146 views 5 secs 0 comments

ਅਧਿਆਤਮ ਕਲਾ

ਲੇਖ
February 19, 2025

ਸੋਲਾਂ ਕਲਾਵਾਂ

-ਡਾ. ਇੰਦਰਜੀਤ ਸਿੰਘ ਗੋਗੋਆਣੀ

ਅਧਿਆਤਮ ਕਰਮ ਕਰੇ ਤਾ ਸਾਚਾ॥
ਮੁਕਤਿ ਭੇਦੁ ਕਿਆ ਜਾਣੈ ਕਾਚਾ॥ (ਅੰਗ ੨੨੩)

ਸੋਲਾਂ ਕਲਾਵਾਂ ਵਿੱਚੋਂ ਸੱਤਵੀਂ ਕਲਾ ਅਧਿਆਤਮ ਕਲਾ ਹੈ। ਮਹਾਨ ਕੋਸ਼ ਅਨੁਸਾਰ ਅਧਿਆਤਮ ਤੋਂ ਭਾਵ ਆਤਮ ਵਿਦਯਾ ਹੈ। ਜੋ ਆਤਮ ਗਯਾਨ ਸਬੰਧੀ ਜਾਣੇ ਉਹ ਅਧਿਆਤਮੀ ਤੇ ਆਤਮ ਗਯਾਨ ਸਬੰਧੀ ਕੀਤੇ ਕਰਮ-ਅਧਿਆਤਮਿਕ ਕਰਮ ਕਹੇ ਜਾਂਦੇ ਹਨ। ਗੁਰਮਤਿ ਅਨੁਸਾਰ ਆਤਮਾ ਪਰਮਾਤਮਾ ਦੀ ਹੀ ਅੰਸ਼ ਹੈ। ਇਸ ਲਈ ਗੁਰਬਾਣੀ ਵਿਚ ਆਤਮ ਵਿਚਾਰ ਤੇ ਆਤਮ ਗਿਆਨ ਉੱਪਰ ਤਕੜਾ ਬਲ ਦਿੱਤਾ ਗਿਆ ਹੈ। ਇਸ ਸੰਦਰਭ ਵਿਚ ਅਨੇਕ ਪ੍ਰਮਾਣ ਹਨ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ’ ਅਤੇ ‘ਆਤਮੁ ਚੀਨ੍ਹਿ ਪਰਮ ਸੁਖੁ ਪਾਇਆ ਅਤੇ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ‘ ਇਹ ਗੁਰ ਉਪਦੇਸ਼ ਮਾਨਵਤਾ ਨੂੰ ਅਧਿਆਤਮ ਕਲਾ ਪ੍ਰਤੀ ਹੀ ਪ੍ਰੇਰਦੇ ਹਨ। ਇਸ ਰਹੱਸ ਨੂੰ ਭਾਈ ਸੁੱਖਾ ਸਿੰਘ ਨਿਰਮਲੇ ਨੇ ‘ਅਧਯਾਤਮ ਪ੍ਰਕਾਸ਼’ ਵਿਚ ਇਉਂ ਬਿਆਨ ਕੀਤਾ ਹੈ:

ਪੰਚ ਭੂਤ ਤੇ ਦੇਹ ਯਹ, ਤਾਂਕੋ ਝੂਠੀ ਜਾਨ।
ਸਾਚੋ ਏਕੈ ਆਤਮ, ਸੋ ਵਿਚਾਰ ਮਨ ਮਾਨ॥

ਅਸਲ ਵਿਚ ਅਧਿਆਤਮ ਕਲਾ ਉਹ ਸ਼ਕਤੀ ਹੈ ਜਿੱਥੇ ਸਾਧਕ ਨੂੰ ਪ੍ਰਭੂ ਦੀ ਰਜਾ ‘ਚ ਰਹਿ ਕੇ ਇਕ ਹੀ ਜੋਤ ਦਾ ਪਸਾਰਾ ਨਜ਼ਰ ਆਉਂਦਾ ਹੈ। ਉਂਜ ਹਰ ਸਮਾਜ ਵਿਚ ਕਾਫੀ ਵਰਗ ਉਹ ਹੁੰਦਾ ਹੈ ਜਿਨ੍ਹਾਂ ਦੀ ਸਦਾ ਇਹੋ ਧਾਰਨਾ ਰਹੀ ਹੈ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਜਾਂ ਖਾਓ ਪੀਓ ਕਰੋ ਅਨੰਦ ਦੀ ਧਾਰਨਾ ਉੱਪਰ ਚੱਲਦਾ ਹੈ। ਇਧਰ ਸੋਲਾਂ ਕਲਾਵਾਂ ਦੀ ਹਰ ਕਲਾ ਵਿਚ ਸੂਖਸ਼ਮ ਭਾਵਨਾਵਾਂ ਹਨ। ਭਗਤ ਕਬੀਰ ਜੀ ਦੇ ਸਲੋਕ ਅਨੁਸਾਰ ਪ੍ਰਭੂ ਰੂਪੀ ਖਿੰਡਰੀ ਹੋਈ ਖੰਡ ਨੂੰ ਹਉਮੈਂ ਰੂਪੀ ਹਾਥੀ ਨਹੀਂ ਚੁਣ ਸਕਦਾ ਸਗੋਂ ਕੀੜੀ ਵਾਂਗ ਨਿਰਮਾਣ ਹੋ ਕੇ ਗ੍ਰਹਿਣ ਕੀਤਾ ਜਾ ਸਕਦਾ ਹੈ। ਉਧਰ ਪਦਾਰਥਵਾਦੀ ਦੌੜ ‘ਚ ਬੇਲੋੜੇ ਤਰਕ ਤੇ ਨਾਸਤਿਕਵਾਦੀ ਮਾਨਸਿਕਤਾ ਸਦਾ ਇਕ ਲਕੀਰ ਖਿੱਚ ਕੇ ਅਧਿਆਤਮ ਕਰਮ ਵਰਗੇ ਅਤਿ ਸੂਖਮ ਕਰਮ ਨੂੰ ਅੱਖੜ ਸ਼ਬਦਾਂ ਨਾਲ ਦਰੜਨ ਦੀ ਕੋਸ਼ਿਸ਼ ਵਿਚ ਰਹੀ ਹੈ। ਕੁਝ ਸੰਸਾਰੀ ਵਿੱਦਿਆ ਦੀ ਹਉਮੈਂ ਤੇ ਕੁਝ ਰੱਟੇ ਸੰਵਾਦ ਅਤੇ ਵਾਦ-ਵਿਵਾਦੀ ਬਿਰਤੀ ਨੇ ਕੁਝ ਕੁ ਸਿੱਖ ਘਰਾਣਿਆਂ ਉੱਪਰ ਵੀ ਬੇਮੁੱਖਾਂ ਵਾਲਾ ਲੇਬਲ ਲਗਾ ਦਿੱਤਾ। ਇਹ ਵੀ ਸੱਚ ਹੈ ਕਿ ਅਧਿਆਤਮ ਕਲਾ ਵਾਲੀਆਂ ਰੂਹਾਂ ਬਹੁਗਿਣਤੀ ਵਿਚ ਨਹੀਂ ਹੁੰਦੀਆਂ ਜਿਵੇਂ ਸਾਰੁਕਤਾਵਲੀ ਵਿਚ ਪੰਡਤ ਹਰਦਿਆਲ ਜੀ ਨੇ ਲਿਖਿਆ ਹੈ :

ਗਿਰਿ ਗਿਰਿ ਮੈ ਮਾਨਕ ਨਹੀਂ, ਗਜ ਗਜ ਮੋਤੀ ਨਾਹਿ।
ਚੰਦਨਿ ਤਰੁ ਬਨ ਬਨ ਨਹੀਂ, ਸੰਤ ਨਾ ਪੁਰਿ ਪੁਰਿ ਮਾਹਿ।

ਭਾਵ ਸਭਨਾਂ ਪਹਾੜਾਂ ਗਿਰਿ-ਗਿਰਿ) ਵਿਚ ਮਣੀਆਂ ਨਹੀਂ ਤੇ ਸਭਨਾਂ ਹਾਥੀਆਂ ਗਜ-ਰਾਜ) ਵਿਚ ਮੋਤੀ ਨਹੀਂ। ਇਸੇ ਤਰ੍ਹਾਂ ਹਰੇਕ ਜੰਗਲ ਵਿਚ ਚੰਦਨ ਦਾ ਬ੍ਰਿਛ ਨਹੀਂ ਤੇ ਹਰ ਇਕ ਨਗਰ ਵਿਚ ਸੰਤ ਨਹੀਂ ਹਨ। ਅਜਿਹਾ ਹੀ ਇਹ ਵਿਸ਼ਾ ਹੈ ਕਿ ਹਰ ਇਨਸਾਨ ਆਤਮਿਕ ਗਿਆਨ ਦੀ ਖੋਜ ਵਾਲਾ ਨਹੀਂ ਹੁੰਦਾ। ਅਜੇ ਤਾਂ ਸਾਡੇ ਸਮਾਜ ਦਾ ਬਹੁਤ ਹਿੱਸਾ ਇਸ ਗੱਲੋਂ ਵੀ ਬੇਖਬਰ ਮਿਲੇਗਾ ਜੋ ਇਹ ਜਾਣਦਾ ਹੋਵੇ ਕਿ ਭੋਜਨ ਪਾਣੀ ਸਰੀਰ ਵਿਚ ਕਿਸ ਪ੍ਰਕਿਰਿਆ ਨਾਲ ਚੱਲਦਾ ਹੈ ਅਤੇ ਸਾਡੇ ਸਰੀਰ ਦਾ ਆਧਾਰ ਕਿਵੇਂ ਬਣਦਾ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਆਤਮਿਕ ਉਪਦੇਸ਼ ਬਖਸ਼ਦੇ ਹਨ ਕਿ ਜਦੋਂ ਮਨੁੱਖ ਆਤਮਿਕ ਜੀਵਨ ਨੂੰ ਉੱਚਾ ਕਰਨ ਵਾਲੇ ਕਰਮ ਕਰਦਾ ਹੈ ਤਦੋਂ ਹੀ ਸੱਚਾ ਹੈ ਪਰ ਜਿਸ ਦਾ ਮਨ ਵਿਕਾਰਾਂ ਦੇ ਟਾਕਰੇ ’ਤੇ ਕਮਜ਼ੋਰ ਹੈ ਉਹ ਇਸ ਭੇਤ ਨੂੰ ਕੀ ਜਾਣ ਸਕਦਾ ਹੈ। ਇਸ ਲਈ ਅਧਿਆਤਮ ਕਲਾ ਇਕ ਉਹ ਸ਼ਕਤੀ ਹੈ ਜਿਸ ਨਾਲ ਆਪੇ ਦਾ ਗਿਆਨ ਜੀਵਨ ਦਾ ਰਹੱਸ ਤੇ ਇਸ ਸੰਸਾਰ ਤੇ ਆਉਣ ਦੇ ਮਕਸਦ ਦੀ ਸਮਝ ਆਉਂਦੀ ਹੈ।