views 51 secs 0 comments

ਮੈਂ ਕੌਣ ਹਾਂ?

ਲੇਖ
June 30, 2026

ਕਦੇ ਤਾਂ ਤਨਹਾਈ ਨੂੰ ਆਵਾਜ਼ ਮਾਰੋ, ਆਪਣੇ ਆਪ ਨੂੰ ਸਲਾਮ ਕਰੋ, ਵੇਖੋ! ਤੁਹਾਡੀ ਆਤਮਾ ਦਾ ਲਿਬਾਸ ਕੈਸਾ ਹੈ, ਤਕੜੇ ਹੋ ਕੇ ਆਪਣੇ ਸੀਨੇ ਦੀ ਗੁਫਾ ਅੰਦਰ ਦਾਖ਼ਲ ਹੋਵੇ ਤੇ ਉਥੇ ਜੋ ਕੁਝ ਪਿਆ ਮਿਲੇ, ਉਸ ਨੂੰ ਉਲਟਾ-ਪੁਲਟਾ ਕੇ ਵੇਖਣ ਦਾ ਜਤਨ ਕਰੋ। -ਅਨਾਮ

ਇਕ ਦਿਨ ਦੀ ਗੱਲ ਹੈ, ਮੈਂ ਤੜਕੇ ਜਾਗਿਆ ਤੇ ਮੰਜੇ ‘ਤੇ ਪਿਆ ਹੀ ਸੋਚਣ ਲੱਗਾ, ‘ਮੈਂ ਕੌਣ ਹਾਂ?’ ਮੇਰੇ ਅੰਦਰ ਲੜੀਵਾਰ ਕਈ ਉੱਤਰ ਉਤਪੰਨ ਆਣ ਹੋਏ। ‘ਮੈਂ ਛੇ ਫੁੱਟ ਲੰਮਾ ਆਦਮੀ ਹਾਂ’, ‘ਮੈਂ ਪੰਜਾਬੀ ਹਾਂ’, ‘ਮੈਂ ਡਾਕਟਰ ਹਾਂ’, ‘ਮੈਂ ਸੋਚਦਾ ਹਾਂ’, ‘ਮੈਂ ਨਹਾਉਣਾ ਹੈ, ‘ਮੈਂ ਅੱਜ ਛੁੱਟੀ ਕਰਨੀ ਚਾਹੁੰਦਾ ਹਾਂ’। ਧਿਆਨ ਲਾਇਆ, ਜਾਪਿਆ ਕਿ ਹਰੇਕ ਉੱਤਰ ਵਿਚ ਵਰਤਦੀ ‘ਮੈਂ’ ਵੱਖਰੀ ਵੱਖਰੀ ਕਿਸਮ ਦੀ ਹੈ। ਕਦੇ ਤਾਂ ਇਹ ਸਰੀਰ ਨਾਲ ਸੰਬੰਧਤ ਸੀ, ਕਦੇ ਵਤਨ ਨਾਲ, ਕਦੇ ਕਿੱਤੇ ਨਾਲ, ਕਦੇ ਮਾਨਸਿਕਤਾ ਨਾਲ, ਕਦੇ ਕਾਰਜ ਨਾਲ ਤੇ ਕਦੇ ਇੱਛਾ ਨਾਲ। ਮੈਂ ਸੋਚਿਆ, ‘ਕੀ ਮੇਰੇ ਅੰਦਰ ਸੱਚਮੁਚ ਇਤਨੀਆਂ ‘ਮੈਂਆਂ’ ਵਿਚਰਦੀਆਂ ਹਨ ਜਾਂ ਇਨ੍ਹਾਂ ਸਭਨਾਂ ਪਿੱਛੇ ਕੋਈ ਹੋਰ ਸਾਂਝੀ ‘ਮੈਂ’ ਵਰਤ ਰਹੀ ਹੈ? ਵਿਚਾਰ ਆਇਆ, ਸ਼ਾਇਦ ਇਨ੍ਹਾਂ ਪਿੱਛੇ ਹੋਂਦ ਦਾ ਅੰਤਰਮੁਖੀ ਅਨੁਭਵ ਵਰਤਦਾ ਹੈ। ਇਹ ਮੇਰੇ ਸਰੀਰਕ ਬਿੰਬ ਨਾਲੋਂ, ਮੇਰੇ ਸਮਾਜਕ ਵਰਗ ਨਾਲੋਂ, ਮੇਰੀਆਂ ਸਰਗਰਮੀਆਂ ਤੇ ਮੇਰੀਆਂ ਇੱਛਾਵਾਂ ਸਭਨਾਲੋਂ ਵੱਖਰਾ ਹੈ। ਇਹ ਸਭ ‘ਮੈਂਆਂ’ ਤਾਂ ਮੇਰੇ ਵੱਖ ਵੱਖ ਪੱਖਾਂ ਨਾਲ ਸੰਬੰਧਤ ਹਨ, ਪਰ ਅਸਲ ‘ਮੈਂ’ ਸ਼ਾਇਦ ਕਿਸੇ ਅੰਤਰੀਵ ਨਿੱਜਤਾ ਦੀ ਚੇਤਨਾ ਹੁੰਦੀ ਹੈ।

ਤਦ ਮੈਂ ਧਿਆਨ ਨਾਲ, ਇਸ ‘ਮੈਂ’ ਦੀ ਨਿੱਜਤਾ ਨੂੰ ਪਛਾਣਨ ਦਾ ਜਤਨ ਕਰਨ ਲੱਗਾ। ਜਾਂ ਇਉਂ ਕਹੋ, ਮੈਂ ਆਪਣੀ ‘ਮੈਂ’ ਦੀ ਅੰਦਰਲੀ ਜੜ੍ਹ ਭਾਲਣ ਲੱਗਾ। ਤਦ ਲੱਗਾ, ਜੋ ਵੀ ਵਿਚਾਰ, ਬਿੰਬ, ਭਾਵ ਜਾਂ ਇੱਛਾ ਆਦਿ ਮੇਰੇ ਅੰਦਰ ਜਾਗਦੇ ਹਨ, ਮੇਰੀ ‘ਮੈਂ’ ਇਨ੍ਹਾਂ ਸਭਨਾਂ ਨਾਲ ਸੰਬੰਧਤ ਹੋਣ ਦੇ ਬਾਵਜੂਦ ਇਨ੍ਹਾਂ ਸਭਨਾਂ ਤੋਂ ਅਲੱਗ ਹੁੰਦੀ ਹੈ। ਉਹੀ ਤਾਂ ਇਨ੍ਹਾਂ ਸਭਨਾਂ ਦੀ ਵੇਖਣਹਾਰੀ, ਸਭਨਾਂ ਦੀ ਦ੍ਰਸ਼ਟਾ ਜਾਪਦੀ ਹੈ। “ਤਾਂ ਕੀ ਇਹ ਵੇਖਣਹਾਰ ਚੇਤਨਾ ਹੀ ‘ਮੈਂ’ ਹੈ ਜੋ ਹਰ ਪ੍ਰਕਾਰ ਦੇ ਮਾਨਸਿਕ ਅਥਵਾ ਸਰੀਰਕ ਅਨੁਭਵਾਂ ਪਿੱਛੇ ਲਗਾਤਾਰ ਕਾਇਮ ਰਹਿੰਦੀ ਹੈ?” ਇਹ ਵਿਚਾਰ ਆਉਂਦਿਆਂ ਸਾਰ ਹੀ ਮੈਨੂੰ ਲੱਗਾ ਕਿ ਪਹਿਲੀਆਂ ਸਭ ‘ਮੈਂਆਂ’ ਤਾਂ ਕੇਵਲ ਮੇਰੀ ‘ਮੈਂ! ਮੈਂ!’ ਅਥਵਾ ‘ਹਉਮੈ’ ਸਨ।

‘ਮੈਂ ਮੈਂ’ ਵਾਲੀ ਇਹ ਹਉਮੈ ਹੀ ਵਸਤਾਂ ਨਾਲ ਜੁੜਦੀ ਹੈ- ‘ਇਹ ਮੇਰੀ ਪੱਗ ਹੈ’, ‘ਇਹ ਮੇਰਾ ਘਰ ਹੈ’, ‘ਇਹ ਮੇਰਾ ਵਤਨ ਹੈ’, ‘ਇਹ ਮੇਰਾ ਪੈਸਾ ਹੈ’ ਆਦਿ। ਵਸਤਾਂ ਨਾਲ ਜੁੜਨ ਵਾਂਗ ਹੀ ਇਹ ਮਾਨਸਿਕਤਾ ਨਾਲ ਵੀ ਜੁੜਨਾ ਜਾਣਦੀ ਹੈ- ‘ਇਹ ਮੇਰਾ ਵਿਚਾਰ ਹੈ’, ‘ਇਹ ਮੇਰੀ ਇੱਛਾ ਹੈ’, ‘ਇਹ ਮੇਰਾ ਮਨੋਰਥ ਹੈ’, ‘ਇਹ ਮੇਰਾ ਅਹਿਸਾਸ ਹੈ’ ਆਦਿ।

ਤਦ ਮੈਂ ਇਹ ਪ੍ਰਤੀਤ ਕੀਤਾ ਕਿ ਜਦੋਂ ਇਹ ‘ਮੈਂ’ ਵਸਤਾਂ ਜਾਂ ਮਾਨਸਿਕਤਾਵਾਂ ਨਾਲ ਜੁੜਦੀ ਹੈ ਤਾਂ ਇਹ ‘ਮੇਰਾ ਜਾਂ ਮੇਰੀ’ ਵਿਚ ਪਰਿਵਰਤਿਤ ਹੋ ਜਾਂਦੀ ਹੈ। ਇਹ ਹਉਮੈ ਹੀ ਹੈ ਜੋ ਹਰ ਥਾਂ ਜਾ ਜੁੜਦੀ ਹੈ।

ਉਦੋਂ ਇਕ ਹੋਰ ਵਿਚਾਰ ਆਣ ਜਾਗਿਆ- ਇਹ ‘ਮੈਂ’ ਕੇਵਲ ਆਪ ਹੀ ਵਸਤਾਂ, ਵਿਚਾਰਾਂ ਵੱਲ ਰੁਚਿਤ ਨਹੀਂ ਹੁੰਦੀ ਤੇ ਉਨ੍ਹਾਂ ਨਾਲ ਨਹੀਂ ਜਾ ਜੁੜਦੀ, ਇਹ ਵਸਤਾਂ-ਵਿਚਾਰਾਂ ਨੂੰ ਆਪਣੀ ਤਰਫ਼ ਖਿੱਚ ਕੇ ਵੀ, ਆਪਣੇ ਨਾਲ ਜੋੜ ਲੈਂਦੀ ਹੈ। ਤਦ ਇਹ ‘ਮੈਂ’ ‘ਮੈਨੂੰ’ ਬਣ ਜਾਂਦੀ ਹੈ ਤੇ ਕਹਿੰਦੀ ਫਿਰਦੀ ਹੈ, ‘ਮੈਨੂੰ ਪੈਸਾ ਚਾਹੀਦੈ’, ‘ਮੈਨੂੰ ਹਿਸਾਬ ਸਿਖਾਓ’ ਆਦਿ। ਇਥੇ ਵੀ ਹਉਮੈ ਹੀ ਵਰਤਦੀ ਪ੍ਰਤੀਤ ਹੁੰਦੀ ਹੈ। ਹਉਮੈ ਨੂੰ ਹੀ ਸਭ ਕੁਝ ਦਰਕਾਰ ਹੈ।

‘ਮੈਂ’ ਜਦੋਂ ‘ਮੇਰਾ’ ਜਾਂ ‘ਮੇਰੀ’ ਵਿਚ ਤਬਦੀਲ ਹੁੰਦੀ ਹੈ ਤਾਂ ਮੋਹਗ੍ਰਸਤ ਹੋਈ ਪ੍ਰਤੀਤ ਹੁੰਦੀ ਹੈ। ਜਦੋਂ ਇਹ ‘ਮੈਨੂੰ’ ਵਿਚ ਪਰਿਵਰਤਿਤ ਹੁੰਦੀ ਹੈ, ਤਾਂ ਲੋਭਗ੍ਰਸਤ ਹੋਈ ਜਾਪਦੀ ਹੈ। ਇਹ ਦੋਵੇਂ ਬੰਧਨ ਹਨ। ਤਦੇ ਤਾਂ ਕਿਹਾ ਗਿਆ ਹੈ:

ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ॥

(ਸੋਰਠਿ ਮ: ੫, ਪੰਨਾ ੬੪੨)

ਇਥੇ ਅੱਪੜ ਕੇ, ਇਕ ਹੋਰ ਵਿਚਾਰ ਉੱਠ ਖਲੋਤਾ। ਮੈਂ ਬੜੀ ਵਾਰ ਕਹਿੰਦਾ ਹਾਂ, ‘ਮੈਨੂੰ ਗੁੱਸਾ ਆਇਆ’, ਜਾਂ ‘ਮੈਨੂੰ ਦੁੱਖ ਲੱਗਾ’। ਜਿਸ ਪ੍ਰਕਾਰ ਮੈਂ ਇਨ੍ਹਾਂ ਵਾਕਾਂ ਦੀ ਬਣਤ ਬੰਨਦਾ ਹਾਂ, ਉਸ ਤੋਂ ਜਾਪਦਾ ਹੈ ਜਿਵੇਂ ਗੁੱਸੇ ਪਾਸ ‘ਆਉਣ’ ਦਾ ਕੋਈ ਸਾਧਨ ਹੁੰਦਾ ਹੈ, ਤੇ ਦੁੱਖ ਪਾਸ ‘ਲੱਗਣ’ ਦਾ। ਮੈਂ ਇਹ ਨਹੀਂ ਕਹਿੰਦਾ ਕਿ ‘ਮੈਂ ਗੁੱਸਾ ਕੀਤਾ’ ਜਾਂ ‘ਮੈਂ ਦੁੱਖ ਮਨਾਇਆ’? ਮੈਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰੀਆਂ ਜਾਂ ਜਵਾਬਦੇਹੀ ਤੋਂ ਮੁਕਤ ਕਰਨ ਲਈ, ਬੋਲੀ ਦੀਆਂ ਵਿਭਕਤੀਆਂ ਨੂੰ ਆਪਣੇ ਹੱਕ ਵਿਚ ਵਰਤ ਲੈਂਦੇ ਹਾਂ। ਜੇਕਰ ਮੈਂ ਕਹਾਂ, ‘ਮੈਂ ਗੁੱਸਾ ਕੀਤਾ’ ਜਾਂ ‘ਮੈਂ ਦੁਖੀ ਹੋਇਆ’ ਤਾਂ ਕਸੂਰ ਮੇਰਾ ਹੈ, ਪਰ ਜੇ ਮੈਂ ਆਖਾਂ ‘ਮੈਨੂੰ ਗੁੱਸਾ ਆਇਆ’ ਜਾਂ ‘ਮੈਨੂੰ ਦੁੱਖ ਲੱਗਾ’ ਤਾਂ ਕਸੂਰ ਗੁੱਸੇ ਜਾਂ ਦੁੱਖ ਦਾ ਹੈ। ਇਹ ਚਲਾਕੀ ਵੀ ਹਉਮੈ ਦੀ ਹੈ। ਉਹ ਸਦਾ ਆਪਣੇ ਆਪ ਨੂੰ ਦੋਸ਼ਮੁਕਤ ਹੀ ਵੇਖਣਾ ਚਾਹੁੰਦੀ ਹੈ। ਹੋਰਨਾਂ ਦੇ ਔਗੁਣ ਤਾਂ ਸਦਾ ਸਾਡੇ ਸਾਹਮਣੇ ਹੁੰਦੇ ਹਨ, ਸਾਡੇ ਆਪਣੇ ਸਾਡੀ ਪਿੱਠ ਦੇ ਪਿੱਛੇ ਜਾ ਲੁਕਦੇ ਹਨ।

ਇਥੇ ਆ ਕੇ ਮੈਨੂੰ ਇਕ ਨਵੇਂ ਵਿਚਾਰ ਨੇ ਆਣ ਦੁਖੀ ਕੀਤਾ। ਖਿਆਲ ਆਇਆ, ਅੱਧੀ ਤੋਂ ਵੱਧ ਮੇਰੀ ਆਯੂ ਮਨੋਵਿਗਿਆਨ ਪੜ੍ਹਦਿਆਂ-ਪੜ੍ਹਾਉਂਦਿਆਂ ਲੰਘ ਗਈ ਤੇ ਮੈਂ ਅੱਜ ਸੋਚਣ ਬੈਠਾ ਹਾਂ ਕਿ ‘ਮੈਂ ਕੀ ਹਾਂ, ਮੈਂ ਕੌਣ ਹਾਂ?” ਤਦ ਮੈਨੂੰ ਲੱਗਾ ਕਿ ਪੱਛਮੀ ਮਨੋਵਿਗਿਆਨ ‘ਮੈਂ’ ਦੀਆਂ ਕਿਰਿਆਵਾਂ- ਵਿਚਾਰ, ਬੋਧ, ਅਨੁਭਵ, ਇੱਛਾ ਆਦਿ ਬਾਰੇ ਹੀ ਸੋਚਵਾਨ ਰਿਹਾ ਹੈ, ਇਨ੍ਹਾਂ ਕਿਰਿਆਵਾਂ ਦੇ ਕਰਤੇ ‘ਮੈਂ’ ਬਾਰੇ ਨਹੀਂ। ਇਹ ਸੋਚ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਖੇਦ ਵੀ। ਹੈਰਾਨੀ ਇਸ ਗੱਲ ਦੀ ਕਿ ਪੱਛਮ ਦੀ ਸਾਰੀ ਸੱਭਿਅਤਾ ਨੂੰ ਕਦੇ ਮਨੁੱਖ ਦੇ ਅਸਲੇ ਬਾਰੇ ਸੋਚਣ ਦੀ ਰੁਚੀ ਨਹੀਂ ਹੋਈ, ਉਹ ਕੇਵਲ ਇਸ ਦੇ ਵਲ਼ੇਵਿਆਂ ਨਾਲ ਹੀ ਰੁੱਝੀ ਰਹੀ। ਖੇਦ ਇਸ ਗੱਲ ਦਾ ਕਿ ਇਸੇ ਪੱਛਮੀ ਮਨੋਵਿਗਿਆਨ ਨੂੰ ਆਪਣੇ ਕਿੱਤੇ ਵਿਚ ਵਰਤਦਿਆਂ ਕਈ ਦਹਾਕੇ ਲੰਘਾ ਕੇ ਵੀ ਇਸ ਦੀ ਬੁਨਿਆਦੀ ਊਣਤਾਈ ਦੀ ਸੋਝੀ ਮੈਨੂੰ ਹੁਣ ਆ ਕੇ ਹੋਈ ਹੈ। ਪਹਿਲਾਂ ਕਿਉਂ ਨਹੀਂ ਹੋਈ?

ਇਨ੍ਹਾਂ ਸੋਚਾਂ ਵਿਚਾਲਿਓਂ ਸਹਿਜੇ ਹੀ ਇਹ ਚੇਤੇ ਆ ਗਿਆ ਕਿ ਘੱਟੋ-ਘੱਟ ਮਨੋਵਿਸ਼ਲੇਸ਼ਣ ਵਾਲਿਆਂ ਨੇ ਤਾਂ ਈਗੋ (ਹਉਂ) ਬਾਰੇ ਖੋਜ ਕੀਤੀ ਹੈ। ਪਰ ਜਦ ਗਹੁ ਨਾਲ ਸੋਚਿਆ ਤਾਂ ਲੱਗਾ ਕਿ ਉਨ੍ਹਾਂ ਦਾ ਸਰੋਕਾਰ ਵੀ ‘ਹਉਂ’ ਦੇ ਵਲੇਵਿਆਂ, ਉਸ ਦੀਆਂ ਹੁੱਜਤਾਂ, ਚਲਾਕੀਆਂ, ਦੁਰਬਲਤਾਵਾਂ ਤੇ ਉਸ ਦੀ ਰੋਗਾਤਮਕਤਾ ਅਤੇ ਵਿਕਾਰਾਤਮਕਤਾ ਨਾਲ ਹੀ ਰਿਹਾ ਹੈ। ਇਸ ਦੇ ਅਸਲੇ ਤੋਂ ਉਹ ਵੀ ਠੀਕ ਤਰ੍ਹਾਂ ਜਾਣੂ ਨਹੀਂ ਹੋਏ।

ਤਦ ਸਹਿਵਨ ਮੇਰਾ ਧਿਆਨ, ਭਾਰਤੀ ਮਨੋਵਿਗਿਆਨ ਵੱਲ ਚਲਾ ਗਿਆ। ਉਸ ਅੰਦਰ ਮਾਨਸਿਕਤਾ ਦੇ ਦੋ ਭਾਗ ਮੰਨੇ ਜਾਂਦੇ ਹਨ- ਇਕ, ‘ਬਾਹੀਯਕਰਣ’ ਤੇ ਦੂਜਾ ‘ਅੰਤਹਕਰਣ’। ਬਾਹੀਯਕਰਣ ਵਿਚ ਸਾਡੇ ਗਿਆਨ-ਇੰਦਰੇ (ਜਾਂ, ਖ਼ਬਰੇ, ਅਗਿਆਨ ਇੰਦਰੇ), ਤੇ ਕਰਮ ਇੰਦਰੇ (ਜਾਂ ਖ਼ਬਰੇ ਕੁਕਰਮ ਇੰਦਰੇ) ਸ਼ਾਮਲ ਹੁੰਦੇ ਹਨ। ਅੰਤਹਕਰਣ ਵਿਚ ਮਨ, ਚਿੱਤ, ਬੁੱਧੀ ਤੇ ਅਹੰਕਾਰ ਸ਼ਾਮਲ ਮੰਨੇ ਜਾਂਦੇ ਹਨ। ਮੈਂ ਸੋਚਣ ਲੱਗਾ ਕਿ ਜਿਸ ਨੂੰ ‘ਮੈਂ’ ਕਹਿੰਦੇ ਹਾਂ, ਉਸ ਦਾ ਬਾਹੀਯਕਰਣ ਨਾਲ ਤਾਂ ਕੋਈ ਸੰਬੰਧ ਨਜ਼ਰ ਨਹੀਂ ਆਉਂਦਾ। ਸਮੁੱਚਾ ਅੰਤਹਕਰਣ ਵੀ ‘ਮੈਂ’ ਨਹੀਂ ਜਾਪਦਾ। ਫਿਰ ਇਹ ‘ਮੈਂ’ ਕਿਧਰੇ ਅੰਤਹਕਰਣ ਦਾ ਭਾਗ ‘ਅਹੰਕਾਰ’ ਤਾਂ ਨਹੀਂ? ਅਹੰਕਾਰ ਦਾ ਅਰਥ ਤਾਂ ਹੁੰਦਾ ਹੈ ‘ਅਹੰ’ (ਮੈਂ) ਨੂੰ ਘੜਨ ਵਾਲਾ। ਜਿਵੇਂ ‘ਕੁੰਭਕਾਰ’ ਦਾ ਅਰਥ ਹੈ ਕੁੰਭ (ਘੜਾ) ਘੜਨ ਵਾਲਾ ਜਾਂ ‘ਸਵਰਨਕਾਰ’ ਦਾ ਅਰਥ ਹੁੰਦਾ ਹੈ ਸੋਨਾ ਘੜਨ ਵਾਲਾ। ਇਸ ਲਈ, ਇਹ ‘ਮੈਂ’ ਤਾਂ ਨਹੀਂ ਹੋ ਸਕਦਾ, ਇਹ ਤਾਂ ‘ਮੈਂ’ ਨੂੰ ਘੜਨ ਵਾਲਾ ਹੈ। ਫਿਰ ਇਹ ‘ਮੈਂ’ ਹੈ ਕੀ, ਜਿਸ ਨੂੰ ਇਕ ਅਹੰਕਾਰ ਘੜਦਾ ਹੈ? ਮੈਨੂੰ ਇਸ ਦਾ ਕੋਈ ਤਤਕਾਲੀ ਉੱਤਰ ਨਾ ਅਹੁੜਿਆ।

ਤਦ ਮੈਨੂੰ ਇਹ ਖ਼ਿਆਲ ਆਇਆ ਕਿ ਹੋ ਸਕਦਾ ਹੈ, ਇਹ ਕੇਵਲ ਭਾਸ਼ਾ ਦੀ ਗੱਲ ਹੀ ਹੋਵੇ। ‘ਮੈਂ’ ਵੀ ਤੇ ‘ਅਹੰ’ ਵੀ ਸ਼ਬਦ ਹੀ ਤਾਂ ਹਨ। ਤਾਂ ਫਿਰ, ਸ਼ਾਇਦ, ਅਹੰਕਾਰ ਕੇਵਲ ਇਸ ਸ਼ਬਦ ‘ਅਹੰ’ ਨੂੰ ਘੜਨ ਵਾਲਾ ਤੇ ਇਸ ਨੂੰ ਬਲ ਦੇਣ ਵਾਲਾ ਉਪਕਰਣ ਹੀ ਹੋਵੇ। ਆਖ਼ਰ ਕਈ ਵਿਚਾਰਕਾਂ ਨੇ ਇਸ ਨੂੰ ਸਾਡੀ ਗੱਲਬਾਤ ਦਾ ਗਰੁਤਾ ਕੇਂਦਰ (Centre of gravity) ਕਰਕੇ ਹੀ ਪ੍ਰਵਾਨ ਕੀਤਾ ਹੈ। ਉਨ੍ਹਾਂ ਅਨੁਸਾਰ, ‘ਮੈਂ’ ਅਥਵਾ ਆਪੇ ਦੀ ਇਕਾਈ ਕੇਵਲ ਇਕ ਨਕਲੀ ਜਾਂ ਬਨਾਵਟੀ ਸੰਕਲਪ ਹੈ। ਇਸ ਦੀ ਅਸਲੀਅਤ, ਭਾਸ਼ਾ ਤੋਂ ਬਾਹਰ ਕੋਈ ਨਹੀਂ। ਐਪਰ, ਮੈਂ ਸੋਚਿਆ, ਅਸੀਂ ਤਾਂ ‘ਮੈਂ’ ਪਦ ‘ਪੁਰਖ’ ਵਾਸਤੇ ਵਰਤਦੇ ਹਾਂ। ਇਹ ਬਨਾਵਟੀ ਕਿਵੇਂ ਹੋ ਸਕਦਾ ਹੈ?

ਤਦ ਮੈਂ ਨਵੇਂ ਸਿਰੇ ਇਸ ‘ਮੈਂ’ ਦੀ ਅਸਲੀਅਤ ਬਾਰੇ ਸੋਚਣ ਲੱਗਾ। ਜਦ ਮੈਂ ਹੋਰ ਗਹੁ ਨਾਲ ਸੋਚਿਆ ਤਾਂ ਇਸ ਦੀ ‘ਪੁਰਖਤਾ’ ਵੀ ਪਿੱਛੇ ਰਹਿ ਗਈ ਜਾਪੀ। ਇਉਂ ਪ੍ਰਤੀਤ ਹੋਇਆ, ਜਿਵੇਂ ‘ਮੈਂ’ ਮੇਰੇ ਅੰਦਰ ਦੀ ਚੇਤਨਾ ਦਾ ਨਾਮ ਹੈ। ਜਿਵੇਂ ਆਪਣੀ ਚੇਤਨਾ ਨੂੰ ਹੀ ਅਸਾਂ ‘ਮੈਂ’ ਆਖਣ ਦਾ ਦਸਤੂਰ ਬਣਾ ਲਿਆ ਹੈ। ਪਰ, ਇਹ ਸੋਚਦਿਆਂ ਵੀ ਮੈਂ ਬਾਹਰਲੇ ਜਗਤ ਦੀ ਚੇਤਨਾ ਵੱਲੋਂ ਹੀ ਸੁਚੇਤ ਸਾਂ। ਤਦ ਖਿਆਲ ਆਇਆ, ‘ਮੈਂ’ ਬਾਰੇ ਬਾਹਰੋਂ ਤਾਂ ਨਹੀਂ, ਅੰਦਰੋਂ ਹੀ ਕੁਝ ਪਤਾ ਲੱਗ ਸਕਦਾ ਹੈ।

ਮੈਂ ਤਦ ਅੰਤਰਧਿਆਨ ਹੋਣ ਦਾ ਜਤਨ ਕਰਨ ਲੱਗਾ ਤੇ ਅੱਖਾਂ ਮੁੰਦ ਲਈਆਂ। ਬਾਹਰ ਦਾ ਜਗਤ ਅਲੋਪ ਹੋ ਗਿਆ। ਅੰਦਰ ਇਕ ਹਨੇਰਾ ਜਿਹਾ ਵਰਤ ਗਿਆ ਜਿਸ ਵਿਚ ਲੇਸ-ਮਾਤ੍ਰ ਲਾਲੀ ਤੇ ਰਤਾ ਜਹੀ ਪਿਲੱਤਣ ਭਾ ਮਾਰ ਰਹੀ ਸੀ। ਪਰ ਵਿਚਾਰ ਅਜੇ ਵੀ ਲਗਾਤਾਰ

ਚੱਲ ਰਹੇ ਹਨ। ਯਾਦਾਂ ਉਪਜਦੀਆਂ ਤੇ ਬਿਨਸਦੀਆਂ, ਸੋਚਾਂ ਆਉਂਦੀਆਂ ਤੇ ਜਾਂਦੀਆਂ, ਕਦੇ ਕਦੇ ਕੋਈ ਬਿੰਬ ਜਿਹਾ ਵੀ ਉਭਰ ਖਲੋਂਦਾ। ਪਰ ਚੇਤਨਾ ਇਕਸਾਰ ਬਣੀ ਹੋਈ ਸੀ।

ਓਦੋਂ ਮੈਨੂੰ ਇਕ ਦੰਦ ਜਹੇ ਦੀ ਪ੍ਰਤੀਤ ਹੋਣ ਲੱਗੀ- ਮਾਨਸਿਕ ਤੇ ਪਦਾਰਥਕ ਜਗਤ ਵਿਚਾਲੇ ਦਾ ਨਹੀਂ, ਸਗੋਂ ਚੇਤਨਾ ਤੇ ਉਸ ਦੀ ਸਮੱਗਰੀ ਵਿਚਾਲੇ ਦਾ, ਸਾਖੀ ਤੇ ਸੁਖਿਆਤ ਵਿਚਾਲੇ ਦਾ ਦੰਦ। ਮੈਨੂੰ ਖਿਆਲ ਆਇਆ, ਸਾਖੀ ਦਾ ਸਥਾਨ ਤਾਂ ਜ਼ਰੂਰ ਸਭ ਤੋਂ ਪ੍ਰਥਮ ਹੋਣਾ ਹੈ। ਸਾਡੀ ‘ਮੈਂ’ ਤਾਂ ਸਾਡੇ ਲਈ ਸਾਡੀ ਸੀਮਿਤ ਦੁਨੀਆਂ ਦਾ ਕੇਂਦਰ ਸਥਾਪਿਤ ਕਰਦੀ ਹੈ। ਐਪਰ, ਜਦ ‘ਮੈਂ’ ਨਹੀਂ ਵੀ ਹੁੰਦੀ, ਤਾਂ ਵੀ ਪਦਾਰਥਕ ਸੰਸਾਰ ਤਾਂ ਕਾਇਮ ਹੀ ਰਹਿੰਦਾ ਹੋਣਾ ਹੈ। ਪਰ ਕਈ ਵਿਚਾਰਕ ਚੇਤਨਾ ਨੂੰ ਪ੍ਰਾਥਮਿਕਤਾ ਦੇਣ ਦੀ ਥਾਂ, ਇਸ ਨੂੰ ਦੂਜਾ ਸਥਾਨ ਦੇਂਦੇ ਹਨ। ਉਹ ਤਾਂ ਇਹ ਮੰਨ ਕੇ ਤੁਰਦੇ ਹਨ ਕਿ ਚੇਤਨਾ ਪਦਾਰਥਾਂ ਆਸਰੇ ਹੀ ਖਲੋਤੀ ਹੈ। ਉਨ੍ਹਾਂ ਭਾਣੇ ‘ਚੇਤਨਾ’ ਪਦਾਰਥਾਂ ਦੇ ਕਿਸੇ ਗੁਣ ਦੀ ਅਭਿਵਿਅੰਜਨਾ ਲਈ ਘੜਿਆ ਗਿਆ ਇਕ ਸ਼ਬਦ ਹੈ- ਜਿਵੇਂ ਪਾਣੀ, ਦੁੱਧ, ਤੇਲ ਦਾ ਸਾਂਝਾ ਗੁਣ ਦਰਸਾਉਣ ਲਈ ਸ਼ਬਦ ‘ਤਰਲਤਾ’ ਹੈ। ਤਰਲਤਾ ਦੀ ਆਪਣੀ ਨਿਵੇਕਲੀ ਹੋਂਦ ਤਾਂ ਕੋਈ ਨਹੀਂ, ਇਹ ਤਾਂ ਕੁਝ ਵਸਤਾਂ ਦਾ ਇਕ ਸਾਂਝਾ ਗੁਣ ਹੀ ਦੱਸਦਾ ਹੈ। ਇਵੇਂ ‘ਮੈਂ’ ਵਸਤਾਂ ਨਾਲ ਸੰਬੰਧ ਜੋੜਨ ਖ਼ਾਤਰ ਇਕ ਸੰਬੰਧਵਾਚਕ ਸ਼ਬਦ ਹੈ, ਹੋਰ ਕੁਝ ਵੀ ਹੀਂ। ਇਸ ਦੀ ਆਪਣੀ ਨਿਵੇਕਲੀ ਕੋਈ ਹੋਂਦ ਪ੍ਰਵਾਨ ਨਹੀਂ ਕੀਤੀ ਜਾ ਸਕਦੀ।

ਉਤੀ ਉਪਰੋਕਤ ਵਿਚਾਰ ਨੇ ਮੈਨੂੰ ਇਕ ਅਜੀਬ ਉਲਝਣ ਵਿਚ ਪਾ ਦਿੱਤਾ। ਉਹ ਇਸ ਲਈ ਕਿਉਂਕਿ ਮੈਨੂੰ ਇਸ ਗੱਲ ਦਾ ਤਾਂ ਪੱਕਾ ਨਿਸ਼ਚਾ ਸੀ ਕਿ ਮੈਂ ਹਾਂ। ਇਹ ਸੋਚ ਕੇ ਕਿ ‘ਮੈਂ’ ਪਦ ਕੇਵਲ ਇਕ ਸੰਬੰਧਵਾਚਕ ਸ਼ਬਦ ਹੈ, ਮੈਨੂੰ ਆਪਣੀ ਹੋਂਦ ਹੀ ਗ਼ੈਰ-ਹਾਜ਼ਰ ਜਾਪਣ ਲੱਗੀ। ਐਸੇ ਨਤੀਜੇ ਦਾ ਨਿਕਲਣਾ ਨਾ ਮੇਰੀ ਅਕਲ ਨੂੰ ਗਵਾਰਾ ਸੀ, ਨਾ ਆਪਣੇ ਆਪ ਨਾਲ ਮੇਰੀ ਲਗਨ ਨੂੰ।

ਇਕ ਹੋਰ ਵਿਚਾਰ ਤਦ ਸਨਮੁਖ ਆਣ ਖੜ੍ਹਾ ਹੋਇਆ। ਮੈਨੂੰ ਲੱਗਾ, ਹੋ ਸਕਦਾ ਹੈ, ਚੇਤਨਾ ਜੋ ਕੁਝ ਵੀ ਹੈ, ਵਸਤਾਂ ਉੱਪਰ ਪ੍ਰਖੇਪੀ ਹੋਈ ਹੀ ਹੁੰਦੀ ਹੈ। ਕੀ ਵਸਤਾਂ-ਵਿਚਾਰਾਂ ਦੀ ਲਾਗ ਤੋਂ ਮੁਕਤ, ਕੋਈ ਅਣਪ੍ਰਖੇਪੀ ਚੇਤਨਾ ਨਹੀਂ ਹੋ ਸਕਦੀ? ਐਸੀ ਅਣਪ੍ਰਖੇਪੀ ਚੇਤਨਾ ਕਿਸੇ ਵਸਤ ਜਾਂ ਵਿਚਾਰ ਤੋਂ ਜਾਣੂ ਨਹੀਂ ਹੋਵੇਗੀ, ਕੇਵਲ ਆਪਣੇ ਆਪ ਤੋਂ ਹੀ ਜਾਣੂ ਹੋਵੇਗੀ। ਐਸੀ ਚੇਤਨਾ ਜ਼ਰੂਰ ਅਪੁਰਖ ਹੋਵੇਗੀ। ਇਹ ਵੀ ਸੰਭਵ ਹੈ ਕਿ ਐਸੀ ਅਪੁਰਖ ਚੇਤਨਾ ਕਿਸੇ ਵਿਆਪਕ ਵਿਸ਼ਵ-ਚੇਤਨਾ ਦੀ ਅੰਸ਼-ਮਾਤ੍ਰ ਹੀ ਹੋਵੇ।

‘ਕੀ ਇਹ ਆਤਮਾ ਹੀ ਤਾਂ ਨਹੀਂ’, ਮੈਂ ਸੋਚਿਆ, ‘ਜੋ ਪਰਮਾਤਮਾ ਦੀ ਅੰਸ਼-ਮਾਤ੍ਰ ਹੈ?” ਪਰ, ਆਤਮਾ ਤਾਂ ਕਦੇ ਆਪਣੇ ਆਪ ਨੂੰ ‘ਮੈਂ’ ਨਹੀਂ ਕਹਿੰਦੀ। ਫਿਰ ਇਹ ‘ਮੈਂ’ ਕੀ ਹੈ, ਅਤੇ ਮੈਂ ਵਾਸਤਵ ਵਿਚ ਕੌਣ ਹਾਂ? ਇਥੇ ਅੱਪੜ ਕੇ ਮੇਰੀ ਅਕਲ ਨੇ, ਮੇਰੇ ਗਿਆਨ ਨੇ ਤੇ ਮੇਰੇ ਤਰਕ ਨੇ ਸਾਰੇ ਹਥਿਆਰ ਸੁੱਟ ਦਿੱਤੇ।

ਫਿਰ ਵੀ ਮੈਂ ਜਦੋਂ ਕਿਸੇ ਨੂੰ ‘ਮੈਂ’ ਸ਼ਬਦ ਵਰਤਦਿਆਂ ਸੁਣਦਾ ਹਾਂ, ਤਾਂ ਮੈਨੂੰ ਲਗਦਾ ਹੈ, ਉਹ ਕੁਦਰਤ ਦੀ ਇਕ ਅਦੁੱਤੀ ਰਚਨਾ ਬਾਰੇ ਗੱਲ ਕਰ ਰਿਹਾ ਹੈ। ਵੇਖਿਆ ਜਾਵੇ ਤਾਂ ਮਨੁੱਖ ਹੀ ਇਕ ਐਸਾ ਜੀਵ ਹੈ ਜੋ ‘ਮੈਂ’ ਕਹਿ ਸਕਦਾ ਹੈ ਤੇ ਆਪਣੀ ਨਿਵੇਕਲੀ ਹਸਤੀ ਅਨੁਭਵ ਕਰ ਸਕਦਾ ਹੈ।
ਕਿਹਾ ਜਾਂਦਾ ਹੈ, ਜੋ ਹੋਰਨਾਂ ਨੂੰ ਜਿੱਤਦਾ ਹੈ ਉਹ ਤਾਕਤਵਰ ਗਿਣਿਆ ਜਾਂਦਾ ਹੈ, ਤਾ, ਪਰ ਜੋ ਆਪਣੀ ‘ਮੈਂ’ ਨੂੰ ਜਿੱਤ ਕੇ ਵਸੀਕਾਰ ਕਰ ਲੈਂਦਾ ਹੈ, ਉਸ ਤੋਂ ਵਧੇਰੇ ਸ਼ਕਤੀਵਾਨ ਕੋਈ ਨਹੀਂ ਹੋ ਸਕਦਾ। ਪਰ ਇਹ ‘ਮੈਂ’ ਹੈ ਕੀ? ਹੈ ਕਿਥੇ? ਹੈ ਕੌਣ? ਕਿਤੇ ਇਹ ਸਭਤੋਂ ਵੱਡੀ ਮਿਥਿਆ ਤਾਂ ਨਹੀਂ, ਇਕ ਐਸਾ ਝੂਠ ਜੋ ਬੰਦਾ ਆਪਣੇ ਆਪ ਨਾਲ ਬੋਲਦਾ ਹੈ ਫਿਰ ਜਿਸ ਉੱਪਰ ਲਗਾਤਾਰ ਪੂਰਾ ਵਿਸ਼ਵਾਸ ਕਰੀ ਤੁਰੀ ਜਾਂਦਾ ਹੈ? ਕੁਦਰਤ ਤਾਂ ਸਾਨੂੰ ਕਦੇ ਧੋਖਾ ਨਹੀਂ ਦੇਂਦੀ, ਅਸੀਂ ਆਪਣੇ ਆਪ ਨੂੰ ਆਪ ਹੀ ਧੋਖਾ ਦੇਂਦੇ ਹਾਂ। ਇਹ ‘ਮੈਂ’ ਕਿਧਰੇ ਏਹੋ ਜਿਹਾ ਆਪ-ਸਹੇੜਿਆ ਧੋਖਾ ਤਾਂ ਨਹੀਂ?

ਮੈਂ ਅਜੇ ਵੀ ਨਹੀਂ ਜਾਣਦਾ, ਇਹ ‘ਮੈਂ’ ਹੈ ਕੀ? ਪਰ ਇਸ ਨੂੰ ਸਮਝਣ ਲਈ ਮੈਂ ਜੋ ਆਤਮ-ਝਾਤ ਮਾਰੀ ਹੈ, ਉਸ ਨੇ ਮੈਨੂੰ ਕਿਤਨਾ ਕੁਝ ਉਹ ਸਿਖਾ ਦਿੱਤਾ ਹੈ ਜਿਸ ਤੋਂ ਪਹਿਲਾਂ ਮੈਂ ਜਾਣੂ ਨਹੀਂ ਸਾਂ! ਸਭ ਤੋਂ ਵੱਧ ਤਾਂ ਇਸ ਨੇ ਮੈਨੂੰ ਨਿਮਰਤਾ ਸਿਖਾਈ ਹੈ। ਉਹ ‘ਮੈਂ’ ਜਿਸ ਵੱਲੋਂ ਮੈਨੂੰ ਇਤਨਾ ਅਭਿਮਾਨ ਹੈ, ਉਹ ਸ਼ਾਇਦ ਨਿਮਰਤਾ ਭਰਮ ਹੋਵੇ-ਇਸ ਸੰਭਾਵਨਾ ਨੂੰ ਮੈਂ ਅੱਜ ਤਕ ਝੁਠਲਾ ਨਹੀਂ ਰਿਹਾ ਹਾਂ ਉਸ ਵਰਗਾ ਦੂਜਾ ਹੋਰ ਕੋਈ ਨਹੀਂ। ਪਰ, ਇਹ ਵੀ ਸੱਚ ਹੈ ਕਿ ਮੇਰਾ ਆਪਣੇ ਆਪ ਨਾਲ ਜੋ ਫੈਸਲਾ ਹੈ, ਉਹ ਤਾਰਿਆਂ ਨਾਲ ਮੇਰੀ ਵਿੱਥ ਤੋਂ ਕਿਤੇ ਵਧੇਰਾ ਹੈ।

ਲਗਦਾ ਹੈ, ਮਨੁੱਖ ਜੇ ਚਾਹੇ ਵੀ ਤਾਂ ਆਪਣੀ ‘ਮੈਂ’ ਤੋਂ ਛੁਟਕਾਰਾ ਪ੍ਰਾਪਤ ਨਹੀਂ ਕਰ ਸਕਦਾ। ਉਹ ਤਾਂ ਹੋਰਾਂ ਨੂੰ ਵੀ ਆਪਣੇ ਆਪ ਰਾਹੀਂ ਹੀ ਪਛਾਣਦਾ ਹੈ। ਉਸ ਦੇ ਅੰਦਰ ਇਕ ਐਸਾ ਸਥਾਨ ਹੈ ਜਿੱਥੇ ਉਹ ਨਿੱਪਟ ਇਕੱਲਾ ਵਿਚਰਦਾ ਹੈ। ਓਥੇ ਉਸ ਦਾ ਕੋਈ ਵਿਰੋਧੀ ਨਹੀਂ ਹੁੰਦਾ ਸਿਵਾਏ ਆਪਣੇ ਆਪ ਦੇ। ਮੈਨੂੰ ਤਾਂ ਇੰਜ ਜਾਪਦਾ ਹੈ ਕਿ ‘ਮੈਂ-ਮੇਰਾ, ਮੈਨੂੰ’ ਨੇ ਸਾਨੂੰ ਅੰਦਰੋਂ-ਬਾਹਰੋਂ ਜਕੜਿਆ ਹੋਇਆ ਹੈ। ਸੋਚ-ਸਾਚ ਕੇ ਮੈਂ ਇਸ ਨਤੀਜੇ ‘ਤੇ ਪੁੱਜਾ ਹਾਂ ਕਿ ਅਸੀਂ ਆਪਣੀ ‘ਮੈਂ’ ਦੀ ਹਨ੍ਹੇਰੀ ਕਾਲ-ਕੋਠੜੀ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਾਂ।

ਡਾ. ਜਸਵੰਤ ਸਿੰਘ ‘ਨੇਕੀ’