1 views 10 secs 0 comments

ਪ੍ਰਾਣੀ ਏਕੋ ਨਾਮੁ ਧਿਆਵਹੁ

ਲੇਖ
May 02, 2026

ਨਾਮ ਪ੍ਰਭੂ ਪ੍ਰੀਤਮ ਦੀ ਯਾਦ ਵਿਚ ਵਾਹੁ ਵਾਹ ਦੇ ਗੀਤ ਦਾ ਅਲਾਪ ਹੈ। ਉਸ ਦੇ ਪ੍ਰੇਮ ਵਿਚ ਗਵਾਚ ਕੇ ਮੈਂ ਤੇਰਾ ਹਾਂ, ਮੈਂ ਤੇਰਾ ਹਾਂ ਦਾ ਗਾਇਣ ਹੈ। ਇਸ ਨਾਮ ਨਾਲ ਸਾਡਾ ਹਡ-ਮਾਸ ਦਾ ਸਰੀਰ ਮਨ ਤੇ ਚੇਤਨਤਾ ਵਿਚ ਬਦਲਦਾ ਹੈ। ਨਾਮ ਇਕ ਮੁਕ ਭਾਵਨਾ ਹੈ। ਇਸ ਦਾ ਪ੍ਰਗਟਾਵਾ ਪ੍ਰਭੂ ਪ੍ਰੀਤਮ ਦੇ ਸਮਰਪਣ ਵਿਚ ਉਸ ਦੇ ਪ੍ਰਗੀਤ ਦਾ ਆਪ ਮੁਹਾਰੇ ਛੁਟਣਾ ਹੈ। ਜੇ ਕੇਵਲ ਜੀਭ ਨਾਲ ਉਚਾਰਨ ਦੀ ਹੀ ਗੱਲ ਹੁੰਦੀ ਤਾਂ ਨਿਕੇ ਨੰਨ੍ਹੇ ਪੰਛੀ ਉਸ ਦਾ ਨਾਮ ਕਿਵੇਂ ਲੈਂਦੇ। ਇਥੇ ਤਾਂ ਸਾਰੀ ਸ੍ਰਿਸ਼ਟੀ ਹੀ ਉਸ ਦਾ ਨਾਮ ਲੈਂਦੀ ਹੈ। ਭਾਵੇਂ ਦੁਖ ਦੀ ਘੜੀ ਵਿਚ ਹੀ ਸਹੀ। ਗੁਰੂ ਨਾਨਕ ਦਾ ਮਾਰਗ ਨਾਮ ਦਾ ਮਾਰਗ ਹੈ। ਨਾਨਕ ਕੈ ਘਰਿ ਕੇਵਲ ਨਾਮੁ।

ਗੁਰਮਤਿ ਵਿਚ ਨਾਮ ਸਾਧਨ ਵੀ ਹੈ ਤੇ ਮੰਜ਼ਿਲ ਵੀ। ਕਿਸੇ ਵਿਅਕਤੀ ਦਾ ਨਾਂ ਲੈ ਕੇ ਅਸੀਂ ਉਸ ਨੂੰ ਬੁਲਾਂਦੇ ਹਾਂ। ਉਸ ਦਾ ਨਾਂ ਬੋਲ ਸੁਣ ਕੇ ਉਸ ਦੀ ਸ਼ਕਲ ਸੂਰਤ ਤੇ ਗੁਣ ਸਾਡੇ ਦਿਲ-ਦਿਮਾਗ ਵਿਚ ਉਭਰ ਆਉਂਦੇ ਹਨ। ਇੰਜ ਹੀ ਹਾਲ ਪ੍ਰਭੂ ਦਾ ਹੈ। ਉਸ ਦਾ ਨਾਮ ਲੈਣ ਨਾਲ ਨਿਰਗੁਣ ਪ੍ਰਭੂ ਦੇ ਗੁਣ ਬਖਸਿੰਦ ਮੂਰਤ ਸਾਡੇ ਮਾਨਸਿਕ ਚਿਤਰਪੱਟ ਉਤੇ ਪ੍ਰਗਟ ਹੋ ਜਾਂਦੀ ਹੈ। ਗੁਰਬਾਣੀ ਨਾਮ ਵਿਚੋਂ ਉਪਜੀ ਹੈ ਤੇ ਇਸ ਵਿਚ ਨਾਮ ਸਮਾਇਆ ਹੋਇਆ ਹੈ। ਇਹ ਨਾਮ ਧਿਆਉਣ ਦਾ ਉਪਦੇਸ਼ ਬਾਰ ਬਾਰ ਦਿੰਦੀ ਹੈ:

ਪ੍ਰਾਣੀ ਏਕੋ ਨਾਮੁ ਧਿਆਵਹੁ॥ ਅਪਨੀ ਪਤਿ ਸੇਤੀ ਘਰਿ ਜਾਵਹੁ॥

ਗੁਰੂ ਗ੍ਰੰਥ ਸਾਹਿਬ ਵਿਚ ਬਾਰ ਬਾਰ ਨਾਮ ਧਿਆਉਣ ਉਤੇ ਜ਼ੋਰ ਹੈ। ਇਸ ਦੇ ਬਾਵਜੂਦ ਇਸ ਨਾਮ ਨੂੰ ਗੁਹਜ ਹੀ ਰਖਿਆ ਗਿਆ ਹੈ। ਪ੍ਰਗਟ ਰੂਪ ਵਿਚ ਪੇਸ਼ ਕਰਨ ਦੀ ਥਾਂ ਇਸ ਵਲ ਸੰਕੇਤ ਹੀ ਕੀਤੇ ਗਏ ਹਨ। ਭਾਈ ਗੁਰਦਾਸ ਜੀ ਨੇ ਹੀ ਸਪਸ਼ਟ ਰੂਪ ਵਿਚ ਵਾਗਿਗੁਰੂ ਗੁਰੂ ਮੰਤ੍ਰ ਹੈ ਜਪ ਹਉਮੈ ਖੋਈ ਕਹਿ ਕੇ ਇਸ ਨੂੰ ਪ੍ਰਗਟ ਕੀਤਾ ਹੈ ਜਾਂ ਫਿਰ ਭੱਟਾਂ ਦੇ ਸਵਈਆਂ ਵਿਚ ਇਸ ਨਾਮ ਦਾ ਸਪਸ਼ਟ ਉਲੇਖ ਹੈ
ਭਾਈ ਵੀਰ ਸਿੰਘ ਨਾਮ ਦਾ ਸੰਕੇਤ ਸੰਸਕ੍ਰਿਤ ਤੇ ਵਾਰਸੀ ਦੇਹਾਂ ਭਾਸ਼ਾਵਾਂ ਦੇ ਆਧਾਰ ਉਤੇ ਸਮਝਾਂਦੇ ਹਨ। ਸੰਸਕ੍ਰਿਤ ਵਿਚ ਇਸ ਦਾ ਮੂਲ ਨਾਮਨ ਕ੍ਰਿਆ ਹੈ ਜੋ ਇਸ ਦਾ ਸੰਬੰਧ ਨਾਮ ਅਭਿਆਸ ਭਾਵ ਸਿਮਰਨ ਨਾਲ ਜੋੜਦੀ ਹੈ। ਫਾਰਸੀ ਵਿਚ ਇਹ ਸੰਕੇਤ ਨਾਂਵ ਹੈ, ਸੰਗਯਾ ਵਸਤੂ ਜਾਂ ਵਿਅਕਤੀ ਦੇ ਨਾਂਵ ਦਾ ਸੰਕੇਤਕ ਨਾਮੀ ਉਹ ਹੈ ਜਿਸ ਦਾ ਨਾਮ ਲਿਆ ਜਾਂਦਾ ਹੈ। ਨਾਮ ਤੇ ਨਾਮੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਗੁਰਮਤਿ ਪਰੰਪਰਾ ਵਿਚ ਨਾਮ ਤੋਂ ਭਾਵ ਉਸ ਪਰਮੇਸ਼ਰ ਦੇ ਨਾਮ ਤੋਂ ਹੈ। ਉਸ ਦੇ ਗੁਣਾਂ ਤੇ ਬਖਸ਼ਿਸ਼ਾਂ ਦਾ ਧਿਆਨ ਧਰ ਕੇ ਵਿਸਮਾਦ ਵਿਚ ਆ ਕੇ, ਪੂਰੇ ਪ੍ਰੇਮ ਨਾਲ ਉਸ ਨੂੰ ਯਾਦ ਕਰਨ ਤੋਂ ਹੈ ਜਿਸ ਨਾਲ ਅੰਤਹ ਕਰਨ ਦੀ ਸੁਧੀ ਹੁੰਦੀ ਹੈ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਮੀ ਪ੍ਰਭੂ ਵਿਚ ਅਭੇਦਤਾ ਹਾਸਲ ਹੁੰਦੀ ਹੈ। ਜੀਭ ਨਾਲ ਉਚਾਰਨ ਤੋਂ ਲੈ ਕੇ ਨਾਮੀ ਵਿਚ ਅਭੇਦਤਾ ਤਕ ਦਾ ਸਾਰਾ ਅਭਿਆਸ ਨਾਮ ਦਾ ਹੀ ਕਰਮ ਖੇਤਰ ਹੈ।

ਗੁਰੂ ਨਾਨਕ ਜਦੋਂ ‘ਜੇਤਾ ਕੀਤਾ ਤੇਤਾ ਨਾਉ ਆਖਦੇ ਹਨ ਜਾਂ ਗੁਰੂ ਅਰਜਨ ਸਾਹਿਬ ਨਾਮ ਕੇ ਧਾਰੇ ਸਗਲੇ ਜੰਤ।।ਨਾਮ ਕੇ ਧਾਰੇ ਖੰਡ ਬ੍ਰਹਮੰਡ।। ਕਹਿੰਦੇ ਹਨ ਤਾਂ ਉਸ ਦਾ ਭਾਵ ਹੈ ਕਿ ਇਹ ਸਾਰਾ ਦ੍ਰਿਸ਼ਟ ਅਦ੍ਰਿਸ਼ਟ ਪਸਾਰਾ ਨਾਮ ਦੀ ਹੀ ਉਪਜ ਹੈ, ਨਾਮ ਦੀ ਹੀ ਸਿਰਜਨਾ ਹੈ। ਇਸ ਨਾਮ ਤੋਂ ਬਿਨਾ ਦੇਹ ਦੀ ਹੋਂਦ ਵੀ ਨਹੀਂ, ਪਰੰਤੂ ਮਨੁੱਖ ਇਸ ਨਾਮ ਨੂੰ ਭੁਲਾਈ ਰਖਦਾ ਹੈ। ਇਸ ਕਾਰਨ ਇਸ ਦੀ ਬੁਧੀ ਮਲੀਨ ਹੋ ਜਾਂਦੀ ਹੈ। ਇਸ ਮਲੀਨ ਮਤਿ ਤੇ ਬੁਧ ਨੂੰ ਸ਼ੁੱਧ ਤੇ ਸਾਫ਼ ਕਰਨ ਲਈ ਨਾਮ ਹੀ ਕੰਮ ਕਰ ਸਕਦਾ ਹੈ। ਗੁਰੂ ਨਾਨਕ ਫੁਰਮਾਂਦੇ ਹਨ:

ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥
ਦੇ ਸਾਬੂਣ ਲਈਐ ਓਹੁ ਧੋਇ॥ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ (ਜਪੁਜੀ)

ਗੁਰੂ ਨਾਨਕ ਨੂੰ ਇਹ ਨਾਮ ਇੰਨਾ ਪਿਆਰਾ ਲਗਦਾ ਹੈ ਕਿ ਉਹ ਇਸ ਵਿਚ ਹੀ ਆਪਣਾ
ਜੀਵਨ ਸਮਝਦੇ ਹਨ। ਆਪ ਕਹਿੰਦੇ ਹਨ ਕਿ ਸੱਚੇ ਨਾਮ ਨਾਲ ਸਾਰੇ ਦੁਖ ਨਾਸ ਹੋ ਜਾਂਦੇ ਹਨ।

ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣਿ ਅਉਖਾ ਸਾਚਾ ਨਾਉ॥ ਸਾਚੇ ਨਾਮ ਕੀ ਲਾਗੈ ਭੂਖ॥ ਉਤੁ ਭੂਖੈ ਖਾਇ ਚਲੀਅਹਿ ਦੂਖ

ਗੁਰੂ ਅਰਜਨ ਦੇਵ ਜੀ ਇਸ ਦੀ ਗਵਾਹੀ ਇਉਂ ਦਿੰਦੇ ਹਨ:

-ਨਾਮ ਅਉਖਧੁ ਜਿਹ ਰਿਦੈ ਹਿਤਾਵੈ॥
ਤਾਹਿ ਰੋਗੁ ਸੁਪਨੈ ਨਹੀ ਆਵੈ॥

-ਸਰਬ ਰੋਗ ਕਾ ਅਉਖਦੁ ਨਾਮੁ॥

ਗੁਰਬਾਣੀ ਹਰ ਪ੍ਰਕਾਰ ਦੇ ਪੁੰਨਦਾਨ ਤੇ ਕਰਮ ਕਾਂਡ ਤੋਂ ਵਧ ਮਹੱਤਵ ਨਾਮ ਨੂੰ ਦਿੰਦੀ ਹੈ। ਗੁਰੂ ਅਰਜਨ ਸਾਹਿਬ ਆਸਾ ਰਾਗ ਵਿਚ ਫੁਰਮਾਂਦੇ ਹਨ:

-ਪੁੰਨ ਦਾਨ ਜਪ ਤਪ ਜੇਤੇ ਸਭ ਉਪਰਿ ਨਾਮੁ ॥

-ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰ॥

ਕਦੇ ਨਾਮ ਦਾ ਪਿਆਰ ਇਸ ਦੇ ਬਾਰ ਬਾਰ ਦੁਹਰਾਅ ਨਾਲ ਪ੍ਰਗਟ ਹੁੰਦਾ ਹੈ ਤੇ ਕਦੇ ਬਾਰ ਬਾਰ ਦਾ ਦੁਹਰਾਅ ਨਾਮ ਨੂੰ ਪ੍ਰਗਟ ਕਰਦਾ ਹੈ। ਪ੍ਰੋ. ਪੂਰਨ ਸਿੰਘ ਆਖਦਾ ਹੈ- ਮੇਰੇ ਕੰਨਾਂ ਵਿਚ ਨਾਕੀਆਂ ਉਸ ਦੇ ਨਾਮ ਦਾ ਗਾਇਨ ਕਰਦੀਆਂ ਸੁਣਾਈ ਦਿੰਦੀਆਂ ਹਨ। ਤੁਹਾਨੂੰ ਇਹ ਸੰਗੀਤ ਕਿਉਂ ਨਹੀਂ ਸੁਣਾਈ ਦਿੰਦਾ। ਬਣਾਂ ਦੀ ਪੱਤੀ-ਪੱਤੀ ਉਸ ਦੀ ਸ਼ਾਨ, ਉਸ ਦੀ ਵਾਹ ਵਾਹ ਨੂੰ ਗਾ ਰਹੀ ਹੈ।

ਗੁਰੂ ਸਾਹਿਬ ਅਨੰਤ ਵਾਰ ਵਾਹ ਵਾਹ ਨੂੰ ਦੁਹਰਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਸ ਵਾਹ ਵਾਹ ਦੇ ਸੰਗੀਤ ਦੀਆਂ ਪ੍ਰੇਮ ਤਰੰਗਾਂ ਵਾਰ ਵਾਰ ਪ੍ਰਭੂ ਪ੍ਰੀਤਮ ਦਾ ਚਿਤਰ ਗੁਰੂ ਗ੍ਰੰਥ ਸਾਹਿਬ ਦੇ ਹਰ ਪੰਨੇ ਉਤੇ ਨਵੇਂ ਤੋਂ ਨਵੇਂ ਰੰਗ ਵਿਚ ਉਲੀਕਦੀਆਂ ਹਨ, ਜਿਹੜੇ ਲੋਕ ਪ੍ਰੇਮ ਕਰਦੇ ਹਨ ਉਹ ਆਪਣੇ ਪਿਆਰੇ ਦਾ ਨਾਮ
ਬਾਰ ਬਾਰ ਲੈ ਕੇ ਕਦੀ ਅਕਦੇ ਥਕਦੇ ਨਹੀਂ।

ਉਸ ਦਾ ਨਾਂ ਭਾਵੇਂ ਉਹ ਕਿੰਨੀ ਵਾਰ ਲੈ ਲੈਣ ਉਨ੍ਹਾਂ ਦੀ ਤ੍ਰਿਪਤੀ ਨਹੀਂ ਹੁੰਦੀ। ਇਸ ਪ੍ਰੇਮ ਦੀ ਸਾਰ ਨਾ ਜਾਨਣ ਵਾਲੇ ਨਾਮ ਦਾ ਰਹੱਸ ਨਹੀਂ ਸਮਝ ਸਕਦੇ। ਗੁਰੂ ਗ੍ਰੰਥ ਸਾਹਿਬ ਦੀ ਆਤਮਾ ਨਾਲ ਇਕਸੁਰ ਨਹੀਂ ਹੋ ਸਕਦੇ।

ਇਸੇ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕੇਸਾਂ ਰਾਹੀ ਕੀਤੇ ਅੰਗ੍ਰੇਜੀ ਅਨੁਵਾਦ ਨੀਰਸ ਸਿਧ ਹੋਏ ਹਨ ਤੇ ਕੋਈ ਵੀ ਅਨੁਵਾਦ ਗੁਰਬਾਣੀ ਦੀ ਥਾਂ ਨਹੀਂ ਲੈ ਸਕੇਗਾ। ਇਸ ਪੱਖੋਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਪੰਜਾਬੀ ਵਿਚ ਵਿਆਖਿਆ ਤੇ ਕਾਵਿ-ਅਨੁਵਾਦ ਵੀ ਕਦੇ ਗੁਰੂ ਗ੍ਰੰਥ ਸਾਹਿਬ ਜੇਹੀਆਂ ਭਾਵਨਾਵਾਂ ਨਹੀਂ ਜਮਾ ਸਕਣਗੇ।

ਇਹੋ ਜੇਹੇ ਕਾਰਜ ਵਿਚ ਸਫਲਤਾ ਉਸੇ ਅਨੁਪਾਤ ਵਿਚ ਮਿਲੇਗੀ ਜਿਸ ਵਿਚ ਇਸ ਕਾਰਜ ਨੂੰ ਕਰਨ ਵਾਲੇ ਦਾ ਜੀਵਨ ਤੇ ਵਿਅਕਤਿਤਵ ਪ੍ਰਭੂ ਪ੍ਰੇਮ ਦੀ ਤੜਪ ਨਾਲ ਸਜੀਵ ਹੋ ਕੇ ਆਤਮਕ ਉਚਾਈਆਂ ਨੂੰ ਛੂਹ ਰਿਹਾ ਹੋਵੇਗਾ।

ਗੁਰੂ ਸਾਹਿਬ ਨੇ ਨਾਮ ਦਾ ਸੰਕੇਤ ਭਾਵੇਂ ਭਾਰਤੀ ਅਧਿਆਤਮਕ ਪਰੰਪਰਾ ਵਿਚੋਂ ਲਿਆ ਹੈ ਪਰ ਉਨ੍ਹਾਂ ਲਈ ਨਾਮ ਤੇ ਸਿਮਰਨ ਦੇ ਭਾਵ ਉਹ ਨਹੀਂ ਜੇ ਬ੍ਰਾਹਮਣਵਾਦੀ ਪਰੰਪਰਾ ਵਿਚ ਸਨ। ਉਨ੍ਹਾਂ ਕਦੀ ਨਹੀਂ ਚਾਹਿਆ ਕਿ ਇਸ ਸਾਧਨਾ ਨਾਲ ਅਰੂਪ ਅਗਿਆਤ ਵਿਚ ਸਮਾ ਕੇ ਆਪਣੇ ਆਪ ਨੂੰ ਖੀਣ ਕਰ ਦਿਤਾ ਜਾਵੇ। ਉਹ ਤਾਂ ਇਸ ਨਾਲ ਆਪਣੇ ਆਪੇ ਨੂੰ ਭਰਪੂਰ ਕਰਨ ਲਈ ਆਖਦੇ ਹਨ। ਨਾਮ ਵਿਚ ਨਿਰੰਤਰ ਵਿਚਰਨ ਦਾ ਉਨ੍ਹਾਂ ਦਾ ਭਾਵ ਸਿਰਜਨਹਾਰ ਅਕਾਲ ਪੁਰਖ ਤੇ ਉਸ ਦੀ ਜੋਤ ਗੁਰੂ ਨੂੰ ਸਦਾ ਆਪਣੀ ਪਿਠ ਪਿਛੇ, ਆਪਣੇ ਸਿਰ ਉਤੇ ਮਹਿਸੂਸ ਕਰਕੇ ਉਸ ਨਾਲ ਆਪਣੇ ਆਪੇ ਨੂੰ ਭਰਪੂਰ ਕਰਨਾ ਹੈ। ਨਾਮ ਸਿਮਰਨ ਵਾਲਾ ਗੰਦ ਤੇ ਧੂੜ ਲਿਬੜੀਆਂ ਮਨੋਕਾਮਨਾਵਾਂ ਅਤੇ ਹਉਮੈ ਦੇ ਸੰਸਾਰ ਤੋਂ ਉਪਰ ਉਠ ਕੇ ਹੌਲਾ ਵਲ ਮਹਿਸੂਸ ਕਰਦਾ ਹੈ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤਕ ਗੁਰੂ ਜੋਤਿ ਤੇ ਹਰ ਪ੍ਰਕਾਸ਼ਮਾਨ ਆਤਮਾ ਉਸ ਦੀ ਸਖਸੀਅਤ ਨੂੰ ਨਿਰੰਤਰ ਰੈਸ਼ਨ, ਅਮੀਰ ਤੇ ਭਰਪੂਰ ਕਰਦੇ ਹਨ। ਨਾਮ ਦੇ ਮਤਵਾਲਿਆਂ ਦੇ ਅਮਰ ਗੀਤ

ਹੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹਨ।

ਇਹ ਗੀਤ ਗਾਣੇ ਉਨ੍ਹਾਂ ਨੂੰ ਮਿਠੇ ਲਗਦੇ ਹਨ। ਨਾਮ ਦੇ ਇਨ੍ਹਾਂ ਗੀਤਾਂ ਨੇ ਹੀ ਅੱਜ ਤੋਂ ਪੰਜ ਸਦੀਆਂ ਪਹਿਲੇ ਪੰਜਾਬ ਦਾ ਮੂੰਹ-ਮੱਥਾ ਬਦਲਿਆ। ਇਨ੍ਹਾਂ ਵਿਚ ਨਾਮ ਸਭ ਕੁਝ ਹੀ ਹੈ: ਦੁਖ ਭੇਜਕ, ਪਾਰਜਾਤ, ਧਨ, ਆਸਰਾ, ਅੰਮ੍ਰਿਤ, ਅਮੋਲਕ ਰਤਨ, ਗੱਲ ਕੀ ਜੇ ਕੁਝ

ਵੀ ਕੋਈ ਸੋਚ ਸਕਦਾ ਹੈ:

-ਨਾਮੁ ਅਮੋਲਕੁ ਰਤਨ ਹੈ
ਪੂਰੇ ਸਤਿਗੁਰ ਪਾਸਿ॥

-ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ॥

– ਨਿਰਧਨ ਕਉ ਧਨੁ ਤੇਰੋ ਨਾਉ॥ ਨਿਥਾਵੇ ਕਉ ਨਾਉ ਤੇਰਾ ਥਾਉ॥

-ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ॥

 

ਸਰਲ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਨਾਮ ਤੋਂ ਮੁਰੀਦ ਉਹ ਸਰਬਵਿਆਪਕ ਹੱਦ ਤੋਂ ਹੈ ਜੋ ਹਰ ਥਾਂ ਭਰਪੂਰ ਹੈ। ਉਹ ਹੋਂਦ ਜਿਸ ਨੇ ਸਭ ਦ੍ਰਿਸ਼ਟ-ਅਦ੍ਰਿਸ਼ਟ ਬ੍ਰਹਿਮੰਡ ਨੂੰ ਹੋਂਦ ਵਿਚ ਲਿਆਂਦਾ ਹੈ। ਉਹ ਸ਼ਬਦਾਂ ਦਾ ਮੁਥਾਜ ਨਹੀਂ। ਉਸ ਦੀ ਹੋਂਦ ਦਾ ਸਚ ਹੀ ਉਸ ਦਾ ਨਾਮ ਹੈ। ਗੁਰਬਾਣੀ ਦਸਦੀ ਹੈ:

ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿਨਾਮੁ ਤੇਰਾ ਪਰਾ ਪੂਰਬਲਾ।।

ਸਤਿਗੁਰੂ ਅਕਾਲ ਪੁਰਖ ਨੂੰ ਚੇਤੇ ਕਰਨ ਲਈ ਵਰਤੇ ਗਏ ਹਰ ਨਾਮ ਤੋਂ ਬਲਿਹਾਰੇ ਜਾਂਦੇ ਹਨ:

-ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ।

ਉਸ ਅਕਾਲ ਪੁਰਖ ਦੀ ਅਗਮ ਅਗੋਚਰ, ਸਰਬ ਗੁਣ-ਸੰਪੰਨ, ਹਾਜ਼ਰ-ਨਾਜ਼ਰ, ਹੋਂਦ ਦੇ ਵਿਸਮਾਦੀ ਸਰੂਪ ਨੂੰ ਸਾਕਾਰ ਕਰਨ ਵਾਲੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਗੁਰਮਤਿ ਪਰੰਪਰਾ ਵਿਚ ਸਰਬ ਸਵੀਕ੍ਰਿਤ ਹੈ। ਮਲਾਰ ਰਾਗ ਵਿਚ ਗੁਰੂ ਨਾਨਕ ਕਹਿੰਦੇ ਹਨ ਕਿ ਉਸ ਦੇ ਨਾਮ ਸਿਮਰਨ ਨਾਲ ਅਸੀਂ ਉਸ ਅਕਾਲ ਪੁਰਖ ਨੂੰ ਕੁਝ ਨਹੀਂ ਦਿੰਦੇ, ਇਸ ਨਾਲ ਆਪਣਾ ਬਹੁਤ ਕੁਝ ਸਵਾਰਦੇ ਹਾਂ।

ਡਾ. ਕੁਲਦੀਪ ਸਿੰਘ ਧੀਰ