ਸੱਚ ਜਾਂ ਸੱਚਾਈ ਇਕ ਮਹਾਂ ਸ਼ਕਤੀ ਹੈ। ਬਚਪਨ ਤੋਂ ਵਿੱਦਿਅਕ ਅਦਾਰਿਆਂ ਦੀਆਂ ਦੀਵਾਰਾਂ ਉਤੇ ਲਿਖਿਆ ਪੜ੍ਹਦੇ ਹਾਂ— ‘ਸਦਾ ਸੱਚ ਬੋਲੋ।” ਸੱਚ ਦੀ ਜਿੱਤ ਦੀਆਂ ਬੇਅੰਤ ਕਥਾਵਾਂ ਹਨ। ਸਭ ਧਰਮ ਤੇ ਸੱਭਿਆਚਾਰ ਇਕ ਗੱਲ ਉੱਪਰ ਸਹਿਮਤ ਹਨ ਕਿ ਸੱਚ ਦੀ ਸਦਾ ਜਿੱਤ ਹੁੰਦੀ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਨੂੰ ਤੱਤ ਗਿਆਨ ਬਖ਼ਸ਼ਿਆ : ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (ਅੰਗ ੯੫੩)
‘ਸੱਚ’ ਦੇ ਸਮਾਨ-ਅਰਥੀ ਸ਼ਬਦ-ਸਤ, ਸਤਯੰ, ਸ਼ਪਥ, ਸਾਚ, ਸਤਮ, ਤਥੋਕਤ, ਤਥਯ ਤੇ ਯਥਾਰਥ ਆਦਿ ਵੀ ਹਨ। ਸ੍ਰੀ ਗੁਰੂ ਗ੍ਰੰਥ ਕੋਸ਼ ਅਨੁਸਾਰ ‘ਸੱਚ -ਸੰਸਕ੍ਰਿਤ ਸਤਯੰ, ਪ੍ਰਾਕ੍ਰਿਤ ਸਚ੍, ਪੰਜਾਬੀ- ਸੱਚ, ਹਿੰਦੀ- ਸਾਚ। ਸਤ ਤੇ ਸਚ ਗੁਰੂ ਜੀ ਨੇ ਤਿੰਨ ਕਾਲ ਇਕ ਰਸ ਰਹਿਣ ਵਾਲੇ (ਵਾਹਿਗੁਰੂ) ਲਈ ਵਰਤਿਆ।
ਯਥਾ- ਆਦਿ ਸਚੁ ਜੁਗਾਦਿ ਸਚੁ॥
ਪ੍ਰਭੂ ਨਾਮ ਦੀ ਸਿਫਤੀ ਵਿਚ ਜੇਕਰ ਸ਼ਬਦ ਸਤਿਨਾਮੁ ਹੈ ਤਾਂ ਭਲੇ ਲੋਕਾਂ ਦੀ ਸੰਗਤ ਲਈ ਸ਼ਬਦ ‘ਸਤਿ ਸੰਗਤਿ ਹੈ। ਇਸੇ ਤਰ੍ਹਾਂ ਉੱਤਮ ਦਾ ਸੰਗ ਕਰਨ ਵਾਲਾ ‘ਸਤਿ ਸੰਗਤੀ ਹੈ। ਸਤਯ ਰੂਪ ਕਰਤਾਰ ਦੇ ਉਪਾਸ਼ਕ ‘ਸਤਿ ਕਰਤਾਰੀਏ ਹਨ ਅਤੇ ਉੱਤਮ ਉਪਦੇਸ਼ ਦੇਣ ਵਾਲਾ ਆਚਾਰਯ ‘ਸਤਿਗੁਰੂ’ ਹੈ। ਜਦੋਂ ਸੱਚ ਪ੍ਰਧਾਨ ਹੋਵੇ ਤਾਂ ‘ਸਤਿਯੁਗ ਤੇ ਜਦ ਧਰਮ ਦੀ ਕਿਰਤ ਵਿੱਚੋਂ ਦਾਨ ਕਰੋ ਤਾਂ ‘ਸਤਦਾਨ’ ਹੈ। ਸਤਿਨਾਮ ਦਾ ਉਪਾਸ਼ਕ ‘ਸਤਿਨਾਮੀ’ ਤੇ ਸੱਚੇ ਨੇਮ ਦਾ ਧਾਰਨ ਵਾਲਾ ‘ਸਤਬ੍ਰਤ ਹੈ। ਅੱਤ ਉੱਤਮ ‘ਸੱਤਮ’ ਤੇ ਸੱਚ ਦੇ ਸਰੂਪ ਵਾਲਾ ‘ਸਤਿ ਸਰੂਪ ਹੈ। ਤੱਤਸਾਰ ਕਿ ਸਤ ਜਾਂ ਸੱਚ ਉਹ ਸ਼ਕਤੀ ਹੈ ਜਿਸ ਤੋਂ ਸ਼ਬਦਾਂ ਦਾ ਵੀ ਵੱਡਾ ਵਜੂਦ ਉਸਰਿਆ ਹੈ।
‘ਸੱਚ’ ਦੀ ਸ਼ਕਤੀ ਨੂੰ ਪ੍ਰਗਟ ਕਰਦੇ ਸਾਡੇ ਲੋਕ ਅਖਾਣ ਹਨ, ‘ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ’ ਭਾਵ ਸੱਚ ਨੂੰ ਡਰਨ ਦੀ ਲੋੜ ਨਹੀਂ। ਇਸੇ ਪ੍ਰਕਾਰ ਸੱਚ ਦੀ ਸ਼ਕਤੀ ਦਾ ਅਹਿਸਾਸ ਇਉਂ ਵੀ ਕਰਵਾਇਆ ਜਾਂਦਾ ਹੈ- ਸੱਚ ਸੱਤ ਪਰਦਿਆਂ ਹੇਠ ਵੀ ਨਹੀ ਛੁਪਦਾ’ ਜਾਂ ‘ਸੱਚ’ ਕਹਿਣਾ ਸਦਾ ਸੁਖੀ ਰਹਿਣਾ ਸੱਚ ਦੀ ਵਡਿਆਈ ਹੈ।
ਸਤਿਗੁਰਾਂ ਨੇ ਗੁਰਬਾਣੀ ਵਿਚ ਸੱਚ ਦੀ ਮਹਿਮਾ ਇਉਂ ਵਰਣਨ ਕੀਤੀ ਹੈ :
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਅੰਗ ੧੩੬)
ਇਸੇ ਤਰਾਂ ਸਮੂਹ ਮਾਨਵਤਾ ਨੂੰ ਸਮਝਾਉਂਦਿਆਂ ਫ਼ਰਮਾਇਆ :
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਅੰਗ ੬੨)
ਭਾਵ – ਸੰਸਾਰ ਦੀ ਹਰ ਸ਼ਕਤੀ ਸੱਚ ਤੋਂ ਥੱਲੇ ਹੈ ਪਰ ਸਭ ਤੋਂ ਉੱਪਰ ਸੱਚ ਨੂੰ ਜਿਊਣਾ ਤੇ ਇਨਸਾਨ ਦਾ ਸੱਚਾ ਆਚਾਰ ਤੇ ਵਿਵਹਾਰ ਹੈ। ਜਦ ਸੰਸਾਰ ਦੇ ਹਰ ਪਾਸੇ ਝੂਠ ਜਾਂ ਫਰੇਬ ਦਾ ਬੋਲਬਾਲਾ ਸੀ ਤਾਂ ਸਤਿਗੁਰਾਂ ਸਭਨਾਂ ਨੂੰ ਜਾਗਰਤ ਕਰਦਿਆਂ ਸਮਝਾਇਆ ਕਿ ਤੁਸੀਂ ਪ੍ਰਭੂ ਦੀ ਸ਼ਕਤੀ ਨੂੰ ਕਿਸੇ ਵੀ ਨਾਮ ਨਾਲ ਪੁਕਾਰੋ ਪਰ ਉਹ ਸਦਾ ਸੱਚ ਹੈ, ਉਹਦਾ ਨਾਮ ਸੱਚ ਹੈ ਅਤੇ ਜੇਕਰ ਤੁਸੀਂ ਉਸ ਸੱਚੇ ਦੀ ਕਿਰਪਾ ਦੇ ਪਾਤਰ ਬਣਨਾ ਚਾਹੁੰਦੇ ਹੋ ਤਾਂ ਸਚਿਆਰ ਹੋਵੋ। ਫ਼ਰਮਾਨ ਹੈ :
ਸਚੀ ਤੇਰੀ ਸਿਫਤਿ ਸਚੀ ਸਾਲਾਹ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥
ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ॥ (ਅੰਗ ੪੬੩)
ਭਾਵ ਹੇ ਪ੍ਰਭੂ ! ਤੇਰੀ ਸਿਫਤ-ਸਾਲਾਹ ਤੇ ਸਾਰੀ ਕੁਦਰਤਿ ਸੱਚੀ ਹੈ। ਉਹ ਇਨਸਾਨ ਸੱਚ ਸਰੂਪ ਹੋ ਜਾਂਦੇ ਹਨ ਜੋ ਸੱਚੇ ਪ੍ਰਭੂ ਨੂੰ ਸਿਮਰਦੇ ਹਨ ਅਤੇ ਜੋ ਸੱਚ ਨੂੰ ਨਹੀਂ ਸਿਮਰਦੇ ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਕੱਚੇ ਹਨ।
‘ਸਾਹਿਤ’ ਦੇ ਤਿੰਨ ਗੁਣਾਂ ਵਿੱਚੋਂ ਪਹਿਲਾ ਗੁਣ ਸਤਯਮ ਹੈ। ਭਾਵ ਸਾਹਿਤ ਵਿਚ ਸੱਚ ਹੋਵੇ, ਜੇ ਸੱਚ ਨਹੀਂ ਤਾਂ ਨਿਰਾਰਥਕ ਹੈ। ਇਸ ਲਈ ਨਿਰਾਰਥਕ ਲਿਖਤਾਂ, ਨਿਰਾਰਥਕ ਗੱਲਾਂ, ਨਿਰਾਰਥਕ ਵਿਚਾਰ ਮਨੁੱਖੀ ਜੀਵਨ ‘ਚ ਖੜੋਤ ਦਾ ਅਧਾਰ ਬਣਦੇ ਹਨ। ਸਾਡੀ ਲੋਕ ਭਾਸ਼ਾ ਵਿਚ ‘ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ ਕੱਚ ਤੇ ਸੱਚ ਦੀ ਯੁੱਧ ਕਥਾ ਹੈ ਤੇ ਅੰਤ ਸੱਚ ਦੀ ਫ਼ਤਹਿ ਹੈ। ਆਮ ਬੋਲ-ਚਾਲ ਵਿਚ ਕਾਗਜ਼ੀ ਫੁੱਲ, ਧੁੰਧ ਦੇ ਬੱਦਲ, ਮੁਲੰਮੇ ਦੇ ਗਹਿਣੇ, ਭੇਖੀ ਪਾਖੰਡੀ ਆਦਿ ਸੱਚ ਦੀ ਵਡਿਆਈ ਤੇ ਝੂਠ ਦੀ ਕਚਿਆਈ ਦਾ ਸੱਭਿਅਕ ਚਿਤਰਨ ਹਨ।
ਡਾ. ਇੰਦਰਜੀਤ ਸਿੰਘ ਗੋਗੋਆਣੀ
