ਜੀ ਬਾਬਾ ਗੇਹਨੂੰ ਮੱਲ ਤੇ ਦਾਦਾ ਸੂਰਜ ਮੱਲ ਜੀ ਰਹਿੰਦੇ ਸਨ। ਗੇਹਨੂੰ ਮੱਲ ਜੀ ਦੇ ਚਾਰ ਲੜਕੇ ਭਾਈ ਰਾਜਾਨੀ, ਗੁਰਯਾ ਮੱਲ, ਫੇਰੂ ਮੱਲ ਤੇ ਅਰਥੀ ਮੱਲ ਸਨ। ਪੰਜਾਬ ਦਾ ਵਪਾਰ ਇਨ੍ਹਾਂ ਦੇ ਹੱਥ ਹੁੰਦਾ ਸੀ ਤੇ ਦੀਵਾਨੀ ਕੰਮਾਂ ਵਿਚ ਵੀ ਪੂਰੀ ਜਾਣਕਾਰੀ ਰੱਖਦੇ ਸਨ।
ਭਾਈ ਫੇਰੂ ਮੱਲ ਜੀ ਦੇ ਨਾਨਕੇ ਮੱਤੇ ਦੀ ਸਰਾਂ ਦੇ ਸਨ। ਇਹ ਪਿੰਡ, ਮੁਕਤਸਰ ਤੋਂ 9 ਕੁ ਮੀਲ ਉੱਤਰ-ਪੂਰਬ ਵੱਲ ਮੌਜੂਦਾ ਜ਼ਿਲ੍ਹਾ ਮੁਕਤਸਰ ਵਿਚ ਸੀ। ਬਾਬਰ ਦੇ ਹਮਲੇ ਸਮੇਂ ਹਮਲਾਵਰਾਂ ਨੇ ਇਸ ਸਥਾਨ ਨੂੰ ਢਹਿ-ਢੇਰੀ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਇਕ ਨਾਂਗੇ ਸਾਧੂ ਨੇ ਇਸ ਨੂੰ ਮੁੜ ਆਬਾਦ ਕੀਤਾ ਤੇ ਇਹ ਸਰਾਏ ਨਾਂਗਾਂ ਵਜੋਂ ਪ੍ਰਸਿੱਧ ਹੋ ਗਿਆ। ਭਾਈ ਫੇਰੂ ਮੱਲ ਜੀ ਨੂੰ ਨਾਨਕੇ ਮੱਤੇ ਦੀ ਸਰਾਂ ਲੈ ਆਏ ਤੇ ਪੜ੍ਹਾਈ-ਲਿਖਾਈ ਵੀ ਉਥੇ ਹੀ ਕਰਵਾਈ। ਪਹਿਲੀ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਮੱਤੇ ਕੀ ਸਰਾਂ ਵਿਖੇ ਚਰਨ ਪਾਏ ਤੇ ਉਥੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਵੀ ਸਸ਼ੋਭਿਤ ਹੈ।
ਬਾਬਾ ਫੇਰੂ ਜੀ ਹਿਸਾਬ-ਕਿਤਾਬ ਵਿਚ ਵੀ ਬਹੁਤ ਨਿਪੁੰਨ ਸਨ ਤੇ ਫ਼ਾਰਸੀ ਦਾ ਗਿਆਨ ਵੀ ਰੱਖਦੇ ਸਨ। ਭਾਈ ਫੇਰੂ ਜੀ ਵਪਾਰ ਵੀ ਕਰਦੇ ਤੇ ਸ਼ਾਹੂਕਾਰਾ ਵੀ। ਦਾਨ-ਪੁੰਨ ਦਾ ਸੁਭਾਅ ਹੋਣ ਕਰਕੇ ਸਾਧਾਂ-ਸੰਤਾਂ ਦੀ ਵੀ ਬਹੁਤ ਸੇਵਾ ਕਰਦੇ ਸਨ । ਪਰ ਅਚਾਨਕ ਵਪਾਰ ਵਿਚ ਬਹੁਤ ਘਾਟਾ
ਪੈਣ ਕਰਕੇ ਤਖਤ ਮੱਲ ਜੋ ਫ਼ਿਰੋਜ਼ਪੁਰ ਦੇ ਹਾਕਮ ਦਾ ਖ਼ਜ਼ਾਨਚੀ ਸੀ, ਉਸ ਕੋਲ ਨੌਕਰੀ ਕਰ ਲਈ। ਤਖਤ ਮੱਲ ਕੋਲ ਸੱਠਾਂ ਸੱਤਰਾਂ ਪਿੰਡਾਂ ਦੀ ਜਗੀਰ ਸੀ, ਉਹ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰਦੇ ਸਨ। ਕਦੀ ਵੀ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਦਿੰਦੇ। ਸਾਰੇ ਹੀ ਉਨ੍ਹਾਂ ਦੇ ਕੰਮ ‘ਤੇ ਖ਼ੁਸ਼ ਸਨ।
ਤਖਤ ਮੱਲ ਦੇ ਸੱਤ ਪੁੱਤਰ ਸਨ ਤੇ ਇਕ ਧੀ ਸੀ। ਸੱਤਾਂ ਭਰਾਵਾਂ ਦੀ ਇਕ ਭੈਣ ਹੋਣ ਕਰਕੇ ਉਸ ਦਾ ਨਾਮ ਸਤ ਭਰਾਈ ਸੀ। ਜੋ ਬੋਲ-ਚਾਲ ‘ਚ ਵਿਰਾਈ ਹੋ ਗਿਆ। ਵਿਰਾਈ ਫੇਰੂ ਮੱਲ ਦੀ ਮੂੰਹ ਬੋਲੀ ਭੈਣ ਬਣ ਗਈ ਜੋ ਸੁਭਾਅ ਦੀ ਚੰਗੀ, ਮਿੱਠ ਬੋਲੜੀ ਤੇ ਸ਼ਰਮ ਦੀ ਮੂਰਤ ਸੀ।
ਬਾਬਾ ਤਖਤ ਮੱਲ ਨੇ ਬਾਬਾ ਫੇਰੂ ਜੀ ‘ਤੇ ਇਕ ਵਾਰ ਹਿਸਾਬ-ਕਿਤਾਬ ਵਿਚ ਹੇਰਾਫੇਰੀ ਦਾ ਦੋਸ਼ ਲਗਾ ਦਿੱਤਾ। ਤਖਤ ਮੱਲ ਨੇ ਬਾਬਾ ਫੇਰੂ ਨੂੰ ਕੈਦ ਕਰ ਲਿਆ। ਜਦੋਂ ਇਸ ਗੱਲ ਦਾ ਵਿਰਾਈ ਨੂੰ ਪਤਾ ਲੱਗਾ ਤਾਂ ਉਸ ਨੇ ਪਿਤਾ ਨੂੰ ਮੁੜ ਹਿਸਾਬ-ਕਿਤਾਬ ਕਰਨ ਲਈ ਕਿਹਾ ਜਦੋਂ ਦੁਬਾਰਾ ਹਿਸਾਬ-ਕਿਤਾਬ ਕੀਤਾ ਗਿਆ ਤਾਂ ਗਲਤੀ ਪਕੜੀ ਗਈ। ਫਿਰ ਇਥੋਂ ਕਾਰੋਬਾਰ ਛੱਡ ਹਰੀਕੇ ਆ ਗਏ ਤੇ ਇਥੇ ਹੀ ਦੁਕਾਨ ਪਾ ਕੇ ਬੈਠ ਗਏ।
ਬਾਬਾ ਫੇਰੂ ਮੱਲ ਜੀ ਆਪ ਚੰਗੇ ਪੜ੍ਹੇ-ਲਿਖੇ ਹੋਣ ਕਰਕੇ ਵਿਦਿਆ ਦੇ ਮਾਹਿਰ ਹੋਣ ਕਰਕੇ ਭਾਈ ਲਹਿਣਾ ਜੀ ਦੀ ਪੜ੍ਹਾਈ ਦਾ ਵੀ ਉਚਿਤ ਪ੍ਰਬੰਧ ਕੀਤਾ। ਇਹ ਆਪਣੇ ਮਾਤਾ-ਪਿਤਾ ਦੇ ਲਾਡਲੇ ਪੁੱਤਰ ਸਨ। ਗੁਰਬਾਣੀ ਵਿਚ ਭੱਟਾਂ ਨੇ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਪਮਾ ਇਸ ਤਰ੍ਹਾਂ ਕੀਤੀ ਹੈ ਕਿ ਫੇਰੂ ਦਾ ਸ਼ੀਂਹ ਵਰਗਾ ਪੁੱਤਰ ਭਾਈ ਲਹਿਣਾ, ਜਗਤ ਗੁਰੂ ਅੰਗਦ ਹੋ ਕੇ ਰਾਜ ਜੋਗ ਮਾਣਦਾ ਹੈ:
ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ॥
ਧਰਮ ਕਰਮ ਵਿਚ ਵੀ ਭਾਈ ਲਹਿਣਾ ਜੀ ਸਭ ਤੋਂ ਅੱਗੇ ਹੋ ਕੇ ਹਿੱਸਾ ਲੈਂਦੇ। ਗਿਆਨੀ ਗਿਆਨ ਸਿੰਘ ਦਾ ਕਹਿਣਾ ਹੈ ਕਿ ਇਮਾਨਦਾਰੀ ਕਰਕੇ ਭਾਈ ਫੇਰੂ ਜੀ ਦਾ ਵਪਾਰ ਬਹੁਤ ਵਧ ਗਿਆ। ਇਹ ਬਰਕਤਾਂ ਭਾਈ ਲਹਿਣਾ ਜੀ ਦੀਆਂ ਹੀ ਸਨ:
“ਅਲਪ ਕਾਲ ਮੈ ਬਹੁਤ ਬਯਾਪਾਰੁ”
ਭਾਈ ਲਹਿਣਾ ਜੀ ਉਸ ਵੇਲੇ 20 ਕੁ ਸਾਲ ਦੇ ਨੌਜਵਾਨ ਸਨ, ਜਦੋਂ ਉਨ੍ਹਾਂ ਨੇ ਆਪਣੇ ਪਿਤਾ ਨਾਲ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਮਿੱਠਬੋਲੜੇ ਤੇ ਸੱਚੇ ਵਪਾਰੀ ਰੁਚੀਆਂ ਦੇ ਹੋਣ ਕਾਰਨ ਇਨ੍ਹਾਂ ਦਾ ਵਪਾਰ ਚੰਗਾ ਤੁਰ ਪਿਆ।
ਮਾਈ ਵਿਰਾਈ ਜੀ ਨਾਲ ਲਹਿਣਾ ਜੀ ਦਾ ਬੜਾ ਪਿਆਰ ਸਨੇਹ ਸੀ। ਮਾਈ ਵਿਰਾਈ ਜੀ ਨੇ ਸੰਘਰ ਦੇ ਸ਼ਾਹੂਕਾਰ ਦੇਵੀ ਚੰਦ ਮਰਵਾਹ ਖੱਤਰੀ ਦੀ ਪੁੱਤਰੀ ਬੀਬੀ ਖੀਵੀ ਜੀ ਨਾਲ ਆਪ ਦਾ ਰਿਸ਼ਤਾ ਕਰਵਾ ਦਿੱਤਾ। ਬੀਬੀ ਖੀਵੀ ਜੀ ਦਾ ਜਨਮ ਸੰਮਤ 1560 (1503 ਈ.) ਦੇ ਲਗਭਗ ਪਿੰਡ ਸੰਘਰ ਕੋਟ ਵਿਚ ਹੋਇਆ। ਭਾਈ ਦੇਵੀ ਚੰਦ ਜੀ ਵਪਾਰ ਤੇ ਦੁਕਾਨ ਦਾ ਕੰਮ ਬੜੀ ਲਗਨ ਨਾਲ ਕਰਦੇ ਸਨ, ਓਧਰ ਬਾਬਾ ਫੇਰੂ ਜੀ ਵੀ ਵਪਾਰੀ ਸਨ । ਬਾਬਾ ਫੇਰੂ ਜੀ ਕਦੀ ਹਰੀਕੇ ਪੱਤਣ ਆ ਕੇ ਵਪਾਰ ਦਾ ਕੰਮ ਕਰਦੇ ਰਹੇ ਤੇ ਫਿਰ ਖਡੂਰ ਸਾਹਿਬ ਆ ਕੇ ਕਾਰੋਬਾਰ ਸ਼ੁਰੂ ਕੀਤਾ। ਭਾਈ
ਦੇਵੀ ਚੰਦ ਤੇ ਬਾਬਾ ਫੇਰੂ ਮੱਲ ਨੇ ਭਾਈ ਲਹਿਣਾ ਜੀ ਤੇ ਬੀਬੀ ਖੀਵੀ ਜੀ ਦੇ ਵਿਆਹ ਦੀ ਤਾਰੀਖ਼ 16 ਮਾਘ ਸੰਮਤ 1576 (1519 ਈ.) ਨਿਸ਼ਚਿਤ ਕੀਤੀ ਤੇ ਵਿਆਹ ਕਰ ਦਿੱਤਾ।
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ॥
ਉਪਰੋਕਤ ਮਹਾਂਵਾਕ ਅਨੁਸਾਰ ਭਾਈ ਲਹਿਣਾ ਜੀ ਵੀ ਆਪਣੇ ਪਿਤਾ ਵਾਂਗ ਕੱਟੜ ਦੇਵੀ
ਭਗਤ ਸਨ ਤੇ ਹਰ ਸਾਲ ਸੰਗ ਲੈ ਕੇ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਪਹਿਲਾਂ ਭਾਈ ਫੇਰੂ
ਜੀ ਜਥੇ ਦੇ ਆਗੂ ਹੁੰਦੇ ਸਨ। ਇਕ ਵਾਰੀ ਜਵਾਲਾ ਮੁਖੀ ਦੇ ਦਰਸ਼ਨ ਕਰਦਿਆਂ ਵਾਪਸੀ
ਮੁੜਦਿਆਂ ਭਾਈ ਫੇਰੂ ਜੀ ਦਾ ਸਰੀਰ ਢਿੱਲਾ ਪੈ ਗਿਆ ਤੇ ਸੰਨ 1526 (ਸੰਮਤ 1583) ਵਿਚ
ਸੰਘਰ ਵਿਖੇ ਹੀ ਚਲਾਣਾ ਕਰ ਗਏ। ਘਰ ਦੀ ਸਾਰੀ ਜ਼ਿੰਮੇਵਾਰੀ ਭਾਈ ਲਹਿਣਾ ‘ਤੇ ਆਣ ਪਈ।
ਬਾਬਾ ਫੇਰੂ ਜੀ ਦੇ ਚਲਾਣੇ ਮਗਰੋਂ ਉਹ ਜਥੇ ਦੇ ਆਗੂ ਬਣ ਕੇ ਦੇਵੀ ਦਰਸ਼ਨਾਂ ਨੂੰ ਜਾਣ ਲੱਗੇ। ਆਪ ਜਦੋਂ ਕੰਮ ਤੋਂ ਵਿਹਲੇ ਹੁੰਦੇ ਤਾਂ ਦੇਵੀ ਦੀਆਂ ਭੇਟਾਂ ਉੱਚੀ-ਉੱਚੀ ਗਾਉਂਦੇ। ਆਪ ਧਾਰਮਿਕ ਸਾਹਿਤ ਦੇ ਰਸੀਏ ਵੀ ਅਵੱਸ਼ ਸਨ। ਇਸ ਲਈ ਉੱਤਮ ਬਾਣੀ ਦੀ ਪਰਖ ਤੋਂ ਵੀ ਜਾਣੂ ਸਨ।
ਪਿਤਾ ਜੀ ਦੇ ਚਲਾਣੇ ਤੋਂ ਉਪਰੰਤ ਭਾਈ ਲਹਿਣਾ ਜੀ ਨੇ ਸੰਘਰ ਨੂੰ ਛੱਡ ਕੇ ਖਡੂਰ ਵਿਖੇ ਹੱਟੀ ਪਾ ਲਈ ਤੇ ਨਾਲ ਹੀ ਸ਼ਾਹੂਕਾਰਾ ਵੀ ਕਰਨ ਲੱਗ ਪਏ। ਇਨ੍ਹਾਂ ਦਿਨਾਂ ਵਿਚ ਵਪਾਰ ਚੰਗਾ ਹੋਣ ਕਰਕੇ ਤੇ ਇਲਾਕੇ ਵਿਚ ਚੰਗਾ ਰਸੂਖ ਹੋਣ ਕਰਕੇ ਆਪ ਦਾ ਤੇਜ ਪ੍ਰਤਾਪ ਵੱਧ ਗਿਆ। ਜਿਧਰ ਕਿਧਰੇ ਵੀ ਕੋਈ ਝਗੜਾ ਹੁੰਦਾ, ਆਪ ਹੀ ਫੈਸਲਾ ਕਰਵਾਉਂਦੇ। ਗਿਆਨੀ ਗਿਆਨ ਸਿੰਘ ਅਨੁਸਾਰ:
ਜੋ ਪਰੈ ਝਗਰਾ ਸਾਕਤੋ ਮੈ ਸਹੀ ਸੋਇ ਨਿਬੇਰ ਹੈ।
ਇਸ ਸਮੇਂ ਦੌਰਾਨ ਹੀ ਆਪ ਜੀ ਦੇ ਘਰ ਦੋ ਪੁੱਤਰ ਬਾਬਾ ਦਾਸੂ ਜੀ ਜਿਨ੍ਹਾਂ ਦਾ ਜਨਮ ਸੰਮਤ 1581 (ਅਗਸਤ 1524 ਈ.) ਨੂੰ ਸੰਘਰ ਹੋਇਆ ਤੇ ਬਾਬਾ ਦਾਤੂ ਜੀ ਜਿਨ੍ਹਾਂ ਦਾ ਜਨਮ ਸੰਮਤ 1584 (ਸੰਨ 1527) ਨੂੰ ਖਡੂਰ ਸਾਹਿਬ ਵਿਖੇ ਹੋਇਆ ਤੇ ਦੋ ਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਸਨ।
ਆਪ ‘ਤੇ ਅਪਾਰ ਕਿਰਪਾ ਉਸ ਸਮੇਂ ਹੋਈ ਜਦੋਂ ਆਪ ਸੰਮਤ 1588-89 (1531-32 ਈ.) ਵਿਚ ਅੰਮ੍ਰਿਤ ਵੇਲੇ ਇਕ ਸਵੇਰ ਪਿੰਡ ਸੰਘਰ ਦੇ ਟੋਬੇ ਵਿਚ ਇਸ਼ਨਾਨ ਕਰ ਰਹੇ ਸਨ ਅਤੇ ਉਥੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਇਕ ਸਿੱਖ ਭਾਈ ਜੋਧ ਜੀ ਦੇ ਦਰਸ਼ਨ ਹੋਏ ਸਮਝੋ ਕਿ ਆਪ ਦੇ ਭਾਗ ਜਾਗ ਪਏ। ਸਿੱਖ ਇਤਿਹਾਸ ਵਿਚ ਜ਼ਿਕਰ ਹੈ ਕਿ ਭਾਈ ਜੋਧ ਜੀ ਉਸ ਦਿਨ ਆਸਾ ਦੀ ਵਾਰ ਦੀ 21ਵੀਂ ਪਉੜੀ
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹਾਲੀਐ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥
ਕਿਛੁ ਲਾਹੇ ਉਪਰਿ ਘਾਲੀਐ ॥
(ਅੰਗ ੪੭੪)
ਦਾ ਪਾਠ ਕਰਦੇ ਜਾ ਰਹੇ ਸਨ ਭਾਵ ਕਿ ਜਿਸ ਪਰਮਾਤਮਾ ਦੀ ਸੇਵਾ ਨਾਲ ਸਾਰੇ ਸੁਖ ਮਿਲਦੇ ਹਨ। ਉਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਜਦ ਇਹ ਪਤਾ ਹੈ ਕਿ ਆਪਣਾ ਕੀਤਾ ਪਾਉਣਾ ਹੈ। ਤਾਂ ਫਿਰ ਗ਼ਲਤ ਕੰਮ ਕਿਉਂ ਕੀਤੇ ਜਾਣ। ਜੀਵਨ ਉਸੇ ਦਾ ਚੰਗਾ ਹੈ ਜੋ ਮੰਦੇ ਕੰਮ ਨਹੀਂ ਕਰਦਾ। ਲੰਮੀ ਨਜ਼ਰ ਵਾਲਾ ਮਨੁੱਖ ਚੰਗੇ-ਮੰਦੇ ਦੀ ਵਿਚਾਰ ਨੂੰ ਜਾਣ ਜਾਂਦਾ ਹੈ ਤੇ ਮੰਦੇ ਕੰਮਾਂ ਵਿਚ ਨਹੀਂ ਪੈਂਦਾ । ਸਦਾ ਲਾਭ ਵਾਲਾ ਕੰਮ ਕਰਨਾ ਚਾਹੀਦਾ ਹੈ ਤੇ ਲਾਭ ਵਾਲਾ ਕੰਮ ਹੈ, ਪ੍ਰਭੂ ਨੂੰ ਯਾਦ ਰੱਖਣਾ।
ਇਸ ਇਲਾਹੀ ਬਾਣੀ ਨੇ ਭਾਈ ਲਹਿਣਾ ਜੀ ਦੀ ਸੋਚ ਨੂੰ ਅਜਿਹਾ ਬਦਲਿਆ ਕਿ ਉਹ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ ਉਤਾਵਲੇ ਹੋ ਗਏ ਤੇ ਭਾਈ ਜੋਧ ਜੀ ਅੱਗੇ ਸ੍ਰੀ ਗੁਰੂ ਨਾਨਕ ਸਾਹਿਬ ਕੋਲ ਜਾਣ ਲਈ ਜੋਦੜੀਆਂ ਕਰਨ ਲੱਗੇ। ਮਿਲਣ ਦੀ ਤਾਂਘ ਬਹੁਤ ਪ੍ਰਬਲ ਹੋ ਗਈ ਤੇ ਉਸ ਦਿਨ ਦੀ ਉਡੀਕ ਕਰਨ ਲੱਗ ਪਏ ਕਿ ਕਦੋਂ ਜੁਆਲਾ ਮੁਖੀ ਜਾਈਏ ਤੇ ਕਰਤਾਰਪੁਰ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ। ਜਦੋਂ ਰਾਵੀ ਪਾਰ ਕੀਤੀ ਤਾਂ ਸੰਗਤਾਂ ਨੂੰ ਕਿਹਾ ਕਿ ਤੁਸੀਂ ਰੁਕੋ, ਮੈਂ ਘੋੜੀ ‘ਤੇ ਜਾ ਕੇ ਦਰਸ਼ਨ ਕਰਕੇ ਆ ਰਿਹਾ ਹਾਂ? ‘ਮਹਿਮਾ ਪ੍ਰਕਾਸ਼’ ਅਨੁਸਾਰ ਰਸਤੇ ਵਿਚ ਹੀ ਮੇਲ ਹੋ ਗਿਆ। ਘੋੜੀ ਰੋਕ ਕੇ ਭਾਈ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ
ਸਾਹਿਬ ਦੇ ਘਰ ਦਾ ਰਾਹ, ਬਾਬੇ ਨਾਨਕ ਤੋਂ ਹੀ ਪੁੱਛਿਆ ਕਿਹਾ:
ਤਪੇ ਕੇ ਦਰਸ਼ਨ ਕੋ ਜਾਣਾ ਹੈ, ਕਿਹੜੇ ਰਾਹ ਜਾਈਏ?
ਗੁਰੂ ਸਾਹਿਬ ਨੇ ਕਿਹਾ-ਪੁਰਖਾ! ਮੇਰੇ ਪਿੱਛੇ ਘੋੜੀ ਲਈ ਆਉ। ਮੈਂ ਤੈਨੂੰ ਬਾਬੇ ਦੇ ਘਰ ਲੈ ਚਲਦਾ ਹਾਂ। ਜਦੋਂ ਧਰਮਸ਼ਾਲ ਪਹੁੰਚੇ ਤਾਂ ਲਹਿਣਾ ਨੂੰ ਕਿਹਾ ਕਿ ਘੋੜੀ ਬੰਨ੍ਹ ਕੇ ਅੰਦਰ ਆ ਜਾਉ। ਅੰਦਰ ਕੀਰਤਨ ਹੋ ਰਿਹਾ ਸੀ, ਗੁਰੂ ਚਰਨਾਂ ਵਿਚ ਸੀਸ ਨਿਵਾਇਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੱਥੇ ‘ਤੇ ਹੱਥ ਰੱਖ ਕੇ ਅਸੀਸ ਦਿੱਤੀ। ਭੱਟ ਕਲ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੱਥੇ ‘ਤੇ ਹੱਥ ਰੱਖਿਆ ਤਾਂ ਹਿਰਦੇ ਵਿਚ ਨਾਮ ਦੀ
ਛਹਿਬਰ ਲੱਗ ਗਈ:
ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ॥
ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ॥
(ਅੰਗ ੧੩੯੧)
ਜਦੋਂ ਸਿਰ ਚੁਕਿਆ ਤਾਂ ਸਾਹਮਣੇ ਉਹੀ ਮਹਾਂਪੁਰਸ਼ ਸਨ ਜੋ ਘੋੜੀ ਦੀ ਲਗਾਮ ਪਕੜ ਕੇ ਲਿਆਏ ਸਨ ਤਾਂ ਬੜੀ ਸ਼ਰਮਿੰਦਗੀ ਮਹਿਸੂਸ ਕੀਤੀ । ਜਦੋਂ ਗੁਰੂ ਨਾਨਕ ਸਾਹਿਬ ਨੇ ਨਾਂ ਪੁੱਛਿਆ ਤਾਂ ਉੱਤਰ ਮਿਲਿਆ ‘ਲਹਿਣਾ’ ਤਾਂ ਗੁਰੂ ਜੀ ਹੱਸ ਪਏ ਤੇ ਕਹਿਣ ਲੱਗੇ ‘ਵਾਹ ਵਾਹ ਪੁਰਖਾ! ਵਾਹ ਵਾਹ ਵਾਹ, ਕਰਤਾਰ ਨੇ ਤੈਨੂੰ ਬਖ਼ਸ਼ਿਆ ਹੈ, ਡਰ ਨਾ। ਤੂੰ ਲਹਿਣਾ ਹੈ ਤੇ ਅਸੀਂ ਦੇਣਾ ਹੈ, ਚੰਗਾ ਹੈ ਜੇ ਆਪਣਾ ਲੈਣਾ ਆਪ ਹੀ ਲੈਣ ਆ ਗਿਆ ਹੈਂ, ਲਹਿਣੇਦਾਰ ਸਦਾ ਆਪਣੇ ਦੇਣਦਾਰਾਂ ਦੇ ਘਰੀਂ ਘੋੜੀ ‘ਤੇ ਚੜ੍ਹ ਕੇ ਹੀ ਆਉਂਦੇ ਹਨ, ਤੂੰ ਕੋਈ ਅਨੋਖੀ ਗੱਲ ਨਹੀਂ ਕੀਤੀ।’
ਭਾਈ ਲਹਿਣਾ ਜੀ ਦਾ ਮਨ ਕੀਰਤਨ ਸੁਣ ਕੇ ਉਥੇ ਹੀ ਟਿਕ ਗਿਆ। ਸੰਗਤਾਂ ਨੇ ਗੁੱਸਾ ਮਨਾਇਆ। ਸਰਾਪਾਂ ਦੇ ਡਰ ਦਿੱਤੇ ਪਰ ਆਪ ਨੇ ਕਿਹਾ ਹੁਣ ਮੈਨੂੰ ਮੇਰੀ ਮੰਜ਼ਿਲ ਮਿਲ ਗਈ ਹੈ ਤੇ ਭਟਕਣਾ ਖ਼ਤਮ ਹੋ ਗਈ ਹੈ।
ਭਾਈ ਲਹਿਣਾ ਦੀ ਆਉ-ਭਗਤੀ ਤੇ ਰੋਜ਼ ਵਧਦਾ ਪਿਆਰ ਦੇਖ ਕੇ ਗੁਰੂ ਸਾਹਿਬ ਨੇ ਕਿਹਾ ਕਿ ਇਕ ਵਾਰ ਘਰ ਜਾ ਕੇ ਆਪਣਾ ਕਾਰ-ਵਿਹਾਰ ਨਿਬੇੜ ਆਉ। ਇਹ ਸੁਣ ਕੇ ਭਾਈ ਲਹਿਣਾ ਜੀ ਖਡੂਰ ਸਾਹਿਬ ਆ ਗਏ ਤੇ ਸਾਰੀ ਗੱਲਬਾਤ ਧਰਮ ਪਤਨੀ ਨੂੰ ਸੁਣਾਈ ਤੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਲੋਕ-ਪ੍ਰਲੋਕ ਦੇ ਦਾਤਾ ਹਨ, ਉਨ੍ਹਾਂ ਦੇ ਦਰਸ਼ਨ ਨਾਲ ਮੈਂ ਆਤਮਕ ਪਲਟਾ ਖਾਧਾ ਹੈ ਤੇ ਮੈਂ ਹੁਣ ਫੈਸਲਾ ਕਰ ਲਿਆ ਹੈ ਕਿ ਹੁਣ ਉਥੇ ਹੀ ਰਹਾਂਗਾ।
ਮਾਤਾ ਖੀਵੀ ਜੀ ਬਹੁਤ ਨੇਕ ਇਸਤਰੀ ਸਨ ਤੇ ਭਾਈ ਲਹਿਣਾ ਜੀ ਦੀ ਹਰੇਕ ਗੱਲ ਖਿੜੇ-ਮੱਥੇ ਪ੍ਰਵਾਨ ਕੀਤੀ ਤੇ ਆਪ ਵੀ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ । ਘਰ ਆ ਕੇ ਕੰਮ-ਕਾਜ ਦੇਖਿਆ। ਵੱਡੇ ਪੁੱਤਰ ਬਾਬਾ ਦਾਸੂ ਜੀ ਨੂੰ ਹੱਟੀ ‘ਤੇ ਬਿਠਾ ਦਿੱਤਾ ਤੇ ਭਰੋਸੇ ਵਾਲਿਆਂ ਨੌਕਰਾਂ ਨੂੰ ਸ਼ਾਹੂਕਾਰੇ ਦੀ ਸੌਂਪਣੀ ਕੀਤੀ। ਭਣੇਵੇਂ ਨੂੰ ਲੈਣ-ਦੇਣ ਦੱਸ ਦਿੱਤਾ ਤੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਜੋ ਕੁਝ ਹੱਟੀ ਵਿਚੋਂ ਮੁਨਾਫ਼ਾ ਮਿਲੇ ਉਸ ਵਿਚੋਂ ਹੀ ਗੁਜ਼ਾਰਾ ਕਰਨਾ ਹੈ ਤੇ ਆਪ ਵੀ ਪਹਿਲਾਂ ਆਪਣੇ ਗੁਜ਼ਾਰੇ ਲਈ ਮੁੰਜ ਵੱਟਣ ਦਾ ਕੰਮ ਕਰਦੇ ਸਨ। ਦੂਜੇ ਪਾਸੇ ਖਾਣਾ ਘਰੋਂ ਬਣਾ ਕੇ ਮਾਤਾ ਖੀਵੀ ਜੀ ਭੇਜਦੇ। ਭੇਟਾ ਨੂੰ ਨਿੱਜ ਦੀ ਵਰਤੋਂ ਲਈ ਨਹੀਂ ਵਰਤਦੇ ਸਨ। ਉਹ ਕਹਿੰਦੇ ਸਨ ਕਿ ‘ਤੁਮ ਆਪਣੀ ਮੁਆਸ (ਗੁਜ਼ਾਰਾ) ਦੁਕਾਨਦਾਰੀ ਜਾਂ ਕਾਸ਼ਤਕਾਰੀ ਸੇ ਹਾਸਿਲ ਕਰੋ। ਯਹਿ ਪੂਜਾ ਦਾ ਮਾਲ ਤੁਮਾਰੇ ਲਈ ਜ਼ਹਿਰ ਹੈ।’
ਗੁਰੂ ਨਾਨਕ ਸਾਹਿਬ ਨੇ ਗ੍ਰਿਹਸਤ ਜੀਵਨ ਨੂੰ ਮਹਾਨਤਾ ਦਿੱਤੀ ਹੈ। ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ, ‘ਸਕਲ ਧਰਮ ਮੇ ਗ੍ਰਿਹਸਥ ਪ੍ਰਧਾਨ ਹੈ’ (ਕਬਿੱਤ 376)। ਗੁਰੂ ਨਾਨਕ ਮਾਰਗ ‘ਤੇ ਚੱਲਦਿਆਂ ਗੁਰੂ ਅੰਗਦ ਸਾਹਿਬ ਨੇ ਵੀ ਆਤਮਿਕ ਉੱਨਤੀ ਦੇ ਨਾਲ ਗ੍ਰਿਹਸਤੀ ਜੀਵਨ ਵੱਲ ਵੀ ਪੂਰਾ ਧਿਆਨ ਦਿੱਤਾ। ਇਧਰ ਬੀਬੀ ਅਮਰੋ ਜੀ ਵੀ ਸਿਆਣੀ ਉਮਰ ਦੇ ਹੋ ਗਏ ਸਨ, ਰਿਸ਼ਤੇ ਆਉਣ ਲੱਗ ਪਏ। ਆਪ ਨੇ ਬੀਬੀ ਅਮਰੋ ਜੀ ਦੀ ਕੁੜਮਾਈ ਬਾਸਰਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਸਭ ਤੋਂ ਛੋਟੇ ਭਰਾ ਭਾਈ ਮਾਣਕ ਚੰਦ ਦੇ ਪੁੱਤਰ ਬਾਬਾ ਜਸੂ ਨਾਲ ਕਰ ਦਿੱਤੀ । ਬਾਬਾ ਜਸੂ ਦੇ ਦਾਦਾ ਤੇਜ ਭਾਨ ਵੀ ਉੱਘੇ ਵਪਾਰੀ ਸਨ। ਬੀਬੀ ਅਮਰੋ ਨੂੰ ਵੀ ਬਹੁਤ ਬਾਣੀ ਕੰਠ ਸੀ, ਜਦੋਂ ਭਾਈ ਲਹਿਣਾ ਜੀ ਕਰਤਾਰਪੁਰ ਤੋਂ ਘਰ ਟਿਕਦੇ ਤਾਂ ਬੱਚੀਆਂ ਨੂੰ ਬਾਣੀ ਕੰਠ ਕਰਾਉਂਦੇ। ਇਸੇ ਬੀਬੀ ਅਮਰੋ ਜੀ ਤੋਂ ਬਾਣੀ ਸੁਣ ਕੇ ਬਾਬਾ ਅਮਰਦਾਸ ਜੀ ਗੁਰੂ ਚਰਨਾਂ ਦੇ ਭੌਰੇ ਬਣੇ ਸਨ।
ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਕੋਲ ਸੰਨ 1539 ਤਕ ਲਗਭਗ 7 ਸਾਲ ਤਕ ਰਹੇ। ਇਨ੍ਹਾਂ ਸੱਤਾਂ ਸਾਲਾਂ ਵਿਚ ਉਨ੍ਹਾਂ ਨੇ ਕਠਿਨ ਪ੍ਰੀਖਿਆਵਾਂ ਪਾਸ ਕੀਤੀਆਂ। ਆਪ ਅਡੋਲ ਰਹੇ ਤੇ ਹਰੇਕ ਪ੍ਰੀਖਿਆ ਵਿਚ ਪਾਸ ਹੁੰਦੇ ਰਹੇ।
ਇਸ ਤਰ੍ਹਾਂ ਗੁਰੂ ਜੀ ਦੀ ਸੇਵਾ ਕਮਾਉਂਦਿਆਂ ਤੇ ਗੁਰੂ ਜੀ ਦੇ ਪਾਏ ਗੁਰਸਿੱਖ ਜੀਵਨ ਦੇ ਪੂਰਨੇ ‘ਤੇ ਤੁਰਦਿਆਂ ਤਿੰਨ ਸਾਲ ਲੰਘ ਗਏ। ਇਨ੍ਹਾਂ ਨੂੰ ਨੇੜੇ ਹੁੰਦਾ ਦੇਖ ਕੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਸ੍ਰੀ ਲਖਮੀ ਦਾਸ ਜੀ ਈਰਖਾ ਕਰਨ ਲੱਗ ਪਏ। ਇਸ ਲਈ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਭੇਜ ਦਿੱਤਾ। ਇਹ ਨਗਰ ਖਹਿਰਿਆਂ ਦੇ ਖਡੂਰ ਨਾਲ ਮਸ਼ਹੂਰ ਸੀ, ਪਰ ਗੁਰੂ ਜੀ ਕਰਕੇ ਖਡੂਰ ਸਾਹਿਬ ਕਰਕੇ ਪ੍ਰਸਿੱਧ ਹੋ ਗਿਆ, ਭਾਈ ਗੁਰਦਾਸ ਜੀ ਅਨੁਸਾਰ:
ਦਿਤਾ ਛੋੜਿ ਕਰਤਾਰਪੁਰੁ ਬੈਠਿ ਖਡੂਰੇ ਜੋਤਿ ਜਗਾਈ।
(ਵਾਰ ੧/੪੬)
ਮਾਤਾ ਖੀਵੀ ਜੀ ਬੱਚਿਆਂ ਨੂੰ ਨਾਲ ਲੈ ਕੇ ਦਰਸ਼ਨਾਂ ਲਈ ਗਏ ਤੇ ਘਰ ਚੱਲਣ ਲਈ ਬੇਨਤੀ ਕੀਤੀ। ਗੁਰੂ ਜੀ ਘਰ ਆ ਗਏ, ਵੱਡੇ ਪੱਧਰ ‘ਤੇ ਲੰਗਰ ਦਾ ਪ੍ਰਬੰਧ ਹੋਣ ਲੱਗਾ। ਮਾਤਾ ਖੀਵੀ ਜੀ ਲੰਗਰ ਦਾ ਪ੍ਰਬੰਧ ਬੜੀ ਲਗਨ ਨਾਲ ਕਰਦੇ ਸਨ। ਜਿਨ੍ਹਾਂ ਦੇ ਬਾਰੇ ਭਾਈ ਸਤੇ ਬਲਵੰਡ ਜੀ ਰਚਿਤ ‘ਰਾਮਕਲੀ ਕੀ ਵਾਰ’ ਵਿਚ ਵੀ ਜ਼ਿਕਰ ਆਉਂਦਾ ਹੈ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥
ਇਸ ਤੋਂ ਸਿੱਧ ਹੁੰਦਾ ਹੈ ਕਿ ਮਾਤਾ ਖੀਵੀ ਜੀ ਲੰਗਰ ਵਿਚ ਖੀਰ ਬਣਾ ਕੇ ਘਿਉ ਪਾ ਕੇ ਵਰਤਾਇਆ ਕਰਦੇ ਸਨ। ਮਾਤਾ ਖੀਵੀ ਜੀ ਦਾ ਦੇਹਾਂਤ ਸੰਮਤ 1639 (ਸੰਨ 1582 ਈ.) ਵਿਚ ਹੋਇਆ।
ਭਾਈ ਵੀਰ ਸਿੰਘ ਜੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁਰਖਾਂ ਦੀ ਲੋੜ ਨਹੀਂ ਸੀ ਉਹ ਬਿਨਾਂ ਪਰਖੇ ਹੀ ਜਾਣ ਗਏ ਸਨ, ਪਰ ਸੰਗਤ ਨੂੰ ਵਿਦਿਤ ਕਰਨਾ ਚਾਹੁੰਦੇ ਸਨ। ਭਾਈ ਲਹਿਣਾ ਜੀ ਸਭ ਤੋਂ ਉੱਚੇ ਸਨ, ਜਾਣੀ-ਜਾਣ ਪਿਤਾ ਤੋਂ ਕੀ ਭੁਲਿਆ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਰੇਕ ਪ੍ਰੀਖਿਆ ਵਿਚ ਭਾਈ ਲਹਿਣਾ ਜੀ ਖਰੇ ਉਤਰੇ:
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥
(ਅੰਗ ੯੬੭)
ਭਾਈ ਲਹਿਣਾ ਜੀ ਦੀ ਰਹਿਣੀ, ਭਗਤੀ, ਗੁਰਮੁਖਤਾ, ਆਗਿਆ ਪਾਲਣ ਵਿਚ ਤਤਪਰਤਾ ਦੇਖ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਉਹ ‘ਅੰਗਦ” ਹੋ ਗਿਆ ਹੈ। ਅਖੀਰ ਸੰਮਤ 1596 (1539 ਈ.) ਵਿਚ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪ ਕੇ ਮੱਥਾ ਟੇਕ ਕੇ ਅੰਗਦ ਬਣਾ ਕੇ ਵਡਿਆਈ ਦੇ ਪਾਤਰ ਬਣਾ ਦਿੱਤਾ। ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਗਾਇਆ। ਭਰੀ ਸੰਗਤ ਵਿਚ ਭਾਈ ਲਹਿਣਾ ਜੀ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਗੁਰੂਤਾ ਸੌਂਪੀ ਗਈ।
‘ਸੂਰਜ ਪ੍ਰਕਾਸ਼’ ਅਨੁਸਾਰ:
ਲਹਿਣੇ ਕੋ ਕਰੁਣਾ ਯੁਤ ਹੇਰਾ, ਲਿਯ ਪੰਚ ਪੈਸੇ ਇਕ ਨਹਿ ਯੇਰਾ। ਕੀਨ ਪ੍ਰਦੱਛਨ ਤੀਨ ਚੁਫੇਰੇ, ਕਰ ਤੇ ਧਰ ਕੇ ਭੇਟ ਅਗੇਰੇ ਹਥਿ ਜੋਰ ਕੇ ਸੀਸ ਨਿਵਾਯੋ, ਲਹਿਣਾ ਪਿਖਿ ਡਰਿਓ ਬਿਸਮਾਯੋ।
ਭਾਈ ਗੁਰਦਾਸ ਜੀ ਨੇ ਗੁਰਗੱਦੀ ਬਾਬਤ ਇਸ ਤਰ੍ਹਾਂ ਲਿਖਿਆ ਹੈ:
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ। ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ। ਲਖਿ ਨ ਕੋਈ ਸਕਈ ਆਚਰਜੇ ਆਚਰਜੁ ਦਿਖਾਇਆ। ਕਾਇਆ ਪਲਟਿ ਸਰੂਪੁ ਬਣਾਇਆ॥
(ਵਾਰ ੧/੪੫)
ਅਖੀਰ ਵਿਚ ਗੁਰੂ ਜੀ ਨੇ ਗੋਇੰਦਵਾਲ ਨਗਰ ਆਬਾਦ ਕਰਕੇ ਉਥੇ ਸਿੱਖੀ ਦਾ ਕੇਂਦਰ ਬਣਾਉਣ ਦੀ ਤਜਵੀਜ਼ ਕੀਤੀ। ਸ਼ਾਹੀ ਸੜਕ ਹੋਣ ਕਰਕੇ ਉਥੇ ਲੋਕਾਂ ਦੀ ਆਮ ਆਵਾਜਾਈ ਸੀ।
ਇਹ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੁੱਤਰਾਂ ਨੂੰ ਨਾ ਸੌਂਪ ਕੇ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ ਆਪ ਸੰਮਤ 1609 (29 ਮਾਰਚ 1552 ਈ.) ਨੂੰ ਖਡੂਰ ਸਾਹਿਬ ਵਿਖੇ 12 ਸਾਲ 9 ਮਹੀਨੇ 17 ਦਿਨ ਗੁਰੂ ਨਾਨਕ ਜੋਤਿ ਦੇ ਅਧਿਕਾਰੀ ਬਣ ਕੇ ਸਾਰੀ ਉਮਰ 47 ਸਾਲ 11 ਮਹੀਨੇ 21 ਦਿਨ ਭੋਗ ਕੇ ਜੋਤੀ ਜੋਤਿ ਸਮਾ ਗਏ। ਭਾਈ ਸੱਤੇ ਬਲਵੰਡ ਜੀ ਨੇ ਇਸ ਬਾਰੇ ਬਹੁਤ ਸੋਹਣਾ ਲਿਖਿਆ ਹੈ:
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥
(ਅੰਗ ੯੬੭)
-ਬਲਜੀਤ ਕੌਰ
