ਤੰਬੂਰਾ ਜਿਸ ਨੂੰ ਤਾਨਪੁਰਾ ਵੀ ਆਖਿਆ ਜਾਂਦਾ ਹੈ, ਗਾਇਨ ਸੰਗੀਤ ਲਈ ਮੂਲ ਅਧਾਰ ਮੰਨਿਆ ਜਾਂਦਾ ਹੈ । ਇਸ ਦਾ ਸਬੰਧ ਤੰਬਰੂ ਰਿਸ਼ੀ ਨਾਲ ਜੋੜਿਆ ਜਾਂਦਾ ਹੈ। ਤਾਨਪੁਰੇ ਦਾ ਵਰਤਮਾਨ ਸਰੂਪ ਸਦੀਆਂ ਦਾ ਵਿਕਾਸ ਤੈਅ ਕਰਕੇ ਸਾਡੇ ਤਕ ਪਹੁੰਚਿਆ ਹੈ। ਮੰਨਿਆ ਜਾਂਦਾ ਹੈ ਕਿ ਪਰਾਚੀਨ ਕਾਲ ਵਿਚ ਗਾਇਕ ਦੇ ਨਾਲ ਸਵਰ ਦੇਣ ਲਈ ਇਕ ਤੰਤਰੀ ਵੀਣਾ ਅਤੇ ਦੇ ਤੰਤਰੀ ਵੀਣਾ ਦਾ ਨਿਰੰਤਰ ਪਰਯੋਗ ਕੀਤਾ ਜਾਂਦਾ ਸੀ ਜਿਸ ਦੀ ਝਣਕਾਰ ਗਾਇਕ ਨੂੰ ਮੂਲ ਪ੍ਰਾਥਮਿਕ ਸੁਰ ਵਲ ਕੇਂਦਰਤ ਰਖਦੀ ਸੀ। ਉਪਰੰਤ ਸੰਵਾਦ ਸਿਧਾਂਤ ਦੇ ਅਧਾਰ ‘ਤੇ ਚਾਰ ਤਾਰਾਂ ਵਾਲਾ ਤੰਬੂਰਾ ਪਰਚਾਰ ਵਿਚ ਆਇਆ। ਦਰਅਸਲ ਪੁਰਾਤਨ ਸਮੇਂ ਸਾਜ਼ਾਂ ਦੇ ਵੱਖ-ਵੱਖ ਨਾਮ ਪਰਚਾਰ ਵਿਚ ਨਹੀਂ ਸਨ। ਇਹਨਾਂ ਨੂੰ ਇਕ ਤੰਤਰੀ, ਦੇ ਤੰਤਰੀ ਆਦਿ ਵੀਣਾਵਦਾਂ ਕਰਕੇ ਹੀ ਜਾਣਿਆ ਜਾਂਦਾ ਸੀ ਜਿਸ ਕਰਕੇ ਭਾਵੇਂ ਤਾਨਪੁਰਾ ਆਪਣੀ ਕਿਸੇ ਅਰੰਭਕ ਸਰੂਪ ਵਿਚ ਰਿਹਾ ਹੋਵੇ, ਪਰ ਉਸਦੀ ਸੁਤੰਤਰ ਪਹਿਚਾਣ ਕਰਨੀ ਕਠਿਨ ਜਾਪਦੀ ਹੈ। ਸੰਗੀਤ ਗ੍ਰੰਥਾਂ ਦੇ ਅਧਿਐਨ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਤੰਬੂਰੇ ਦਾ ਜ਼ਿਕਰ ‘ਸੰਗੀਤ ਪਾਰਿਜਤ’ ਨਾਮਕ ਗ੍ਰੰਥਾਂ ਵਿਚ ਹੋਇਆ ਹੈ।
ਏਸੇ ਤਰ੍ਹਾਂ ਅਬੁਲ ਫ਼ਜ਼ਲ ਨੇ ਆਪਣੀ ਰਚਨਾ ‘ਆਇਨੇ ਅਕਬਰੀ’ ਵਿਚ ਤੰਬੂਰੇ ਨੂੰ ਸਵਰ ਵੀਣਾ ਵਜੋਂ ਪਰਿਚਤ ਕਰਵਾਇਆ ਹੈ। ਤਾਨਸੇਨ ਦੇ ਇਸ ਧਰੁਪਦ ਵਿਚ ਵੀ ਤੰਬੂਰੇ ਦਾ ਉਲੇਖ ਇਸ ਪ੍ਰਕਾਰ ਹੈ:
ਤਾਲ ਪਖਾਵਜ ਆਵਜ ਬਾਜਤ ਢੋਲਕ ਔਰ ਤੰਬੂਰਾ ਵੀਣਾ ਰਬਾਬ ਗੁਰਜ ਡਫ ਮੁਰਲੀ ਮਧੁਰ ਧੁਨੀ ਘੋਰਾ।
ਉਕਤ ਕੁਝ ਹਵਾਲਿਆਂ ਤੋਂ ਸਪੱਸ਼ਟ ਹੈ ਕਿ ਮਧਕਾਲ ਤਕ ਇਸ ਸਾਜ਼ ਦਾ ਪਰਚਾਰ ਆਮ ਹੋ ਚੁੱਕਾ ਸੀ। ਇਸ ਦਾ ਪਰਯੋਗ ਸੁਰ ਸੰਵਾਦ ਭਾਵੇਂ ਇਸ ਸਮੇਂ ਰਬਾਬ, ਸਰਦਾ, ਤਾਉਸ ਆਦਿ ਵਰਗੇ ਸਾਜ਼ ਸੁਤੰਤਰ ਤੌਰ ‘ਤ ਵੱਖ-ਵੱਖ ਗੁਰੂਕਾਲਾਂ ਵਿਚ ਪ੍ਰਧਾਨ ਰਹੇ ਪਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤਕ ਇਸ ਸਾਚ ਦਾ ਸਪੱਸ਼ਟ ਪਰਯੋਗ ਸਾਹਮਣੇ ਆਉਂਦਾ ਹੈ। ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਖੁਦ ਤਾਨਪੁਰੇ ਉਪਰ ਰਾਗਾਤਮਕ ਸ਼ਬਦ ਗਾਇਨ ਕਰਿਆ ਕਰਦੇ ਸਨ। ਜਿਸ ਦੇ ਸੰਗੀਤਕ ਮਹੱਤਵ ਦਾ ਸਪੱਸ਼ਟ ਪਰਮਾਣ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥ ਦੀ ਸੰਗੀਤਕ ਮਹਾਨਤਾ ਹੈ। ਵਰਤਮਾਨ ਸਮੇਂ ਤਕ ਕਈ ਗੁਣੀ ਉਸਤਾਦ ਸਿੱਖ ਕੀਰਤਨਕਾਰਾਂ ਦੁਆਰਾ ਤਾਨਪੁਰੇ ਦਾ ਪਰਯੋਗ ਨਿਰੰਤਰ ਚਲਿਆ ਆ ਰਿਹਾ ਹੈ ਭਾਵੇਂ ਕਿ ਹਰਮੋਨੀਅਮ ਦੀ ਆਮਦ ਨਾਲ ਇਸ ਦਾ ਪਰਯੋਗ ਵੀ ਬਾਕੀ ਤੰਤੀ ਸਾਜ਼ਾ ਵਾਂਗੂ ਓਨਾ ਨਹੀਂ ਰਿਹਾ ਫਿਰ ਵੀ ਗੁਰਮਤਿ ਸੰਗੀਤ ਦੇ ਦੂਸਰੇ ਤੰਤੀ ਸਾਜ਼ਾਂ ਨਾਲ ਇਸ ਦਾ ਪਰਚਾਰ ਵਧੇਰੇ ਹੈ। ਤਾਨਪੁਰਾ ਭਾਰਤੀ ਸੰਗੀਤ ਵਿਚ ਮਿਲਣ ਵਾਲਾ ਆਮ ਪਰਚੱਲਤ ਵਾਦਯ ਹੈ ਜਿਸ ਦੇ ਸਰੂਪ ਦਾ ਜ਼ਿਕਰ ਸੰਗੀਤ ਦੀਆਂ ਆਰੰਭਕ ਪੁਸਤਕਾਂ ਤੋਂ ਹੀ ਮਿਲ ਜਾਂਦਾ ਹੈ।
ਗੁਰਮਤਿ ਸੰਗੀਤ ਦੀ ਕੀਰਤਨ ਪਰੰਪਰਾ ਦੀ ਕੇਂਦਰੀ ਸੰਚਾਲਕ ਇਕਾਈ ਰਾਗ ਹੈ। ਸੰਗੀਤਵੇਤਾ ਰਾਗ ਦੀ ਸੰਗੀਤ ਸ਼ਕਤੀ ਤੋਂ ਭਲੀਭਾਤ ਪਰਿਚਤ ਹਨ ਜਿਸ ਦਾ ਮੂਲ ਗੁਣ ਰੰਜਕਤਾ ਹੈ ਜੋ ਮਾਨਵੀ ਮਨ ਨੂੰ ਆਪਣੇ ਵਿਸ਼ਿਸ਼ਟ ਰੰਗ ਵਿਚ ਰੰਗ ਲੈਂਦਾ ਹੈ। ਇਸ ਰੰਗਣ ਦਾ ਸਬੰਧ ਸਾਡੇ ਆਂਤਰਿਕ ਜਗਤ ਨਾਲ ਹੈ। ਹਰੇਕ ਰਾਗ ਦੀ ਆਪਣੀ ਵਿਸ਼ੇਸ਼ ਪ੍ਰਕ੍ਰਿਤੀ ਹੈ ਇਸੇ ਕਰਕੇ ਤਾਂ ਬਾਣੀ ਉਤੇ ਵੱਖ-ਵੱਖ ਰਾਗਾਂ ਦਾ ਅੰਕਣ ਕੀਤਾ ਗਿਆ ਹੈ। ਇਸ ਵਿਸ਼ੇਸ਼ ਰਾਗਾਤਮਕ ਕੈਨਵਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਿਤੇ ਗਏ ਸੰਗੀਤ ਦੀ ਬੁਨਿਆਦੀ ਵਿਧਾਨ ਦੇ ਸੀਮਾਗਤ ਅਨੁਸ਼ਾਸ਼ਨ ਤੇ ਪ੍ਰਬੰਧ ਵਿਚ ਰਹਿੰਦੇ ਹੋਏ ਸ਼ਬਦ ਕੀਰਤਨ ਪ੍ਰਸਤੁਤੀ ਕੀਤੇ ਜਾਣ ਦੁਆਰਾ ਸਾਨੂੰ ਗੁਰਮਤਿ ਸੰਗੀਤ ਦੀ ਮੌਲਿਕ ਕੀਰਤਨ ਪ੍ਰਸਤੁਤੀ ਦੀ ਪ੍ਰਾਪਤੀ ਹੋਈ ਹੈ । ਜਦੋਂ ਅਸੀਂ ਇਸ ਰਾਗਾਤਮਕ ਆਧਾਰ ਅਤੇ ਸੰਗੀਤ ਦਾ ਤਿਆਗ ਕਰਾਂਗੇ ਤਾਂ ਸਾਨੂੰ ਸ਼ਬਦ ਕੀਰਤਨ ਆਪਣੀ ਮੂਲ ਪ੍ਰਕ੍ਰਿਤੀ ਸਰੂਪ ਤੋਂ ਵਿਛੁੰਨਿਆ ਪ੍ਰਤੀਤ ਹੋਵੇਗਾ ਜਿਸ ਵਿਚ ਗੀਤ ਮੁਖੀ, ਗਜ਼ਲ ਮੁਖੀ ਕੰਨਰਸ ਤਾਂ ਜ਼ਰੂਰ ਪ੍ਰਗਟ ਹੋਵੇਗਾ ਪਰੰਤੂ ਗੁਰੂ ਸਾਹਿਬਾਨ ਦੁਆਰਾ ਬਾਣੀ ਦੇ ਆਂਤਰਿਕ ਸੰਗੀਤ ਪ੍ਰਬੰਧ ਦੇ ਆਤਮ ਬੋਧ ਤੋਂ ਅਸੀਂ ਵਿਹੂਣੇ ਰਹਿ ਜਾਵਾਂਗੇ।
ਵਰਤਮਾਨ ਸਮੇਂ ਸੁਗਮ ਧੁਨਾਂ ਤੇ ਹਰਮੋਨੀਅਮ ਵਰਗੇ ਸਾਜ਼ਾ ਉਤੇ ਕੀਰਤਨ ਦਾ ਜਿੰਨਾ ਪ੍ਰਚਾਰ ਸਥਾਪਤ ਹੋ ਚੁੱਕਾ ਹੈ, ਉਸਨੇ ਗੁਰਮਤਿ ਸੰਗੀਤ ਦੀ ਇਕ ਵਖਰੀ ਕਿਸਮ ਦੀ ਕੀਤਰਨ ਸ਼ੈਲੀ ਵਿਕਸਤ ਕਰ ਦਿੱਤੀ ਹੈ ਅਤੇ ਇਸਦੀ ਪਛਾਣ ਵਿਸ਼ਵ ਪੱਧਰ ‘ਤੇ ਹੋ ਚੁੱਕੀ ਹੈ। ਇਸ ਦੀ ਤੁਲਨਾ ਵਿਚ ਤੰਤੀ ਸਾਜ਼ਾਂ ਦੀ ਪਰੰਪਰਾ ਦਾ ਲੁਪਤ ਹੋਣਾ ਸਾਡੀ ਤ੍ਰਾਸਦੀ ਰਹੀ ਹੈ। ਇਸ ਕਰਕੇ ਕੀਰਤਨ ਸਬੰਧੀ ਯਥਾਰਥਕ ਸਥਿਤੀ ਵਿਚ ਵਿਰੋਧਾਭਾਸ ਨੂੰ ਸਾਨੂੰ ਆਪਣੀ ਸ਼ਕਤੀ ਬਨਾਉਣਾ ਚਾਹੀਦਾ ਹੈ। ਇਸਦੀ ਬਜਾਏ ਕਿ ਹਰਮੇਨੀਅਮ ਨਾਲ ਕੀਰਤਨ ਕਰਨ ਵਾਲੇ ਵਰਤਮਾਨ ਕੀਰਤਨੀਆਂ ਨੂੰ ਅਸੀਂ ਨਿਗੂਣੇ ਕਹੀਏ ਅਤੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਕੀਰਤਨੀਆਂ ਦੀ ਵਡਿਆਈ ਕਰੀਏ, ਸਾਨੂੰ ਕੀਰਤਨ ਦੀਆਂ ਇਨ੍ਹਾਂ ਦੋਵੇਂ ਧਾਰਾਵਾਂ ਵੀ ਵਾਸਤਵਿਕ ਸਥਿਤੀ ਨੂੰ ਪਛਾਣ ਕੇ ਨਵੀਨ ਦਿਸ਼ਾ ਨਿਰਧਾਰਤ ਕਰਨੀ ਚਾਹੀਦੀ ਹੈ।
ਤੰਤੀ ਸਾਜ਼ਾਂ ਉਤੇ ਗੁਣਾਤਮਕ ਪੱਖੋਂ ਕੀਰਤਨ ਕਰਨ ਲਈ ਵਰ੍ਹਿਆਂ ਦੀ ਸਾਧਨਾ ਤੇ ਤਾਲੀਮ ਦੀ ਆਵੱਸ਼ਕਤਾ ਹੈ। ਇਹ ਮਾਰਗ ਕਠਿਨ ਅਤੇ ਸਿਦਕ ਭਰਪੂਰ ਵੀ ਇਸ ਲਈ ਉਸਤਾਦ ਸੰਗੀਤਕਾਰਾ ਸਿਰੜੀ ਸ਼ਿਸ਼ਾਂ ਤੇ ਵਿਸ਼ੇਸ਼ ਪ੍ਰਬੰਧਾਂ ਦੀ ਜ਼ਰੂਰਤ ਹੋਵੇਗੀ। ਸਿੱਖ ਜਗਤ ਵਿਚ ਇਸ ਸਮੇਂ ਇਸ ਦਿਸ਼ਾ ਵਿਚ ਕਈ ਸੰਸਥਾਵਾਂ ਕਾਰਜ ਕਰ ਰਹੀਆਂ ਹਨ ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਤ ਗੁਰਮਤਿ ਸੰਗੀਤ ਅਕਾਦਮੀ ਅਨੰਦਪੁਰ ਸਾਹਿਬ ਅਤੇ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਤੰਤੀ ਸਾਜ਼ਾਂ ਦੀ ਸਿਖਲਾਈ ਲਈ ਆਰੰਭੇ ਯਤਨ ਆਟੇ ਵਿਚ ਲੂਣ ਸਮਾਨ ਹਨ। ਇਨ੍ਹਾਂ ਸੰਸਥਾਵਾਂ ਨੂੰ ਸ਼ਕਤੀ ਪ੍ਰਦਾਨ ਕਰਨ ਦੀ ਲੋੜ ਹੈ ਤਾਂ ਜੋ ਸਮਰੱਥ ਤੰਤੀ ਸਾਜ਼ ਵਾਦਕ ਤਿਆਰ ਕੀਤੇ ਜਾ ਸਕਣ।
ਕੇਵਲ ਤੰਤੀ ਸਾਜ਼ ਵਾਦਕ ਤਿਆਰ ਕੀਤੇ ਜਾਣ ਨਾਲ ਹੀ ਸ਼ਬਦ ਕੀਰਤਨ ਪਰੰਪਰਾ ਨੇ ਆਪਣਾ ਮੌਲਿਕ ਰੂਪ ਅਖ਼ਤਿਆਰ ਨਹੀਂ ਕਰਨਾ ਸਗੋਂ ਇਸ ਲਈ ਕੀਰਤਨ ਦੇ ਗਾਇਨ ਹਿਤ ਰਾਗਾਤਮਕ ਕੀਰਤਨ ਦੀ ਸ਼ਬਦ ਪ੍ਰਧਾਨ ਮਰਿਆਦਾਗਤ ਸਿਖਲਾਈ ਦੀ ਸਾਧਨਾ ਜ਼ਰੂਰੀ ਹੈ ਕਿਉਂਕਿ ਗੁਰਮਤਿ ਸੰਗੀਤ ਨਾ ਤਾਂ ਸ਼ਾਸਤਰੀ ਸੰਗੀਤ ਹੈ ਨਾ ਸੁਗਮ ਸੰਗੀਤ ਅਤੇ ਨਾ ਹੀ ਲੋਕ ਸੰਗੀਤ, ਇਹ ਇਨ੍ਹਾਂ ਸਾਰਿਆਂ ਦਾ ਸੰਮਿਲਤ ਰੂਪ ਹੁੰਦਿਆਂ ਹੋਇਆਂ ਮੌਲਿਕ ਮੁਹਾਂਦਰਾ ਰੱਖਦਾ ਹੈ ਜਿਸਨੂੰ ਆਪਣੀ ਸੰਗੀਤਕ ਮਤਿ ਬੁੱਧ ਦਾ ਤਿਆਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੁਆਰਾ ਵਰੋਸਾਈ ਸੰਗੀਤ ਪਰੰਪਰਾ ਦੇ ਆਧਾਰ ਤੇ ਸਿੱਖਿਆ ਸਿਖਾਇਆ ਜਾ ਸਕਦਾ ਹੈ । ਇਸ ਲਈ ਜ਼ਰੂਰੀ ਹੈ ਕਿ ਕੌਮ ਦੇ ਸੀਮਤ ਸਾਧਨਾਂ ਨੂੰ ਸਹੀ ਦਿਸ਼ਾ ਵਿਚ ਪ੍ਰਯੋਗ ਕਰਕੇ ਇਨ੍ਹਾਂ ਦੀਆਂ ਗਤੀ ਵਿਧੀਆਂ ਨੂੰ ਤੀਖਣ ਕਰੀਏ ਤਾਂ ਜੋ ਤੰਤੀ ਸਾਜ਼ਾਂ ਦੇ ਪ੍ਰਚਲਨ ਦੁਆਰਾ ਗੁਰਮਤਿ ਸੰਗੀਤ ਦੀ ਰਾਗਾਤਮਕ ਪਰੰਪਰਾ ਦੀ ਮੁੜ ਬਹਾਲੀ ਹੋ ਸਕੇ।
ਵਰਤਮਾਨ ਸਮੇਂ ਇਸ ਰਾਗਾਤਮਕ ਪਰੰਪਰਾ ਕੀਰਤਨ ਪਰੰਪਰਾ ਦੇ ਸਹਿਜ ਸੰਤੁਲਨ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਸਮੁਚੀ ਪਰੰਪਰਾ ਦਾ ਇਹ ਅਨਿਖੜ ਅੰਗ ਬਣ ਸਕੇ। ਵਰਤਮਾਨ ਸਮੇਂ ਗੁਰਮਤਿ ਸੰਗੀਤ ਦੀ ਰਾਗਾਤਮਕ ਸ਼ਾਸਤਰੀ ਸੰਗੀਤ ਸ਼ੈਲੀ ਦੀ ਪੰਡਤਾਊ ਜਮਾਤ ਸਿਰਜਣ ਦੀ ਬਜਾਏ ਤੰਤੀ ਸਾਜ਼ਾਂ ਉਪਰ ਰਾਗਾਤਮਿਕਤਾ ਦਾ ਸਹਿਜ ਰੂਪ ਸਿਰਜਣ ਦੀ ਜ਼ਰੂਰਤ ਹੈ ਤਾਂ ਜੋ ਵਰਤਮਾਨ ਪ੍ਰਚਲਿਤ ਕੀਰਤਨ ਅਤੇ ਗੁਰੂ ਘਰ ਦੀ ਇਸ ਸ਼ੁਧ ਤੇ ਮੌਲਿਕ ਪਰੰਪਰਾ ਵਿਚ ਕਿਸੇ ਸਿਧੇ ਵਖਰੇਵੇਂ ਦੀ ਬਜਾਏ ਸਹਿਜ ਮਾਰਗ ਤਲਾਸ਼ਦਿਆਂ ਕੀਰਤਨ ਸ਼ੈਲੀ ਨੂੰ ਨਵੀਨ ਰੂਪ ਵਿਚ ਪਰਚਾਰਿਆ ਜਾ ਸਕੇ।
ਡਾ. ਗੁਰਨਾਮ ਸਿੰਘ
