13 ਅਪ੍ਰੈਲ ਨੂੰ ਖ਼ਾਲਸਾ ਸਿਰਜਣਾ ਦਿਵਸ ’ਤੇ
ਖ਼ਾਲਸਾ ਪੰਥ ਦੀ ਸਿਰਜਣਾ ਦੁਨੀਆ ਦੇ ਧਾਰਮਿਕ ਇਤਿਹਾਸ ਵਿਚ ਇੱਕ ਨਵੇਕਲੀ ਘਟਨਾ ਸੀ। ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਧਾਰਮਿਕ ਪੈਗੰਬਰ ਨੇ ਪਹਿਲਾਂ ਏਨਾ ਵੱਡਾ ਇਕੱਠ ਸੱਦਿਆ ਹੋਵੇ ਤੇ ਫਿਰ ਉਸੇ ਇਕੱਠ ਵਿਚ “ਆਪੇ ਗੁਰ ਚੇਲਾ” ਦੀ ਰੀਤ ਤੋਰੀ ਹੋਵੇ। ਇਹ ਵਾਪਰਿਆ ਵੀ ਉਸ ਸਮੇਂ ਜਦੋਂ ਹਾਕਮ ਧਿਰਾਂ ਧਾਰਮਿਕ ਕੱਟੜ੍ਹਤਾ ਅਤੇ ਅਸਹਿਣਸ਼ੀਲਤਾ ਦੀ ਸਿਖਰ ’ਤੇ ਹੋਣ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੇ ਜਿਥੇ ਸਮੁੱਚੀ ਦੁਨੀਆ ਦੀ ਧਾਰਮਿਕ ਆਜ਼ਾਦੀ ਦੇ ਸੰਕਲਪ ਨਾਲ ਸਾਂਝ ਪੁਆਈ, ਉੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ
ਖ਼ਾਲਸਾ ਪੰਥ ਦੀ ਸਿਰਜਣਾ ਕਰ ਕੇ ਨੌਵੇਂ ਗੁਰੂ ਜੀ ਦੀ ਸ਼ਹੀਦੀ ਤੋਂ ਉਭਰੇ ਇਸ ਸੰਕਲਪ ਨੂੰ ਏਨਾ ਪਕੇਰਾ ਕਰ ਦਿੱਤਾ ਕਿ ਮੁੜ ਕਿਸੇ ਹਕੂਮਤ ਦੇ ਨਸ਼ੇ ਵਿਚ ਗ਼ਲਤਾਨ ਹਾਕਮ ਨੂੰ ਜਨਤਾ ਕੋਲੋਂ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖੋਹਣ ਦਾ ਖ਼ਿਆਲ ਤਕ ਵੀ ਛੱਡਣਾ ਪਿਆ। ਜੇ ਕਿਧਰੇ ਕਿਸੇ ਹਾਕਮ ਨੇ ਮੁੜ ਧਾਰਮਿਕ ਜਨੂੰਨ ਵਿਚ ਅੰਨ੍ਹੇ ਹੋ ਕੇ ਕਿਸੇ ਧਾਰਮਿਕ ਮੁੱਦੇ ਨੂੰ ਛੇੜਨ ਦੀ ਅਤੇ ਆਪਣਾ ਧਰਮ ਗਰੀਬ ਗੁਰਬੇ ਉਪਰ ਥੋਪਣ ਦੀ ਹਿਮਾਕਤ ਵੀ ਕੀਤੀ ਤਾਂ ਗੁਰੂ ਦੇ ਖਾਲਸੇ ਨੇ ਉਨ੍ਹਾਂ ਦੀ ਰੱਖਿਆ ਹਿੱਤ ਸਮੇਂ ਸਮੇਂ “ਸਿਰ ਦੀਜੈ ਬਾਂਹ ਨਾ ਛੋਡੀਐ” ਵਾਲੇ ਸੰਕਲਪ ਨੂੰ ਹੀ ਰੂਪਮਾਨ ਕੀਤਾ।
ਅਸਲ ਵਿਚ ਦਸਮ ਪਾਤਸ਼ਾਹ ਵੱਲੋਂ ਸਥਾਪਿਤ ਖ਼ਾਲਸਾ ਪੰਥ ਕੋਈ ਇੱਕ ਦਮ ਪੈਦਾ ਹੋਇਆ ਪੰਥ ਨਹੀਂ, ਬਲਕਿ ਇਸ ਦੀ ਸਥਾਪਨਾ ਦੇ ਪਿੱਛੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥” ਕਾਰਜਸ਼ੀਲ ਸੀ। ਇਸ ਸਿਧਾਂਤ ਨੂੰ ਪੰਚਮ ਪਾਤਸ਼ਾਹ ਅਤੇ ਨੌਵੇਂ ਪਾਤਸ਼ਾਹ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਅਤੇ ਦਸਵੇਂ ਜਾਮੇ ਵਿਚ ਕਲਗੀਧਰ ਪਾਤਸ਼ਾਹ ਜੀ ਨੇ ਵਿਵਹਾਰਕ ਰੂਪ ਵਿਚ ਸਮੁੱਚੀ ਦੁਨੀਆ ਨੂੰ ਖ਼ਾਲਸਾ ਪੰਥ ਦੀ ਸਿਰਜਣਾ ਕਰ ਕੇ ਧਾਰਮਿਕ ਸੰਸਾਰ ਵਿਚ ਇਕ ਆਦਰਸ਼ ਮਾਡਲ ਦਿੱਤਾ। ਖ਼ਾਲਸਾ ਪੰਥ ਦੀ ਸਿਰਜਣਾ ਕੋਈ ਧਾਰਮਿਕ ਕੱਟੜ੍ਹਤਾ ਨਹੀਂ ਸੀ ਤੇ ਨਾ ਹੀ ਕਿਸੇ ਧਰਮ ਨੂੰ ਸਿਧਾਂਤ ਤੋਂ ਪਰ੍ਹੇ ਰੱਖਣ ਦਾ ਅਖੌਤੀ ਪ੍ਰਪੰਚ ਸੀ, ਜਿਵੇਂ ਕਿ ਤਤਕਾਲੀ ਮੁਗ਼ਲ ਹਕੂਮਤ ਵੱਲੋਂ ਕੀਤਾ ਜਾ ਰਿਹਾ ਸੀ, ਬਲਕਿ ਇਹ ਤਾਂ ਗੁਰਬਾਣੀ ਵਿਚਲੇ ਹੀ ‘ਹਲੇਮੀ ਰਾਜ’ ਦੀ ਸਥਾਪਨਾ ਲਈ ਬਾਨ੍ਹਣੂੰ ਬੰਨ੍ਹਿਆ ਗਿਆ ਸੀ ਜਿਸ ਵਿਚ ਹਰੇਕ ਸ਼ਖ਼ਸ ਨੂੰ ਵਿਅਕਤੀਗਤ ਅਤੇ ਹਰੇਕ ਜਨ-ਸਮੂਹ ਨੂੰ ਸਮੂਹਿਕ ਮਾਨਵਤਾਵਾਦੀ ਕਦਰਾਂ-ਕੀਮਤਾਂ ਦੀ ਆਜ਼ਾਦੀ ਸੀ। ਇਸ ਵਿਚ ਹੀ ਸਮੁੱਚੀ ਲੋਕਾਈ ਸੁਖ-ਚੈਨ ਅਤੇ ਅਰਾਮ ਨਾਲ ਆਪੋ-ਆਪਣੇ ਧਰਮ ਅਤੇ ਹੱਕਾਂ ਨੂੰ ਮਾਣ ਸਕਦੀ ਸੀ।
ਗੁਰੂ ਜੀ ਵੱਲੋਂ ਖ਼ਾਲਸਾ ਪੰਥ ਦੀ ਸਿਰਜਣਾ ਸਮੇਂ ਇਹ ਨਹੀਂ ਦੇਖਿਆ ਗਿਆ ਕਿ ਕੋਈ ਕਿਸ ਜਾਤ, ਧਰਮ ਜਾਂ ਖਿੱਤੇ ਨਾਲ ਸੰਬੰਧ ਰੱਖਦਾ ਹੈ, ਬਲਕਿ ਹੱਕ-ਸੱਚ ਤੇ ਨਿਆਂ ਅਤੇ ਧਰਮ ਉੱਤੇ ਮਰ ਮਿਟਣ ਵਾਲਿਆਂ ਨੂੰ ਖ਼ਾਲਸਾ ਪੰਥ ਦੀ ਸਿਰਜਣਾ ਦਾ ਗਵਾਹ ਬਣਾਇਆ ਜੋ ਕਿ ਪੰਜ ਪਿਆਰਿਆਂ ਦੇ ਰੂਪ ਵਿਚ ਸਾਹਮਣੇ ਆਏ। ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾ ਕੇ ‘ਪੰਚ ਪ੍ਰਧਾਨੀ’ ਸਿਧਾਂਤ ਦਿੱਤਾ ਤੇ ਉਨ੍ਹਾਂ ਨੂੰ ਪੰਜ ਕਕਾਰ ਬਖਸ਼ੇ ਅਤੇ ਖਾਲਸਈ ਰਹਿਤ ਦੇ ਧਾਰਨੀ ਬਣਾਇਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬੱਜਰ ਕੁਰਹਿਤਾਂ ਤੋਂ ਦੂਰ ਰਹਿਣ ਦਾ ਵੀ ਹੁਕਮ ਦਿੱਤਾ। ਇਨ੍ਹਾਂ ਪੰਜ ਕਕਾਰਾਂ- ਕੇਸ, ਕੜਾ, ਕਿਰਪਾਨ, ਕੰਘਾ ਅਤੇ ਕਛਹਿਰਾ ਨੂੰ ਜਿਸਮਾਨੀ ਤੋਂ ਰੂਹਾਨੀ ਸਿਧਾਂਤ ਬਖਸ਼ਿਆ। ਗੁਰੂ ਜੀ ਨੇ ਵਿਅਕਤੀਗਤ ਸ਼ਖ਼ਸੀਅਤ ਨੂੰ ਨਿਖਾਰ ਕੇ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਨਿਵੇਕਲਾ ਉਪਰਾਲਾ ਕੀਤਾ। ਉਨ੍ਹਾਂ ਖਾਲਸੇ ਨੂੰ “ਅਕਾਲ ਪੁਰਖ ਦੀ ਫੌਜ” ਦਾ ਲਕਬ ਦੇ ਕੇ ਮਾਨਵਤਾ ਉੱਪਰ ਮਹਾਨ ਉਪਕਾਰ ਕੀਤਾ। ਖਾਲਸੇ ਨੇ ਸਿਧਾਂਤਾਂ ਦੀ ਪੈਰਵਾਈ ਕਰਦਿਆਂ “ਜਨ ਪਰਉਪਕਾਰੀ” ਵਾਲੇ ਕਾਰਜ ਕੀਤੇ। ਇਨ੍ਹਾਂ ਕਾਰਜਾਂ ਸਦਕਾ ਹੀ ਲੋਕਾਈ ਨੂੰ ਇਕ ਅਜਿਹਾ ਦੈਵੀ ਆਸਰਾ ਮਿਿਲਆ ਕਿ ਹਰ ਪਾਸੇ ਖ਼ਾਲਸਾ ਪੰਥ ਦੇ ਚਰਚੇ ਹੋਣ ਲੱਗੇ। ਇਸੇ ਖ਼ਾਲਸਾ ਪੰਥ ਨੇ “ਸਵਾ ਲਾਖ ਸੇ ਏਕ ਲੜਾਊਂ” ਦੇ ਜਜ਼ਬੇ ਨੂੰ ਸਾਕਾਰ ਕੀਤਾ। ਇਸੇ ਜਜ਼ਬੇ ਸਦਕਾ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਪੰਥ ਦੀਆਂ ਜੜ੍ਹਾਂ ਨੂੰ ਦਸਮ ਪਾਤਸ਼ਾਹ ਦੇ ਥਾਪੜੇ ਨਾਲ ਮਜ਼ਬੂਤ ਕੀਤਾ ਤੇ ਆਪਣੀ ਮਹਾਨ ਸ਼ਹਾਦਤ ਵੀ ਦਿੱਤੀ। ਇਸ ਪਿੱਛੇ ਉਨ੍ਹਾਂ ਦਾ ਗੁਰੂ ਪ੍ਰਤੀ ਪ੍ਰੇਮ ਅਤੇ ਸਿੱਖੀ ਪ੍ਰਤੀ ਉਤਸ਼ਾਹ ਸੀ ਕਿ ਉਨ੍ਹਾਂ ਨੇ ਸਰਹਿੰਦ ਵਿਚ ਬੈਠੇ ਕਰੂਰ ਅਹਿਲਕਾਰਾਂ ਨੂੰ ਨੱਕੀਂ ਚਣੇ ਚਬਵਾਏ ਅਤੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਆਪਣੀ ਸ਼ਰਧਾ ਭੇਂਟ ਕੀਤੀ। ਇਸੇ ਹੀ ਗੁਰੂ-ਪ੍ਰੇਮ ਅਤੇ ਉਤਸ਼ਾਹ ਸਦਕਾ 18ਵੀਂ ਸਦੀ ਦੇ ਸਿੱਖ ਜਰਨੈਲਾਂ ਤੇ ਅਨੇਕਾਂ ਮਹਾਨ ਸੂਰਬੀਰ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਇਹ ਸਮੁੱਚੀਆਂ ਮਹਾਨ ਸ਼ਹਾਦਤਾਂ ਖ਼ਾਲਸਾ ਪੰਥ ਦੀ ਸਿਰਜਣਾ ਦੇ ਮੰਤਵ ਭਾਵ ਜਨ-ਕਲਿਆਣ ਅਤੇ ਹਾਕਮ ਧਿਰਾਂ ਵੱਲੋਂ ਦੱਬੀ-ਕੁਚਲੀ ਜਨਤਾ ਦੇ ਉੱਥਾਨ ਦੇ ਸਿਧਾਂਤ ਲਈ ਯਤਨਸ਼ੀਲ ਸਨ। ਇਸੇ ਹੀ ਸਿਧਾਂਤ ’ਤੇ ਚਲਦਿਆਂ ਹੋਇਆਂ ਖ਼ਾਲਸਾ ਪੰਥ ਨੇ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਨੂੰ ਪੈਦਾ ਕਰ ਕੇ ਸਮੁੱਚੀ ਦੁਨੀਆ ਦੇ ਇਤਿਹਾਸ ਵਿਸ਼ੇਸ਼ਕਰ ਹਿੰਦੁਸਤਾਨ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ।
ਖ਼ਾਲਸਾ ਪੰਥ ਦੀ ਸਿਰਜਣਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਪਰਉਪਕਾਰ ਹੈ ਜਿਸ ਪਿੱਛੇ ਗੁਰਮਤਿ ਦਾ ਮਹਾਨ ਸਿਧਾਂਤ ਅਤੇ ਫ਼ਲਸਫ਼ਾ ਕਾਰਜਸ਼ੀਲ ਹੈ। ਸਮੁੱਚੀ ਲੋਕਾਈ ਦਸਮ ਪਿਤਾ ਦੀ ਇਸ ਮਹਾਨ ਦੇਣ ਦੀ ਰਿਣੀ ਹੈ ਤੇ ਰਹੇਗੀ।
-ਬਿਕਰਮਜੀਤ ਸਿੰਘ ਜੀਤ
ਸ੍ਰੀ ਅੰਮ੍ਰਿਤਸਰ।
ਮੋ: 8727800372
