1 views 59 secs 0 comments

ਵੈਸਾਖੀ ਦੇ ਦਿਨ ਦਾ ਮਹੱਤਵ ਅਤੇ ਪਿਛੋਕੜ

ਲੇਖ
April 13, 2026

੧੬੯੯ ਈ: ਭਾਵ ਸੰਮਤ ੧੭੫੬ ਬਿਕ੍ਰਮੀ ਤੋਂ ਪਹਿਲਾਂ ਪੁਰਾਣੇ ਸਮਿਆਂ ਤੋਂ ਹੀ ਵੈਸਾਖੀ ਦੇ ਦਿਨ ਨੂੰ ਮਨਾਉਣ ਅਤੇ ਮੰਨਣ ਦੀ ਪਰੰਪਰਾ ਚਲੀ ਆ ਰਹੀ ਸੀ। ਇਹ ਦਿਨ ਸੂਰਜ ਮਹੀਨੇ ਦਾ ਪਹਿਲਾ ਦਿਨ ਸੰਗਰਾਂਦ ਦਾ ਦਿਨ ਹੋਣ ਕਰਕੇ ਲੋਕ ਇਸ ਨੂੰ ਪਵਿੱਤਰ ਦਿਨ ਮੰਨਦੇ ਆ ਰਹੇ ਸਨ। ਇਸ ਤੋਂ ਇਲਾਵਾ ਵੈਸਾਖ ਮਹੀਨੇ ਵਿਚ ਫਸਲ ਪੱਕਣ ਅਤੇ ਨਵੇਂ ਅਨਾਜ ਦੀ ਆਮਦ ਦੀ ਖੁਸ਼ੀ ਵਿਚ ਵੈਸਾਖੀ ਦਾ ਦਿਨ ਧੂਮ-ਧਾਮ ਨਾਲ ਮਨਾਇਆ ਜਾਂਦਾ ਸੀ। ਮੇਲੇ ਦੇ ਰੂਪ ਵਿਚ ਲੋਕ ਥਾਂ-ਥਾਂ ਇਕੱਠੇ ਹੁੰਦੇ ਸਨ। ਤੀਰਥਾਂ ‘ਤੇ ਇਸ ਦਿਨ ਭਾਰੀ ਰੌਣਕਾਂ ਹੁੰਦੀਆਂ ਸਨ।

ਇਸ ਦਿਨ ਦੇ ਮਹੱਤਵ ਨੂੰ ਦੇਖਦੇ ਹੋਏ ‘ਗੁਰਦਰਸ਼ਨ ਲਈ ਵੈਸਾਖੀ ਦੇ ਦਿਨ ਦੇਸ਼-ਦੇਸ਼ਾਂਤਰਾਂ ਦੀ ਸੰਗਤਿ ਦਾ ਏਕੜ ਹੋਣਾ, ਅਰਥਾਤ ਵੈਸਾਖੀ ਦਾ ਮੇਲਾ, ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰ ਦੇਵ (ਸ੍ਰੀ ਗੁਰੂ ਅਮਰਦਾਸ ਜੀ) ਦੀ ਆਗਯਾ ਨਾਲ ਕਾਇਮ ਕੀਤਾ ਸੀ। (ਮਹਾਨ ਕੋਸ਼ ਰਚਿਤ ਭਾਈ ਕਾਨ੍ਹ ਸਿੰਘ ਨਾਭਾ)

ਭਾਈ ਗੁਰਦਾਸ ਜੀ ਦੀ ਰਚਨਾ ਵਿਚ ਵੀ ਵੈਸਾਖੀ ਦਾ ਜ਼ਿਕਰ ਮਿਲਦਾ ਹੈ। ਆਪ ਲਿਖਦੇ ਹਨ:

ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ। (ਵਾਰ ੧:੨੭)

‘ਵਿਸੋਆ’ ਤੋਂ ਭਾਵ ਵੈਸਾਖੀ ਹੈ। ਇਸੇ ਆਧਾਰ ‘ਤੇ ਬਹੁਤ ਸਾਰੇ ਵਿਦਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਦਿਵਸ ਵੈਸਾਖੀ ਨੂੰ ਹੀ ਮੰਨਦੇ ਹਨ। ਸ਼ਾਇਦ ਇਸ ਕਰਕੇ ਵੀ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਦਿਹਾੜੇ ਨੂੰ ਮਨਾਉਣ ਦੀ ਪਰੰਪਰਾ ਸ਼ੁਰੂ ਕਰਵਾਈ ਹੋਵੇ ਅਤੇ ਖਾਲਸਾ ਪੰਥ ਦੀ ਸਾਜਨਾ ਲਈ ਇਸੇ ਕਰਕੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਦੀ ਚੋਣ ਕੀਤੀ ਹੋਵੇ।

ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਵੈਸਾਖੀ ਦਾ ਦਿਨ ਧਾਰਮਿਕ ਅਤੇ ਆਰਥਿਕ ਤੌਰ ‘ਤੇ ਭਾਰਤ-ਵਰਸ਼ ਲਈ ਆਮ ਕਰਕੇ ਅਤੇ ਪੰਜਾਬ ਲਈ ਖਾਸ ਕਰਕੇ ਪਹਿਲਾਂ ਤੋਂ ਹੀ ਪਵਿੱਤਰ ਅਤੇ ਮਹੱਤਵਪੂਰਨ ਸੀ। ਇਸੇ ਕਰਕੇ ਹੀ ਸੰਮਤ ੧੭੫੬ ਦੀ ਵੈਸਾਖੀ ਵਾਲੇ ਦਿਨ ਭਾਵ ੧੬੯੯ ਈ: ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਦੂਰੋਂ-ਦੂਰੋਂ ਪਹੁੰਚੀਆਂ ਹੋਈਆਂ ਸਨ ਅਤੇ ਇਸੇ ਦਿਨ ਹੀ ਗੁਰੂ ਜੀ ਨੇ ਖਾਲਸਾ-ਪੰਥ ਦੀ ਸਾਜਨਾ ਕਰਨ ਦੇ
ਪਵਿੱਤਰ ਕਾਰਜ ਨੂੰ ਕਰਨਾ ਯੋਗ ਸਮਝਿਆ।

੧੭੫੬ ਬਿਕ੍ਰਮੀ, ੧੬੯੯ ਈ: ਦੀ ਵੈਸਾਖੀ ਦੇ ਚਮਤਕਾਰ ਦਾ ਪਿਛੋਕੜ:

੧੬੯੯ ਈ: ਦੀ ਵੈਸਾਖੀ ਵਾਲੇ ਦਿਨ ਦਸਮੇਸ਼ ਪਿਤਾ ਜੀ ਨੇ ਇਕ ਅਨੋਖਾ ਚਮਤਕਾਰ ਵਰਤਾਇਆ ਜਿਸ ਦੇ ਰਹੱਸ ਨੂੰ ਸਦਾ ਲਈ ਆਪ ਜੀ ਨੇ ਰਹੱਸ ਹੀ ਰਹਿਣ ਦਿੱਤਾ। ਜੋ ਸੰਗਤਾਂ ਦੇ ਸਾਹਮਣੇ ਆਇਆ ਉਹ ਇਹ ਸੀ ਕਿ ਗੁਰੂ ਜੀ ਨੇ ਪੰਜ ਵਾਰ ਇੱਕ-ਇੱਕ ਸਿਰ ਦੀ ਮੰਗ ਕੀਤੀ। ਨੰਗੀ ਕਿਰਪਾਨ ਆਪ ਜੀ ਦੇ ਹੱਥਾਂ ਵਿਚ ਸੀ। ਪੰਜ ਸਿੱਖ ਵਾਰੀ-ਵਾਰੀ ਸੀਸ ਭੇਟ ਕਰਨ ਲਈ ਉੱਠੇ। ਦ੍ਰਿੜਤਾ, ਵਿਸ਼ਵਾਸ ਅਤੇ ਬੀਰਤਾ ਦੇ ਅਨੋਖੇ ਇਮਤਿਹਾਨ ਵਿੱਚੋਂ ਪਾਸ ਹੋ ਕੇ ਉਹ ਪੰਜ ਪਿਆਰੇ ਅਖਵਾਏ। ਇਹ ਪੰਜ ਪਿਆਰੇ ਸਨ- ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ। ਇਨ੍ਹਾਂ ਪੰਜਾਂ ਸਿੰਘਾਂ ਨੂੰ ਗੁਰੂ ਜੀ ਨੇ ਖੰਡੇ-ਬਾਟੇ ਦੀ ਪਾਹੁਲ ਦਿੱਤੀ। ਇਸ ਤੋਂ ਅਗਲਾ ਚਮਤਕਾਰ ਇਹ ਸੀ ਕਿ ਗੁਰੂ ਜੀ ਨੇ ਖੁਦ ਇਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਮੰਗੀ। ਪੰਜ ਪਿਆਰਿਆਂ ਦੇ ਰੂਪ ਵਿਚ ਸਾਜੇ ਗਏ ਪੰਥ ਨੂੰ ਗੁਰੂ ਦਾ ਦਰਜਾ ਦੇ ਕੇ ਆਪ ਚੇਲੇ ਬਣੇ। ਇਸ ਤਰ੍ਹਾਂ ਇੱਕੋ ਸਮੇਂ ਆਪ ਨੇ ਗੁਰੂ ਅਤੇ ਚੇਲਾ ਦੋਵੇਂ ਅਵਸਥਾਵਾਂ ਗ੍ਰਹਿਣ ਕੀਤੀਆਂ। ਭਾਈ ਗੁਰਦਾਸ ਦੂਜੇ ਨੇ ਆਪ ਜੀ ਬਾਰੇ ਲਿਖਿਆ:

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥ (ਵਾਰ ੪੧:੧)

ਖਾਲਸਾ ਪੰਥ ਸਾਜ ਕੇ ਖਾਲਸੇ ਦੀ ਰਹਿਤ ਸਬੰਧੀ ਵੀ ਫ਼ਰਮਾਨ ਜਾਰੀ ਕੀਤੇ।

ਪਿੱਛੇ ਅਸੀਂ ਦੇਖਿਆ ਹੈ ਕਿ ਦਸਮੇਸ਼ ਪਿਤਾ ਜੀ ਵੱਲੋਂ ਵੈਸਾਖੀ ਦੇ ਦਿਨ ਦੀ ਚੋਣ ਇਕ ਸੋਚੀ-ਸਮਝੀ ਚੋਣ ਸੀ ਅਤੇ ਗੁਰ-ਇਤਿਹਾਸ ਵਿਚ ਇਸ ਦਿਨ ਦਾ ਬਾਕਾਇਦਾ ਪਿਛੋਕੜ ਅਤੇ ਮਹੱਤਵ ਸੀ। ਇਸੇ ਤਰ੍ਹਾਂ ਗੁਰੂ ਜੀ ਦੁਆਰਾ ਸੀਸ ਮੰਗਣਾ, ਪੰਜ ਪਿਆਰੇ ਚੁਣਨਾ, ਖੰਡੇ ਦੀ ਪਾਹੁਲ ਦੇਣਾ, ਆਪੇ ਗੁਰ ਚੇਲਾ ਬਣਨਾ, ਰਹਿਤ ਮਰਯਾਦਾ ਦਾ ਐਲਾਨ ਕਰਨਾ ਆਦਿ ਕਿਰਿਆਵਾਂ ਦਾ ਬਾਕਾਇਦਾ ਪਿਛੋਕੜ ਮੌਜੂਦ ਸੀ। ਇਨ੍ਹਾਂ ਸਾਰੀਆਂ ਕਿਰਿਆਵਾਂ ਦੀ ਜੜ੍ਹ ਪਹਿਲਾਂ ਤੋਂ ਹੀ ਲੱਗੀ ਹੋਈ ਸੀ । ਖਾਲਸਾ-ਪੰਥ ਰੂਪੀ ਬੂਟੇ ਦਾ ਬੀਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥੀਂ ਬੀਜਿਆ ਗਿਆ ਸੀ । ਦਸਮੇਸ਼ ਪਿਤਾ ਜੀ ਦੇ ਹੱਥ ਵਿਚ ਫੜੀ ਤੇਗ ਦਾ ਲੋਹਾ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਤਿਆਰ ਕਰ ਗਏ ਸਨ। ਜੇਕਰ ਪ੍ਰਸਿੱਧ ਇਤਿਹਾਸਕਾਰ ਗੋਕਲ ਚੰਦ ਨਾਰੰਗ ਖਾਲਸਾ ਪੰਥ ਸਾਜਣ ਦੀ ਕਿਰਿਆ ਨੂੰ ਪਰਿਵਰਤਨ ਜਾਂ ਰੂਪਾਂਤਰਣ (Transformation) ਅਤੇ ਇੰਦੂ-ਭੂਸ਼ਨ ਬੈਨਰਜੀ ਇਸ ਕਿਰਿਆ ਨੂੰ ਵਿਕਾਸ (Evolution) ਆਖਦੇ ਹਨ ਤਾਂ ਉਹ ਇਹ ਗੱਲ ਐਵੇਂ ਨਹੀਂ ਆਖਦੇ। ਇਨ੍ਹਾਂ ਵਿਦਵਾਨਾਂ ਦੇ ਇਨ੍ਹਾਂ ਦੋ ਸ਼ਬਦਾਂ ਵਿਚ ਡੂੰਘੀ ਫ਼ਿਲਾਸਫ਼ੀ ਛੁਪੀ ਹੋਈ ਹੈ। ਪਰਿਵਰਤਨ ਜਾਂ ਰੂਪਾਂਤਰਣ ਤੋਂ ਭਾਵ ਇਹੀ ਹੈ ਕਿ ਇਸ ਕਿਰਿਆ ਦਾ ਬੀਜ ਅਤੇ ਪਿਛੋਕੜ ਮੌਜੂਦ ਹੈ, ਇਸ ਨੂੰ ਲੱਗੇ ਫਲਾਂ ਅਤੇ ਫੁੱਲਾਂ ਨੇ ਆਪਣੀ ਰੰਗਤ
ਬਦਲੀ ਹੈ। ਇਸੇ ਤਰ੍ਹਾਂ ‘ਵਿਕਾਸ’ ਸ਼ਬਦ ਵੀ ਪਰੰਪਰਾ, ਇਤਿਹਾਸ ਅਤੇ ਜੜ੍ਹ ਨੂੰ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ।

ਹੁਣ ਅਸੀਂ ਵਾਰੀ-ਵਾਰੀ ਉਪਰੋਕਤ ਕਿਰਿਆਵਾਂ ਦੀ ਜੜ੍ਹ ਨੂੰ ਸਮਝਣ ਅਤੇ ਜਾਣਨ ਦਾ ਯਤਨ ਕਰਾਂਗੇ।

(ੳ) ਸੀਸ-ਮੰਗਣਾ: ਸੀਸ ਮੰਗਣ ਦੀ ਕਿਰਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸ਼ੁਰੂ ਕਰ ਦਿੱਤੀ ਸੀ ਆਪ ਨੇ ਫੁਰਮਾਇਆ :

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥

(ਅੰਗ ੧੪੧੨)

ਸਿਰ ਮਾਨ, ਸਨਮਾਨ ਅਤੇ ਗਿਆਨ ਦਾ ਸੂਚਕ ਹੈ। ਸਿਰ ਝੁਕਾਉਣਾ ਜਾਂ ਸਿਰ ਦੇਣਾ ਕੋਈ ਮਾੜੀ-ਮੋਟੀ ਗੱਲ ਨਹੀਂ ਹੈ। ਸਿਰ ਜਾਂ ਤਾਂ ਕੁਰਬਾਨੀ ਲਈ ਦਿੱਤਾ ਜਾਂਦਾ ਹੈ ਜਾਂ ਸਮਰਪਣ ਲਈ। ਸਿਰ ਨੂੰ ਸੀਸ ਵੀ ਆਖਿਆ ਜਾਂਦਾ ਹੈ । ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿਰ ਭਾਵ ਸਿਰੜ ਦੇ ਬਦਲੇ ਸੀਸ ਭੇਟ ਕੀਤਾ। ਆਪ ਜੀ ਦੀ ਇਹ ਕਿਰਿਆ ਕੁਰਬਾਨੀ ਦੀ ਕਿਰਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਹਨ ਕਿ ਜੇਕਰ ਗੁਰਸਿੱਖੀ ਦੇ ਰਸਤੇ ‘ਤੇ ਪੈਰ ਰੱਖਣਾ ਹੈ ਤਾਂ ਸਿਰ ਦੇਣ ਤੋਂ ਢਿੱਲ ਨਹੀਂ ਕਰਨੀ । ਜੇਕਰ ਗੁਰਸਿੱਖੀ ਦੇ ਪ੍ਰੇਮ ਦੀ ਖੇਡ-ਖੇਡਣੀ ਹੈ ਤਾਂ ਸਿਰ ਤਲੀ ‘ਤੇ ਰੱਖ ਕੇ ਇਸ ਪ੍ਰੇਮ ਦੀ ਗਲੀ ਆਉਣਾ ਪਵੇਗਾ।

ਦਸਮੇਸ਼ ਪਿਤਾ ਜੀ ਨੇ ਇਸੇ ਪਵਿੱਤਰ ਫੁਰਮਾਨ ਨੂੰ ਅਮਲੀ ਰੂਪ ਦਿੰਦੇ ਹੋਏ ਪੰਜ ਸਿਰਾਂ ਦੀ ਮੰਗ ਕੀਤੀ। ਆਪ ਜੀ ਇਸ ਮੰਗ ਰਾਹੀਂ ਆਪਣੇ ਸਿੱਖਾਂ ਦੇ ਪ੍ਰੇਮ, ਵਿਸ਼ਵਾਸ, ਦ੍ਰਿੜਤਾ ਅਤੇ ਬੀਰਤਾ ਦੀ ਪਰਖ ਕਰਨੀ ਚਾਹੁੰਦੇ ਸਨ। ਇਹ ਇਤਿਹਾਸ ਦਾ ਸੁਭਾਗ ਸੀ ਕਿ ਪੰਜ ਸਿੱਖ ਇਸ ਪ੍ਰੀਖਿਆ ਵਿੱਚੋਂ ਪੂਰੇ ਉੱਤਰੇ ਅਤੇ ਪੰਜ ਪਿਆਰੇ ਅਖਵਾਏ।

(ਅ) ਪੰਜ ਪਿਆਰੇ ਚੁਣਨਾ : ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿਚ

ਲਿਖਦੇ ਹਨ, “ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜ ਪਯਾਰੇ ਚੁਣੇ ਜਾਂਦੇ ਹਨ, ਪਰ ਇਤਿਹਾਸ ਵਿਚ ਸਾਰਿਆਂ ਦੇ ਨਾਮ ਨਹੀਂ ਲਿਖੇ, ਕੇਵਲ ਥੋੜੇ ਨਾਮ ਦਿੱਤੇ ਹਨ, ਜੇਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੰਜ ਪਯਾਰੇ-ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ ਅਤੇ ਭਾਈ ਪੈੜਾ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਆਤਮ ਗਯਾਨੀ ਪੰਜ ਪਯਾਰੇ-ਦੀਵਾਨ ਮਤੀਦਾਸ, ਭਾਈ ਗੁਰਦਿੱਤਾ, ਭਾਈ ਦਿਆਲਾ, ਭਾਈ ਊਦਾ ਅਤੇ ਭਾਈ ਜੈਤਾ । ” ਭਾਈ ਸਾਹਿਬ ਨੇ ਜੋ ਤੱਥ ਲਿਖੇ ਹਨ ਉਸ ਤੋਂ ਜ਼ਾਹਰ ਹੈ ਕਿ ਪੰਜ ਪਿਆਰੇ ਚੁਣਨ ਦੀ ਪ੍ਰਥਾ ਦਸਮੇਸ਼ ਪਿਤਾ ਜੀ ਨੂੰ ਵਿਰਾਸਤ ਵਿੱਚੋਂ ਮਿਲੀ ਸੀ ਅਤੇ ਜੜ੍ਹ ਪਹਿਲਾਂ ਤੋਂ ਹੀ ਮੌਜੂਦ ਸੀ।

ਪੰਜ ਸਿੱਖਾਂ ਦੀ ਮਹੱਤਤਾ ਭਾਈ ਗੁਰਦਾਸ ਜੀ ਦੇ ਇਸ ਕਥਨ ਤੋਂ ਵੀ ਪ੍ਰਗਟ ਹੁੰਦੀ ਹੈ:

ਇਕੁ ਸਿਖੁ ਦੁਇ ਸਾਧ ਸੰਗੁ ਪੰਜੀਂ ਪ੍ਰਮੇਸਰੁ॥

(ਵਾਰ ੧੩:੧੯)

ਪੰਜ ਗੁਰਮੁਖਾਂ ਦਾ ਦਰਜਾ ਸ਼ੁਰੂ ਤੋਂ ਹੀ ਗੁਰੂ-ਘਰ ਵਿਚ ਉੱਚਾ ਰਿਹਾ ਹੈ। ‘ਪੰਜਾਂ ਵਿਚ ਪ੍ਰਮੇਸ਼ਵਰ’ ਅਖਾਣ ਦੇ ਰੂਪ ਵਿਚ ਵੀ ਪੰਜਾਬੀ ਸਭਿਆਚਾਰ ਦਾ ਅੰਗ ਬਣ ਚੁੱਕਾ ਹੈ। ‘ਪੰਚਾਇਤ ਸ਼ਬਦ ਵੀ ਪੰਚ ਜਾਂ ਪੰਜ ਸ਼ਬਦਾਂ ਨਾਲ ਸੰਬੰਧ ਰੱਖਦਾ ਹੈ। ‘ਪੰਚਾਇਤ ਦੀ ਅਵਾਜ਼ ਨੂੰ ਰੱਬ ਦੀ ਅਵਾਜ਼ ਮੰਨਿਆ ਜਾਂਦਾ ਹੈ। ‘ਜਪੁ’ ਬਾਣੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ‘ਪੰਚ’ ਸ਼ਬਦ ਦੀ ਮਹਿਮਾ ਕਰਦੇ ਹੋਏ ਫੁਰਮਾਉਂਦੇ ਹਨ :

ਪੰਚ ਪਰਵਾਣ ਪੰਚ ਪਰਧਾਨੁ॥

(ਅੰਗ ੩)

ਮਾਰੂ ਸੋਲਹੇ ਵਿਚ ਆਪ ਜੀ ਦਾ ਫੁਰਮਾਨ ਹੈ :

ਗੁਰਮਤਿ ਪੰਚ ਸਖੇ ਗੁਰ ਭਾਈ॥

(ਅੰਗ ੧੦੪੧)

ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਸਾਜਿਆ ਸੀ ਤਾਂ ਉਨ੍ਹਾਂ ਨੂੰ ਆਪਸ ਵਿਚ ਗੁਰੂ ਭਾਈ ਹੋਣ ਦਾ ਵੀ ਦਰਜਾ ਦਿੱਤਾ ਸੀ। ਗੁਰੂ ਜੀ ਵੱਲੋਂ ਪੰਜ ਪਿਆਰੇ ਚੁਣਨ ਦੀ ਪ੍ਰਕਿਰਿਆ ਗੁਰੂ-ਘਰ ਦੀ ਚਲੀ ਆ ਰਹੀ ਮਰਯਾਦਾ ਦੇ ਅਨੁਕੂਲ ਸੀ ਅਤੇ ਆਪ ਗੁਰੂ-ਘਰ ਦੀ ਮਰਯਾਦਾ ਨੂੰ ਹੀ ਅੱਗੇ ਤੋਰ ਰਹੇ ਸਨ।

(ੲ) ਅੰਮ੍ਰਿਤ ਛਕਾਉਣਾ : ‘ਅੰਮ੍ਰਿਤ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਸ ਦਾ ਅਰਥ ਉਸ ਪੀਣ ਵਾਲੇ ਪਦਾਰਥ ਤੋਂ ਹੈ ਜਿਸ ਦੇ ਪ੍ਰਭਾਵ ਨਾਲ ਮੌਤ ਨਹੀਂ ਹੁੰਦੀ। ਸੰਸਾਰ ਦੇ ਇਤਿਹਾਸ ਵਿਚ ‘ਅੰਮ੍ਰਿਤ’ ਦੀ ਇਕ ਪ੍ਰਪੱਕ ਪਰੰਪਰਾ ਹੈ। ਯੂਨਾਨ ਦੇ ਮਿਥਿਹਾਸ ਵਿਚ ‘ਨੈਕਟਰ’, ਈਸਾਈ ਧਰਮ ਵਿਚ ਜੀਵਨ ਜਲ ਜਾਂ ਬਪਤਿਸਮਾ, ਇਸਲਾਮ ਵਿਚ ਆਬਿ-ਹਯਾਤ, ਹਿੰਦੂ ਧਰਮ ਵਿਚ ਸੋਮ-ਰਸ ਜਾਂ ਮਿਊਖ ਆਦਿ ਦੀਆਂ ਮਿਸਾਲਾਂ ਇਸ ਪਰੰਪਰਾ ਦਾ ਹਿੱਸਾ ਹਨ।

ਉਪਰੋਕਤ ਪਰੰਪਰਾ ਧਰਮ ਜਾਂ ਗੁਰੂ ਧਾਰਨ ਲਈ ਜ਼ਰੂਰੀ ਮੰਨੀ ਜਾਂਦੀ ਹੈ। ਇਸ ਨੂੰ ਗੁਰ-ਦੀਖਿਆ ਵੀ ਆਖਿਆ ਜਾਂਦਾ ਹੈ। ਗੁਰ-ਇਤਿਹਾਸ ਵਿਚ ਦਸਮੇਸ਼ ਜੀ ਤੋਂ ਪਹਿਲਾਂ ‘ਚਰਨ-ਪਾਹੁਲ’ ਦੇਣ ਦੀ ਪ੍ਰਥਾ ਮੌਜੂਦ ਸੀ । ਭਾਈ ਗੁਰਦਾਸ ਜੀ ਇਸ ਪਰੰਪਰਾ ਦਾ ਵਰਣਨ ਕਰਦੇ ਹੋਏ ਲਿਖਦੇ ਹਨ :

ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ।

(ਵਾਰ ੧:੨੩)

‘ਅੰਮ੍ਰਿਤ’ ਸ਼ਬਦ ਦੀ ਵਰਤੋਂ ਭਗਤ ਸਾਹਿਬਾਨ ਦੀ ਬਾਣੀ ਵਿਚ ਪ੍ਰਭੂ ਦੇ ਨਾਮ ਲਈ ਕੀਤੀ ਗਈ ਹੈ। ਗੁਰੂ ਸਾਹਿਬਾਨ ਵੱਲੋਂ ਰਚਿਤ ਬਾਣੀ ਵਿਚ ਵੀ ‘ਅੰਮ੍ਰਿਤ’ ਸ਼ਬਦ ਬਹੁਤ ਵਾਰ ਆਇਆ ਹੈ। ਹਰੀ ਦੇ ਨਾਮ ਨੂੰ ਹੀ ਅੰਮ੍ਰਿਤ ਆਖਿਆ ਗਿਆ ਹੈ। ਅੰਮ੍ਰਿਤ ਪੀਣ ਦਾ ਵੀ ਜ਼ਿਕਰ ਹੈ ਅਤੇ ਅੰਮ੍ਰਿਤ ਦੇ ਕੇਵਲ ਇਕ ਹੋਣ ਦਾ ਵੀ ਸਪਸ਼ਟ ਉਲੇਖ ਹੈ।

ਗੁਰਬਾਣੀ ਵਿਚ ਇਹ ਕਥਨ ਦਰਜ ਹਨ :

ਅੰਮ੍ਰਿਤੁ ਪੀਵੈ ਅਮਰੁ ਸੋ ਹੋਇ॥

 

-ਅੰਮ੍ਰਿਤੁ ਹਰਿ ਹਰਿ ਨਾਮੁ ਹੈ॥

(ਅੰਗ ੫੩੮)

– ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥

(ਅੰਗ ੧੨੩੮)

ਸ੍ਰੀ ਗੁਰੂ ਅਰਜਨ ਦੇਵ ਜੀ ਗੁਰ-ਦੀਖਿਆ ਦੀ ਮਹੱਤਤਾ ਦੱਸਦੇ ਹੋਏ ਫੁਰਮਾਉਂਦੇ ਹਨ :

ਬਿਨੁ ਗੁਰ ਦੀਖਿਆ ਕੈਸੇ ਗਿਆਨੁ॥

(ਅੰਗ ੧੧੪੦)

ਗੁਰ-ਦੀਖਿਆ ਪ੍ਰਾਪਤ ਕਰ ਕੇ ਹੀ ਮਨੁੱਖ ਗੁਰੂ ਵਾਲਾ ਬਣਦਾ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਖੰਡੇ ਦੀ ਪਾਹੁਲ ਦੇਣ ਦਾ ਜੋ ਫੈਸਲਾ ਕੀਤਾ ਉਹ ਅਸਲ ਵਿਚ ਗੁਰਬਾਣੀ ਵਿਚ ਦਰਸਾਏ ‘ਅੰਮ੍ਰਿਤ’ ਸ਼ਬਦ ਦੀ ਪਾਲਣਾ ਹੀ ਸੀ ਅਤੇ ਇਹ ‘ਚਰਨ ਪਾਹੁਲ’ ਤੋਂ ਵਿਕਸਿਤ ਹੋਇਆ ਰੂਪ ਸੀ । ਗੁਰ-ਦੀਖਿਆ ਦੇਣ ਦਾ ਨਿਵੇਕਲਾ ਵਿਚਾਰ ਸੰਸਾਰ ਸਾਹਮਣੇ ਪੇਸ਼ ਕੀਤਾ।

‘ਖੰਡੇ ਦੀ ਪਾਹੁਲ’ ਸਰਬ-ਲੋਹ ਦੇ ਬਾਟੇ ਵਿਚ ਨਿਰਮਲ ਜਲ ਪਾ ਕੇ ਅਤੇ ਉਸ ਵਿਚ ਪਤਾਸੇ ਪਾ ਕੇ ਤਿਆਰ ਕੀਤੀ ਜਾਂਦੀ ਹੈ। ਪੰਜ ਪਿਆਰੇ ਬੀਰ-ਆਸਣ ਲਗਾ ਕੇ ਬਾਣੀ ਪੜ੍ਹਦੇ ਹੋਏ ਇਹ ਪਾਹੁਲ ਤਿਆਰ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਹ ਪਾਹੁਲ ਤਿਆਰ ਹੁੰਦੀ ਹੈ।

ਦਸਮੇਸ਼ ਜੀ ਵੱਲੋਂ ਅੰਮ੍ਰਿਤ ਛਕਾਉਣ ਦੀ ਰਵਾਇਤ ਨਿਰਸੰਦੇਹ ਗੁਰਬਾਣੀ-ਪ੍ਰਧਾਨ ਹੈ। ਨਿਰਮਲ ਜਲ ਗੁਰਬਾਣੀ ਦੇ ਪ੍ਰਭਾਵ ਸਦਕਾ ਖੰਡੇ ਅਤੇ ਪਤਾਸਿਆਂ ਦੀ ਛੁਹ ਪਾ ਕੇ ਅੰਮ੍ਰਿਤ ਬਣ ਜਾਂਦਾ ਹੈ।

(ਸ) ਆਪੇ ਗੁਰ ਚੇਲਾ ਬਣਨਾ : ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਉਨ੍ਹਾਂ ਪਾਸੋਂ ਅੰਮ੍ਰਿਤ ਦੀ ਦਾਤ ਮੰਗੀ। ਇਸ ਤਰ੍ਹਾਂ ਆਪ ਆਪੇ ਹੀ ਗੁਰੂ ਅਤੇ ਆਪੇ ਹੀ ਚੇਲਾ ਬਣ ਗਏ।

‘ਆਪੇ ਗੁਰ ਚੇਲਾ’ ਬਣਨ ਦੀ ਪਵਿੱਤਰ ਘਟਨਾ ਦਾ ਆਧਾਰ ਪਹਿਲਾਂ ਤੋਂ ਹੀ ਗੁਰ-ਇਤਿਹਾਸ ਵਿਚ ਮੌਜੂਦ ਸੀ । ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਇਸ ਤੱਥ ਦੀ ਭਲੀ-ਭਾਂਤ ਪੁਸ਼ਟੀ ਹੁੰਦੀ ਹੈ। ਆਪ ਜੀ ਦਾ ਕਥਨ ਹੈ :

ਗੁਰ ਚੇਲਾ ਚੇਲਾ ਗੁਰੂ ਬੇਧਿ ਹੀਰੈ ਹੀਰਾ॥

 

ਗੁਰੂ ਚੇਲਾ ਹੋ ਜਾਵੇ ਅਤੇ ਚੇਲਾ ਗੁਰੂ ਹੋ ਜਾਵੇ, ਇਹ ਹੈ ਗੁਰੂ-ਚੇਲੇ ਦੀ ਮੁਹੱਬਤ ਦਾ ਚੋਜ ਪੀਰ-ਮੁਰੀਦ ਅਤੇ ਗੁਰੂ-ਚੇਲੇ ਦੇ ਸੰਬੰਧਾਂ ਵਿਚ ਕੋਈ ਅੰਤਰ ਹੀ ਨਾ ਰਹੇ, ਇਹ ਹੈ ਗੁਰੂ ਚੇਲੇ ਦੀ ਇਕਮਿਕਤਾ। ਹੀਰਾ ਜਦੋਂ ਹੀਰੇ ਨੂੰ ਵਿੰਨ੍ਹਦਾ ਹੈ ਤਾਂ ਉਸ ਦੀ ਕਣੀ ਦੀ ਅਣੀ ਹੀਰੇ ਵਿਚ ਜਾਂਦੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ-ਕਾਲ ਦੌਰਾਨ ਹੀ ਭਾਈ ਲਹਿਣਾ
ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਗੁਰ-ਗੱਦੀ ‘ਤੇ ਬਿਰਾਜਮਾਨ ਕੀਤਾ। ਇਸ ਤਰ੍ਹਾਂ ਗੁਰੂ ਜੀ ਨੇ ਇੱਕੋ ਸਮੇਂ ਚੇਲੇ ਨੂੰ ਗੁਰੂ ਵਿਚ ਤਬਦੀਲ ਕਰ ਦਿੱਤਾ ਸੀ। ਉਸ ਸਮੇਂ ਗੁਰੂ ਅਤੇ ਚੇਲੇ ਵਿਚ ਕੋਈ ਭੇਦ ਨਹੀਂ ਸੀ ਰਿਹਾ। ਗੁਰੂ ਸਮੁੰਦਰ ਸੀ, ਚੇਲਾ ਨਦੀ ਸੀ। ਨਦੀ ਸਮੁੰਦਰ ਵਿਚ ਜਾ ਮਿਲੀ ਸੀ। ਨਦੀ ਸਮੁੰਦਰ ਦਾ ਹੀ ਰੂਪ ਹੋ ਗਈ ਸੀ।

ਸੋ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੈਸਲਾ ਕਰਨ ਦੀ ਸ਼ਕਤੀ ਪੰਜ ਪਿਆਰਿਆਂ ਦੇ ਹੱਥ ਵਿਚ ਦਿੱਤੀ, ਸੰਗਤ ਨੂੰ ‘ਇੱਕੀ ਵਿਸਵੇ’ ਆਖਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਦਿੱਤੀ ਤਾਂ ਆਪ ਉਸੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਰਹੇ ਸਨ, ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰਿਆ ਸੀ ਅਤੇ ਜਿਸ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਕੀਤੀ ਸੀ।

ਗੁਰੂ ਅਤੇ ਸਿੱਖ ਭਾਵ ਗੁਰੂ ਅਤੇ ਚੇਲੇ ਦੀ ਇਕਮਿਕਤਾ ਦੀ ਪੁਸ਼ਟੀ ਗੁਰਬਾਣੀ ਵਿੱਚੋਂ ਵੀ ਹੁੰਦੀ ਹੈ। ਡਾ. ਭਾਈ ਜੋਧ ਸਿੰਘ ਜੀ ਤਾਂ ‘ਗੁਰਮਤਿ ਨਿਰਣਯ’ ਵਿਚ ਇੱਥੋਂ ਤਕ ਲਿਖਦੇ ਹਨ ਕਿ: ‘ਜਦੋਂ ਸਿੱਖ ਪੂਰਨ ਤੌਰ ‘ਤੇ ਹਉਮੈ ਦਾ ਨਾਸ ਕਰ ਕੇ ਨਾਮ ਵਿਚ ਲੀਨ ਹੁੰਦਾ ਹੈ ਫਿਰ ਉਹ ਗੁਰੂ ਰੂਪ ਹੋ ਜਾਂਦਾ ਹੈ। ਪਵਿੱਤਰ ਫੁਰਮਾਨ ਹਨ:

– ਨਾਨਕ ਗੁਰ ਤੇ ਗੁਰੂ ਹੋਇਆ ਵੇਖਹੁ ਤਿਸ ਕੀ ਰਜਾਇ॥

ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ॥

(ਅੰਗ ੪੯੦-੯੧)

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥

ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ॥

(ਅੰਗ ੪੪੪)

ਕਹਿਣ ਦਾ ਭਾਵ ਇਹ ਹੈ ਕਿ ਦਸਮੇਸ਼ ਪਿਤਾ ਜੀ ਵੱਲੋਂ ‘ਆਪੇ ਗੁਰ ਚੇਲਾ’ ਦੀ ਜੋ ਮਹਾਨ ਪਰੰਪਰਾ ਅਮਲ ਵਿਚ ਲਿਆਂਦੀ ਗਈ ਉਸ ਪਿਛੋਕੜ ਅਤੇ ਉਸ ਜੜ੍ਹ ਪਹਿਲਾਂ ਤੋਂ ਹੀ ਗੁਰਬਾਣੀ ਅਤੇ ਗੁਰ-ਇਤਿਹਾਸ ਵਿਚ ਮੌਜੂਦ ਸੀ।

(ਹ) ਰਹਿਤ ਮਰਯਾਦਾ ਦਾ ਐਲਾਨ ਕਰਨਾ :‘ਖੰਡੇ ਦੀ ਪਾਹੁਲ’ ਭਾਵ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਾਜਣ ਤੋਂ ਬਾਅਦ ਉਨ੍ਹਾਂ ਪਾਸੋਂ ਖੁਦ ਅੰਮ੍ਰਿਤ ਛਕ ਕੇ ਗੁਰੂ ਜੀ ਨੇ ਖਾਲਸਾ ਪੰਥ ਲਈ ਇਕ ਨਿਸ਼ਚਿਤ ਰਹਿਤ ਮਰਯਾਦਾ ਦਾ ਐਲਾਨ ਵੀ ਕੀਤਾ। ਇਹ ਦੋ ਤਰ੍ਹਾਂ ਦੀ ਰਹਿਤ ਸੀ ਇਕ ਬਾਹਰੀ ਅਤੇ ਦੂਜੀ ਅੰਤਰੀਵੀ।

ਬਾਹਰੀ ਰਹਿਤ ਲਈ ਗੁਰੂ ਜੀ ਨੇ ਪੰਜ ਕਕਾਰ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕਿਰਪਾਨ ਧਾਰਨ ਦਾ ਹੁਕਮ ਦਿਤਾ। ਕੇਸਾਂ ਨੂੰ ਸਭ ਤੋਂ ਵੱਧ ਮਹਾਨਤਾ ਦਿੱਤੀ ਗਈ। ਕੇਸ ਕਤਲ ਕਰਵਾਉਣ ਵਾਲੇ ਨੂੰ ਪਤਿਤ ਮੰਨਿਆ ਗਿਆ ਜਦੋਂ ਕਿ ਬਾਕੀ ਚਾਰ ਕਕਾਰ ਨਾ ਰੱਖਣ ਵਾਲੇ ਨੂੰ ਕੇਵਲ ਤਨਖਾਹੀਆ ਕਰਾਰ ਦੇਣ ਦਾ ਹੁਕਮ ਕੀਤਾ ਗਿਆ। ਕੇਸਾਂ ਦੀ ਹੋਂਦ ਨੂੰ ‘ਸਾਬਤ ਸੂਰਤ’ ਮੰਨਿਆ ਗਿਆ। ਸਾਬਤ ਸੂਰਤ ਰੱਖ ਕੇ ਦਸਤਾਰ ਸਜਾਉਣ ਦੀ ਗੱਲ ਗੁਰਬਾਣੀ ਵਿਚ ਦਰਜ ਹੋਣ ਕਰਕੇ ਗੁਰੂ ਜੀ ਦਾ ਇਹ ਹੁਕਮ ਕੋਈ ਨਵੀਨ ਗੱਲ ਨਹੀ ਸੀ। ਪਹਿਲੇ ਨੌ ਗੁਰੂ ਸਾਹਿਬਾਨ ਦੇ ਅਤੇ ਪੁਰਾਤਨ ਸਿੱਖਾਂ ਦੇ ਸਰੂਪ
ਸਬੰਧੀ ਮਿਲਦੇ ਪੁਰਾਤਨ ਚਿੱਤਰ ਵੀ ਇਸ ਗੱਲ ਦੀ ਸ਼ਾਹਦੀ ਭਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਉਦਾਸੀ ਸੰਪਰਦਾ ਨਾਲ ਸੰਬੰਧਿਤ ਰਹਿਤਨਾਮਿਆਂ ਵਿਚ ਕੇਸਾਂਧਾਰੀ ਹੋਣ ਦਾ ਹੁਕਮ ਦਿੱਤਾ ਹੋਇਆ ਹੈ। ਗੁਰਬਾਣੀ ਦਾ ਇਹ ਫੁਰਮਾਨ ਵੀ ਇਸ ਸਬੰਧੀ ਸਪਸ਼ਟ ਆਦੇਸ਼ ਦਿੰਦਾ ਹੈ :

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ

ਸਾਬਤ ਸੂਰਤਿ ਦਸਤਾਰ ਸਿਰਾ॥

(ਅੰਗ ੧੦੮੪)

ਭਗਤ ਨਾਮਦੇਵ ਜੀ ਪਰਮਾਤਮਾ ਦੇ ਰੂਪ ਨੂੰ ਬੜੇ ਸੁੰਦਰ ਸ਼ਬਦਾਂ ਵਿਚ ਇਉਂ ਬਿਆਨ ਕਰਦੇ ਹਨ :

ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ॥

(ਅੰਗ ੭੨੭)

ਇਸ ਤਰ੍ਹਾਂ ਪਗੜੀ ਜਾਂ ਦਸਤਾਰ ਵਾਲੀ ਸੂਰਤ ਨੂੰ ਉੱਤਮ ਸੂਰਤ ਮੰਨਿਆ ਗਿਆ ਹੈ। ਭਗਤ ਸਾਹਿਬਾਨ, ਸੰਸਾਰ ਭਰ ਦੇ ਧਾਰਮਿਕ ਮਹਾਂਪੁਰਸ਼ਾਂ, ਫਿਲਾਸਫਰਾਂ, ਰਿਸ਼ੀਆਂ-ਮੁਨੀਆਂ, ਕਵੀਆਂ ਆਦਿ ਦੀਆਂ ਤਸਵੀਰਾਂ ਦੇਖਿਆਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਬਹੁ-ਗਿਣਤੀ ਕੇਸਾਂਧਾਰੀ ਅਤੇ ਪੱਗੜੀ ਵਾਲੀ ਹੈ। ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਬਾਹਰੀ ਸਰੂਪ ਖਾਲਸਾ ਪੰਥ ਲਈ ਜ਼ਰੂਰੀ ਦਰਸਾਇਆ, ਉਹ ਇਤਿਹਾਸ-ਮਿਥਿਹਾਸ ਵਿੱਚੋਂ ਚੁਣ ਕੇ ਲਈ ਹੋਈ ਵਧੀਆ ਚੀਜ਼ ਸੀ।

ਕੰਘੇ ਦਾ ਸੰਬੰਧ ਜ਼ਾਹਰਾ ਤੌਰ ਤੇ ਕੇਸਾਂ ਦੀ ਸੰਭਾਲ ਅਤੇ ਸਫਾਈ ਨਾਲ ਹੈ। ਇਸ ਨੂੰ ਨਾਲ ਰੱਖਿਆਂ ਸਫਾਈ ਵਿਚ ਅਣਗਹਿਲੀ ਨਹੀਂ ਹੁੰਦੀ। ਕੜਾ ਵੀ ਕੋਈ ਨਵੀਂ ਚੀਜ਼ ਨਹੀ ਸੀ। ਪਹਿਲਾਂ ਤੋਂ ਬਾਹਾਂ ਵਿਚ ਸੋਨੇ-ਚਾਂਦੀ ਦੇ ਕੜੇ ਪਾਉਣ ਦਾ ਰਿਵਾਜ਼ ਸੀ। ਗੁਰੂ ਜੀ ਨੇ ਲੋਹੇ ਦਾ ਕੜਾ ਪਹਿਨਣ ਦਾ ਹੁਕਮ ਦਿੱਤਾ । ਕੜਾ ਜਾਂ ਵੰਗ ਪ੍ਰਤੀਕ ਰੂਪ ਵਿਚ ਮਨੁੱਖੀ ਜੀਵਨ ਨੂੰ ਕਿਸੇ ਰਿਸ਼ਤੇ ਜਾਂ ਬੰਧਨ ਵਿਚ ਜੋੜਨ ਲਈ ਹਨ। ਕੜਾ ਅਨੁਸ਼ਾਸਨ ਦਾ ਸੂਚਕ ਹੈ ਅਤੇ ਜੀਵਨ ਦੇ ਕਾਰਜ ਕਰਦਿਆਂ ਇਹ ਗੁਰੂ ਦੀ ਯਾਦ ਦਿਵਾਉਂਦਾ ਰਹਿੰਦਾ ਹੈ। ਕੜਾ ਵਹਿਮਾਂ-ਭਰਮਾਂ ਨੂੰ ਨਾ ਮੰਨਣ ਦੀ ਨਿਸ਼ਾਨੀ ਵੀ ਹੈ।

ਕਛਹਿਰਾ ਵਰਦੀ ਦਾ ਹਿੱਸਾ ਬਣਇਆ ਗਿਆ ਹੈ। ਨੰਗੇਜ਼ ਨੂੰ ਢੱਕਣ ਲਈ ਇਹ ਇਕ ਉੱਤਮ ਵਸਤਰ ਹੋਣ ਕਰਕੇ ਗੁਰੂ ਜੀ ਨੇ ਇਸ ਨੂੰ ਕਕਾਰਾਂ ਵਿਚ ਸ਼ਾਮਲ ਕੀਤਾ। ਇਹ ਵਸਤਰ ਵੀ ਕੋਈ ਨਵੀਂ ਚੀਜ਼ ਨਹੀਂ ਸੀ ਸਗੋਂ ਪਹਿਲਾਂ ਤੋਂ ਹੀ ਇਸ ਦੀ ਕਿਸੇ ਨਾ ਕਿਸੇ ਰੂਪ ਵਿਚ ਵਰਤੋਂ ਕੀਤੀ ਜਾਂਦੀ ਰਹੀ ਸੀ।

ਕਿਰਪਾਨ ਨੂੰ ਪੰਜ ਕਕਾਰਾਂ ਵਿਚ ਸ਼ਾਮਲ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਸਲ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਾਲੀ ਮੀਰੀ-ਪੀਰੀ ਪਰੰਪਰਾ ਨੂੰ ਅੱਗੇ ਤੋਰਿਆ ਸੀ । ਕਿਰਪਾਨ ਦਲੇਰੀ ਅਤੇ ਸ਼ਕਤੀ ਦੇ ਗੁਣਾਂ ਦੀ ਮਾਲਕ ਹੋਣ ਕਰਕੇ ‘ਸੰਤ-ਸਿਪਾਹੀ’ ਬਣਾਉਣ ਲਈ ਜ਼ਰੂਰੀ ਸੀ । ਚਿੰਨ੍ਹ ਵਜੋਂ ਵੀ ਕਿਰਪਾਨ ਅਣਖ, ਬਹਾਦਰੀ ਅਤੇ ਦ੍ਰਿੜ੍ਹਤਾ ਦੀ ਸੂਚਕ ਹੋਣ ਕਰਕੇ ਗੁਰੂ ਜੀ ਨੇ ਇਸ ਨੂੰ ਰਹਿਤ ਦਾ ਅੰਗ
ਬਣਾਇਆ। ਪੰਜ ਕਕਾਰਾਂ ਤੋਂ ਇਲਾਵਾ, ਸਿੱਖਾਂ ਲਈ ਇਹ ਵੀ ਜ਼ਰੂਰੀ ਕੀਤਾ ਗਿਆ ਕਿ ਉਹ ਲੜਕੇ ਦੇ ਨਾਂਅ ਨਾਲ ‘ਸਿੰਘ’ ਅਤੇ ਲੜਕੀ ਦੇ ਨਾਂਅ ਨਾਲ ‘ਕੌਰ’ ਸ਼ਬਦਾਂ ਦੀ ਵਰਤੋਂ ਜ਼ਰੂਰ ਕਰਨ।

ਉਪਰੋਕਤ ਵਿਚਾਰ ਇਹ ਸਪਸ਼ਟ ਕਰਦੀ ਹੈ ਕਿ ਪੰਜ ਕਕਾਰਾਂ ਦਾ ਹੁਕਮ ਗੁਰੂ ਜੀ ਨੇ ਅਚਨਚੇਤ ਨਹੀਂ ਕਰ ਦਿੱਤਾ। ਅਸਲ ਵਿਚ ਇਹ ਕਕਾਰ ਪਹਿਲਾਂ ਹੀ ਸਿੱਖਾਂ ਪਾਸ ਮੌਜੂਦ ਸਨ। ਪਰ ਇਨ੍ਹਾਂ ਨੂੰ ਧਾਰਨ ਕਰਨ ਦੇ ਸਬੰਧ ਵਿਚ ਪਕਿਆਈ ਨਹੀਂ ਸੀ। ਗੁਰੂ ਜੀ ਨੇ ਅਨੁਸ਼ਾਸਨ ਅਤੇ ਪਕਿਆਈ ਨੂੰ ਯਕੀਨੀ ਬਣਾਉਣ ਲਈ ਇਹ ਕਕਾਰ ਸਿੱਖਾਂ ਲਈ ਜ਼ਰੂਰੀ ਕਰ ਦਿੱਤੇ।

ਪੰਜ-ਕਕਾਰੀ ਜੀਵਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਮ, ਦਾਨ, ਇਸ਼ਨਾਨ ਨਾਲ ਜੋੜਿਆ। ਕੇਵਲ ਅਕਾਲ ਪੁਰਖ ਨੂੰ ਮੰਨਣ ਦਾ ਹੁਕਮ ਦਿੱਤਾ। ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਨਾਮ ਜਪਣਾ, ਗੁਰਬਾਣੀ ਦਾ ਨਿਤਨੇਮ ਕਰਨਾ, ਸਤਿਸੰਗਤ ਵਿਚ ਜਾਣਾ, ਸੇਵਾ ਕਰਨਾ, ਕਿਰਤ ਕਰਕੇ ਵੰਡ ਕੇ ਛਕਣਾ ਅਤੇ ਵਾਹਿਗੁਰੂ ਦੀ ਰਜ਼ਾ ਵਿਚ ਰਹਿਣਾ ਇਹ ਸਨ ਕੁਝ ਆਦੇਸ਼ ਜੋ ਗੁਰੂ ਜੀ ਨੇ ਸਿੱਖਾਂ ਦੀ ਰਹਿਣੀ-ਬਹਿਣੀ ਲਈ ਜਾਰੀ ਕੀਤੇ। ਕੁਝ ਗੱਲਾਂ ਤੋਂ ਮਨਾਹੀ ਵੀ ਕੀਤੀ। ਚਾਰ ਕੁਰਹਿਤਾਂ ਵੀ ਦੱਸੀਆਂ। ਇਹ ਕੁਰਹਿਤਾਂ ਹਨ : ਕੇਸਾਂ ਦੀ ਬੇਅਦਬੀ, ਕੁੱਠਾ ਖਾਣਾ, ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ ਅਤੇ ਤਮਾਕੂ ਦਾ ਵਰਤਣਾ। ਇਸ ਤੋਂ ਇਲਾਵਾ ਗੁਰੂ ਜੀ ਨੇ ਮੂਰਤੀ-ਪੂਜਾ, ਵਹਿਮਾਂ-ਭਰਮਾਂ, ਜੰਤਰ-ਤੰਤਰ, ਛੂਤ-ਛਾਤ, ਸੂਤਕ-ਪਾਤਕ ਆਦਿ ਤੋਂ ਵਰਜਿਆ।

ਜੇਕਰ ਉਪਰੋਕਤ ਸਾਰੀਆਂ ਗੱਲਾਂ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਲੱਭਣ ਦਾ ਯਤਨ ਕਰੀਏ ਤਾਂ ਇਹ ਕੋਈ ਔਖਾ ਕੰਮ ਨਹੀਂ। ਕਿਉਂਕਿ ਇਨ੍ਹਾਂ ਗੱਲਾਂ ਸਬੰਧੀ ਆਦੇਸ਼ ਵਾਰ-ਵਾਰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਦਿੱਤੇ ਹੋਏ ਹਨ। ਹੇਠਾਂ ਕੁਝ ਪਵਿੱਤਰ ਕਥਨ ਦਰਜ ਕੀਤੇ ਜਾਂਦੇ ਹਨ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਦਸਮੇਸ਼ ਪਿਤਾ ਜੀ ਨੇ ਜੋ ਰਹਿਤ ਸਾਨੂੰ ੧੭੫੬ ਬਿਕ੍ਰਮੀ ਦੀ ਵੈਸਾਖੀ ਮੌਕੇ ਦੱਸੀ, ਉਸ ਦੀ ਸਿੱਖਿਆ ਤਾਂ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੀ ਮਿਲਦੀ ਆ ਰਹੀ ਸੀ।

– ਗੁਰੂ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥

– ਦੇਵੀ ਦੇਵਾ ਪੁਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥
(ਅੰਗ ੬੩੭)

ਘਾਲਿ ਖਾਇ ਕਿਛੁ ਹਥਹੁ ਦੇਇ॥

(ਅੰਗ ੧੨੪੫)

ਨਾਨਕ ਰਾਹੁ ਪਛਾਣਹਿ ਸੇਇ॥

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥

(ਅੰਗ ੧੪੧)

– ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥

(ਅੰਗ ੪੦੩)

– ਪਰ ਧਨ ਪਰ ਦਾਰਾ ਪਰਹਰੀ॥

ਤਾ ਕੈ ਨਿਕਟਿ ਬਸੈ ਨਰਹਰੀ॥

(ਅੰਗ ੧੧੬੩)

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥

(ਅੰਗ ੧੪੦)

ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤ॥

(ਅੰਗ ੫੫੪)

– ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥

ਪਰ ਤਨ ਪਰ ਧਨ ਪਰ ਨਿੰਦ ਮੇਟਿ ਨਾਮੁ ਦਾਨੁ ਇਸਨਾਨੁ ਦਿੜਾਇਆ॥

 

ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥

(ਅੰਗ ੧੩੮੩)

– ਗੁਰਸਿਖ ਭਲਕੇ ਉਠ ਕਰਿ ਅੰਮ੍ਰਿਤ ਵੇਲੇ ਸਰੁ ਨਾਵੰਦਾ॥

(ਵਾਰ ੪੦:੧੧)

-ਸ. ਸੁਖਦੇਵ ਸਿੰਘ ਸ਼ਾਂਤ