119 views 3 secs 0 comments

ਹੁਕਮ ਮੰਨਣ ਦੀ ਜਾਚ – ਬਾਲ ਕਥਾ

ਲੇਖ
January 23, 2025

ਇਕ ਵਾਰ ਇਕ ਨੌਜੁਆਨ ਲੜਕਾ ਕੰਧ ‘ਤੇ ਗਾਰ ਦੀ ਲਿਪਾਈ ਕਰ ਰਿਹਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਦੇ ਨੇੜਿਓਂ ਲੰਘਣ ਲੱਗੇ ਤਾਂ ਗੰਦੇ ਪਾਣੀ ਦੀਆਂ ਛਿੱਟਾਂ ਗੁਰੂ ਜੀ ਦੇ ਕੱਪੜਿਆਂ ‘ਤੇ ਪੈ ਗਈਆਂ। ਗੁਰੂ ਜੀ ਨੇ ਨਾਲ ਚੱਲ ਰਹੇ ਸਿੱਖਾਂ ਨੂੰ ਹੁਕਮ ਕੀਤਾ। “ਕੋਈ ਜਣਾ ਇਸ ਦੇ ਇਕ ਥੱਪੜ ਲਾਵੇ । ਉਹ ਨਿਹਾਲ ਹੋਵੇਗਾ।”

ਗੁਰੂ ਜੀ ਦੇ ਕਹਿਣ ਦੀ ਦੇਰ ਸੀ। ਸਿੱਖਾਂ ਨੇ ਤਾਂ ਥੱਪੜਾਂ ਦਾ, ਘਸੁੰਨਾਂ ਦਾ ਮੀਂਹ ਵਰ੍ਹਾ ਦਿੱਤਾ। ਮਾਰ-ਮਾਰ ਕੇ ਉਸ ਮੁੰਡੇ ਨੂੰ ਅਧਮੋਇਆ ਕਰ ਦਿੱਤਾ । ਗੁਰੂ ਜੀ ਨੇ ਸਿੱਖਾਂ ਨੂੰ ਮਾਰਨ ਤੋਂ ਰੋਕਿਆ। ਫਿਰ ਉਨ੍ਹਾਂ ਨੇ ਹੁਕਮ ਕੀਤਾ। “ਕੋਈ ਸਿੱਖ ਇਸ ਲੜਕੇ ਨੂੰ ਆਪਣੀ ਬੇਟੀ ਦਾ ਰਿਸ਼ਤਾ ਕਰੇ। ਉਹ ਨਿਹਾਲ ਹੋਵੇਗਾ।”

ਇਹ ਹੁਕਮ ਸੁਣ ਕੇ ਸਾਰੇ ਸਿੱਖ ਕੰਨੀ ਖਿਸਕਾਉਣ ਲੱਗੇ। ਕਿਸੇ ਨੇ ਵੀ ਆਪਣੀ ਬੇਟੀ ਦਾ ਰਿਸ਼ਤਾ ਕਰਨ ਦੀ ਹਾਮੀ ਨਹੀਂ ਭਰੀ। ਗੁਰੂ ਜੀ ਬੋਲ਼ੇ, “ਇਹ ਹੁਕਮ ਮੰਨਣ ਦਾ ਤਰੀਕਾ ਨਹੀਂ ਹੈ। ਥੱਪੜ ਮਾਰਨ ਦਾ ਬਚਨ ਸੌਖਾ ਸੀ; ਸਭ ਨੇ ਮੰਨ ਲਿਆ ਅਤੇ ਹੁਕਮ ਤੋਂ ਵੀ ਵੱਧ ਮੰਨ ਲਿਆ । ਬੇਟੀ ਦਾ ਰਿਸ਼ਤਾ ਕਰਨ ਦਾ ਬਚਨ ਔਖਾ ਹੈ। ਇਸ ਤੋਂ ਤੁਸੀਂ ਸਾਰੇ ਭੱਜ ਗਏ ਹੋ। ਗੁਰੂ ਦਾ ਹੁਕਮ ਮੰਨਣਾ ਹੈ ਤਾਂ ਸਾਰੇ ਹੁਕਮ ਮੰਨੋ। ਪ੍ਰੀਖਿਆ ਤਾਂ ਔਖੇ ਹੁਕਮ ਮੰਨਣ ਨਾਲ ਹੀ ਪਾਸ ਕੀਤੀ ਜਾ ਸਕਦੀ ਹੈ।

ਸਿੱਖ ਗੁਰੂ ਜੀ ਦੇ ਬਚਨ ਸੁਣ ਕੇ ਆਪਣੇ ਕੱਚੇਪਨ ਤੇ ਬਹੁਤ ਸ਼ਰਮਿੰਦੇ ਹੋਏ ਅਤੇ ਮੁਆਫੀਆਂ ਮੰਗਣ ਲੱਗੇ । ਮਿਸਾਲ ਵਜੋਂ ਅਸੀਂ ਕੜਾ ਤਾਂ ਸੌਖਿਆਂ ਪਾ ਲੈਂਦੇ ਹਾਂ ਪਰ ਕੜੇ ਵਾਲੇ ਹੱਥ ਨਾਲ ਮਾੜੇ ਕੰਮ ਕਰਨ ਤੋਂ ਨਹੀਂ ਹਟਦੇ। ਕੜੇ ਵਾਲੇ ਹੱਥ ਨਾਲ ਰਿਸ਼ਵਤ ਵੀ ਲਈ-ਦਈ ਜਾਂਦੇ ਹਾਂ। ਕੜੇ ਵਾਲੇ ਹੱਥ ਨਾਲ ਕਿਸੇ ਦੇ ਗਿਰੇਬਾਨ ‘ਤੇ ਹੱਥ ਪਾਉਣਾ ਵੀ ਗਲਤ ਨਹੀਂ ਸਮਝਦੇ । ਕੜਾ ਪਾਉਣ ਦਾ ਹੁਕਮ ਤਾਂ ਮੰਨਦੇ ਹਾਂ ਪਰ ਕੜੇ ਵਾਲੇ ਹੱਥ ਨਾਲ ਕੀ ਕੁਝ ਨਹੀਂ ਕਰਨਾ ਉਸ ‘ਤੇ ਅਮਲ ਨਹੀਂ ਕਰਦੇ । ਕੜਾ ਪਾਉਣ ਦਾ ਹੁਕਮ ਸੌਖਾ ਹੈ ਪਰ ਇਸ ਨਾਲ ਜੁੜੇ ਦੂਜੇ ਹੁਕਮ ਮੰਨਣ ਵਿਚ ਔਖ ਆਉਂਦੀ ਹੈ । ਸਾਨੂੰ ਸਾਰੇ ਹੁਕਮ ਮੰਨਣੇ ਚਾਹੀਦੇ ਹਨ।

– ਸ. ਸੁਖਦੇਵ ਸਿੰਘ ਸ਼ਾਂਤ