ਸੰਸਾ

ਲੇਖ
May 22, 2026

ਸੰਸਾ (ਸੰਸਕ੍ਰਿਤ: ਸੰਸ਼ਯ) ਆਪਣੇ ਨਿਸਚੇ ਵੱਲੋਂ ਬੇਯਕੀਨੇ ਹੋਣ ਦੀ ਅਵਸਥਾ ਦਾ ਨਾਮ ਹੈ। ਅਸੀਂ ਸਭ ਕਿਸੇ ਨ ਕਿਸੇ ਹੱਦ ਤਕ ਸੰਸੇਵਾਨ ਹੁੰਦੇ ਹਾਂ। ਐਪਰ ਸਾਡੇ ਵਿੱਚੋਂ ਬਹੁਤੇ ਆਪਣੇ ਸੰਸੇ ਦਾ ਇਕਬਾਲ ਕਰਨ ਤੋਂ ਅਸਮਰਥ ਹੁੰਦੇ ਹਨ। ਕਈ ਇਸ ਨੂੰ ਮਾਨਸਿਕ ਕਮਜ਼ੋਰੀ ਮੰਨ ਕੇ ਇਸ ਤੋਂ ਇਨਕਾਰੀ ਹੁੰਦੇ ਹਨ ਤਾਂ ਕਈ ਅਧਿਆਤਮਕ ਕਮਜ਼ੋਰੀ ਸਮਝ ਕੇ। ਕੁਝ ਲੋਕ ਸੰਸਿਆਂ ਨੂੰ ਸ਼ਰਮਨਾਕ ਸਮਝ ਕੇ ਅੰਦਰੇ ਹੀ ਅੰਦਰੇ ਇਹਨਾਂ ਦਾ ਦਮਨ ਕਰ ਲੈਂਦੇ ਹਨ ਤੇ ਕੁਝ ਲੋਕ ਸੰਸੇ ਨੂੰ ਅਵਿਸ਼ਵਾਸ ਦਾ ਚਿੰਨ੍ਹ ਮੰਨ ਕੇ ਇਸ ਨੂੰ ਨਕਾਰ ਦੇਂਦੇ ਹਨ-ਇਹ ਮੰਨ ਕੇ ਕਿ ਇਸ ਨਾਲ ਉਹਨਾਂ ਦੇ ਸ੍ਵੈਮਾਨ ਨੂੰ ਚੋਟ ਲੱਗਦੀ ਹੈ। ਇਉਂ ਸਮਝੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਸੰਸਾ ਇਕ ਵਿਆਪਕ ਮਾਨਸਿਕ ਵਰਤਾਰਾ ਹੈ। ਇਸੇ ਲਈ ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ

ਹਨ:

ਸੰਸਾਰੈ ਮਹਿ ਸਹਸਾ ਬਿਆਪੈ॥

(ਅੰਜੁਲੀਆ ਮਾਰੂ ਮਹਲਾ ੫, ਪੰਨਾ 1019)

ਗੁਰੂ ਸਾਹਿਬ ਤਾਂ ਸਾਰੇ ਸੰਸਾਰ ਨੂੰ ਹੀ ਸੰਸਾ ਸਮਝਦੇ ਹਨ। ਸੰਸੇ ਦੇ ਭੁਲਾਵੇ ਵਿਚ ਪਿਆਂ ਹੀ ਮਨੁੱਖ ਦਾ ਸਾਰਾ ਜੀਵਨ ਬੀਤ ਜਾਂਦਾ ਹੈ। ਜੀਵਨ ਹੀ ਨਹੀਂ ਬੀਤਦਾ, ਜਨਮ ਮਰਨ ਵੀ ਬਣਿਆ ਰਹਿੰਦਾ ਹੈ।

ਸੰਸਾ ਵਿਸ਼ਵਾਸ ਦਾ ਵਿਰੋਧੀ ਨਹੀਂ ਹੁੰਦਾ। ਪਤਾ ਨਹੀਂ ਕਿਉਂ ਕੁਝ ਲੋਕ ਇਸ ਨੂੰ ਅਵਿਸ਼ਵਾਸ ਦੇ ਤੁਲ ਸਮਝ ਲੈਂਦੇ ਹਨ। ਵਿਸ਼ਵਾਸ ਦਾ ਵਿਰੋਧੀ ਪਦ ਅਵਿਸ਼ਵਾਸ ਹੈ, ਜੋ ਅਧਿਆਤਮਕ ਰਸਤੇ ਵੱਲ ਮੂੰਹ ਹੀ ਨਹੀਂ ਕਰਨ ਦੇਂਦਾ। ਸੰਸਾ ਤਾਂ ਇਕ ਪ੍ਰਕਾਰ ਦੀ ਅਧਿਆਤਮਕ ਪੀੜਾ ਹੈ। ਧਾਰਮਿਕ ਵਿਦਵਾਨਤਾ ਇਸ ਨੂੰ ਦੂਰ ਨਹੀਂ ਕਰ ਸਕਦੀ। ਅਧਿਆਤਮਕ ਸੰਸਾ ਤਾਂ ਗੁਰੂ ਦੀ ਰਹਿਮਤ ਨਾਲ ਹੀ ਦੂਰ ਹੋ ਸਕਦਾ ਹੈ।

ਅਧਿਆਤਮਕ ਰਾਹ ‘ਤੇ ਸੰਸਾ ਜ਼ਰੂਰ ਪੈਦਾ ਹੁੰਦਾ ਹੈ । ਭਾਵੇਂ ਇਹ ਪੀੜਾ ਸਮਾਨ ਜਾਪਦਾ ਹੈ, ਤਾਂ ਵੀ ਆਤਮਕ ਉੱਨਤੀ ਲਈ ਇਹ ਪੀੜਾ ਲੋੜੀਂਦੀ ਹੈ। ਅਧਿਆਤਮਕ ਜੀਵਨ ਤਾਂ ਸੰਸੇ ਨਾਲ ਅਵਿਰਲ ਵਿਵਾਦ ਕਰਨ ਵਿਚ ਲੱਗਾ ਰਹਿੰਦਾ ਹੈ। ਵਿਵਾਦ ਵਿਚ ਵਿਰੋਧੀ ਧਿਰ ਦੀ ਹੋਂਦ ਨਾ ਕੇਵਲ ਜ਼ਰੂਰੀ ਹੁੰਦੀ ਹੈ, ਇਸ ਬਿਨਾਂ ਜਿੱਤ ਵੀ ਸੰਭਵ ਨਹੀਂ ਹੁੰਦੀ। ਇਹੋ ਕਾਰਨ ਹੈ ਕਿ ਨਿਸਚੇ ਦੀ ਜਿੱਤ ਸੰਸੇ ਬਿਨ ਸੰਭਵ ਨਹੀਂ ਹੁੰਦੀ। ਜੇ ਅਸੀਂ “ਨਿਸਚੇ ਕਰ ਆਪਨੀ ਜੀਤ ਕਰੋ” ਦੇ ਚਾਹਵਾਨ ਹਾਂ ਤਾਂ ਇਹ ਜਿੱਤ ਸੰਸਿਆਂ ਨੂੰ ਨਵਿਰਤ ਕਰ ਕੇ ਹੀ ਪ੍ਰਾਪਤ ਹੋ ਸਕਦੀ ਹੈ।

ਡਾ. ਜਸਵੰਤ ਸਿੰਘ ਨੇਕੀ