-ਡਾ. ਜਸਵੰਤ ਸਿੰਘ ਨੇਕੀ
ਤਦ ਮੈਂ ਅਠਵੀਂ ਜਮਾਤ ਵਿੱਚ ਪੜ੍ਹਦਾ ਸਾਂ। ਰਾਤ ਸੌਣ ਲੱਗਿਆਂ ਮੈਂ ਪੰਜ-ਸੱਤ ਮਿੰਟ ਲਾ ਕੇ ਸੋਚਦਾ ਸਾਂ ਕਿ ਸਕੂਲੋਂ ਮਿਲਿਆ ਸਾਰਾ ਕੰਮ ਖਤਮ ਹੋ ਗਿਆ ਕਿ ਨਹੀਂ। ਫਿਰ ਸਕੂਲ ਦੀ ਕੋਈ ਕਿਤਾਬ ਕੱਢ ਕੇ ਅਗਲੇ ਦਿਨ ਪੜ੍ਹਾਏ ਜਾਣ ਵਾਲੇ ਸਬਕ ਨੂੰ ਪਹਿਲਾਂ ਵੇਖ ਲੈਂਦਾ ਸਾਂ। ਫਿਰ ਕੀਰਤਨ ਸੋਹਿਲੇ ਦਾ ਪਾਠ ਕਰ ਕੇ ਸੌਂ ਜਾਂਦਾ ਸਾਂ।
ਇੱਕ ਰਾਤ ਮੈਂ ਅਗਲੇ ਦਿਨ ਦੇ ਭੂਗੋਲ ਦਾ ਸਬਕ ਪੜ੍ਹ ਰਿਹਾ ਸਾਂ, ਜਦ ਪਿਤਾ ਜੀ ਆਏ ਤੇ ਮੈਨੂੰ ਪੁੱਛਣ ਲੱਗੇ, ‘ਬੇਟਾ, ਕੀ ‘ ਕਰ ਰਹੇ ਹੋ?” ਮੈਂ ਦੱਸਿਆ, “ਭੂਗੋਲ ਪੜ੍ਹ ਰਿਹਾ ਹਾਂ।” ਕਹਿਣ ਲੱਗੇ, “ਬੜੀ ਚੰਗੀ ਗੱਲ ਕਰ ਰਹੇ ਹੋ। ਪਰ, ਮੇਰੇ ਪਾਸ ਇਕ ਸਲਾਹ ਹੈ, ਜੇ ਕਹੋ ਤਾਂ ਦੱਸਾਂ?” ਮੈਂ ਕਿਹਾ, “ਤੁਹਾਡੀ ਸਲਾਹ ਮੇਰੇ ਵਾਸਤੇ ਹੁਕਮ ਹੋਵੇਗੀ, ਜ਼ਰੂਰ ਦੱਸੋ।” ਉਹ ਕਹਿਣ ਲੱਗੇ, “ਰਾਤ ਸੌਣ ਤੋਂ ਪਹਿਲਾਂ ਘੱਟੋ-ਘੱਟ ਵੀਹ-ਪੰਝੀ ਮਿੰਟ ਕੋਈ ਐਸੀ ਚੀਜ਼ ਪੜ੍ਹਨਾ ਜੋ ਤੁਹਾਡੀ ਪਾਠ-ਪੁਸਤਕ ਵਿੱਚ ਨਾ ਹੋਵੇ। ਜੇਕਰ ਮੇਰੀ ਇਸ ਸਲਾਹ ‘ਤੇ ਅਮਲ ਕਰੋਗੇ, ਤਾਂ ਇਕ ਦਿਨ ਬੜੇ ਵਿਦਵਾਨ ਹੋ ਜਾਓਗੇ।
ਮੈਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਅਸਲ ਵਿਦਿਆ ਤਾਂ ਸਕੂਲ ਦੀਆਂ ਪਾਠ-ਪੁਸਤਕਾਂ ਤੋਂ ਬਾਹਰ ਹੈ, ਮੇਰੇ ਪਿਤਾ ਜੀ ਉਸ ਵੱਲ ਮੈਨੂੰ ਰੁਚਿਤ ਕਰਨਾ ਚਾਹੁੰਦੇ ਹਨ। ਮੈਂ ਇਹ ਵਿਚਾਰ ਉਨ੍ਹਾਂ ਨਾਲ ਸਾਂਝਾ ਕੀਤਾ ਤੇ ਉਹ ਮੁਸਕਰਾ ਕੇ ਕਹਿਣ ਲੱਗੇ, “ਅਸਲ ਵਿੱਦਿਆ ਉਹ ਹੁੰਦੀ ਹੈ ਜੋ ਓਦੋਂ ਵੀ ਤੁਹਾਡੇ ਪਾਸ ਰਹਿੰਦੀ ਹੈ ਜਦੋਂ ਪਾਠ-ਪੁਸਤਕ ਵਿੱਚੋਂ ਪੜ੍ਹਿਆ ਹੋਇਆ ਭੁੱਲ ਵੀ ਜਾਵੇ। ਉਹਨਾਂ ਦੀ ਇਹ ਸਲਾਹ ਮੈਂ ਹਮੇਸ਼ਾ ਲਈ ਆਪਣੇ ਅੰਦਰ ਵਸਾ ਲਈ।
(੧੯੩੮)
