views 43 secs 0 comments

ਸਿੱਖ ਧਰਮ ਵਿੱਚ ਸਤਿਸੰਗਤ ਦਾ ਵਿਕਾਸ

ਲੇਖ
May 02, 2026

ਸਤਿਸੰਗਤ ਦਾ ਸੰਬੰਧ ਅਧਿਆਤਮਿਕ ਸਾਧਨਾ ਨਾਲ ਹੈ। ਸੰਗਤ ਤੋਂ ਭਾਵ ਹੈ ਸੱਚਾ, ਸ੍ਰੇਸ਼ਠ ਜਾਂ ਉੱਤਮ ਸਾਥ। ਇਹ ਸਾਥ ਚੰਗੇ ਭਲੇ ਪੁਰਸ਼ਾਂ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਇਸ ਲਈ ਗੁਰਬਾਣੀ ਵਿਚ ਸੰਗਤ ਦਾ ਭਾਵ ਬੋਧ ਸਤਿਸੰਗ, ਸਾਧ ਸੰਗਤ, ਸਾਧ ਸੰਗ, ਹਰਿਜਨ, ਸੰਗਤ ਆਦਿ ਸ਼ਬਦ ਵਰਤ ਕੇ ਹੀ ਕਰਵਾਇਆ ਜਾਂਦਾ ਹੈ। ‘ਸਿੱਖ ਪੰਥ ਵਿਸ਼ਵ ਕੋਸ਼’ ਦੇ ਕਰਤਾ
ਡਾ. ਰਤਨ ਸਿੰਘ ਜੱਗੀ ਅਨੁਸਾਰ ਸਤਿਸੰਗਤ ਜਾਂ ਸਾਧ ਸੰਗਤ ਦਾ ਪਹਿਲਾ ਰੂਪ ਮੱਧ ਯੁੱਗ ਦੇ ਸੰਤਾਂ ਭਗਤਾਂ ਦੀ ਸਾਧਨਾ ਜਾਂ ਬਾਣੀ ਵਿਚ ਹੋਇਆ ਮਿਲ ਜਾਂਦਾ ਹੈ। ਸੰਤ ਕਬੀਰ ਜੀ ਦਾ ਕਥਨ ਹੈ:

ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ॥ ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥(ਅੰਗ ੧੩੬੯)

ਸਾਧਨਾ ਦੇ ਚਹੁੰਆਂ ਮਾਰਗਾਂ ਗਿਆਨ, ਕਰਮ, ਯੋਗ ਅਤੇ ਭਗਤੀ ਵਿਚ ਇਸ ਦਾ ਵਿਸ਼ੇਸ਼ ਸਥਾਨ ਹੈ। ਧਾਰਮਿਕ ਦ੍ਰਿਸ਼ਟੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਜੁੜ ਬੈਠੇ ਵਿਅਕਤੀਆਂ ਨੂੰ ਆਮ ਤੌਰ ‘ਤੇ ਸੰਗਤ ਨਾਲ ਸੰਬੋਧਨ ਕੀਤਾ ਜਾਂਦਾ ਹੈ। ਕਿਉਂਕਿ ਗੁਰੂ ਦੀ ਹਜ਼ੂਰੀ ਵਿਚ ਜਿਗਿਆਸੂਆਂ ਦੀ ਵਿਕਾਰਾਂ ਵੱਲੋਂ ਰੁਚੀ ਹਟ ਕੇ ਗੁਰ ਚਰਨਾਂ ਨਾਲ ਜੁੜਦੀ ਹੈ, ਚਿੱਤ ਬਿਰਤੀ ਵਿਚ ਇਕਾਗਰਤਾ ਆਉਂਦੀ ਹੈ। ਸਿੱਖ ਪੰਥ ਵਿਸ਼ਵ ਕੋਸ਼ ਦੇ ਕਰਤਾ ਅਨੁਸਾਰ ਬਾਲੇ ਵਾਲੀ ਜਨਮ ਸਾਖੀ ਵਿਚ ਅੰਕਿਤ ਇਸ ਕਥਨ ਦੀ ਗਵਾਹੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕਿਹਾ ਸੀ, “ਮਰਦਾਨਿਆਂ ਜੋ ਸਤਿਸੰਗ ਨਹੀਂ ਕਰਦੇ ਸੋ ਨਿਸਫਲ ਹਨ, ਮਾਨੁਖ ਦੇਹ ਭਗਵੰਤ ਨੇ ਜੋ ਦਿੱਤੀ ਹੈ ਸੋ ਪਰਉਪਕਾਰ ਵਾਸਤੇ, ਸਤਸੰਗ ਕਰਨ ਨੂੰ ਤੇ ਨਾਮ ਜਪਣੇ ਨੂੰ, ਸੋ ਪਰਉਪਕਾਰ ਕੀਏ ਤੇ ਦੇਹੀ ਸਫਲ ਹੁੰਦੀ ਹੈ। ਨਾਮ ਦਾ ਪ੍ਰਤਾਪ ਤੇ ਸਦਗਤੀ ਪ੍ਰਾਪਤ ਹੁੰਦੀ ਹੈ ।

ਸੰਗਤ ਵਿਚ ਜਾਣ ਨਾਲ ਜਿੱਥੇ ਮਾਨਸਿਕ ਵਿਕਾਰ ਦੂਰ ਹੁੰਦੇ ਹਨ ਉਥੇ ਮਨੁੱਖ, ਮਨੁੱਖ ਦੇ ਨੇੜੇ ਹੁੰਦਾ ਹੈ। ਉਸ ਨੂੰ ਸਹੀ ਢੰਗ ਨਾਲ ਸਮਝਦਾ ਹੈ, ਪਰਸਪਰ ਵਿੱਥਾਂ ਮਿੱਟਦੀਆਂ ਹਨ, ਇਕ ਦੂਜੇ ਨੂੰ ਸਹਿਯੋਗ ਦੇਣ ਦੀ ਲਾਲਸਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਚੰਗੇ ਸਮਾਜ ਦੀ ਸਿਰਜਨਾ ਹੁੰਦੀ ਹੈ। ਮਨੁੱਖਤਾ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਅਤੇ ਸਮੁੱਚੇ ਸਮਾਜਿਕ ਕਲਿਆਣ ਲਈ ਸਤਿਸੰਗਤ ਵਿਸ਼ੇਸ਼ ਮਹੱਤਵ ਗ੍ਰਹਿਣ ਕਰਦੀ ਹੈ। ਸਹੀ ਅਰਥਾਂ ਵਿਚ ਆਪਸ ਵਿਚ ਮਿਲ ਜੁਲ ਕੇ ਤੇ ਇਕ ਦੂਜੇ ਦੀ ਸਹਾਇਤਾ ਕਰਕੇ ਹੀ ਮਨੁੱਖੀ ਕਾਰ-ਵਿਹਾਰ ਚਲਦਾ ਹੈ। ਏਕੇ, ਇਕੱਠ ਵਿਚ ਬਰਕਤ ਹੁੰਦੀ ਹੈ। ਧਰਮ ਦੇ ਆਮ ਅਰਥ ਪੱਛਮੀ ਅਤੇ ਭਾਰਤੀ ਭਾਸ਼ਾਵਾਂ ਵਿਚ ਮਨੁੱਖਾਂ ਨੂੰ ਆਪਸ ਵਿਚ ਅਤੇ ਪਰਮਾਤਮਾ ਨਾਲ ਜੋੜਨ ਦੇ ਹੀ ਲਏ ਜਾਂਦੇ
ਹਨ। ਗੁਰਬਾਣੀ ਦੇ ਮਹਾਨ ਗਿਆਤਾ ਭਾਈ ਗੁਰਦਾਸ ਜੀ ਅਨੁਸਾਰ ਇਕ ਹੋਵੇ ਤਾਂ ਸਿੱਖ, ਦੋ ਸਿੱਖ ਇਕੱਠੇ ਹੋ ਜਾਣ ਤਾਂ ਸੰਗਤ ਅਤੇ ਪੰਜ ਸਿੱਖ ਹੋਣ ਤਾਂ ਪਰਮੇਸ਼ਵਰ ਰੂਪ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਨੇ ਆਰੰਭ ਤੋਂ ਸੰਗਤ ਦੇ ਆਸ਼ੇ ਨੂੰ ਮੁੱਖ ਰੱਖਦਿਆਂ ਗੁਰੂ ਜੀ ਜਿਸ ਵੀ ਯਾਤਰਾ ‘ਤੇ ਗਏ ਭਾਈ ਮਰਦਾਨੇ ਨੂੰ ਆਪਣੇ ਨਾਲ ਰੱਖਿਆ। ਗੁਰੂ ਜੀ ਜਿੱਥੇ ਵੀ ਗਏ ਉਥੇ ਹੀ ਸੰਗਤ ਕਾਇਮ ਕੀਤੀ ਤੇ ਉਸ ਦੀ ਸਹੂਲਤ ਲਈ ਧਰਮਸਾਲ ਬਣਵਾਈ ਜਿਸ ਨੂੰ ਬਾਅਦ ਵਿਚ ਗੁਰਦੁਆਰਾ ਦਾ ਨਾਮ ਦਿੱਤਾ ਗਿਆ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ ‘ ਜਿਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥ ਸਿਧਾਸਣ ਸਭਿ ਜਗਤਿ ਦੇ ਨਾਨਕ ਆਦਿ ਮਤੇ ਜੇ ਕੋਆ॥ ਘਰ ਘਰ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥ (੧:੨੭)

ਸਿੱਖ ਧਰਮ ਦੇ ਸੰਗਤ ਅਤੇ ਗੁਰਬਾਣੀ ਦੋ ਵੱਡੇ ਥੰਮ੍ਹ ਹਨ। ਇਕ ਸਰਗੁਣ ਤੇ ਦੂਜਾ ਨਿਰਗੁਣ। ਇਕ ਬਾਹਰਮੁਖੀ, ਦੂਜਾ ਅੰਦਰਮੁਖੀ। ਗੁਰ ਸੰਗਤ, ਗੁਰੂ ਦੀ ਜ਼ਾਹਰੀ ਸ਼ਕਤੀ ਹੈ ਤੇ ਗੁਰਬਾਣੀ ਦੀ ਆਤਮਕ ਤਥਾ ਰਹੱਸਵਾਦੀ ਸ਼ਕਤੀ ਹੈ। ਗੁਰੂ ਜੀ ਨੇ ਜੋ ਸੰਗਤਾਂ ਕਾਇਮ ਕੀਤੀਆਂ ਸਮੇਂ ਦੇ ਲੰਘ ਜਾਣ ਉਪਰੰਤ ਇਨ੍ਹਾਂ ਦੇ ਧਾਰਮਿਕ ਤੇ ਰਾਜਸੀ ਵਿਕਾਸ ਨਾਲ ਸਿੱਖ ਧਰਮ ਦਾ ਵਿਕਾਸ ਹੋਇਆ। ਗੁਰੂ ਅਮਰਦਾਸ ਜੀ ਨੇ ਏਸੇ ਉਦੇਸ਼ ਤਹਿਤ ‘ਮੰਜੀਆਂ’ ਸਥਾਪਤ ਕੀਤੀਆਂ। ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਇਹ ਸੰਗਤਾਂ ਪਕਿਆਈ ਨਾਲ ਸੰਗਠਿਤ ਹੋਈਆਂ ਅਤੇ ਦਸਮ ਪਾਤਸ਼ਾਹ ਨੇ ਸਿੱਖ ਸੰਗਤਾਂ ਨੂੰ ਅੰਤਮ ਰੂਪ ਦੇ ਕੇ ਖਾਲਸਾ ਪੰਥ ਦਾ ਨਿਰਮਾਣ ਕੀਤਾ। ਸਿੱਖ ਧਰਮ ਦੁਨੀਆਂ ਦੇ ਇਤਿਹਾਸ ਵਿਚ ਗੁਰਮਤਿ ਰਹਿਣੀ ਬਹਿਣੀ ਤੇ ਸਭਿਆਚਾਰਕ ਰਹਿਤਲ ਦੇ ਨੁਕਤਾ ਨਿਗਾਹ ਤੋਂ ਇਕ ਸਰਬ-ਸਾਂਝਾ ਭਾਈਚਾਰਕ ਸਬੰਧ ਕਾਇਮ ਕਰਨ ਲਈ ਨੁਮਾਇਆ ਹੈਸੀਅਤ ਰੱਖਦਾ ਹੈ ।

ਡਾ. ਦੀਵਾਨ ਸਿੰਘ ਅਨੁਸਾਰ ਸਿੱਖ ਸੰਗਤਾਂ ਦਾ ਤੁਲ ਨਿਰੋਲ ਅਧਿਆਤਮਕ ਹੈ ਅਤੇ ਇਸ ਉਪਰ ਕੀਤੀ ਗਈ ਉਸਾਰੀ ਸਮਾਜਿਕ ਤੇ ਆਰਥਕ ਤੱਤਾਂ ਨਾਲ ਕੀਤੀ ਗਈ ਹੈ। ਗੁਰੂ ਨਾਨਕ ਸਾਹਿਬ ਨੇ ਪਹਿਲਾਂ ਕਰਤਾਰਪੁਰ ਤੇ ਗੁਰੂ ਅਮਰਦਾਸ ਜੀ ਨੇ ਫਿਰ ਖਡੂਰ ਸਾਹਿਬ ਸੰਗਤ ਨਾਲ ਪੰਗਤ (ਲੰਗਰ) ਨੂੰ ਜੋੜ ਦਿੱਤਾ। ਇਹ ਇਕ ਅਜਿਹਾ ਕਾਰਨਾਮਾ ਸੀ ਜਿਸ ਦੀ ਮਿਸਾਲ ਦੁਨੀਆਂ ਭਰ ਵਿਚ ਨਹੀਂ ਮਿਲਦੀ। ਖਾਲਸਾ ਮਨੁੱਖੀ ਭਾਈਚਾਰਾ ਹੋਂਦ ਵਿਚ ਆ ਗਿਆ। ਜ਼ਬਰਦਸਤ ਜਨਤਕ ਲਹਿਰ ਤੇ ਇਕ ਨਿੱਗਰ ਧਾਰਮਿਕ ਅੰਦੋਲਨ ਪਹਿਲੀ ਵਾਰ ਭਾਰਤ ਦੇ ਨਿੱਘਰ ਚੁੱਕੇ ਤੇ ਡਾਵਾਂਡੋਲ ਸਭਿਆਚਾਰ ਅੰਦਰ ਨਵੇਂ ਸਿਰਿਓਂ ਇਕ ਰੂਹ ਫੂਕੀ ਗਈ। ਸਿੱਖ ਧਰਮ ਦੇ ਇਨ੍ਹਾਂ ਬਾਨੀਆਂ ਨੇ ਆਪ ਕਿਰਤ ਕੀਤੀ ਤੇ ਸਿੱਖਾਂ ਨੂੰ ਵੀ ਵਿਹਲੇ ਰਹਿਣ ਤੋਂ ਵਰਜ ਕੇ ਕਿਰਤੀ ਬਣਾਇਆ। ਹਿੰਦੂ ਧਰਮ ਵਿਚ ਤੇ ਬੁੱਧ, ਜੈਨ ਆਦਿ ਧਰਮਾਂ ਵਿਚ ਸੰਸਾਰ ਦੇ ਤਿਆਗ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਜਿਸ ਦੇ ਨਤੀਜੇ ਵਜੋਂ ਘਰ ਬਾਹਰ ਛੱਡ ਕੇ ਸਾਧੂ, ਤਿਆਗੀ ਹੋ ਜਾਂਦੇ ਸਨ, ਸਿੱਖ ਗੁਰੂ ਸਾਹਿਬਾਨ ਨੇ ਇਸ ਸਭਕਾਸੇ ਨੂੰ ਰੱਦ ਕਰਦਿਆਂ ਸਗੋਂ ਗ੍ਰਹਿਸਥ ਜੀਵਨ ਨੂੰ ਪ੍ਰਧਾਨਤਾ ਦਿੱਤੀ ਤੇ ਉਸ ਨੂੰ ਸੰਸਾਰੀ, ਕਿਰਤੀ, ਦਾਨੀ, ਸਮਾਜ ਦੀ ਅਗਵਾਈ ਤੇ ਸੇਵਾ ਕਰਨ ਵਾਲਾ ਦੱਸਿਆ।
ਗੋਇਆ ਜੀ-ਜ਼ਿੰਦਗੀਨਾਮਾ ‘ਚ ਆਪਣੇ ਸ਼ੇਅਰਾਂ ਰਾਹੀਂ ਸੰਗਤ ਤੇ ਕੁਸੰਗਤ ਬਾਰੇ ਦੱਸਦੇ ਹਨ ਕਿ ਉਹੀ ਇਕੱਠ (ਸੰਗਤ) ਮੁਬਾਰਕ ਹੈ ਜੋ ਬੰਦਗੀ, ਜ਼ਿੰਦਗੀ ਤੇ ਪ੍ਰਭੂ-ਯਾਦ ਲਈ ਜੁੜੇ ਅਤੇ ਜਿਸ ਦੀ ਬੁਨਿਆਦ ਸੱਚ ਅਥਵਾ ਸੱਚੇ ਪਾਤਸ਼ਾਹ ਉੱਤੇ ਹੋਵੇ। ਪਰ ਉਹ ਇਕੱਠ (ਹਜ਼ੂਮ) ਨਿੰਦਨੀਯ ਹੈ ਜੋ ਸ਼ੈਤਾਨੀ (ਮੰਦੇ) ਕੰਮਾਂ ਲਈ ਮਿਲ ਬੈਠੇ ਕਿਉਂਕਿ ਅੰਤ ਨੂੰ ਐਸੀ ਸੰਗਤ ਤੋਂ ਪਰਛਾਵਾਂ ਤੇ ਪਰੇਸ਼ਾਨੀ ਤੋਂ ਸਿਵਾ ਕੁੱਝ ਪੱਲੇ ਨਹੀਂ ਪੈਂਦਾ। ਸੰਤ ਮਹਾਂਪੁਰਸ਼ਾਂ ਨੇ ਇਨਸਾਨ ਨੂੰ ਮਾੜੀ ਸੰਗਤ (ਕੁਸੰਗਤ) ਤੋਂ ਕੋਹਾਂ ਦੂਰ ਭੱਜ ਜਾਣ ਦੀ ਤਾਕੀਦ ਵੀ ਕੀਤੀ ਹੈ ।

ਜਰਮਨ ਦੇ ਮਹਾਨ ਫਿਲਾਸਫਰ ਗੋਇਟੇ ਦਾ ਕਥਨ ਹੈ ਕਿ ਮੈਨੂੰ ਇਹ ਦੱਸੋ ਤੁਸੀਂ ਕਿਨ੍ਹਾਂ ਲੋਕਾਂ ਵਿਚ ਬੈਠਦੇ, ਉੱਠਦੇ ਤੇ ਵਿਚਰਦੇ ਹੋ, ਮੈਂ ਤੁਹਾਨੂੰ ਦੱਸ ਦਿਆਂਗਾ ਕਿ ਤੁਸੀਂ ਕੌਣ ਹੋ?

ਭਾਈ ਨੰਦ ਲਾਲ ਜੀ ਨੇ ਸਿੱਖ ਧਰਮ ਦਾ ਨਾਉਂ ‘ਸਾਧ ਸੰਗ’ ਲਿਖਿਆ ਹੈ, ‘ਹਮਚੂਨਾਂ ਦਰ ਮਜ਼ਹਬੇ ਈ ਸਾਧ ਸੰਗ। (ਜ਼ਿੰਦਗੀਨਾਮਾ)

ਗੁਰੂ ਅਮਰਦਾਸ ਜੀ ਦੇ ਦਰਬਾਰ ਦੀ ਮਹਿਮਾ ਸੀ ਕਿ ‘ਕੋਈ ਸ਼ਰਧਾਲੂ ਪਹਿਲਾਂ ਲੰਗਰ ਵਿਚ ਸੰਗਤ ਤੇ ਪੰਗਤ ਦੀ ਮਰਯਾਦਾ ਦਾ ਪਾਲਣ ਕਰਕੇ ਪ੍ਰਸ਼ਾਦ ਛਕੇ ਤੋਂ ਬਗੈਰ ਗੁਰੂ ਜੀ ਦੇ ਸਨਮੁਖ ਹਾਜ਼ਰ ਨਹੀਂ ਹੋ ਸਕਦਾ। ਮੁਗਲ ਸਮਰਾਟ ਅਕਬਰ ਜਦ ਦਿੱਲੀ ਤੋਂ ਲਾਹੌਰ ਨੂੰ ਜਾਂਦਾ ਹੋਇਆ ਗੋਇੰਦਵਾਲ ਅਟਕਿਆ ਤਾਂ ਉਸ ਨੇ ਵੀ ਸ਼ਰਧਾਭਾਵਨਾ ਸਹਿਤ ਇਸ ਗੁਰ ਮਰਯਾਦਾ ਦਾ ਪਾਲਣ ਕੀਤਾ। ਇਸੇ ਤਰ੍ਹਾਂ ਸੰਨ ੧੮੩੨ ਈ. ਵਿਚ ਜਦ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਤੋਂ ਗੁੰਮਟਾਲੇ ਪਹੁੰਚੇ ਤਾਂ ਉਹ ਉੱਥੇ ਵਜ਼ੀਰਾਂ ਸਮੇਤ ਗੁਰੂ ਕੇ ਲੰਗਰ ਵਿਚ ਪ੍ਰਸ਼ਾਦ ਛਕੇ ਤੋਂ ਬਗੈਰ ਹਾਜ਼ਰੀ ਨਾ ਦੇ ਸਕੇ। ਸੰਤ ਸ਼ੇਰ ਸਿੰਘ ਜੀ ਨੇ ਇਹ ਇਤਿਹਾਸਕ ਵਾਕਿਆ ਗ੍ਰੰਥ ਬੀਰ ਮ੍ਰਿਗੇਸ਼ ਗੁਰਬਿਲਾਸ ਵਿਚ ਖੁੱਲ੍ਹ ਕੇ ਦਰਜ ਕੀਤਾ ਹੈ।

ਸੰਗਤ ਸੰਸਥਾ ਨੂੰ ਸਿੱਖ ਗੁਰੂ ਸਾਹਿਬਾਨ ਨੇ ਸਾਰਿਆਂ ਪੱਖਾਂ ਤੋਂ ਸੰਪੂਰਨ ਕਰਨ ਦੇ ਉਪਰਾਲੇ ਕੀਤੇ। ਧਰਮਸ਼ਾਲਾਵਾਂ, ਗੁਰਦੁਆਰੇ, ਬਉਲੀਆਂ ਅਤੇ ਖੂਹ ਬਣਵਾਏ, ਮੱਲ ਅਖਾੜੇ ਅਤੇ ਸਰੋਵਰਾਂ, ਸ਼ਹਿਰਾਂ ਦਾ ਨਿਰਮਾਣ ਕੀਤਾ। ਅੰਮ੍ਰਿਤਸਰ, ਰਾਮਸਰ, ਸੰਤੋਖਸਰ, ਕੌਲਸਰ, ਬਿਬੇਕਸਰ, ਤਰਨਤਾਰਨ, ਬਾਉਲੀ ਸਾਹਿਬ, ਛੇਹਰਟਾ ਸਾਹਿਬ ਆਦਿ। ਪੰਜਵੇਂ ਗੁਰੂ ਜੀ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਰ ਦਿੱਤਾ। ਸੰਗਤ ਬਾਣੀ ਨਾਲ ਜੁੜ ਗਈ। ਛੇਵੇਂ ਪਾਤਸ਼ਾਹ ਜੀ ਨੇ ਮੀਰੀ-ਪੀਰੀ ਦੋਹਾਂ ਪੱਖਾਂ ਤੋਂ ਸੁਚੇਤ ਹੋਣ ਦੀ ਪ੍ਰੇਰਨਾ ਕੀਤੀ। ਦਸਮ ਪਾਤਸ਼ਾਹ ਨੇ ਖਾਲਸੇ ਦਾ ਰੂਪ ਦੇ ਦਿੱਤਾ।

ਪ੍ਰਿੰ. ਤੇਜਾ ਸਿੰਘ ਦੇ ਕਥਨ ਅਨੁਸਾਰ, ‘ਸਿੱਖ ਧਰਮ ਇਕ ਅਮਲੀ ਧਰਮ ਹੈ। ਇਹਦੇ ਵਿਚ ਮਨੁੱਖ ਦਾ ਸਭ ਤੋਂ ਵੱਡਾ ਕੰਮ ਨਾਮ ਜਪਣਾ ਤੇ ਸੇਵਾ ਕਰਨੀ ਹੈ। ਨਾਮ ਜਪਣ ਤੋਂ ਭਾਵ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਦੇ ਗੁਣ ਗਾਉਣੇ ਅਤੇ ਲਿਵ ਨੂੰ ਉੱਚਾ ਕਰਕੇ ਵਾਹਿਗੁਰੂ ਨਾਲ ਮਿਲਾ ਦੇਣਾ ਹੈ। ਇਹ ਕੰਮ ਸੰਗਤ ਵਿਚ ਜੁੜ ਕੇ ਕੀਰਤਨ ਕਰਨ ਜਾਂ ਸੁਣਨ ਨਾਲ ਸਹਿਜੇ ਹੋ ਸਕਦਾ ਹੈ। “ ਆਤਮਕ ਉਨਤੀ ਲਈ ਸਤਿਸੰਗਤ ਇਕ ਸੌਖਾ ਤੇ ਵਧੇਰੇ ਅਸਰ ਕਰਨ ਵਾਲਾ ਸਾਧਨ ਹੈ। ਏਸੇ ਲਈ ਗੁਰੂ ਸਾਹਿਬ ਨੇ ਰੂਹਾਨੀ ਤਰੱਕੀ ਵਾਸਤੇ ਸਤਿਸੰਗਤ ਵਿਚ ਜੁੜਨਾ ਸਿੱਖ ਮਰਯਾਦਾ ਦਾ ਇਕ ਜ਼ਰੂਰੀ ਅੰਗ ਬਣਾਇਆ। ਗੁਰਬਾਣੀ
ਵਿਚ ਸਤਿਸੰਗਤ ਨੂੰ ਮਹਾਨ ਤੀਰਥ ਮੰਨਿਆ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਤੀਰਥ ਉਹ ਪਵਿੱਤਰ ਅਸਥਾਨ ਹੁੰਦਾ ਹੈ, ਜਿਸ ਦੁਆਰਾ ਪਾਪਾਂ ਤੋਂ ਬਚ ਜਾਈਦਾ ਹੈ। ਸਤਿਸੰਗਤ ਦੀ ਵਡਿਆਈ ਐਸੀ ਹੈ ਕਿ ਉਹ ਨੀਚੋਂ ਊਚ ਕਰ ਦਿੰਦੀ ਹੈ। ਭਗਤ ਧੰਨਾ ਜੀ ਨੇ ਆਖਿਆ ਸੀ “ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥” ਇਹ ਉਸ ਦੀ ਦਇਆਲਤਾ ਦਾ ਹੀ ਕਰਮ ਹੈ “ਐ ਜੀ ਸਦਾ ਦਇਆਲੁ ਦਇਆ ਕਰਿ ਰਵਿਆ ਗੁਰਮਤਿ ਮਨਿ ਚੁਕਾਈ ॥ ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ॥” ਅਕਾਲ ਪੁਰਖ ਦੀ ਮਹਿਮਾ ਗਾਉਣ ਵਿਚ ਜੀਵ ਪ੍ਰਸੰਨਤਾ, ਅਨੰਦ ਮਹਿਸੂਸਦਾ ਹੈ ਤੇ ਉਸ ਦੀ ਪ੍ਰਾਪਤੀ ਦੇ ਜਤਨ ਕਰਦਾ ਹੈ। ਜਦ ਕਾਮ, ਕ੍ਰੋਧ, ਲੋਭ ਆਦਿਕ ਵਿਕਾਰ ਮਨ ਵਿੱਚੋਂ ਨਿਕਲ ਜਾਂਦੇ ਹਨ ਤਾਂ ਮਨੁੱਖ ਨਿਰਭੈ ਹੁੰਦਾ ਜਾਂਦਾ ਹੈ।

ਸੰਗਤ ਅਤੇ ਪੰਗਤ ਵਿਚ ਸੇਵਾ ਨੂੰ ਮਹਾਨ ਰੁਤਬਾ ਮਿਲਿਆ ਹੋਇਆ ਹੈ। ਹਿੰਦੂ ਧਰਮ ਦੀਆਂ ਉੱਚੀਆਂ ਜਾਤਾਂ ਤਾਂ ਕਿਸੇ ਦੂਸਰੇ ਦੀਆਂ ਜੁੱਤੀਆਂ ਛੁਹ ਜਾਣ ਨੂੰ ਅਪਰਾਧ ਮੰਨਦੀਆਂ ਹਨ ਪਰ ਗੁਰੂ ਨਾਨਕ ਦੇਵ ਜੀ ਨੇ ਸੰਗਤ ਸੰਸਥਾ ਵਿਚ ਸੰਗਤ ਦੇ ਜੋੜੇ ਸਾਫ ਕਰਨੇ, ਤਰਤੀਬ ਵਿਚ ਰੱਖਣੇ, ਉਨ੍ਹਾਂ ਦੀ ਚਰਨ-ਧੂੜ ਲੈਣੀ ਮਹਾਨ ਪੁੰਨ ਕਰਾਰ ਦਿੱਤਾ ਹੈ। ਸੰਗਤ ਨੂੰ ਪੱਖਾ ਝੱਲਣ ਦੀ ਸੇਵਾ, ਜਲ ਪਿਲਾਉਣ ਦੀ ਸੇਵਾ, ਲੰਗਰ ਛਕਾਉਣ ਦੀ ਸੇਵਾ, ਜੂਠੇ ਬਰਤਨ ਸਾਫ ਕਰਨੇ, ਰੋਗੀਆਂ ਦੀ ਦਵਾ-ਦਾਰੂ ਦੀ ਸੇਵਾ ਸਭ ਉੱਤਮ ਹਨ।

ਵਿਣ ਸੇਵਾ ਧ੍ਰਿਗ ਹਥ ਪੈਰ ਹੋਰ ਨਿਹਫਲ ਕਰਣੀ ॥

ਗੁਰਬਾਣੀ ਦੇ ਉਪਦੇਸ਼ ਸਦਕਾ ਇਹ ਸਾਰੇ ਕੰਮ ਉੱਚੀ ਤੇ ਮਹਾਨ ਸੇਵਾ ਦਾ ਰੂਪ ਧਾਰਨ ਕਰ ਗਏ। ਗੁਰੂ ਵੀਹ ਵਿਸਵੇ ਅਤੇ ਸੰਗਤ ਇਕੀ ਵਿਸਵੇ ।

ਸਾਧ ਸੰਗਤ ਨੂੰ ਏਨੀ ਵਡਿਆਈ ਕਿਉਂ ਮਿਲੀ? ਇਸ ਦਾ ਉੱਤਰ ਗੁਰੂ ਸਾਹਿਬਾਨ ਅਤੇ ਸਭ ਬਾਣੀਕਾਰਾਂ ਦੀ ਆਪਣੇ ਸਮਕਾਲੀਨ ਸਮਾਜ ਦੀ ਸਹੀ ਸਮਝ ਵਿੱਚੋਂ ਲੱਭਿਆ ਜਾ ਸਕਦਾ ਹੈ। ਅਜਿਹੀ ਜੁਗਤ ਹੱਸਦਿਆਂ, ਖੇਡਦਿਆਂ, ਪਹਿਨਦਿਆਂ, ਖਾਂਦਿਆਂ ਭਰਪੂਰ ਜੀਵਨ ਵਿਚ ਹੀ ਪ੍ਰਾਪਤ ਹੋ ਸਕਦਾ ਹੈ, ਸਮਾਜ ਤੋਂ ਕਿਨਾਰਾ ਕਰਕੇ ਨਹੀਂ। ਸੰਗਤ, ਗੁਰਸਿੱਖ ਨੂੰ ਸੇਵਾ ਵਿਚ ਲੱਗਣ ਦਾ ਅਵਸਰ ਦਿੰਦੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਆਤਮ-ਗਿਆਨ ਤਥਾ ਬ੍ਰਹਮ ਗਿਆਨ ਦਾ ਭਰਪੂਰ ਭੰਡਾਰ ਹੈ, ਸੰਗਤਿ ਅਥਵਾ ‘ਸਤਿ ਸੰਗਤ’ ਦੀ ਆਵਸ਼ਕਤਾ ਅਤੇ ਸਮਰੱਥਾ ਉੱਤੇ ਬਹੁਤ ਪ੍ਰਕਾਸ਼ ਪਾਉਂਦਾ ਹੈ। ਸਾਰਾ ਹੀ ਗੁਰੂ ਗ੍ਰੰਥ ਸਾਹਿਬ, ਸਾਧਸੰਗਿ, ਸਤਸੰਗਿ, ਸਤਸੰਗਤਿ, ਸਾਧਸੰਗਤਿ, ਗੁਰਸੰਗਤਿ ਅਤੇ ਸੰਤ ਸਭਾ ਆਦਿ ਸ਼ਬਦਾਵਲੀ ਨਾਲ ਪਰਿਪੂਰਣ ਹੈ।

ਉਪਨਿਸ਼ਦ ਵਿਚ ਵੀ ਥਾਂ ਪੁਰ ਥਾਂ ਉਪਦੇਸ਼ ਦਿੱਤਾ ਗਿਆ ਹੈ ਕਿ ਉੱਠੋ, ਜਾਗੋ ਤੇ ਉੱਤਮ ਪਰਸ਼ਾਂ ਦੀ ਸੰਗਤਿ ਕਰੋ। ਅਰਥਾਤ ਤੱਤ ਗਿਆਨ ਦੀ ਸੋਝੀ ਸਤਿਪੁਰਸ਼ਾਂ ਦੀ ਸੰਗਤਿ ਵਿੱਚੋਂ ਹੀ ਆ ਸਕਦੀ ਹੈ। ਡਾ. ਗੁਰਦੀਪ ਸਿੰਘ ਭੰਡਾਰੀ ਜੀ ਆਪਣੇ ਇਕ ਲੇਖ ਵਿਚ ਨਾਮ ਦੀ ਮਹਿਮਾ ਦਾ ਵਰਨਣ ਕਰਦੇ ਹੋਏ ਲਿਖਦੇ ਹਨ ਕਿ ‘ਨਾਮ’ ਅਕੱਥ ਤੇ ਅਨਿਰਵਚਨੀਯ ਹੈ। ਅਸੀਂ ਆਪਣੀ ਮਨਬੁੱਧੀ ਨਾਲ ਸੋਚ ਲੈਂਦੇ ਹਾਂ ਕਿ ‘ਵਾਹਿਗੁਰੂ’, ‘ਅੱਲਾਹ’,’ਰਾਮ’ ਆਦਿ ਸ਼ਬਦ ਹੀ ਉਸ ਅਕਾਲ ਪੁਰਖ ਦੇ ਨਾਮ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾਮ ਨੂੰ ‘ਅਮੋਲਕ ਰਤਨ’ ਅਥਵਾ ‘ਨਿਰਮੋਲਕ ਹੀਰਾ’ ਆਖਿਆ ਗਿਆ ਹੈ । ‘ਨਾਮ’ ਇਕ ਹੈ ਅਤੇ ਹਰ ਇਕ ਅੰਦਰ ਵਿਆਪਕ ਹੈ। ਉਹ ‘ਨਾਮ’, ‘ਰਾਮ’, ‘ਵਾਹਿਗੁਰੂ’ ਜਾਂ ‘ਅੱਲਾਹ’ ਆਦਿ ਸ਼ਬਦਾਂ ਦੁਆਰਾ ਵੰਡਿਆ ਨਹੀਂ ਜਾ ਸਕਦਾ। ਉਹ ਨਾਮ ਕਿਸੇ ਇਕ ਕੌਮ, ਕਿਸੇ ਇਕ ਮਜ਼੍ਹਬ, ਕਿਸੇ ਇਕ ਦੇਸ਼ ਜਾਂ ਕਿਸੇ ਇਕ ਵਿਅਕਤੀ ਦੀ ਮਲਕੀਅਤ ਨਹੀਂ ਹੈ। ਉਹ ਸਰਬ ਸਾਂਝਾ ਨਾਮ ਹੈ। ਉਸ ਨਾਮ ਨੂੰ ਗੁਰੂ ਸਾਹਿਬਾਨ ਅਤੇ ਹੋਰ ਸੰਤਾਂ, ਭਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਅੰਮ੍ਰਿਤ ਨਾਮ’, ‘ਨਵਨਿਧਿ ਨਾਮ’, ‘ਸਤਿਨਾਮ’, ‘ਹਰਿ ਨਾਮ’, ‘ਰਾਮ ਨਾਮ’, ‘ਏਕੋ ਨਾਮ’, ‘ਗੁਪਤ ਨਾਮ’, ‘ਸਾਚਾ ਨਾਮ’, ‘ਦੁਰਲਭ ਨਾਮ’, ‘ਅਮੋਲਕ ਨਾਮ’, ‘ਅਬਿਨਾਸ਼ੀ ਨਾਮ’, ‘ਦੁੱਖਭੰਜਣ ਨਾਮ’, ‘ਸਹਿਜ ਨਾਮ’, ‘ਅਉਖਧ ਨਾਮ’, ‘ਅਮੋਲਕ ਨਾਮ’, ‘ਹਰਿ ਹਰਿ ਨਾਮ’ ਤੇ ‘ਰਤਨ ਨਾਮ’ ਆਦਿ ਸ਼ਬਦਾਂ ਦੁਆਰਾ ਸਮਝਾਉਣ ਦਾ ਯਤਨ ਕੀਤਾ वै:

ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥
(ਅੰਗ ੭੨)

ਸਤਸੰਗਤਿ ਉਹ ਬੈਠਕ ਹੈ ਜਿਥੇ ਕੇਵਲ ਏਕੋ ਨਾਮ ਦੀ ਹੀ ਚਰਚਾ ਕੀਤੀ ਜਾਵੇ ਅਤੇ ਜਿਥੇ ‘ਏਕੋ ਨਾਮ’ ਦੇ ਗੁੱਝੇ ਭੇਦ ਦੀ ਬੁਝਾਰਤ ਨੂੰ ਸਤਿਗੁਰੂ ਦੁਆਰਾ ਸੁਲਝਾਇਆ ਜਾਵੇ। ‘ਏਕੋ ਨਾਮ’ ਉਹ ਨਾਮ ਹੈ ਜਿਹੜਾ ਸਮੇਂ ਸਥਾਨ ਦੀ ਕੈਦ ਤੋਂ ਮੁਕਤ ਹੈ। ਉਹ ‘ਨਾਮ’ ਆਦਿ ਵਿਚ ਵੀ ਸੀ, ਵਰਤਮਾਨ ਵਿਚ ਵੀ ਹੈ ਤੇ ਭਵਿੱਖ ਵਿਚ ਵੀ ਰਹੇਗਾ।

ਉਹ ਸੱਚਾ ਸਰੂਪ ਅਕਾਲ ਪੁਰਖ ਹਰ ਮਨੁੱਖ ਦੇ ਅੰਦਰ ਵਿਦਮਾਨ ਹੈ। ਜਦੋਂ ਨਾਮ ਅਭਿਆਸੀ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਣੇ ਮਨ ਦੁਆਰਾ ਅੰਤਰਮੁਖ ਹੋ ਕੇ ਉਸ ‘ਸਚ’ ਦੀ ਸੰਗਤਿ ਕਰਦਾ ਹੈ ਤਾਂ ਪ੍ਰਾਣੀ ਦਾ ਮਨੂਰ ਹੋਇਆ ਮਨ ਕੰਚਨ ਹੋ ਜਾਂਦਾ ਹੈ। ਇਸ ਸੂਚ ਦੀ ਛੁਹ ਨਾਲ ਅੰਤਰ ਆਤਮਾ ਜਗਮਗਾ ਉੱਠਦੀ ਹੈ। ਉਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਕੂੜ ਕੁਸਤਿ, ਨਿੰਦਾ, ਚੁਗਲੀ ਆਦਿ ਤੋਂ ਮੁਕਤ ਹੋ ਜਾਂਦਾ ਹੈ ਤੇ ‘ਸਤਿ ਸੰਤੋਖ, ਸੀਲ ਸੰਜਮ, ਖਿਮਾ, ਦਯਾ, ਨਿਮਰਤਾ, ਨਿਰਲੇਪਤਾ, ਨਿਸ਼ਕਪਟਤਾ, ਨਿਰਮਾਣਤਾ ਆਦਿ ਗੁਣਾਂ ਨੂੰ ਧਾਰਣ ਕਰਦਾ ਹੋਇਆ ਧਰਮ ਦੀ ਮੂਰਤ ਬਣ ਜਾਂਦਾ ਹੈ। ਉੱਤਮ ਪੁਰਸ਼ਾਂ ਦੀ ਸੰਗਤਿ ਵਿਚ ਰਹਿ ਕੇ ਉੱਤਮਤਾ ਪ੍ਰਾਪਤ ਹੁੰਦੀ ਹੈ। ਲੋਹਾ ਅੱਗ ਵਿਚ ਪੈ ਕੇ ਅਗਨੀ ਸਰੂਪ ਹੋ ਜਾਂਦਾ ਹੈ । ਬੀਜ ਮਿੱਟੀ ਵਿਚ ਮਿਲ ਕੇ ਪ੍ਰਫੁਲਤ ਹੁੰਦਾ ਹੈ। ਨਦੀ ਸਾਗਰ ਵਿਚ ਮਿਲ ਕੇ ਸਾਗਰ ਦੀ ਅਸੀਮਤਾ ਪ੍ਰਾਪਤ ਕਰ ਲੈਂਦੀ ਹੈ। ਗਨਕਾ ਤੋਤੇ ਨੂੰ ਰਾਮ ਨਾਮ ਪੜ੍ਹਾਉਂਦੀ ਹੋਈ ਸੰਸਾਰ ਸਾਗਰ ਤੋਂ ਪਾਰ ਲੰਘ ਗਈ। ਕੁਬਜਾ ਨੂੰ ਕ੍ਰਿਸ਼ਨ ਦੀ ਉੱਤਮ ਛੋਹ ਨੇ ਬੈਕੁੰਠ ਵਿਖੇ ਪਹੁੰਚਾ ਦਿੱਤਾ । ਗੁਰਬਾਣੀ ‘ਚ ਅੰਕਿਤ ਹੈ:

ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥ ਸਤਿਸੰਗਤਿ ਦੇ ਲਾਭ ਬੇਅੰਤ ਗੁਣ ਅਨੰਤ ਹਨ, ਮਹਿਮਾ ਅਪਰੰਪਾਰ ਹੈ।
(ਅੰਗ ੯੮੧)

-ਦਿਲਜੀਤ ਸਿੰਘ ਬੇਦੀ
(ਗੁਰਪੁਰਵਾਸੀ)