ਗੁਰਸਿੱਖੀ ਦੀ ਗੱਲ ਨਾਮ ਜਪਣ, ਸੁੱਚੀ ਕਿਰਤ ਕਰਨ, ਵੰਡ ਛਕਣ ਤੋਂ ਸ਼ੁਰੂ ਹੋ ਕੇ ਸਰਬੱਤ ਦੇ ਭਲੇ ਦੀ ਲੋਚਾ ‘ਤੇ ਜਾ ਕੇ ਦਮ ਲੈਂਦੀ ਹੈ। ਇਸ ਦੇ ਵਿਚਕਾਰ ਜੋ ਕੁਝ ਵੀ ਸਿੱਖੀ ਦੀ ਜ਼ਿੰਦਗੀ ਨੂੰ ਚੰਗੇਰਾ ਕਰਨ ਦੀ ਗੱਲ ਆਉਂਦੀ ਹੈ, ਸਿੱਖ ਨੇ ਉਸ ਨੂੰ ਸਿੱਖਣਾ ਹੈ, ਆਪਣੀ ਜ਼ਿੰਦਗੀ ਵਿਚ ਢਾਲਣਾ ਹੈ ਤੇ ਫਿਰ ਉਸ ‘ਤੇ ਪਹਿਰਾ ਦੇਣਾ ਹੈ। ਦਸ ਗੁਰੂ ਸਾਹਿਬਾਨ ਨੇ ਨਿਰੰਤਰ ਅਗਵਾਈ ਤੇ ਅਮਲੀ ਟ੍ਰੇਨਿੰਗ ਬਖਸ਼ ਕੇ ਉਸਨੂੰ ਦਿਆਲੂ, ਕਿਰਪਾਲੂ, ਮਿਹਰਵਾਨ, ਸਿਦਕਵਾਨ, ਨਿਆਂਪਸੰਦ, ਨਿਰਵੈਰ, ਨਿਰਛਲ, ਕਰਮੀ ਯੋਧਾ ਤੇ ਸੰਤ-ਸਿਪਾਹੀ ਬਣਾ ਦਿੱਤਾ ਹੈ। ਜੁੱਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਕੇ ਉਸ ਦੇ ਜੀਵਨ ਨੂੰ ਦੁਨਿਆਵੀ, ਮਾਨਵੀ, ਇਖਲਾਕੀ, ਸਦਾਚਾਰਕ ਤੇ ਅਧਿਆਤਮਕ ਗੁਣਾਂ ਤੇ ਕਦਰਾਂ-ਕੀਮਤਾਂ ਦਾ ਸੰਗੀ-ਸਾਥੀ ਬਣਾ ਦਿੱਤਾ ਹੈ।
ਸਿੱਖ ਦੇ ਜੀਵਨ ਵਿਚ ਬਨਾਵਟ ਦੀ ਗੁੰਜਾਇਸ਼ ਨਹੀਂ ਰਹਿਣ ਦਿੱਤੀ ਗਈ। ਉਹ ਕਥਨੀ ਤੇ ਕਰਨੀ ਦਾ ਸੂਰਾ ਹੈ, ਸੱਚ ਦਾ ਪਹਿਰੇਦਾਰ ਹੈ। ਨਿਮਾਣੇ ਦਾ ਮਾਣ ਹੈ, ਗਰੀਬ ਤੇ ਨਿਤਾਣੇ ਦਾ ਰੱਖਿਅਕ ਹੈ ਤੇ ਜ਼ੁਲਮ ਕਰਨ ਵਾਲੇ ਨਾਲ ਲੋਹਾ ਲੈਣ ਲਈ ਤਤਪਰ ਰਹਿਣ ਲਈ ਸੂਰਬੀਰ ਭਾਵਨਾਵਾਂ ਵਾਲਾ ਤੇਜੱਸਵੀ ਮਰਜੀਵੜਾ ਇਨਸਾਨ ਹੈ। ਗੁਰੂ ਸਾਹਿਬਾਨ ਨੇ ਉਸ ਨੂੰ ਇਵੇਂ ਹੀ ਸਿਖਾਇਆ ਹੈ ਜੇ ਜ਼ੁਲਮ ਦਾ ਨੰਗਾ ਨਾਚ ਹੋਣ ਲੱਗ ਪਿਆ ਹੋਵੇ ਤੇ ਹੱਕ ਇਨਸਾਫ਼ ਦੀ ਕਾਇਮੀ-ਦਾਇਮੀ ਲਈ ਹੋਰ ਹੀਲੇ-ਵਸੀਲੇ ਨਿਸਫਲ ਹੋ ਜਾਣ, ਤਾਂ ਕਿਰਪਾਨ ਦੇ ਮੁੱਠੇ ‘ਤੇ ਹੱਥ ਰੱਖ ਲੈਣਾ ਐਨ ਉਚਿਤ ਹੈ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ ਹਲਾਲੱਸਤ ਬੁਰਦਨ ਬ-ਸ਼ਮਸ਼ੀਰ ਦਸਤ॥
(ਜ਼ਫ਼ਰਨਾਮਹ)
ਜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੰਡ ਛਕਣ ਦੀ ਗੱਲ ‘ਤੇ ਜ਼ੋਰ ਦਿੱਤਾ ਹੈ ਜਿਸ ਨਾਲ ਸਮਾਜ ਵਿਚ ਭਰਾਤਰੀ ਭਾਵ ਪੈਦਾ ਹੁੰਦੇ ਹਨ, ਆਪਸੀ ਅਣਪੱਤ ਵਧਦੀ ਹੈ, ਲੁੱਟ-ਖਸੁੱਟ ਨੂੰ ਠੱਲ੍ਹ ਪੈਂਦੀ ਹੈ, ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦੀ ਭਾਵਨਾ ਨੂੰ ਬਲ ਪ੍ਰਦਾਨ ਹੁੰਦਾ ਹੈ ਤਾਂ ਉਨ੍ਹਾਂ ਨੇ ਲੰਗਰ ਲਗਾ ਕੇ ਭੁੱਖਿਆਂ ਦੀ ਭੁੱਖ ਮਿਟਾਉਣ ਦੀ ਪਹਿਲ ਕੀਤੀ। ਅੱਜ ਸਾਰਾ ਸਮਾਜ ਸਿੱਖਾਂ ਦੇ ਇਕ ਲੰਗਰ, ਇਕ ਸੰਗਤ ਤੇ ਇਕ ਪੰਗਤ ਦੇ ਅਮਲੀ ਸਿਧਾਂਤ ਦੀ ਦਿਲ ਖੋਲ੍ਹ ਕੇ ਤਾਰੀਫ ਕਰ ਰਿਹਾ ਹੈ। ਉੜੀਸਾ ਵਿਚ ਸਮੁੰਦਰੀ ਆਫਤ ਆਏ ਜਾਂ ਗੁਜਰਾਤ ਵਿਚ ਕਾਲ ਦੀ ਸਥਿਤੀ ਹੋਵੇ, ਕੈਲੀਫੋਰਨੀਆਂ ਵਿਚ ਭੁਚਾਲ ਆਵੇ ਜਾਂ ਇਥੋਪੀਆ ਵਿਚ ਭੁੱਖਮਰੀ, ਸਿੱਖਾਂ ਦਾ ਲੰਗਰ, ਉਥੇ ਸਰਕਾਰੀ ਸਹਾਇਤਾ ਤੋਂ ਪਹਿਲੇ ਪਹੁੰਚਦਾ ਹੈ ਤੇ ਨਿਰੰਤਰ ਪਹੁੰਚਦਾ ਹੈ।
ਜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨੇਕ ਕਿਰਤ ਨੂੰ ਪਰਵਾਨਿਆ ਹੈ ਤਾਂ ਬੜੀ ਉੱਦਮਸ਼ੀਲਤਾ ਨਾਲ ਆਪ ਕਰਤਾਰਪੁਰ ਵਿਚ ਹਲ ਵਾਹਿਆ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮੁੰਜ ਵੱਟ-ਵੱਟ ਕੇ ਕਿਰਤ ਨੂੰ ਸਨਮਾਨਿਆ ਹੈ, ਸ੍ਰੀ ਗੁਰੂ ਰਾਮਦਾਸ ਜੀ ਘੁੰਗਣੀਆਂ ਵੇਚ ਕੇ ਨਿਰਬਾਹ ਕਰਨ ਨੂੰ ਸੁੱਚਾ ਵਿਹਾਰ ਸਮਝਦੇ ਰਹੇ। ਇਹੀ ਕਾਰਨ ਹੈ ਕਿ ਗੁਰੂ ਦਾ ਸਿੱਖ ਕਿਰਤੀ ਹੈ, ਉੱਦਮੀ ਹੈ, ਕਰਮਸ਼ੀਲ ਹੈ ਅਤੇ ਸਾਰੇ ਸੰਸਾਰ ਵਿਚ ਉਸ ਦੇ ਇਨ੍ਹਾਂ ਗੁਣਾਂ ਦੀ ਕਦਰ ਹੈ। ਸਿੱਖ ਇਨ੍ਹਾਂ ਦਾਤਾਂ ਕਰਕੇ ਦਾਤਾ ਹੈ, ਮੰਗਤਾ ਨਹੀਂ। ਸਿੱਖ ਭੀਖ ਨਹੀਂ ਮੰਗ ਸਕਦਾ। ਉਹ ਵਿਸ਼ਵ ਦੇ ਜਿਸ ਹਿੱਸੇ ਵਿਚ ਵੀ ਗਿਆ ਹੈ ਕਿਰਤ ਕਰਨ ਤੇ ਵੰਡ ਛਕਣ ਦੇ ਗੁਣਾਂ ਨੂੰ ਨਾਲ ਲੈ ਕੇ ਹੀ ਗਿਆ ਹੈ। ਇਹੀ ਕਾਰਨ ਹੈ ਅੱਜ ਉਸ ਦੀ ਵਿਸ਼ਵ ਭਰ ਵਿਚ ਕੀਰਤੀ ਦੇ ਸੋਹਲੇ ਗਾਏ ਜਾਂਦੇ ਹਨ। ਉਸ ਦੇ ਹੱਥ ਕਾਰ ਵੱਲ ਹਨ ਤੇ ਚਿਤ ਦਾਤਾਰ ਵੱਲ ਹੈ। ਇਕ ਵਿਲੱਖਣ ਇਨਸਾਨ ਦੀ ਭੂਮਿਕਾ ਨਿਭਾ ਰਿਹਾ ਹੈ ਸਿੱਖ। ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ’ ਦਾ ਇਲਾਹੀ ਉਪਦੇਸ਼ ਕੰਠ ਕਰ ਕੇ ਉਹ ਸੰਸਾਰ-ਸ਼ਹਿਰੀ ਵਜੋਂ ਸੁਹਿਰਦ ਰੂਪ ਵਿਚ ਵਿਚਰ ਰਿਹਾ ਹੈ। ‘ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ’ ਉਸ ਦੀ ਜ਼ਿੰਦਗੀ ਦਾ ਅਸਲੀ ਉਦੇਸ਼ ਹੈ। ਜਿਸ ਲਈ ਕੋਈ ਬਿਗਾਨਾ ਨਾ ਹੋਵੇ, ਜਿਸ ਦਾ ਕੋਈ ਦੁਸ਼ਮਣ ਨਾ ਹੋਵੇ ਉਸ ਨੂੰ ਕੌਣ ਨਹੀਂ ਚਾਹੇਗਾ? ਸਿੱਖ ਦੇ ਪਿਆਰੇ ਤੇ ਵਫ਼ਾਦਾਰੀ ਭਰੇ ਵਿਹਾਰ ਦਾ ਉਲੇਖ ਬਹੁਤ ਸਾਰੇ ਇਤਿਹਾਸਕਾਰਾਂ ਨੇ ਬੜੇ ਮਾਣ ਨਾਲ ਕੀਤਾ ਹੈ। ਜੇ ਐਡਵਰਡ ਏ.ਡੀ. ਬਿਟਨ ਕੋਰਟ ਸਿੱਖ ਧਰਮ ਦੇ ਪਿਆਰ ਵਿਚ ਇਹ ਲਿਖਦਾ ਹੈ ਕਿ ਸਿੱਖ ਧਰਮ ਵਿਸ਼ਵ ਨਾਲ ਜੁੜਨ ਵਾਲਾ ਧਰਮ ਤੇ ਫ਼ਲਸਫ਼ਾ ਹੈ, ਵਿਸ਼ਵ ਤੋਂ ਮੁਨਕਰ ਤੇ ਵੱਖਰਾ ਹੋਣ ਵਾਲਾ ਨਹੀਂ ਤਾਂ ਫੈਲਕਨ ਤੇ ਫਾਖਸ ਇਹ ਲਿਖਣ ਵਿਚ ਖੁਸ਼ੀ ਮਹਿਸੂਸ ਕਰਦੇ ਹਨ ਕਿ ਸਿੱਖ ਹਰ ਹਾਲਤ ਵਿਚ ਇਕ ਸਮਾਨ ਰਹਿੰਦਾ ਹੈ, ਹਮੇਸ਼ਾ ਨਰੋਆ, ਸੁਸ਼ੀਲ ਤੇ ਪ੍ਰਤਿਭਾਵਾਨ। ਸੁਭਾਅ ਵਜੋਂ ਉਹ ਹਮੇਸ਼ਾ ਸਾਊ ਹੁੰਦਾ ਹੈ ਅਤੇ ਹਰ ਔਖ-ਸੌਖ ਵਿਚ ਉਹ ਦ੍ਰਿੜ, ਅਡੋਲ, ਠਰੰਮੇ ਵਾਲਾ ਅਤੇ ਸਾਬਤ-ਕਦਮ ਰਹਿੰਦਾ ਹੈ। ਉਹ ਜਬਰਦਸਤ ਮਿਹਨਤੀ, ਬਹਾਦਰ ਤੇ ਜੰਗਜੂ ਇਨਸਾਨ ਹੈ। ਉਹ ਮਾਰ ਪੈਣ ਦੀ ਪਰਵਾਹ ਕੀਤੇ ਬਿਨਾਂ ਜ਼ਾਬਤੇ ਨੂੰ ਪੂਰੀ ਤਰ੍ਹਾਂ ਪਾਲਦਾ ਹੈ।
ਵਫ਼ਾਦਾਰੀ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰਦਾ ਹੋਇਆ ਜਾਤ-ਪਾਤ ਦੀਆਂ ਬੰਦਸ਼ਾਂ ਨੂੰ ਆਪਣੇ ਆੜੇ ਨਹੀਂ ਆਉਣ ਦੇਂਦਾ। ਉਹ ਫੌਜੀ ਕਮਾਲ ਦਾ ਹੈ।
ਦੁਖ ਸੁਖ ਵਿਚ ਇਕ ਸਮਾਨ ਰਹਿਣਾ ਬੜਾ ਕਠਿਨ ਹੈ। ਪਰ ‘ਤੇਰਾ ਕੀਆ ਮੀਠਾ ਲਾਗੈ’ ਦੀ ਗੱਲ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਪਿੰਡੇ ‘ਤੇ ਹੰਢਾ ਕੇ ਉਸ ਨੂੰ ਮੌਤ ਦੇ ਭੈ ਤੋਂ ਬੇਨਿਆਜ਼ ਕਰ ਦਿੱਤਾ ਹੈ। ਫਿਰ ਕੀ ਸੀ, ਭਾਈ ਮਨੀ ਸਿੰਘ ਸਬਰ-ਸੰਤੋਖ ਵਿਚ ਵਿਚਰ ਕੇ ਬੰਦ-ਬੰਦ ਕਟਵਾ ਰਿਹਾ ਹੈ, ਸਿੰਘ ਬੀਬੀਆਂ ਆਪਣੇ ਮਾਸੂਮ ਬੱਚਿਆਂ ਦੇ ਟੁਕੜਿਆਂ ਦੇ ਹਾਰ ਆਪਣੇ ਗਲਾਂ ਵਿਚ ਪਵਾ ਰਹੀਆਂ ਹਨ, ਭਾਈ ਲਛਮਣ ਸਿੰਘ ਅਤੇ ਭਾਈ ਦਲੀਪ ਸਿੰਘ ਨਨਕਾਣਾ ਸਾਹਿਬ ਦੇ ਸਾਕੇ ਵਿਚ ਜ਼ਿੰਦਾ ਜਲਾਏ ਜਾ ਰਹੇ ਹਨ। ਕਿਧਰੇ ‘ਹਾਏ ਮਰ ਗਏ’ ਦੀ ਅਵਾਜ਼ ਨਹੀਂ ਆਈ। ਮੀਰ ਮੰਨੂ ਸਿੱਖਾਂ ਦੇ ਆਹੂ ਲਾ ਸੁੱਟਦਾ ਹੈ ਤੇ ਉਧਰ ਮੌਤ ਨੂੰ ਮਖੌਲਾਂ ਕਰਨ ਵਾਲੇ ਸਿੱਖ ਸੂਰਮੇ ਕਿਸ ਟਿੱਚਰ ਭਰੇ ਅੰਦਾਜ਼ ਨਾਲ ਗਾਉਂਦੇ ਫਿਰਦੇ ਹਨ:
ਮੰਨੂ ਅਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ।
ਅਧਿਆਤਮਕ ਪੱਖੋਂ ਸਿੱਖ ਨੂੰ ਗੁਰੂ ਸਾਹਿਬ ਨੇ ਇਤਨਾ ਬਲਵਾਨ ਕਰ ਦਿੱਤਾ ਹੈ ਕਿ ਉਹ ਜੀਵਨ-ਮੁਕਤ ਦੀ ਪਦਵੀ ਦਾ ਧਾਰਨੀ ਬਣ ਗਿਆ ਹੈ।
ਸੇਵਾ ਤੇ ਸਿਮਰਨ ਦੀ ਗੱਲ ‘ਤੇ ਸਿੱਖ ਜੀਵਨ ਜਾਚ ਵਿਚ ਬਹੁਤ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਸਿਮਰਨ ਅਕਾਲ ਪੁਰਖ ਦਾ ਕਰਨਾ ਹੈ ਤੇ ਸੇਵਾ ਉਸ ਦੇ ਬੰਦਿਆਂ ਦੀ ਕਰਨੀ ਹੈ। ਨਿਸ਼ਕਾਮ ਸੇਵਾ ਹਉਮੈ ਦਾ ਨਾਸ਼ ਕਰਦੀ ਹੈ, ਪਿਆਰ ਵਧਾਉਂਦੀ ਹੈ, ਹਲੀਮੀ ਪ੍ਰਭਾਵਾਂ ਨੂੰ ਉਜਾਗਰ ਕਰਦੀ ਹੈ ਤੇ ਸਤਿਗੁਰ ਇਸ ਦਾ ਫਲ ਵੀ ਦੱਸਦੇ ਹਨ:
ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥
( ਅੰਗ ੨੬)
ਸੁੱਚੀ ਸੇਵਾ ਦਾ ਪ੍ਰਵਾਹ ਤਾਂ ਗੁਰੂ ਸਾਹਿਬ ਨੇ ਖੁਦ ਹੀ ਚਲਾਇਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੇਵਾ ਦੇ ਖੇਤਰ ‘ਚ ਨਿਵੇਕਲੇ ਤੇ ਮਹੱਤਵਪੂਰਨ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਾਂ ਮਾਨਵ ਤੇ ਦੇਸ਼ ਸੇਵਾ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਮਨੁੱਖ ਜਾਤੀ ਦੀ ਬਹੁ-ਪ੍ਰਕਾਰੀ ਸੇਵਾ ਲਈ ਲਗਾਤਾਰ ੨੫ ਸਾਲ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਮਾਨਵੀ ਜੀਵਨ ਨੂੰ ਨਵਾਂ ਨਿਖਾਰ ਬਖਸ਼ਦੇ ਰਹੇ। ਹਜ਼ਾਰਾਂ ਕਿਲੋਮੀਟਰ ਸਫਰ ਕਰ ਕੇ ਉਨ੍ਹਾਂ ਨੇ ਵਿਸ਼ਵ ਦੇ ਸਾਰੇ ਮਨੁੱਖਾਂ ਨੂੰ ਆਪਣੇ ਪਿਆਰ ਦੇ ਕਲਾਵੇ ਵਿਚ ਲਿਆ। ਉਹ ਮਨੁੱਖਤਾ ਦੇ ਗੁਰੂ ਸਨ ਤੇ ਹਰ ਕੋਈ ਉਨ੍ਹਾਂ ਨੂੰ ਪਿਆਰ ਕਰਦਾ ਸੀ ਤੇ ਉਨ੍ਹਾਂ ਦੇ ਉਪਦੇਸ਼ਾਂ ਉੱਤੇ ਅਮਲ ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਸੀ ਕਿਉਂਕਿ ਉਹ ਉਸ ਨੂੰ ਉੱਤਮ ਇਨਸਾਨ ਬਣਾਉਣ ਲਈ ਤਤਪਰ ਕਰਦੇ ਸਨ। ਉਨ੍ਹਾਂ ਦੀ ਸਰਬ-ਵਿਆਪੀ ਪ੍ਰਭੂਤਾ ਨੂੰ ਹਰ ਕੋਈ ਸਵੀਕਾਰਦਾ ਸੀ ਭਾਵੇਂ ਉਹ ਹਿੰਦੂ ਸੀ, ਮੁਸਲਮਾਨ ਸੀ, ਬੋਧੀ, ਜੈਨੀ ਜਾਂ ਯਹੂਦੀ ਸੀ। ਸਰਬੱਤ ਦੇ ਭਲੇ ਦੀ ਭਾਵਨਾ ਉਨ੍ਹਾਂ ਨੇ ਵਿਸ਼ਵ ਮਾਨਵ ਨੂੰ ਸਿਖਾ ਕੇ ਆਪਸੀ ਹਮਦਰਦੀ ਦੇ ਪਿੜ ਮੋਕਲੇ ਕਰ ਦਿੱਤੇ। ਇਨ੍ਹਾਂ ਗੱਲਾਂ ਨੂੰ ਦੇਖਦਿਆਂ ਹੋਇਆਂ ਹੀ ਇਤਿਹਾਸਕਾਰ ਰਾਬਰਟ ਰਸਟ ਬੇਸਾਖਤਾ ਹੋ ਕੇ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਹੀ ਇਕ ਅਜਿਹੇ ਰਹਿਬਰ ਹੋਏ ਹਨ ਜਿਨ੍ਹਾਂ ਦੇ ਜੋਤੀ-ਜੋਤਿ ਸਮਾਉਣ ਨਾਲ ਸਬੰਧਤ ਰਸਮਾਂ ਹਿੰਦੂਆਂ ਨੇ ਵੀ ਕੀਤੀਆਂ ਤੇ ਮੁਸਲਮਾਨਾਂ ਨੇ ਵੀ। ਇਹ ਸ਼ਰਫ਼ ਇਨਸਾਨੀ ਨਸਲ ਦੇ ਪੈਗ਼ੰਬਰ ਗੁਰੂ ਨਾਨਕ ਸਾਹਿਬ ਨੂੰ ਹੀ ਹਾਸਲ ਹੋਇਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਪ੍ਰਕਾਰ ਦੇ ਅਕੀਦੇ ਦੇ ਭਗਤਾਂ ਦੀ ਬਾਣੀ ਦਾ ਹੋਣਾ, ਹਰ ਧਰਮ ਦੇ ਮਹਾਂਪੁਰਸ਼ਾਂ ਦੀ ਨੁਮਾਇੰਦਗੀ ਹੋਣਾ, ਹਰ ਖਿੱਤੇ ਦੇ ਲੋਕਾਂ ਦੀ ਸੁੱਚਮਤਾ ਦਾ ਸੰਕਲਤ ਹੋਣਾ ਉਸ ਨੂੰ ਸਰਬ ਮਾਨਵ ਸਮਾਜ ਦੇ ਗੁਰੂ ਦਾ ਸਹਿਜ ਸੁਭਾਏ ਹੀ ਦਰਜਾ ਬਖਸ਼ਦਾ ਹੈ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕਰਨਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਮਨੁੱਖਤਾ ਲਈ ਇਕ ਪਿਆਰ ਦਾ ਹੋਰ ਤੇ ਨਿਵੇਕਲਾ ਵਰਦਾਨ ਸੀ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਨੂੰ ਉਹ ਅਕਾਲ ਪੁਰਖ ਦਾ ਆਪਣਾ ਨਿਵਾਸ ਸਮਝਦੇ ਸਨ ਜਿਸ ਦੀ ਨੀਂਹ ਇਕ ਮੁਸਲਮਾਨ ਦਰਵੇਸ਼ ਮੀਆਂ ਮੀਰ ਨੇ ਰੱਖੀ, ਉਸਾਰੀ ਦੀ ਸੇਵਾ ਗੁਰੂ ਸਾਹਿਬ ਤੇ ਹਰ ਜ਼ਾਤ ਬਰਾਦਰੀ ਦੇ ਸੇਵਕਾਂ ਨੇ ਨਿਸ਼ਕਾਮ ਰੂਪ ਵਿਚ ਕੀਤੀ ਅਤੇ ਉਸ ਵਿਚ ਇਲਾਹੀ ਬਾਣੀ ਦਾ ਕੀਰਤਨ ਵੀ ਗਾਇਆ ਜਾਂਦਾ ਹੈ।
ਸੰਖੇਪ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਦੀ ਸਾਜਨਾ ਮਾਨਵ ਸਮਾਜ ਵਿਚ ਸਰਬਪੱਖੀ ਪਿਆਰ ਦੇ ਪਸਾਰੇ ਦੇ ਮੁੱਖ ਆਸ਼ੇ ਕਰਕੇ ਹੋਈ ਹੈ ਜਿਸ ਸਦਕਾ ਪਰਮਾਤਮਾ ਤਕ ਹਸੰਦਿਆਂ, ਖੇਲੰਦਿਆਂ, ਖਵੰਦਿਆਂ, ਪਹਿਨੰਦਿਆਂ ਰਸਾਈ ਹੋ ਸਕਦੀ ਹੈ।
-ਸ. ਸਰੂਪ ਸਿੰਘ ਅਲੱਗ
