167 views 10 secs 0 comments

ਕਸ਼ਮੀਰ ਵਿਚ ਸਿੱਖੀ ਦੇ ਪ੍ਰਚਾਰਕ : ਸੰਤ ਰੋਚਾ ਸਿੰਘ ਜੀ

ਪੰਜਾਬ
March 28, 2025

-ਡਾ. ਅਜਮੇਰ ਸਿੰਘ

ਸਮੁੱਚੀ ਮਾਨਵਤਾ ਦੇ ਰਾਹ-ਦਸੇਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮੇਂ-ਸਮੇਂ ’ਤੇ ਅਨੇਕਾਂ ਗੁਰਸਿੱਖਾਂ ਨੇ ਦੂਰ-ਦੁਰਾਡੇ ਪ੍ਰਚਾਰ ਕੇ ਤੰਦਰੁਸਤ ਸਮਾਜ ਦੀ ਸਿਰਜਣਾ ਦਾ ਯਤਨ ਕੀਤਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਪ੍ਰਚਾਰ ਕਿਸੇ ਖਾਸ ਧਰਮ ਦੇ ਲੋਕਾਂ ਲਈ ਨਹੀਂ ਬਲਕਿ ਸਮੁੱਚੀ ਮਾਨਵਤਾ ਦੇ ਭਲੇ ਲਈ ਕੀਤਾ।

ਗੁਰੂ ਸਾਹਿਬ ਨੇ ਆਪਣੇ ਜੀਵਨ-ਕਾਲ ਵਿਚ ਘਰ-ਬਾਰ ਤੋਂ ਦੂਰ ਨਿਕਲ ਕੇ ਲੰਮਾ ਸਮਾਂ ਪ੍ਰਚਾਰ ਯਾਤਰਾਵਾਂ (ਉਦਾਸੀਆਂ) ਕਰ ਕੇ ਮਨੁੱਖ ਜਾਤੀ ਨੂੰ ਵਹਿਮਾਂ ਤੇ ਭਰਮਾਂ, ਮਨੁੱਖੀ ਲੁੱਟ ਅਤੇ ਮਜ਼ਲੂਮਾਂ ਉੱਪਰ ਕੀਤੇ ਜਾਂਦੇ ਜ਼ੁਲਮ ਵਿਰੁੱਧ ਅਵਾਜ਼ ਉਠਾਈ। ਲੋਕਾਂ ਨੂੰ ਚੰਗਾ ਇਨਸਾਨ ਬਣ ਕੇ ਜੀਊਣ ਦਾ ਢੰਗ ਦੱਸਿਆ ਅਤੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਨੂੰ ਜੀਵਨ ਅੰਦਰ ਧਾਰਨ ਕਰਨ ਦੀ ਸਿੱਖਿਆ ਦਿੱਤੀ। ਉਦਾਸੀਆਂ ਤੋਂ ਬਾਅਦ ਗੁਰੂ ਸਾਹਿਬ ਦੇ ਜੀਵਨ ਦੇ ਆਖਰੀ ਸਾਲ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਚ ਹੱਥੀਂ ਖੇਤੀ ਕਰ ਕੇ ਕਿਰਤੀ ਹੋਣ ਦੀ ਗਵਾਹੀ ਭਰਦੇ ਹਨ।

ਸਿੱਖੀ ਦਾ ਪ੍ਰਚਾਰ ਕਰਨ ਲਈ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ‘ਮੰਜੀ ਪ੍ਰਥਾ’ ਦਾ ਅਰੰਭ ਕੀਤਾ ਸੀ ਅਤੇ ੨੨ ਮੰਜੀਆਂ ਸਥਾਪਿਤ ਕਰ ਕੇ ਆਪਣੇ ਗੁਰਸਿੱਖਾਂ ਨੂੰ ਦੂਰ-ਦੁਰਾਡੇ ਸਿੱਖੀ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ।

ਪੁਣਛ, ਰਿਆਸਤ ਕਸ਼ਮੀਰ ਦਾ ਇਕ ਪ੍ਰਧਾਨ ਨਗਰ ਹੈ। ਇਸ ਦੀ ਸਮੁੰਦਰ ਤਲ ਤੋਂ ਉਚਾਈ ੩੩੦੦ ਫੁੱਟ ਹੈ। ਸ੍ਰੀ । ਗੋਬਿੰਦ ਸਿੰਘ ਜੀ ਨੇ ਆਪਣੇ ਇਕ ਪ੍ਰੇਮੀ ਸਿੱਖ ਭਾਈ ਫੇਰੂ ਸਿੰਘ ਨੂੰ ਕਸ਼ਮੀਰ ਦੇ ਇਲਾਕੇ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ਭੇਜਿਆ, ਜਿਸ ਨੇ ਬਹੁਤ ਸਾਰੇ ਸਿੰਘ ਸਜਾਏ ਅਤੇ ਗੁਰਮਤਿ ਦੇ ਨਿਯਮ ਦ੍ਰਿੜ੍ਹਾਏ। ਪਖਲੀ ਜ਼ਿਲ੍ਹਾ ਹਜ਼ਾਰਾ ਵਿਚ ਉਨ੍ਹਾਂ ਦਾ ਡੇਰਾ ਹੈ। ਇਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਚੇਲਿਆਂ— ਭਾਈ ਪੰਜਾਬ ਸਿੰਘ ਅਤੇ ਭਾਈ ਰੋਚਾ ਸਿੰਘ ਨੇ ਵੀ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। (ਮਹਾਨ ਕੋਸ਼, ਪੰਨਾ ੬੭੦) ਭਾਈ ਰੋਚਾ ਸਿੰਘ ਦਾ ਜਨਮ ਜ਼ਿਲ੍ਹਾ ਹਜ਼ਾਰਾ ਦੇ ਪਿੰਡ ਕੋਂਸ ਵਿਚ ਭਾਈ ਪੰਜਾਬਾ ਨਾਮ ਦੇ ਇਕ ਬ੍ਰਾਹਮਣ ਦੇ ਘਰ ਸੰਮਤ ੧੭੪੫ (੧੬੮੮ ਈ.) ਨੂੰ ਹੋਇਆ। ਇਨ੍ਹਾਂ ਨੇ ਪੋਠੋਹਾਰ ਅਤੇ ਕਸ਼ਮੀਰ ਦੇ ਇਲਾਕਿਆਂ ਵਿਚ ਗੁਰਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਅਜੇ ਆਪ ੧੪ ਸਾਲ ਦੇ ਹੀ ਸਨ ਕਿ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਹੁਣ ਰੋਚਾ ਸਿੰਘ, ਉਨ੍ਹਾਂ ਦਾ ਇਕ ਛੋਟਾ ਭਾਈ ਅਤੇ ਮਾਤਾ ਜੀ ਦਾ ਪਰਵਾਰ ਹੀ ਬਾਕੀ ਰਹਿ ਗਿਆ ਸੀ। ਆਪ ਨੂੰ ਛੋਟੀ ਉਮਰ ਤੋਂ ਹੀ ਅਕਾਲ ਪੁਰਖ ਦੀ ਲਗਨ ਲੱਗ ਚੁੱਕੀ ਸੀ।

ਪੁਣਛ, ਕਸ਼ਮੀਰ, ਛੱਛ ਅਤੇ ਹਜ਼ਾਰੇ ਦੇ ਪਹਾੜੀ ਇਲਾਕੇ ਵੀ ਸਿੱਖੀ ਦੀ ਖੁਸ਼ਬੋ ਦਾ ਆਨੰਦ ਪ੍ਰਾਪਤ ਕਰ ਚੁੱਕੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਮਰ ਨਾਥ ਤਕ ਜਾ ਕੇ ਸੱਚ ਧਰਮ ਦਾ ਪ੍ਰਚਾਰ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੀ ਬਾਦਸ਼ਾਹ ਜਹਾਂਗੀਰ ਨਾਲ ਕਸ਼ਮੀਰ ਇਲਾਕੇ ਦਾ ਦੌਰਾ ਕੀਤਾ। ਕਸ਼ਮੀਰ ਵਾਦੀ ਦੇ ਜ਼ਿਲ੍ਹਾ ਬਾਰਾਮੂਲਾ ਮੁਜ਼ਫਰਾਬਾਦ ਵਿਚ ਸ੍ਰੀ । ਹਰਿਗੋਬਿੰਦ ਸਾਹਿਬ ਦੀ ਯਾਦਗਾਰ ਵਿਚ ਗੁਰਦੁਆਰਾ ਸਾਹਿਬ ਸਥਾਪਿਤ ਹੈ।

ਸਿੱਖੀ ਦਾ ਬੂਟਾ ਗੁਰੂ ਨਾਨਕ ਸਾਹਿਬ ਤੋਂ ਹੀ ਇਸ ਇਲਾਕੇ ਵਿਚ ਵਧ-ਫੁਲ ਰਿਹਾ ਸੀ। ਇਸ ਨੇੜਤਾ ਅਤੇ ਵਿਸ਼ਵਾਸ ਕਾਰਨ ਹੀ ਕਸ਼ਮੀਰੀ ਹਿੰਦੂ ਲੋਕ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਸਹਾਇਤਾ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸਨ। ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਖੜ੍ਹੇ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ‘ ਗੋਬਿੰਦ ਸਿੰਘ ਜੀ) ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਆਪਣੇ ਪਿਤਾ ਕੋਲ ਸਹਾਇਤਾ ਦੀ ਸਿਫਾਰਿਸ਼ ਕੀਤੀ। ਇਸ ਜ਼ੁਲਮ ਦੀ ਕਹਾਣੀ ਨੇ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦਾ ਧਿਆਨ ਇਸ ਇਲਾਕੇ ਵੱਲ ਖਿੱਚਿਆ। ਉਨ੍ਹਾਂ ਨੇ ਭਾਈ ਫੇਰੂ ਸਿੰਘ, ਭਾਈ ਪੰਜਾਬ ਸਿੰਘ ਅਤੇ ਭਾਈ ਰੋਚਾ ਸਿੰਘ ਆਦਿ ਵਰਗੇ ਗੁਰਸਿੱਖਾਂ ਨੂੰ ਪ੍ਰਚਾਰ ਲਈ ਕਸ਼ਮੀਰ ਦੇ ਪਹਾੜੀ ਇਲਾਕੇ ਵਿਚ ਭੇਜਿਆ।

ਜ਼ਿਲ੍ਹਾ ਹਜ਼ਾਰਾ ਦੇ ਇਲਾਕੇ ਵਿਚ ਭਾਈ ਫੇਰੂ ਸਿੰਘ ਜੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਹਨ। ਉਨ੍ਹਾਂ ਦਾ ਡੇਰਾ ਜ਼ਿਲ੍ਹੇ ਦੇ ਪਿੰਡ ਪਖਲੀ ਵਿਚ ਹੈ। ਉਨ੍ਹਾਂ ਤੋਂ ਬਾਅਦ ਭਾਈ ਪੰਜਾਬ ਸਿੰਘ ਜੀ ਨੇ ਵੀ ਇਸ ਇਲਾਕੇ ਵਿਚ ਪ੍ਰਚਾਰ ਕੀਤਾ। ਉਨ੍ਹਾਂ ਨੂੰ ਦਸਮੇਸ਼ ਪਿਤਾ ਜੀ ਦੇ ਹੱਥੋਂ ਅੰਮ੍ਰਿਤ-ਪਾਨ ਕਰਨ ਦਾ ਸੁਭਾਗ ਪ੍ਰਾਪਤ ਹੈ। ਭਾਈ ਫੇਰੂ ਸਿੰਘ ਨੇ ਭਾਈ ਪੰਜਾਬ ਸਿੰਘ ਨੂੰ ਆਪਣੀ ਗੱਦੀ ’ਤੇ ਅਸਥਾਪਨ ਕੀਤਾ।

ਸੰਮਤ ੧੭੬੦ (੧੭੦੩ ਈ.) ਦੇ ਕਰੀਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਵਿਚ ਵਿਚਰ ਰਹੇ ਸਨ ਤਾਂ ਭਾਈ ਰੋਚਾ ਸਿੰਘ ਜੀ ਵੀ ਭਾਈ ਪੰਜਾਬ ਸਿੰਘ ਦੇ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ। ਗੁਰੂ ਜੀ ਦੇ ਦਰਸ਼ਨ ਕਰ ਕੇ ਨਿਹਾਲ ਹੋ ਗਏ ਅਤੇ ਦਸਮੇਸ਼ ਪਿਤਾ ਦੇ ਪਵਿੱਤਰ ਹੱਥਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਧੰਨ ਧੰਨ ਕਰਨ ਲੱਗੇ। ਇਨ੍ਹਾਂ ਦੀ ਧਰਮ ਵਿਚ ਡੂੰਘੀ ਰੁਚੀ ਵੇਖ ਕੇ ਗੁਰੂ ਜੀ ਨੇ ਇਨ੍ਹਾਂ ਦਾ ਨਾਂ ਰੋਚਾ ਸਿੰਘ ਰੱਖਿਆ। ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਵਿਚ ਰਹਿ ਕੇ ਸੰਗਤ ਦੀ ਸੇਵਾ ਕੀਤੀ ਅਤੇ ਫਿਰ ਗੁਰੂ ਜੀ ਦੀ ਆਗਿਆ ਲੈ ਕੇ ਘਰਾਂ ਨੂੰ ਵਾਪਸ ਮੁੜ ਆਏ। ਵਾਪਸ ਆ ਕੇ ਇਕ ਵਾਰ ਵੈਸਾਖੀ ਦੇ ਮੇਲੇ ਉੱਪਰ ਮੁਜ਼ਫ਼ਰਾਬਾਦ, ਛੇਵੀਂ ਪਾਤਸ਼ਾਹੀ ਦੇ ਗੁਰਦੁਆਰੇ (ਨਲੂਛੀ) ਦੇ ਦਰਸ਼ਨ ਕਰਨ ਲਈ ਗਏ। ਇੱਥੇ ਇੱਕ ਮੰਧਰੇ ਸ਼ਾਹ ਸੇਠ ਦੇ ਕੋਲ ਨੌਕਰ ਲੱਗ ਗਏ। ਕਹਿੰਦੇ ਹਨ ਕਿ ਇੱਥੇ ਇੱਕ ਰਾਤ ਉਨ੍ਹਾਂ ਨੂੰ ਸੁਪਨੇ ਵਿਚ ਦਸਵੇਂ ਪਾਤਸ਼ਾਹ ਨੇ ਤੀਰ ਨਾਲ ਤਿੰਨ ਚੋਭਾਂ ਲਗਾ ਕੇ ਜਗਾਇਆ ਅਤੇ ਕਿਹਾ ਕਿ ਤੈਨੂੰ ਕਿਸ ਕੰਮ ਲਈ ਭੇਜਿਆ ਸੀ ਤੇ ਕਿਸ ਕੰਮ ਲੱਗ ਗਿਆ ਹੈਂ । ਹੁਣ ਉੱਠ ’ਤੇ ਡੇਰਾ ‘ਛਤਰ ਕਲਸ’ ਵਿਚ ਭਾਈ ਪੰਜਾਬ ਸਿੰਘ ਨੂੰ ਮਿਲ। ਭਾਈ ਰੋਚਾ ਸਿੰਘ ਜੀ ਸੇਠ ਦੀ ਨੌਕਰੀ ਛੱਡ ਕੇ ਭਾਈ ਪੰਜਾਬ ਸਿੰਘ ਕੋਲ ਪਹੁੰਚੇ। ਉੱਥੇ ਜਾ ਕੇ ਦਿਨ-ਰਾਤ ਲੰਗਰ ਦੀ ਸੇਵਾ ਵਿਚ ਜੁਟ ਗਏ।

ਭਾਈ ਪੰਜਾਬ ਸਿੰਘ ਜੀ ਨੇ ਭਾਈ ਰੋਚਾ ਸਿੰਘ ਜੀ ਨੂੰ ਆਪਣੀ ਗੱਦੀ ਦਾ ਵਾਰਸ ਥਾਪ ਦਿੱਤਾ ਅਤੇ ਆਪ ਬੈਕੁੰਠ ਨੂੰ ਚਾਲੇ ਪਾ ਗਏ। ਛਤਰ ਕਲਸ ਪਿੰਡ ਦੇ ਲੋਕ ਉਨ੍ਹਾਂ ਨਾਲ ਈਰਖਾ ਕਰਨ ਲੱਗ ਪਏ ਤਾਂ ਉਨ੍ਹਾਂ ਨੇ ਭਾਈ ਭੰਤੂ ਸਿੰਘ ਜੀ ਨੂੰ ਡੇਰੇ ਦੀ ਜ਼ਿੰਮੇਵਾਰੀ ਦੇ ਦਿੱਤੀ ਅਤੇ ਆਪ ਰਾਗੀ ਜਥਾ ਬਣਾ ਕੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕਰਨ ਦੇ ਮਕਸਦ ਨਾਲ ਪਹਾੜੀ ਇਲਾਕੇ ਵਿਚ ਘੁੰਮੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਪਿੰਡ ਕੋਟੀਆਂ, ਤਹਿਸੀਲ ਬਾਗ, ਜ਼ਿਲ੍ਹਾ ਪੁਣਛ ਵਿਚ ਸਿੱਖੀ ਦੇ ਪ੍ਰਚਾਰ ਲਈ ਇਕ ਗੁਰਦੁਆਰਾ ਬਣਵਾਇਆ ਪਰੰਤੂ ਉੱਥੋਂ ਦੇ ਹਾਕਮਾਂ ਅਤੇ ਮੁਕਾਮੀ ਲੋਕਾਂ ਨੇ ਮਿਲ ਕੇ ਗੁਰਦੁਆਰਾ ਢਾਹ ਦਿੱਤਾ ਅਤੇ ਸੰਤ ਰੋਚਾ ਸਿੰਘ ਜੀ ਨੂੰ ਵੀ ਬੁਰਾ ਭਲਾ ਕਿਹਾ। ਇਹ ਵੇਖ ਕੇ ਸ਼ਸਤਰਧਾਰੀ ਸਿੱਖ ਟਾਕਰਾ ਕਰਨ ਲਈ ਤਿਆਰ ਹੋ ਗਏ। ਉਨ੍ਹਾਂ ਦੇ ਨਾਲ ੪੦੦ ਸ਼ਸਤਰਧਾਰੀ ਸਿੱਖ ਰਿਹਾ ਕਰਦੇ ਸਨ। ਇਨ੍ਹਾਂ ਦੇ ਪ੍ਰਚਾਰ ਤੋਂ ਇਲਾਕੇ ਦੇ ਮੁਸਲਮਾਨ ਹਾਕਮ ਬਹੁਤ ਘਬਰਾਏ ਹੋਏ ਸਨ। ਉਨ੍ਹਾਂ ਨੇ ਸੂਦਨਾ ਦੀ ਗਲੀ, ਮੁਜ਼ਫ਼ਰਾਬਾਦ ਅਤੇ ਬਾਰਾਮੂਲਾ ਕੋਲ ਇਨ੍ਹਾਂ ‘ਤੇ ਹਮਲਾ ਕਰ ਦਿੱਤਾ। ਅੱਗੋਂ ਭਾਈ ਜੀ ਦੇ ਸਾਥੀ ਸ਼ਸਤਰਧਾਰੀ ਸਿੱਖਾਂ ਨੇ ਟਾਕਰਾ ਕੀਤਾ ਅਤੇ ਹਮਲਾਵਾਰਾਂ ਨੂੰ ਬੁਰੀ ਤਰ੍ਹਾਂ ਹਰਾ ਕੇ ਭਜਾ ਦਿੱਤਾ। ਸੰਤ ਰੋਚਾ ਸਿੰਘ ਨੇ ਵੀ ਹਮਲਾਵਾਰਾਂ ਨੂੰ ਆਪਣੇ ਚੰਗੇ ਹੱਥ ਵਿਖਾਏ। ਕਹਿੰਦੇ ਹਨ ਕਿ ਪੀਰ ਫਕਰੁਲਾ ਖ਼ਾਨ ਨੇ ਕਸ਼ਮੀਰ ਦੇ ਸੂਬੇ ਸਰ ਬਲੰਦ ਖ਼ਾਨ ਨੂੰ ਸ਼ਿਕਾਇਤ ਕੀਤੀ ਕਿ ਇਹ ਸਿੱਖ ਫੌਜ ਲੈ ਕੇ ਆਪਣੇ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਮੁਸਲਮਾਨਾਂ ਨੂੰ ਵੀ ਆਪਣੇ ਮੁਰੀਦ ਬਣਾ ਰਿਹਾ ਹੈ। ਕਸ਼ਮੀਰ ਦੇ ਸੂਬੇ ਨੇ ਡੇਢ ਕੁ ਹਜ਼ਾਰ ਫੌਜ ਭੇਜ ਦਿੱਤੀ। ਇੱਧਰ ਤਿਆਰ-ਬਰ-ਤਿਆਰ ੪੦੦ ਸਿੰਘਾਂ ਨੇ ਬਾਰਾਮੂਲਾ ‘ ‘ ਕੋਲ ਟਾਕਰਾ ਕੀਤਾ ਅਤੇ ਸੂਬੇ ਦੀ ਫੌਜ ਨੂੰ ਹਰਾ ਕੇ ਭਜਾ ਦਿੱਤਾ। ਇਸ ਪਿੱਛੋਂ ਆਪ ਬਟਮਾਲੂ (ਕਸ਼ਮੀਰ) ਗਏ ਤਾਂ ਉੱਥੇ ਸੂਬਾ ਕਸ਼ਮੀਰ ਨੇ ਆਪਣੀ ਗ਼ਲਤੀ ਲਈ ਮੁਆਫੀ ਮੰਗੀ ਅਤੇ ਉਨ੍ਹਾਂ ਨੂੰ ਇਕ ਜਗੀਰ ਦੇਣੀ ਚਾਹੀ ਜੋ ਉਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ।

ਆਪ ਨੇ ਅਟਕ, ਹਜ਼ਾਰਾ, ਮੁਜ਼ਫ਼ਰਾਬਾਦ, ਐਬਟਾਬਾਦ, ਨਾਗ ਮਟੌਰ (ਪੋਠੋਹਾਰ), ਮਲਾਛ, ਕਾਲਾ ਬਾਗ਼ ਅਤੇ ਬਾਸੀਆ ਦੇ ਇਲਾਕੇ ਵਿਚ ਕਈ ਵਾਰ ਯਾਤਰਾ ਕਰ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ-ਬਰ-ਤਿਆਰ ਸਿੰਘ ਸਜਾਇਆ।

ਪਿਛਲੀ ਉਮਰ ਵਿਚ ਆਪ ਪਰਲ ਦੇ ਇਲਾਕੇ ਰਾਵਲੇ ਕੋਟ ਇਲਾਕਾ ਪੁਣਛ ਵਿਚ ਜਾ ਟਿਕੇ। ਇੱਥੇ ਆਪ ਦੇ ਛੋਟੇ ਭਰਾ ਭਾਈ ਮੋਤਾ ਸਿੰਘ ਜੀ ਆ ਮਿਲੇ। ਆਪ ਦਾ ਵੱਡਾ ਚੇਲਾ ਭਾਈ ਮੇਲਾ ਸਿੰਘ ਜੀ ਸਨ ਅਤੇ ਛੋਟਾ ਭਾਈ ਬੇਲਾ ਸਿੰਘ ਜੀ। ਭਾਈ ਬੇਲਾ ਸਿੰਘ ਜੀ ਨੂੰ ਖਡੂਰ ਸਾਹਿਬ ਭੇਜ ਦਿੱਤਾ ਅਤੇ ਭਾਈ ਮੇਲਾ ਸਿੰਘ ਜੀ ਨੂੰ ਆਪਣੀ ਥਾਂ ਅਸਥਾਪਨ ਕਰ ਦਿੱਤਾ। ਆਪ ਸੰਮਤ ੧੮੬੦ ਬਿਕ੍ਰਮੀ (੧੮੦੩ ਈ.) ਨੂੰ ੧੧੫ ਸਾਲ ਦੀ ਉਮਰ ਭੋਗ ਕੇ ਰਾਵਲੇ ਕੋਟ ਵਿਚ ਬੈਕੁੰਠ ਨੂੰ ਚੜ੍ਹਾਈ ਕਰ ਗਏ। ਉਹ ਬੜੇ ਉਪਕਾਰੀ, ਭਜਨੀਕ ਅਤੇ ਗੁਰਬਾਣੀ ਦੇ ਰਸੀਏ ਸਨ। ਜਿਸ ਸਮੇਂ ਆਪ ਨੇ ਇਸ ਇਲਾਕੇ ਵਿਚ ਸਿੱਖੀ ਪ੍ਰਚਾਰ ਦਾ ਕੰਮ ਅਰੰਭਿਆ ਉਸ ਸਮੇਂ ਉੱਥੇ ਮੁਸਲਮਾਨ ਰਾਜਿਆਂ ਦਾ ਜ਼ੋਰ ਸੀ। ਬਹੁਤ ਸਾਰੇ ਹਿੰਦੂ ਡਰਦੇ ਹੋਏ ਹੀ ਮੁਸਲਮਾਨੀ ਰਸਮਾਂ ਅਦਾ ਕਰਨ ਲੱਗ ਪਏ ਸਨ। ਆਪ ਨੇ ਇਲਾਕੇ ਦੇ ਲੋਕਾਂ ਵਿਚ ਨਵੀਂ ਰੂਹ ਫੂਕ ਦਿੱਤੀ।

ਅਜਿਹੇ ਸੰਤ-ਮਹਾਂਪੁਰਸ਼ ਮਹਾਨ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਾਦਗੀ ਵਿਚ ਰਹਿ ਕੇ ਸਿੱਖੀ ਦੇ ਬੂਟੇ ਨੂੰ ਵੱਧਣ- ਫੁੱਲਣ ਲਈ ਲਗਾਇਆ। ਅਜਿਹੇ ਕਰਣੀ ਵਾਲੇ ਗੁਰਸਿੱਖਾਂ ਦੇ ਜੀਵਨ ਤੋਂ ਅਗਵਾਈ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ।