-ਸ. ਬੀਰ ਦਵਿੰਦਰ ਸਿੰਘ
ਸਿਰਪਾਓ ਦਾ ਭਾਵ ਹੈ, ਸਿਰ ਤੋਂ ਪੈਰਾਂ ਤੀਕਰ ਦੀ ਵਿਸ਼ੇਸ਼ ਪੁਸ਼ਾਕ ਦਾ ਵਸਤਰ ਜੋ ਮਾਣ-ਸਨਮਾਨ ਦੇ ਚਿੰਨ੍ਹ ਵਜੋਂ, ਕਿਸੇ ਆਦਰਯੋਗ ਵਿਅਕਤੀ ਦੇ ਅੰਗਰਖੇ ਵਜੋਂ ਪਹਿਨਾਇਆ ਜਾਂਦਾ ਹੈ। ਸਿੱਖ ਧਰਮ ਵਿਚ ਸਿਰਪਾਓ ਦੀ ਪਰੰਪਰਾ ਦਾ ਮੁੱਢ ਕਦੋਂ ਤੇ ਕਿਵੇਂ ਬੱਝਾ, ਸਿਰੋਪਾਓ ਦੀ ਮਰਯਾਦਾ, ਮਹੱਤਵ ਤੇ ਉਸ ਦਾ ਪਿਛੋਕੜ ਕੀ ਹੈ? ਇਹ ਮੇਰੇ ਲੇਖ ਦਾ ਵਿਸ਼ਾ ਹੈ ਜੋ ਪਾਠਕਾਂ ਦੀ ਨਜ਼ਰ ਕਰ ਰਿਹਾ ਹਾਂ।
ਰਾਇ ਭੋਇ ਦੀ ਤਲਵੰਡੀ ਵਿਖੇ, ਮਾਈ ਲੱਖੋ ਦੇ ਉਦਰ ਤੋਂ ਪੈਦਾ ਹੋਏ, ਬਦਰੋ ਮਿਰਾਸੀ ਦੇ ਪੁੱਤਰ, ਭਾਈ ਮਰਦਾਨਾ ਜੀ, ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਮਿੱਤਰ ਸੀ, ਉਮਰ ਵਿਚ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ੧੦ ਸਾਲ ਵੱਡੇ ਸੀ, ਪਰ ਦੋਵਾਂ ਵਿਚ ਮਿੱਤਰਤਾ ਤੇ ਪ੍ਰੇਮ ਬਹੁਤ ਗੂੜ੍ਹਾ ਸੀ। ਬਦਰੋ ਮਿਰਾਸੀ ਦਾ ਡੇਰਾ ਪਿੰਡ ਦੀ ਵੱਸੋਂ ਤੋਂ ਬਾਹਰਵਾਰ ਕੁਝ ਵਿੱਥ ’ਤੇ ਸੀ। ਬਦਰੋ ਦੇ ਵੱਡੇ-ਵਡੇਰੇ ਮੁੱਢ-ਕਦੀਮੋਂ ਹੀ ਰਾਇ ਭੋਇ ਦੀ ਤਲਵੰਡੀ ਦੇ ਮੀਰ-ਮਿਰਾਸੀ ਤੇ ਗਵੱਈਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਬਾਲ ਅਵਸਥਾ ਵਿਚ, ਸਵੇਰ ਸਾਰ ਹੀ ਬਦਰੋ ਦੇ ਡੇਰੇ ਤੇ ਚਲੇ ਜਾਂਦੇ ਸਨ, ਸਾਰਾ ਦਿਨ ਓਥੇ ਹੀ ਖੇਡਦੇ ਰਹਿੰਦੇ, ਰਾਤ ਨੂੰ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੇ ਪਿਤਾ, ਮਹਿਤਾ ਕਾਲੂ ਜੀ ਉਨ੍ਹਾਂ ਨੂੰ ਘਰ ਲੈ ਕੇ ਆਉਂਦੇ ਸਨ। ਓਧਰ ਰਾਇ ਭੋਇ ਦੀ ਤਲਵੰਡੀ ਦੀਆਂ ਮਿਲਖਾਂ ਦੇ ਸਰਦਾਰ ਮਨਸਬਦਾਰ, ਰਾਇ ਬੁਲਾਰ, ਮਹਿਤਾ ਕਾਲੂ ਜੀ ਨੂੰ ਤਾੜਨਾ ਕਰਦੇ ਰਹਿੰਦੇ ਸਨ ਕਿ “ਨਾਨਕ ਨੂੰ ‘ ਕੁਝ ਨਹੀਂ ਆਖਣਾ, ਨਾਨਕ ਤਾਂ ਇੱਕ ਬਜ਼ੁਰਗੀ ਦਾ ਬਾਲ ਤੇ ਖੁਦਾਈ ਨੂਰ ਏ, ਇਹ ਜਿਵੇਂ ਚਾਹਵੇ ਤਿਵੇਂ ਕਰੇ, ਕਾਲੂ ਜੀ ਤੁਸਾਂ ਕਪਟ ਨਾਲ ਇਸ ਨੂੰ ਨਹੀਂ ਬੁਲਾਵਣਾ।” ਮਹਿਤਾ ਕਾਲੂ ਜੀ, ਜੋ ਰਾਏ ਬੁਲਾਰ ਦੀਆਂ ਮਿਲਖਾਂ ਦੇ ਪਟਵਾਰੀ ਸਨ, ਅੱਗੋਂ ਆਖਦੇ ਸਨ, “ਸਾਈਂ ਜੀ, ‘ਨਾਨਕ’ ਹਰ ਰੋਜ਼ ਸਵੇਰੇ ਉੱਠ, ਬਿਨਾਂ ਖਾਧੇ-ਪੀਤੇ ਬਦਰੋ ਦੇ ਡੇਰੇ ਨੱਸ ਜਾਂਵਦਾ, ਤਿੱਥੇ ਖਾਂਵਦਾ ਤਿੱਥੇ ਗਾਂਵਦਾ, ਘਰ ਕਾਈ ਨਹੀਂ ਆਂਵਦਾ, ਮੈਂ ਤੁਸਾਂ ਨੂੰ ਆਖਣਾ, ਹੋਰ ਕਿਸ ਨੂੰ ਆਖ ਸੁਣਾਵਾਂ!”
ਵਰਣਨਯੋਗ ਹੈ ਕਿ ਭਾਈ ਮਰਦਾਨਾ ਜੀ ਨੇ ਆਪਣੇ ਜੀਵਨ ਦੇ ਲਗਪਗ ੩੧ ਸਾਲ, ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਹਜ਼ੂਰੀ ਸੰਗਤ ਵਿਚ ਗੁਜ਼ਾਰੇ, ਜਿਸ ਵਿਚ ੨੪ ਸਾਲ ਦਾ ਸਮਾਂ ਤਾਂ ਚਾਰ ਉਦਾਸੀਆਂ ਦਾ ਹੀ ਬਣਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਹੁੰ ਦਿਸ਼ਾਵਾਂ ਦਾ ਭਰਮਣ ਕਰਦੇ ਹੋਏ, ਲਗਪਗ ੨੮,੦੦੦ ਕਿਲੋਮੀਟਰ ਦਾ ਲੰਮਾ ਪੈਂਡਾ, ਪੈਦਲ ਚੱਲ ਕੇ ਤੈਅ ਕੀਤਾ। ਇਨ੍ਹਾਂ ਰੁਹਾਨੀ ਪੈਂਡਿਆਂ ਦੀ ਗਾਥਾ ਵਿਚ, ਉਹ ਸਮੇਂ ਵੀ ਸ਼ਾਮਲ ਹਨ, ਜਦੋਂ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ, ਤਰਬ ਛੋਹਾਂ’ ‘ਚੋਂ ਉਤਪੰਨ ਹੁੰਦੀਆਂ ਸਰੋਦੀ ਧੁੰਨਾਂ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਅਲਾਪ ਤੇ ‘ਸਬਦੁ’ ਨਾਲ ਅਭੇਦ ਹੋ ਕੇ ਬੇਨੂਰ ਫਿਜ਼ਾਵਾਂ ਨੂੰ ਵਿਸਮਾਦੀ ਰਿਸ਼ਮਾਂ ਨਾਲ ਫੈਜ਼ਯਾਬ ਕਰਦੀਆਂ ਸਨ। ਇੱਥੇ ਇਹ ਉਲੇਖ ਕਰਨਾ ਜ਼ਰੂਰੀ ਹੈ ਕਿ ਇਹ ਦਰਸ਼ਨੀ-ਰਬਾਬ ਪਿੰਡ ਭੈਰੋਆਣਾ (ਸੁਲਤਾਨਪੁਰ ਨੇੜੇ) ਦੇ ਰਬਾਬੀ ਭਾਈ ਫਿਰੰਦੇ ਨੇ ‘ਨਾਨਕ ਫਕੀਰ’ (ਸ੍ਰੀ ਗੁਰੂ ਨਾਨਕ ਦੇਵ ਜੀ) ਦੇ ਦਰਸ਼ਨ-ਦੀਦਾਰਿਆਂ ਦੀ ਤਾਂਘ ਮਨ ਵਿਚ ਰੱਖ ਕੇ ਤਿਆਰ ਕੀਤੀ ਸੀ। ਉਸ ਦਾ ਸੰਕਲਪ ਸੀ ਕਿ ਜਦੋਂ ਵੀ ਉਸ ਨੂੰ ‘ਨਾਨਕ ਫਕੀਰ’ ਦੇ ਦੀਦਾਰ ਨਸੀਬ ਹੋਣਗੇ, ਉਸ ਵੇਲੇ ਇਹ ਦਰਸ਼ਨੀ-ਰਬਾਬ ਉਨ੍ਹਾਂ ਦੀ ‘ਦਰਸ਼ਨ ਭੇਟ’ ਕਰਾਂਗਾ। ਭਾਈ ਫਿਰੰਦਾ ਰਾਗ ਵਿੱਦਿਆ ਦਾ ਇੱਕ ਪੂਰਨ ਗਿਆਨੀ ਸੀ, ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਨਾਲ, ਮਰਦਾਨਾ ਜੀ ਨੂੰ ਰਾਗ ਵਿੱਦਿਆ ਤੇ ਰਬਾਬੀ ਸੁਰ ਤੇ ਸਰੋਦ ਦੀ ਕਲਾ ਵਿਚ ਪਰਬੀਨ ਕੀਤਾ ਅਤੇ ਵਿਸ਼ੇਸ਼ ਸਾਧਨਾ ਹਿੱਤ ਤਿਆਰ ਕੀਤੀ, ਦਰਸ਼ਨੀ-ਰਬਾਬ ਗੁਰੂ ਸਾਹਿਬ ਦੀ ਨਜ਼ਰ ਕੀਤੀ ਜੋ ਲਗਪਗ ਇਕੱਤੀ ਵਰ੍ਹੇ ਭਾਈ ਮਰਦਾਨਾ ਜੀ ਦੀ ਸਪੁਰਦਦਾਰੀ ਵਿਚ ਰਹੀ।
ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਵਜਦ ਵਿਚ ਆਇ ਕੇ ਮਰਦਾਨੇ ਨੂੰ ਆਖਣ ਲੱਗੇ “ਮਰਦਾਨਿਆ ਰਬਾਬ ਉਠਾਇ ਬਾਣੀ ਆਈ ਆ” ਤਦ ਮਰਦਾਨੇ ਨੇ ਰਬਾਬ ਉਠਾਈ ਤੇ ਉਸ ਨੂੰ ਸੁਰ ਕਰਨ ਲੱਗਾ, ਗੁਰੂ ਨਾਨਕ ਜੀ ਨੇ ਅਲਾਪ ਦਿੱਤਾ ਤਾਂ ਮਰਦਾਨੇ ਨੇ ਟੋਕ ਕੇ ਆਖਿਆ “ਬਾਬਾ ਰੁਕ, ਰਬਾਬ ਕਾ ਥਾਟ (ਸੂਰ) ਬਨਾਵਣ ਦੇ” ਤਦ ਬਾਬੇ ਆਖਿਆ, “ਮਰਦਾਨਿਆ ਤੂੰ ਰਬਾਬ ਛੇੜ, ਥਾਟ ਆਪੇ ਬਣ ਜਾਵੇਗਾ” ਗੁਰੂ ਜੀ ਨੇ ਫੇਰ ਬਾਣੀ ਦੇ ਅਲਾਪ ਨੂੰ ਸੁਰ ਦਿੱਤੀ, ਮਰਦਾਨੇ ਨੇ ਰਬਾਬ ਦੀਆਂ ਤਰਬਾਂ ਨੂੰ ਛੋਹਿਆ, ਤਾਂ ਰਬਾਬ ਉਸੇ ਸੁਰ ਵਿਚ ਸੀ, ਜਿਸ ਸੁਰ ਵਿਚ ਗੁਰੂ ਨਾਨਕ ਦੀ ਬਾਣੀ ਦਾ ਅਲਾਪ ਹੋ ਰਿਹਾ ਸੀ। ਗੁਰੂ ਨਾਨਕ ਕੁਝ ਸਮਾਂ ਪਰਮ ਅਨੰਦ ਵਿਚ ਲੀਨ ਰਹੇ, ਰਬਾਬ ਦੀਆਂ ਤਰਬਾਂ ਦਾ ਸਰੋਦ, ਗੁਰੂ ਬਾਬੇ ਦੀ ਰੂਹ ਨੂੰ ਧੁਰ ਅੰਦਰ ਤੀਕ ਛੂਹ ਗਿਆ। ਗੁਰੂ ਜੀ ਆਪਣੇ ਰੂਹਾਨੀ ਰੰਗ ਵਿਚ ਹੀ ਆਖਣ ਲੱਗੇ, “ਵਾਹ ਮਰਦਾਨਿਆ ਵਾਹ, ਮਰਦਾਨਿਆ ਹੁਣ ਤੂੰ ਮਰਦਾਨਾ ਨਾਹੀ, ਹੁਣ ਤੂੰ ‘ਭਾਈ” ਹੋਇਓਂ।” ‘ਭਾਈ” ਦਾ ਲਕਬ (ਪਦਵੀ) ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰੀ ਕੇਵਲ ਭਾਈ ਮਰਦਾਨੇ ਲਈ ਵਰਤਿਆ ਸੀ, ਇਸੇ ਲਈ ਇਸ ਪੱਧਤੀ ਦਾ ਦਸਤੂਰ, ਅੱਜ ਤੀਕਰ ਸਜੀਵ ਹੈ ਤੇ ਅਸੀਂ ਗੁਰੂ-ਘਰ ਦੇ ਰਾਗੀ ਸਿੰਘਾਂ ਦੇ ਨਾਮ ਦੇ ਅੱਗੇ ‘ਭਾਈ’ ਸ਼ਬਦ ਦਾ ਅਗੇਤਰ ਸਤਿਕਾਰ ਵਜੋਂ ਪ੍ਰਯੋਗ ਕਰਦੇ ਹਾਂ।
ਪੁਰਾਤਨ ਜਨਮ ਸਾਖੀਆਂ ਦੇ ਹਵਾਲਿਆਂ ਅਨੁਸਾਰ ਭਾਈ ਮਰਦਾਨਾ ਜੀ, ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਸਮੇਂ ੭੫ ਸਾਲ ਦੀ ਅਵਧੀ ਭੋਗ ਕੇ, ਸੰਮਤ ੧੫੯੧ ਵਿਚ ਅਫ਼ਗਾਨਿਸਤਾਨ ਵਿਚ ਦਰਿਆ ਕੁਰਦ ਦੇ ਕਿਨਾਰੇ ਵੱਸੇ, ਨਗਰ ਕੁਰਦ ਦੇ ਬਾਹਰਵਾਰ, ਇੱਕ ਹਰੇ-ਕਚੂਰ ਰੁੱਖ ਦੀ ਘਣੀ ਛਾਂ ਹੇਠ ਵਫਾਤ ਪਾ ਗਏ ਅਤੇ ਆਖਰੀ ਸਵਾਸ ਲੈਣ ਸਮੇਂ ਭਾਈ ਮਰਦਾਨਾ ਜੀ ਦਾ ਸੀਸ, ਗੁਰੂ ਨਾਨਕ ਦੀ ਗੋਦੀ ਵਿਚ ਸੀ। ਇਸ ਅਸਥਾਨ ’ਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਕੁਰਦ ਦਰਿਆ ਦੇ ਨਿਰਮਲ ਪਾਣੀਆਂ ਨਾਲ ਇਸ਼ਨਾਨ ਕਰਵਾ ਕੇ, ਭਾਈ ਮਰਦਾਨਾ ਜੀ ਦੇ ਸਰੀਰਕ ਵਜੂਦ ਨੂੰ, ਉਨ੍ਹਾਂ ਦੀ ਇੱਛਾ ਅਨੁਸਾਰ, ਸਪੁਰਦ- -ਏ-ਆਤਿਸ਼ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਚਿਖਾ ਨੂੰ ਅਗਨੀ ਦਿੱਤੀ। ਇਸ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ, ਚੌਥੀ ਉਦਾਸੀ ਵਿੱਚੇ ਛੱਡ ਕੇ, ਭਾਈ ਮਰਦਾਨੇ ਦੇ ਕੁਟੰਬ ਨਾਲ, ਉਸ ਦੇ ਸਦੀਵੀ ਵਿਛੋੜੇ ਦਾ ਦੁੱਖ ਸਾਂਝਾ ਕਰਨ ਲਈ, ਵਾਪਿਸ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਪੁੱਜ ਗਏ।
ਜਦੋਂ ਨਗਰ ਵਿਚ ਗੁਰੂ ਨਾਨਕ ਸਾਹਿਬ ਦੇ ਵਾਪਸ ਪਰਤਣ ਦੀ ਖਬਰ ਕੰਨੋ-ਕੰਨੀ ਸਾਰੇ ਪਿੰਡ ਵਿਚ ਫੈਲ ਗਈ ਤਾਂ ਪਿੰਡ ਦੇ ਲੋਕਾਂ ਦਾ ਗੁਰੂ ਜੀ ਦੇ ਦਰਸ਼ਨਾਂ ਲਈ ਤਾਂਤਾ ਲੱਗ ਗਿਆ ਅਤੇ ਚਾਰੇ ਬੰਨੇ ਘੁਸਰ-ਮੁਸਰ ਹੋਣ ਲੱਗੀ ਕਿ “ਨਾਨਕ ਤਪਾ ਤੇ ਦਸੌਂਦਾ, ਪਰ ਇੱਥੇ ਮਰਦਾਨਾ ਕਾਈ ਨਹੀਂ ਦਸੌਂਦਾ।” ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦੇ ਸਾਰੇ ਪਰਵਾਰ ਨੂੰ ਆਪਣੇ ਪਾਸ ਸਦਵਾ ਲਿਆ। ਜਦੋਂ ਭਾਈ ਮਰਦਾਨਾ ਜੀ ਦਾ ਵੱਡਾ ਪੁੱਤਰ ਸ਼ੁਜਾਦ ਆਪਣੇ ਪਰਵਾਰ ਸਮੇਤ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਪੁੱਜਿਆ ਤਾਂ ਜਨ ਸਧਾਰਨ ਦੀ ਭੀੜ ਵਿਚ ਉਸਦੇ ‘ਅੱਬੂ’ (ਭਾਈ ਮਰਦਾਨਾ) ਦੀ ਅਦਮ-ਮੌਜੂਦਗੀ ਉਸਨੂੰ ਪ੍ਰੇਸ਼ਾਨ ਕਰ ਰਹੀ ਸੀ। ਭਾਈ ਮਰਦਾਨਾ ਜੀ ਨੂੰ ਕਿਧਰੇ ਵੀ ਨਜ਼ਰੀਂ ਪੈਂਦਾ ਨਾ ਵੇਖਕੇ ਬੜੀ ਹੈਰਾਨੀ ਅਤੇ ਵਿਆਕੁਲਤਾ ਨਾਲ ਗੁਰੂ ਜੀ ਨੂੰ ਪੁੱਛਦਾ ਹੈ, “ਬਾਬਾ, ਅਸਾੜ੍ਹਾ ਅੱਬੂ ਕਾਈਂ ਨਹੀਂ ਦਸੌਂਦਾ?” ਤਦ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ “ਸ਼ੁਜਾਦਿਆ, ਤੈਂਡਾ ਅੱਬੂ ਖੁਦਾਇ ਕੀ ਹਿਫ਼ਾਜਤ ਵਿਚ ਏ, ਅਸਾਂ ਉਸਨੂੰ ‘ਸਿਰਪਾਓ ਪਾਇ ਕੇ’, ਰਜਾਇ ਕੇ ਘੱਲਿਆ ਸੂ, ਉਸ ਕੀ ਵੱਡੀ ਘਾਲਣਾ ਹਾਈ, ਮੈਂਡੇ ਪਾਸ ਅੱਖਰ ਕਾਈ ਨਾਹੀਂ, ਮੈਂ ਤੁਸਾਂ ਕਾ ਡੇਵਣਾ ਸੂ, ਮੰਗੋ ਕੀ ਡੇਵਾਂ?” ਅੱਗੋਂ ਸ਼ੁਜਾਦ ਆਖਦਾ ਏ, “ਹੱਛਾ ਬਾਬਾ, ਅੱਲਾ ਕੀ ਰਜਾਇ ਏਹਾ, ਮੈਂਡਾ ਅੱਬੂ ਤੈਂਡਾ ਡੂਮ ਥੀ, ਬਾਬਾ; ਜੋ ਉਸ ਤਾਈ ਬਕਸ਼ਿਆ ਬਾਬਾ, ਸੋਈ ਮੈਂਡੀ ਝੋਲੀ ਪਾ।”
ਇਹ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਕੋਠੜੀ ਅੰਦਰ ਗਏ, ਸਿਰਪਾਓ ਲਿਆਇ ਕੇ ਪਹਿਲਾਂ ਸ਼ੁਜਾਦ ਨੂੰ ਸਿਰ ਕੱਜਣ ਲਈ ਆਖਿਆ, ਮੁੜ ਉਸਨੂੰ ਨਗਰ-ਖੇੜੇ ਦੀ ਖ਼ਲਕ ਦੀ ਹਾਜ਼ਰੀ ਵਿਚ ਸਿਰਪਾਓ ਦੀ ਬਖ਼ਸ਼ਿਸ਼ ਕੀਤੀ, ਜਿਸ ਵਿਚ ਸਿਰ ਤੋਂ ਪੈਰਾਂ ਤੀਕਰ ਦੇ ਵਸਤਰਾਂ ਦਾ ਜੋੜਾ-ਜਾਮਾ ਸ਼ਾਮਲ ਸੀ। ਉਪਰੰਤ ਕਿੱਲੀ ‘ਤੇ ਲਟਕਦੀ ਮਰਦਾਨੇ (ਭਾਈ ਮਰਦਾਨਾ ਜੀ) ਦੀ ਰਬਾਬ ਉਤਾਰੀ ਤੇ ਸ਼ੁਜਾਦੇ ਨੂੰ ਆਖਿਆ, “ਲੈ ਭਾਈ ਸ਼ੁਜਾਦਿਆ ਝੋਲੀ ਅੱਡ, ਐ ਤੈਂਡੇ ਅੱਬੂ ਦੀ ਸਗਲੀ ਕਮਾਈ, ਉਸਦੀ ਨੇਕੀ ਤੇ ਵਡਿਆਈ ਤੈਂਡੀ ਝੋਲੀ ਪਾ ਦਿੱਤੀ, ਹੁਣ ਸ਼ੁਜਾਦਿਆ ਤੈਂ ਰੋਮ (ਵਾਲ) ਕੀ ਹਜਾਮਤ ਨਾਹੀਂ ਕਰਾਵਣੀ, ਇਸ ਰਬਾਬ ਕਾ ਅਦਬ ਪਾਲਣਾ, ਇਸ ਥੀਂ ਸਬਦ-ਬਾਣੀ ਗਾਵਣਾਂ, ਅੱਲਾ ਫਜ਼ਲ ਕਰਸੀ, ਜਿੱਥੇ ਅਸਾਂ ਵੱਸਣਾ ਤਿੱਥੇ ਤੁਸਾਂ
ਵੱਸਣਾਂ।
ਉਪਰੋਕਤ ਵੇਰਵੇ ਸਾਹਿਤ ਵਿਆਖਿਆ ਦਾ ਮਕਸਦ ਕੇਵਲ ਇਹ ਦਰਸਾਉਣਾ ਸੀ, ਬਿਨਾਂ ਸੋਚੇ ਸਮਝੇ, ਹਰ ਜਣੇ-ਖਣੇ ਦੇ ਗਲੇ ਵਿਚ ਸਿਰੋਪਾ ਪਾਉਣਾ ਮਰਯਾਦਾਹੀਣਤਾ ਹੈ। ਬੇਮਕਸਦ ਅਜਿਹਾ ਕਰਨ ਤੋਂ ਪਹਿਲਾਂ, ਸਿੱਖ ਧਰਮ ਵਿਚ ਸਿਰਪਾਓ ਦੀ ਪਰਪਾਟੀ, ਮਰਯਾਦਾ, ਮਹੱਤਵ ਅਤੇ ਮਕਸਦ ਨੂੰ ਸਹੀ ਸੰਦਰਭ ਵਿਚ ਸਮਝਣਾ ਤੇ ਵਿਚਾਰਨਾ ਜ਼ਰੂਰੀ ਹੈ। ਯਾਦ ਰਹੇ ਕਿ ਸਿੱਖ ਧਰਮ ਵਿਚ ਸਭ ਤੋਂ ਪਹਿਲੀ ਸਿਰਪਾਓ ਦੀ ਬਖਸ਼ਿਸ਼, ਭਾਈ ਮਰਦਾਨਾ ਜੀ ਦੇ ਵਫ਼ਾਤ ਪਾ ਜਾਣ ਉਪਰੰਤ, ਉਨ੍ਹਾਂ ਦੇ ਵੱਡੇ ਪੁੱਤਰ ਭਾਈ ਸ਼ੁਜਾਦ ਨੂੰ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਸਤ-ਕਮਲਾਂ ਨਾਲ ਹੋਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਭਾਈ ਮਰਦਾਨਾ ਜੀ ਦੀ ਸਾਰੀ ਜ਼ਿੰਦਗੀ ਦੀ ਸਮਰਪਿਤ ਭਾਵਨਾ ਅਤੇ ਘਾਲਣਾ ਦਾ ਸਤਿਕਾਰ ਕਰਦੇ ਹੋਏ ਅਤੇ ਉਸ ਦੀ ਸੇਵਾ ਨੂੰ ਪ੍ਰਵਾਨ ਕਰਦੇ ਹੋਏ, ਖੁਦ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਪੁੱਜ ਕੇ, ਭਾਈ ਮਰਦਾਨਾ ਜੀ ਦੇ ਵੱਡੇ ਪੁੱਤਰ ਭਾਈ ਸ਼ੁਜਾਦ ਨੂੰ ਬਖਸ਼ਿਸ਼ ਕੀਤਾ ਸੀ ਅਤੇ ਨਾਲ ਹੀ ਸਾਰੇ ਕੁਟੰਬ ਨੂੰ ਕਰਤਾਰਪੁਰ ਆ ਕੇ ਵੱਸਣ ਦੀ ਪ੍ਰੇਰਨਾ ਵੀ ਕੀਤੀ, ਜਿਸ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ, ਭਾਈ ਮਰਦਾਨਾ ਜੀ ਦੀ ਅੰਸ਼-ਵੰਸ਼ ਦੇ ਵਾਰਿਸ, ਰਬਾਬੀ ਰਾਗੀ, ਚਿਰ-ਕਾਲ ਤੀਕਰ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ‘ਸ਼ਬਦ ਕੀਰਤਨ’ ਦੀ ਸੇਵਾ ਕਰਦੇ ਰਹੇ।
