ਸਾਡੇ ਦੇਸ਼ ਦੀ ਇਕ ਵਿਚਾਰਧਾਰਾ ਰਹੀ ਹੈ ਕਿ ਜੇ ਪ੍ਰਭੂ ਨੂੰ ਪਾਉਣਾ ਹੈ ਤਾਂ ਸੰਸਾਰ ਛੱਡ ਕੇ, ਗ੍ਰਿਹਸਤ ਨੂੰ ਤਿਆਗ ਕੇ, ਜੰਗਲਾਂ ਵਿੱਚ ਚਲੇ ਜਾਉ। ਦੂਸਰੀ ਵਿਚਾਰਧਾਰਾ ਇਹ ਰਹੀ ਹੈ ਕਿ ਧਰਮ ਇਕ ਵਿਅਕਤੀਗਤ ਮਾਮਲਾ ਹੈ, ਇਸ ਲਈ ਸਾਂਝੇ ਪੂਜਾ-ਪਾਠ ਕਰਨ ਜਾਂ ਸਾਂਝਾ ਧਰਮ ਬਨਾਣ ਦੀ ਕੋਈ ਲੋੜ ਨਹੀਂ।
ਪਹਿਲੇ ਵਿਚਾਰ ਦੇ ਸਦਕੇ ਸਾਡੇ ਦੇਸ਼ ਵਿੱਚ ਭਗੌੜੇ ਤੇ ਕੰਮ ਚੋਰ ਵਧ ਗਏ ਤੇ ਦੂਸਰੇ ਵਿਚਾਰ ਦੇ ਸਦਕੇ ਸਾਡੇ ਦੇਸ਼ ਵਿੱਚ ਕੋਈ ਧਾਰਮਕ ਸਾਂਝੀਵਾਲਤਾ ਨਹੀਂ ਰਹੀ।
ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਸਾਡੇ ਦੇਸ਼ ਦੇ ਸਾਧੂ-ਸੰਤਾਂ ਕੋਲ ਬਹੁਤ ਕਰਕੇ ਧਾਰਮਕ ਪ੍ਰਾਪਤੀ ਨਹੀਂ ਸੀ। ਉਹ ਸੰਸਾਰ ਤੋਂ ਤਾਂ ਦੌੜ ਗਏ ਪਰ ਮਾਇਆ ਤੇ ਨਾਰੀ ਦੀ ਪਕੜ ਤੋਂ ਨਾ ਦੌੜ ਸਕੇ। ਪਿਛੇ ਰਹਿ ਗਏ ਸੰਸਾਰੀ, ਡਰਪੋਕ ਤੇ ਬੇਗੈਰਤ ਸਾਬਤ ਹੋਏ। ਉਹ ਨਾ ਆਪਣੀ ਰਖਿਆ ਕਰ ਸਕੇ, ਨਾ ਆਪਣੇ ਧਰਮ ਦੀ। ਬਾਬਰ ਦੇ ਹਮਲੇ ਸਮੇਂ ਇਹ ਕਮਜ਼ੋਰੀਆਂ ਉਭਰ ਕੇ ਸਾਹਮਣੇ ਆਈਆਂ। ਇਨ੍ਹਾਂ ਦੀ ਧਨ-ਦੌਲਤ ਖੋਹੀ ਗਈ, ਧੀਆਂ, ਭੈਣਾਂ ਚੁਕੀਆਂ ਗਈਆਂ, ਬਾਲ ਬਚੇ ਮਾਰੇ ਗਏ, ਪਰ ਇਨ੍ਹਾਂ ਨੂੰ ਕੋਈ ਸ਼ਰਮ ਨਹੀਂ ਆਈ। ਇਨ੍ਹਾਂ ਦੇ ਧਰਮ ਅਸਥਾਨ ਢਾਹੇ ਗਏ ਤੇ ਦੇਵਤਿਆਂ ਦੀਆਂ ਮੂਰਤੀਆਂ ਭੰਨੀਆਂ ਗਈਆਂ, ਪਰ ਇਨ੍ਹਾਂ ਨੂੰ ਆਪਣੇ ਧਰਮ ਬਚਾਣ ਦੀ ਕੋਈ ਚਿੰਤਾ ਨਹੀਂ ਜਾਗੀ। ਗੁਰੂ ਜੀ ਦੇ ਸ਼ਬਦਾਂ ਵਿੱਚ :
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ ( ਅੰਗ ੭੨੨)
ਇਸ ਨਿਘਰੀ ਹੋਈ ਹਾਲਤ ਨੂੰ ਸੁਧਾਰਨ ਲਈ ਗੁਰੂ ਜੀ ਨੇ ਸਾਨੂੰ ਮੀਰੀ ਪੀਰੀ ਬਖਸ਼ੀ। ਮੀਰੀ ਦਾ ਅਰਥ ਹੈ “ਅਮੀਰ ਬਣਨਾ ਆਗੂ ਹੋਣਾ। ਗੁਰੂ ਜੀ ਨੇ ਕਿਹਾ ‘ਖੂਬ
ਮਿਹਨਤ ਕਰੋ, ਖੂਬ ਕਮਾਉ, ਆਪ ਜੀ ਦੇ ਉਪਦੇਸ਼ “ਘਾਲਿ ਖਾਇ ਕਿਛੁ ਹਥਹੁ ਦੇਇ” ਸਦਕੇ ਸਿੱਖ ਚੰਗੇ ਕਮਾਈਦਾਰ ਬਣ ਗਏ ਤੇ ਸਮਾਜ ਵਿੱਚ ਅੱਗੇ ਵਧ ਗਏ। ਪੀਰੀ ਦਾ ਅਰਥ ਹੈ “ਸਿਆਣਾ ਬਣਨਾ, ਪੀਰ-ਫ਼ਕੀਰ ਹੋਣਾ, ਧਾਰਮਕ ਪਰਪੱਕਤਾ ਲਿਆਉਣੀ ” ਆਪ ਜੀ ਨੇ ਕਿਹਾ ਕਿ ਹਰੀ ਨੂੰ ਪਾਉਣ ਲਈ ਸੰਸਾਰ ਛਡਣ ਜਾਂ ਵੱਖੋ-ਵੱਖ ਦੇਵਤਿਆਂ ਦੀ ਪੂਜਾ ਕਰਨ ਦੀ ਲੋੜ ਨਹੀਂ। ਆਪ ਜੀ ਨੇ ਕਿਹਾ, ਸਾਂਝੀ ਪਾਠ-ਪੂਜਾ ਕਰੋ, ਸਾਂਝਾ ਕਥਾ-ਕੀਰਤਨ ਕਰੋ, ਸਾਂਝੀ ਧਰਮਸਾਲ ਬਣਾਉ। ਗ੍ਰਿਹਸਤ ਵਿੱਚ ਰਹਿੰਦਿਆਂ ਤੇ ਹਸਦਿਆਂ ਖੇਡਦਿਆਂ ਮੁਕਤੀ ਪਾਉ।
ਇਨ੍ਹਾਂ ਉਪਦੇਸ਼ਾਂ ਦਾ ਸਦਕਾ ਸਿੱਖਾਂ ਵਿੱਚ ਮੀਰੀ ਤੇ ਪੀਰੀ ਬਹੁਤ ਫੈਲੀ। ਸਿੱਖਾਂ ਦੀ ਗਿਣਤੀ ਵਧ ਗਈ ਤੇ ਸਿੱਖ, ਸਮਾਜ ਦੇ ਆਗੂ ਬਣ ਗਏ। ਸਿੱਖਾਂ ਨੇ ਪਦਾਰਥ ਵੀ ਪਾਇਆ ਤੇ ਪ੍ਰਮਾਤਮਾ ਵੀ।
ਮੁਗਲ ਹਕੂਮਤ ਨੂੰ ਸਿੱਖਾਂ ਦਾ ਇਹ ਵਧਦਾ ਰਸੂਖ ਪਸੰਦ ਨਾ ਆਇਆ ਤੇ ਵਕਤ ਦੇ ਬਾਦਸ਼ਾਹ ਜਹਾਂਗੀਰ ਨੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ, ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ।
ਸਿੱਖਾਂ ਦੀ ਰਾਹਨੁਮਾਈ ਦੀ ਜ਼ਿਮੇਵਾਰੀ ੧੧ ਸਾਲ ਦੇ ਬਾਲਕ ਗੁਰੂ ਹਰਿਗੋਬਿੰਦ ਜੀ ਉਪਰ ਆ ਪਈ, ਜੇ ਉਹ ਕੁਝ ਨਹੀਂ ਕਰਦੇ ਤਾਂ ਸਿੱਖੀ ਖਤਮ ਹੋ ਜਾਂਦੀ ਹੈ, ਜੇ ਉਹ ਕੁਝ ਕਰਨਾ ਚਾਹੁਣ ਤਾਂ ਕੀ ਕਰਨ, ਕਿਸ ਤਰ੍ਹਾਂ ਜ਼ਾਲਮ ਹਕੂਮਤ ਨਾਲ ਟੱਕਰ ਲੈਣ। ਗੁਰੂ ਜੀ ਨੇ ਫੈਸਲਾ ਕੀਤਾ ਕਿ ਜ਼ਾਲਮ ਨਾਲ ਲੜਨ ਲਈ ਜਨ-ਸ਼ਕਤੀ ਤੇ ਜੰਗ ਸ਼ਕਤੀ ਦੋਹਾਂ ਦੀ ਲੋੜ ਹੈ। ਜਨ-ਸ਼ਕਤੀ ਜੰਗ ਸ਼ਕਤੀ ਬਿਨਾਂ ਨਿਪੁੰਸਕ ਹੈ ਤੇ ਜੰਗ ਸ਼ਕਤੀ ਜਨ ਸ਼ਕਤੀ ਬਿਨਾਂ ਬੇ-ਅਸਰ ਹੈ।
ਜਨ-ਸ਼ਕਤੀ ਜਗਾਣ ਲਈ ਗੁਰੂ ਜੀ ਨੇ ਪ੍ਰਚਾਰਕ ਜਥੇ ਤਿਆਰ ਕੀਤੇ। ਹਕੂਮਤ ਵਲੋਂ ਗੈਰ ਮੁਸਲਮਾਨਾਂ ਨੂੰ ਧਰਮ ਪ੍ਰਚਾਰ ਦੀ ਮਨਾਹੀ ਸੀ। ਸਿੱਖ ਪੰਜਾਂ-ਪੰਜਾਂ ਦੇ ਜੱਥਿਆਂ ਵਿੱਚ ਰਾਤੀਂ ਪ੍ਰਚਾਰ ਲਈ ਨਿਕਲਦੇ ਸਨ। ਇਨ੍ਹਾਂ ਦੇ ਇਕ ਸਾਥੀ ਦੇ ਹੱਥ ਮਿਸਾਲ (ਰੋਸ਼ਨੀ) ਹੁੰਦੀ ਸੀ ਤੇ ਦੂਸਰੇ ਦੇ ਹੱਥ ਝੰਡਾ। ਇਹ ਲੋਕਾਂ ਨੂੰ ਸਮਝਾਂਦੇ ਸਨ, ਡਰੋ ਨਾ, ਗੁਰੂ ਅੰਗ-ਸੰਗ ਹੈ, ਧਰਮ ਦੀ ਰਖਿਆ ਲਈ ਤਿਆਰ ਰਹੋ, ਗੁਰੂ ਜੀ ਨੂੰ ਸ਼ਸਤਰ, ਘੋੜੇ ਤੇ ਜੁਆਨੀਆਂ ਭੇਟ ਕਰੋ। ਹਰ ਪਿੰਡ ਵਿਚੋਂ ਇਕ ਨਵਾਂ ਜੱਥਾ ਤਿਆਰ ਹੁੰਦਾ ਸੀ ਜਿਹੜਾ ਪ੍ਰਚਾਰ ਹਿਤ ਅਗਲੇ ਪਿੰਡ ਚਲਾ ਜਾਂਦਾ ਸੀ। ਇਸ ਤਰ੍ਹਾਂ ਸੈਂਕੜੇ ਜਥੇ ਤਿਆਰ ਹੋ ਗਏ। ਜਿਹੜੇ ਰਾਤੀਂ-ਰਾਤੀਂ ਪਿੰਡ-ਪਿੰਡ ਘੁੰਮ ਕੇ ਜਨ-ਸ਼ਕਤੀ ਜਗਾਂਦੇ ਸਨ। ਸਾਡੀ ਅਰਦਾਸ ਵਿੱਚ ਚੌਕੀਆਂ, ਝੰਡੇ ਜੁਗੋ ਜੁਗ ਅਟਲ” ਇਸ ਪ੍ਰਚਾਰ ਵਿਧੀ ਦੀ ਯਾਦ ਦੁਆਂਦੇ ਹਨ ਕਿਉਂਕਿ ਇਨ੍ਹਾਂ ਜਥਿਆਂ ਦੀ ਬੈਠਕ ਨੂੰ ਚੌਂਕੀਆਂ ਕਿਹਾ ਜਾਂਦਾ ਸੀ।
ਜੰਗ-ਸ਼ਕਤੀ ਜਗਾਣ ਲਈ ਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਬਣਾਇਆ ਜਿਹੜਾ ਕਿ ਜ਼ਾਲਮ ਸ਼ਾਹੀ ਤਖਤ ਲਈ ਇਕ ਵੰਗਾਰ ਸੀ, ਇਥੇ ਸਰੀਰਕ ਸ਼ਕਤੀ ਬਣਾਈ ਜਾਂਦੀ ਸੀ ਤੇ ਸ਼ਸਤਰ ਵਿਦਿਆ ਸਿਖਾਈ ਜਾਂਦੀ ਸੀ । ਫਲ ਸਰੂਪ ਸਾਹਸੀ ਸ਼ਕਤੀਸ਼ਾਲੀ ਤੇ ਨਿਡਰ ਜੁਆਨ ਸਿੱਖਾਂ ਦੀ ਗਿਣਤੀ ਵਧਦੀ ਗਈ।
ਜਨ-ਸ਼ਕਤੀ ਤੇ ਜੰਗ-ਸ਼ਕਤੀ ਜਗਾਣ ਦਾ ਕੰਮ ੧੬੦੬ ਵਿੱਚ ਸ਼ੁਰੂ ਹੋਇਆ ਤੇ ਤਿੰਨ ਸਾਲਾਂ ਦੇ ਛੋਟੇ ਜਿਹੇ ਸਮੇਂ ਵਿੱਚ ਇਤਨਾ ਜ਼ੋਰਦਾਰ ਹੋ ਗਿਆ ਕਿ ਇਸ ਦੇ ਧਮਾਕੇ ਮੁਗਲ ਰਾਜਧਾਨੀ ਵਿੱਚ ਸੁਣਾਈ ਦੇਣ ਲਗੇ। ਜਹਾਂਗੀਰ ਨੇ ਗੁਰੂ ਜੀ ਨੂੰ ੧੬੦੯ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ। ਇਸ ਕਿਲੇ ਵਿਚੋਂ ਕੋਈ ਕੈਦੀ ਜੀਊਂਦਾ ਬਾਹਰ ਨਹੀਂ ਸੀ ਆਉਂਦਾ। ਕੈਦੀਆਂ ਨੂੰ ਘੋੜਿਆਂ ਨਾਲ ਅਸਤਬਲ ਵਿੱਚ ਰਖਿਆ ਜਾਂਦਾ ਸੀ, ਤਸੀਹੇ ਦਿੱਤੇ ਜਾਂਦੇ ਸਨ, ਇਕ ਡੰਗ ਦੀ ਰੋਟੀ ਦਿੱਤੀ ਜਾਂਦੀ ਸੀ, ਜਿਸ ਵਿੱਚ ਹਲਕਾ ਜ਼ਹਿਰ ਮਿਲਾ ਦਿੱਤਾ ਜਾਂਦਾ ਸੀ ਤਾਂ ਕਿ ਕੈਦੀ ਹੌਲੀ ਹੌਲੀ ਮੌਤ ਵੱਲ ਚਲਾ ਜਾਏ।
ਗੁਰੂ ਜੀ ਦੀ ਗ੍ਰਿਫਤਾਰੀ ਤੇ ਗਵਾਲੀਅਰ ਦੇ ਭਿਆਨਕ ਕਿਲੇ ਵਿੱਚ ਕੈਦ ਨੇ ਜਨ-ਸ਼ਕਤੀ ਨੂੰ ਆਪਣਾ ਵਿਖਾਵਾ ਕਰਨ ਦਾ ਮੌਕਾ ਦਿੱਤਾ। ਜਨ ਸਾਧਾਰਣ ਨੇ ਇਸ ਕਿਲੇ ਵੱਲ ਵਹੀਰਾਂ ਪਾ ਲਈਆਂ। ਸਿੱਖਾਂ ਦੀ ਵੱਡੀ ਗਿਣਤੀ ਨੇ ਕਿਲੇ ਨੂੰ ਘੇਰਾ ਪਾ ਲਿਆ। ਰਾਤ ਦਿਨ ਗੁਰੂ ਜੀ ਦੀ ਰਿਹਾਈ ਦੇ ਨਾਹਰੇ ਲਗਦੇ ਰਹੇ ਤੇ ਜਹਾਂਗੀਰ ਨੂੰ ਗਾਲਾਂ ਪੈਂਦੀਆਂ ਰਹੀਆਂ। ਮੁਜ਼ਾਹਰਾ ਪੁਰਅਮਨ ਸੀ ਪਰ ਜਨ-ਸਮੂਹ ਭਿਆਨਕ ਸੀ। ਇਦਾਂ ਦਾ ਇੱਕਠ ਨਾ ਕਦੀ ਦੇਖਿਆ ਗਿਆ ਸੀ ਤੇ ਨਾ ਹੀ ਕਦੀ ਸੁਣਿਆ ਗਿਆ ਸੀ। ਜਹਾਂਗੀਰ ਘਬਰਾ ਗਿਆ। ਫਿਰ ਨੇਕ ਅਫਸਰਾਂ ਨੇ ਵੀ ਸਲਾਹ ਦਿੱਤੀ ਕਿ ਇਸ ਫਕੀਰ ਨਾਲ ਅਨਿਆਇ ਹੋ ਰਿਹਾ ਹੈ। ਪੀਰਾਂ ਫਕੀਰਾਂ ਨੇ ਵੀ ਡਰਾਇਆ ਕਿ ਗੁਰੂ ਜੀ ਦਾ ਬਹੁਤੀ ਦੇਰ ਕੈਦ ਵਿੱਚ ਰਹਿਣਾ, ਅਲਾਹ ਦਾ ਕਹਿਰ ਨਾਜ਼ਲ ਕਰੇਗਾ। ਇਕ ਪਾਸੇ ਜਨਤਾ ਸ਼ੋਰ ਪਾਈ ਜਾ ਰਹੀ ਸੀ ਤੇ ਦੂਸਰੇ ਪਾਸੇ ਸਲਾਹਕਾਰ ਤੇ ਪੀਰ-ਫਕੀਰ (ਜਿਸ ਵਿੱਚ ਪੀਰ ਮੀਆਂ-ਮੀਰ ਵੀ ਸ਼ਾਮਲ ਸੀ) ਗੁਰੂ ਜੀ ਦੀ ਰਿਹਾਈ ਲਈ ਕਹਿ ਰਹੇ ਸੀ। ਜਹਾਂਗੀਰ ਨੂੰ ਗੁਰੂ ਜੀ ਨੂੰ ੨੬ ਮਹੀਨਿਆਂ ਦੀ ਕੈਦ ਮਗਰੋਂ ੧੬੧੨ ਵਿੱਚ ਰਿਹਾ ਕਰਨਾ ਪਿਆ। ਉਹ ਇਤਨਾ ਡਰ ਗਿਆ ਸੀ ਕਿ ਜਿਤਨੀ ਦੇਰ ਜੀਊਂਦਾ ਰਿਹਾ, ਉਸ ਨੇ ਕਦੇ ਵੀ ਗੁਰੂ ਜੀ ਜਾਂ ਸਿੱਖਾਂ ਦੀ ਗਤੀ ਵਿਧੀ ਨੂੰ ਰੋਕ ਨਹੀਂ ਪਾਈ।
ਸੰਸਾਰ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਜ਼ਾਲਮ ਹਕੂਮਤ ਨੂੰ, ਜਿਹੜੀ ਸਿਰਫ ਜੰਗ-ਸ਼ਕਤੀ ਵਿੱਚ ਯਕੀਨ ਰੱਖਦੀ ਸੀ, ਜਨ-ਸ਼ਕਤੀ ਸਾਹਮਣੇ ਝੁਕਣਾ ਪਿਆ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਜਨ-ਸ਼ਕਤੀ ਦੀ ਕਾਮਯਾਬੀ ਲਈ ਜੰਗ-ਸ਼ਕਤੀ ਦੇ ਸਹਾਰੇ ਦੀ ਲੋੜ ਹੁੰਦੀ ਹੈ। ਉਸ ਬਿਨਾਂ ਇਹ ਸਫਲ ਨਹੀਂ ਹੁੰਦੀ। ਮਹਾਤਮਾ ਗਾਂਧੀ ਨੇ ਸਾਡੇ ਦੇਸ਼ ਵਿੱਚ ਜਨ-ਸ਼ਕਤੀ ਦੀ ਵਰਤੋਂ ਕੀਤੀ ਪਰ ਉਹ ਸਫਲ ਨਹੀਂ ਹੋਈ। ਉਹ ਸਫਲ ਹੋਈ ਜਦੋਂ ਉਸ ਦਾ ਜੰਗ-ਸ਼ਕਤੀ (ਫੌਜੀਆਂ ਦੀ ਬਗਾਵਤ) ਨੇ ਸਮਰਥਨ ਕੀਤਾ। ਗਾਂਧੀ
ਦੀ ਸਿਖਾਈ ਤੇ ਚਲਾਈ ਜਨ-ਸ਼ਕਤੀ ਅਜੇ ਤੱਕ ਦੱਖਣੀ ਅਫਰੀਕਾ ਵਿੱਚ ਸਫਲ ਨਹੀਂ ਹੋ ਪਾਈ ਕਿਉਂਕਿ ਉਸ ਪਿਛੇ ਜੰਗ-ਸ਼ਕਤੀ ਤਿਆਰ ਨਹੀਂ ਹੋ ਪਾਈ, ਇਥੋਂ ਤੱਕ ਕਿ U.N.O. ਦੇ ਸੈਕਟਰੀ ਜਨਰਲ ਨੇ ਸਿਫਾਰਸ਼ ਕੀਤੀ ਹੈ ਕਿ ਅਮਨ ਰੱਖਣ ਵਾਲੀਆਂ ਫੌਜਾਂ ਦੇ ਪਿਛੇ ਅਮਨ ਲਾਗੂ ਕਰਨ ਵਾਲੀਆਂ ਫੌਜਾਂ ਦੀ ਲੋੜ ਹੈ। ਉਸ ਨੇ ਕਿਹਾ ਕਿ U.N.O. ਦੇ ਹੁੰਦਿਆਂ ਹੋਇਆਂ ਸੰਨ ੧੯੪੫ ਤੇ ੧੯੯੨ ਦੇ ਵਿਚਕਾਰ ੧੦੦ ਦੇ ਕਰੀਬ ਵਡੇ ਝਗੜੇ ਹੋਏ ਤੇ ਦੋ ਕਰੋੜ ਆਦਮੀ ਮਾਰ ਦਿੱਤੇ ਗਏ ਕਿਉਂਕਿ ਇਸ ਕੋਲ ਜੰਗ ਸ਼ਕਤੀ ਨਹੀਂ ਸੀ। ਜਿਸ ਗੱਲ ਨੂੰ ਦੁਨੀਆਂ ਅੱਜ ਮੰਨ ਰਹੀ ਹੈ, ਮੇਰੇ ਗੁਰੂ ਜੀ ਨੇ ਉਹੀ ਗੱਲ ਸਿੱਖਾਂ ਨੂੰ ਸਮਝਾਈ।
ਜਨ-ਸ਼ਕਤੀ ਤੇ ਵਧਦੀ ਜੰਗ-ਸ਼ਕਤੀ ਕੋਲੋਂ ਜਹਾਂਗੀਰ ਡਰਿਆ ਰਿਹਾ। ਉਸ ਦੇ ਪੁੱਤਰ ਸ਼ਾਹਜਹਾਨ ਦਾ ਵੀ ਇਸ ਸ਼ਕਤੀ ਨਾਲ ਟਾਕਰਾ ਲੈਣ ਦਾ ਹੀਆ ਕਈ ਸਾਲ ਬਾਅਦ ਹੋਇਆ। ਸੰਨ ੧੬੦੬ ਤੇ ੧੬੨੯ ਦੇ ਦਰਮਿਆਨ ਸਿੱਖਾਂ ਦੀ ਜੰਗ ਸ਼ਕਤੀ ਇਤਨੀ ਵੱਧ ਗਈ ਸੀ ਕਿ ਸੰਨ ੧੬੨੯ ਤੇ ੧੬੩੪ ਦੇ ਵਿਚਕਾਰ ਲੜੀਆਂ ਚਾਰੋਂ ਲੜਾਈਆਂ ਵਿੱਚ ਮੁਗਲ ਫੌਜਾਂ ਨੂੰ ਬੁਰੀ ਤਰ੍ਹਾਂ ਹਾਰਨਾ ਪਿਆ। ਉਸ ਦੇ ਬਾਅਦ ਸ਼ਾਹਜਹਾਨ ਨੇ ਵੀ ਆਪਣੇ ਜੀਉਂਦੇ ਜੀ ਸਿੱਖਾਂ ਨਾਲ ਛੇੜ-ਛਾੜ ਨਹੀਂ ਕੀਤੀ।
ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਿ ਗੋਬਿੰਦ ਜੀ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਇਸ ਨੂੰ ਹੀ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਜੀ ਨੇ ਜਨ-ਸ਼ਕਤੀ ਤੇ ਜੰਗ-ਸ਼ਕਤੀ ਦੀ ਤਲਵਾਰ ਪਾਈ। ਜਨ ਸ਼ਕਤੀ ਨੇ ਜਹਾਂਗੀਰ ਨੂੰ ਡਰਾ ਦਿੱਤਾ ਕਿਉਂਕਿ ਇਸ ਦੇ ਪਿਛੇ ਜੰਗ ਸ਼ਕਤੀ ਵੀ ਦਿਸਦੀ ਸੀ ਤੇ ਜੰਗ ਸ਼ਕਤੀ ਨੇ ਸ਼ਾਹਜਹਾਨ ਨੂੰ ਡਰਾ ਦਿੱਤਾ ਕਿਉਂਕਿ ਇਸ ਦੇ ਪਿਛੇ ਜਨ ਸ਼ਕਤੀ ਖਲੋਤੀ ਸੀ।
ਅੱਜ ਦੇ ਸੰਦਰਬ ਵਿੱਚ ਵਿਚਾਰਨ ਵਾਲੀ ਗੱਲ ਹੈ ਕਿ ਵਕਤ ਦੀ ਹਕੂਮਤ ਦੀ ਮੁਖ਼ਾਲਫ਼ਤ ਦੇ ਬਾਵਜੂਦ ਤੇ ਪ੍ਰਚਾਰ ਦੇ ਮਾਧਿਅਮ ਦੀ ਘਾਟ ਦੇ ਬਾਵਜੂਦ, ਗੁਰੂ ਜੀ ਐਨੀ ਤਕੜੀ ਜਨ ਸ਼ਕਤੀ ਤਿਆਰ ਕਰ ਸਕੇ ਕਿ ਮੁਗਲ ਹਕੂਮਤ ਡਰ ਗਈ। ਉਸ ਵਕਤ ਸਿਰਫ ਚੌਕੀਆਂ (ਪ੍ਰਚਾਰ ਜਥੇ) ਹੀ ਸਨ। ਅੱਜ ਸਾਡੇ ਕੋਲ ਅਣਗਿਣਤ ਪ੍ਰਚਾਰ ਦੇ ਤਰੀਕੇ ਹਨ, ਫਿਰ ਵੀ ਅਸੀਂ ਬਦਨਾਮ ਕੀਤੇ ਜਾ ਰਹੇ ਹਾਂ ਤੇ ਸਾਡੇ ਵਲੋਂ ਕੋਈ ਜੁਆਬ ਨਹੀਂ। ਅਸੀਂ ਗ਼ੈਰ ਸਿੱਖਾਂ ਨੂੰ ਦਸ ਹੀ ਨਹੀਂ ਪਾਏ ਕਿ ਜੇ ਸਿੱਖ ਗੁਰੂ ਨਾ ਹੁੰਦੇ ਤਾਂ ਹਿੰਦੂ ਵੀ ਨਾ ਹੁੰਦੇ, ਜੇ ਸਿੱਖ ਗੁਰੂ ਨਾ ਹੁੰਦੇ ਤਾਂ ਕੋਈ ਹਿੰਦੂ ਮੰਦਰ ਵੀ ਨਾ ਹੁੰਦਾ । ਭਾਰਤ ਦੀ ਅਜ਼ਾਦੀ ਵਿੱਚ ਵੀ ਸਿੱਖਾਂ ਦਾ ਹੀ ਹੱਥ ਸੀ। ਸਾਡੇ ਗੁਰਪੁਰਬ, ਸਾਡੇ ਲੰਗਰ, ਸਾਡੀਆਂ ਪ੍ਰਭਾਤ ਫੇਰੀਆਂ ਤਾਂ ਹੀ ਸਫਲ ਮੰਨੀਆਂ ਜਾ ਸਕਦੀਆਂ ਹਨ ਜੇ ਅਸੀਂ ਆਪਣੇ ਹੱਕ ਵਿੱਚ ਜਨ-ਸ਼ਕਤੀ ਜਗਾ ਸਕੀਏ। ਗੁਰੂ ਹਰਿਗੋਬਿੰਦ ਜੀ ਨੇ ਜੋ ਸ਼ਕਤੀ ਜਗਾਈ, ਉਸ ਦੇ ਸਿੱਖ ਕਿਉਂ ਨਹੀਂ ਜਗਾ ਸਕਦੇ?
-ਜੋਗਿੰਦਰ ਸਿੰਘ
