115 views 3 secs 0 comments

ਬਾਰੁਨੀ

ਲੇਖ
April 27, 2025

– ਗਿਆਨੀ ਗੁਰਜੀਤ ਸਿੰਘ ਪਟਿਆਲਾ
(ਮੁੱਖ ਸੰਪਾਦਕ)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ‘ਬਾਰੁਨੀ’ ਸ਼ਬਦ ਸਿਰਫ਼ ਇੱਕ ਵਾਰ ਮਲਾਰ ਰਾਗ ਅੰਦਰ ਭਗਤ ਰਵਿਦਾਸ ਜੀ ਦੁਆਰਾ ਉਚਾਰਨ ਕੀਤੇ ਪਾਵਨ ਸ਼ਬਦ ਵਿੱਚ ਆਉਂਦਾ ਹੈ। ‘ਬਾਰੁਨੀ’ ਸ਼ਬਦ ਦਸਮ ਗ੍ਰੰਥ ਅਤੇ ਭਾਈ ਗੁਰਦਾਸ ਜੀ ਦੀਆਂ ਕਬਿਤਾਂ ਵਿੱਚ ਵੀ ਮੌਜੂਦ ਹੈ, ਪਰ ਆਮ ਬੋਲਚਾਲ ਵਿੱਚ ਮਨੁੱਖ ਇਸ ਸ਼ਬਦ ਦੀ ਵਰਤੋਂ ਕਦੇ ਵੀ ਨਹੀਂ ਕਰਦਾ। ਭਗਤ ਰਵਿਦਾਸ ਜੀ ਉਚਾਰਨ ਕਰਦੇ ਹਨ ਕਿ ਜੇ ਗੰਗਾ ਦੇ ਪਾਣੀ ਤੋਂ ਬਾਰੁਨੀ ਬਣਾਈ ਜਾਵੇ ਤਾਂ ਵੀ ਸੰਤ ਜਨ ਉਸਨੂੰ ਨਹੀਂ ਪੀਂਦੇ:

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ੧੨੯੩)

ਭਾਈ ਗੁਰਦਾਸ ਜੀ ਦੁੱਧ, ਦਹੀਂ, ਘਿਉ ਆਦਿ ਦੇ ਨਾਲ ਬਾਰੁਨੀ ਦੇ ਵੇਚਣ ਦਾ ਵੀ ਜ਼ਿਕਰ ਕਰਦੇ ਹਨ। ਪਾਵਨ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਕਬਿਤਾਂ ਨੂੰ ਪੜ੍ਹ ਕੇ ਮਨੁੱਖ ਨੂੰ ਬਾਰੁਨੀ ਬਾਰੇ ਇੰਨੀ ਕੁ ਸਮਝ ਪੈ ਜਾਂਦੀ ਹੈ ਕਿ ਇਹ ਪਾਣੀ ਤੋਂ ਬਣਦੀ ਹੈ ਅਤੇ ਵੇਚੀ ਜਾਂਦੀ ਹੈ:

ਕੋਊ ਬੇਚੈ ਗੋਰਸ ਦੁਗਧ ਦਧ ਘ੍ਰਿਤ ਨਿਤ॥
ਕੋਊ ਬੇਚੈ ਬਾਰੁਨੀ ਬਿਖਮ ਸਮ ਚਾਹ ਜੀ ॥ (ਭਾਈ ਗੁਰਦਾਸ ਜੀ ਕਬਿਤ ੩੮੧)

ਭਾਈ ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼), ਭਾਈ ਵੀਰ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼) ਅਤੇ ਪ੍ਰੋਫੈਸਰ ਸਾਹਿਬ ਸਿੰਘ (ਗੁਰਬਾਣੀ ਪਾਠ ਦਰਪਣ) ਵਿੱਚ ‘ਬਾਰਨੀ’ ਨੂੰ ਸੰਸਕ੍ਰਿਤ ਦਾ ਸ਼ਬਦ ਮੰਨਦੇ ਹਨ ਅਤੇ ਇਸ ਦਾ ਅਰਥ ਸ਼ਰਾਬ ਕਰਦੇ ਹਨ। ਪਰ ਸਵਾਲ ਉਦੋਂ ਤੱਕ ਉੱਥੇ ਹੀ ਖੜ੍ਹਾ ਰਹਿੰਦਾ ਹੈ ਜਿੰਨੀ ਦੇਰ ਤੱਕ ਉਸ ਦਾ ਜਵਾਬ ਨਾ ਮਿਲ ਜਾਵੇ। ਸਾਹਮਣੇ ਵਾਲਾ ਸਵਾਲ ਕਰ ਸਕਦਾ ਹੈ ਕਿ ਸ਼ਰਾਬ ਨੂੰ ਬਾਰੁਨੀ ਕਿਉਂ ਕਹਿੰਦੇ ਹਨ।

ਬਾਰੁਨੀ = ਬਾਸਾ (ਵਾਸ) + ਦੁਰਗੰਧ + ਪਾਣੀ ਦਾ ਸੰਖੇਪ ਹੈ।

ਭਾਵ ਉਹ ਪਾਣੀ ਜਿਸ ਵਿੱਚ ਦੁਰਗੰਧ ਦਾ ਵਾਸ ਹੋਵੇ। ਗੁੜ, ਮਹੂਆ, ਅੰਗੂਰ ਆਦਿ ਅਨੇਕਾਂ ਪਦਾਰਥਾਂ ਨੂੰ ਪਾਣੀ ਵਿੱਚ ਮਿਲਾ ਕੇ ਉਸ ਤੋਂ ਸ਼ਰਾਬ ਕੱਢੀ ਜਾਂਦੀ ਹੈ, ਜੋ ਪਾਣੀ ਦਾ ਹੀ ਰੂਪ ਹੈ ਪਰ ਉਸ ਵਿੱਚ ਦੁਰਗੰਧ ਵੀ ਹੁੰਦੀ ਹੈ। ਅਤੇ ਜੋ ਪੀਣ ਵਾਲੇ ਹਨ, ਉਹ ਜਦੋਂ ਲੁਕਾਉਣਾ ਚਾਹੁੰਦੇ ਹਨ ਕਿ ਸਾਡੀ ਪੀਤੀ ਹੋਈ ਦਾ ਪਤਾ ਨਾ ਚੱਲੇ ਤਾਂ ਉਹ ਇਲਾਚੀ ਆਦਿ ਕੁਝ ਖਾਂਦੇ ਹਨ ਤਾਂ ਜੋ ਉਨ੍ਹਾਂ ਦੇ ਮੂੰਹ ਵਿੱਚੋਂ ਦੁਰਗੰਧ ਨਾ ਆਵੇ।