93 views 6 secs 0 comments

ਪਛਤਾਵਾ

ਲੇਖ
July 03, 2025

ਪਾਪ ਜਾਂ ਮੰਦ ਕਰਮ ਕਰਨ ਤੋਂ ਪਿਛੋਂ ਹਰੇਕ ਮਨੁੱਖ ‘ਤੇ ਕੁਝ ਉਦਾਸੀ ਜਿਹੀ ਆਉਂਦੀ ਹੈ, ਮਨ ਕੁਝ ਚਿਰ ਲਈ ਢਹਿ ਜਾਂਦਾ ਹੈ, ਪਰ ਇਸ ਨੂੰ ‘ਪਛਤਾਵਾ’ ਨਹੀਂ ਆਖੀਦਾ।
ਪਹਿਲਾਂ ਪਹਿਲ ਜਦੋਂ ਕੋਈ ਮਨੁੱਖ ਕੋਈ ਪਾਪ ਕਰਦਾ ਹੈ, ਤਾਂ ਆਪਣੇ ਹਿਰਦੇ ਵਿਚ ਸ਼ੋਕ ਤੇ ਸ਼ਰਮ ਅਨੁਭਵ ਕਰਦਾ ਹੈ। ਕੁਝ ਚਿਰ ਪਿਛੋਂ ਵਿਸ਼ਿਆਂ ਦੀ ਖਿੱਚ ਕਰਕੇ ਫੇਰ ਕੁਕਰਮ ਕਰਦਾ ਹੈ ਤਾਂ ਉਹ ਸ਼ੋਕ ਤੇ ਸ਼ਰਮ ਅਗੇ ਨਾਲੋਂ ਘਟ ਹੋ ਜਾਂਦੇ ਹਨ। ਜਿਉਂ ਜਿਉਂ ਕੁਕਰਮ ਕਰੀ ਜਾਂਦਾ ਹੈ, ਤਿਉਂ ਤਿਉਂ ਆਤਮਾ ਕਮਜ਼ੋਰ ਪੈਂਦਾ ਜਾਂਦਾ ਹੈ, ਤੇ ਅਖ਼ੀਰ ਨੂੰ ਮੰਦ ਕਰਮ ਤੇ ਪਾਪ ਦੀ ਚੋਭ ਉੱਕੀ ਹੀ ਜਾਂਦੀ ਰਹਿੰਦੀ ਹੈ। ਏਸ ਹਾਲਤ ਨੂੰ ‘ਆਤਮਾ ਦੀ ਮੌਤ’ ਆਖੀਦਾ ਹੈ।
ਪਛਤਾਵੇ ਦਾ ਭਾਵ ਹੈ ਮਨ ਨੂੰ ਤਬਦੀਲ ਕਰਨਾ, ਮਨ ਦੇ ਸੁਭਾਉ ਨੂੰ ਬਦਲਾਉਣਾ । ਜੋ ਮਨੁੱਖ ਆਪਣੇ ਮਨ ਦੇ ਸੁਭਾਉ ਨੂੰ ਵਟਾ ਲੈਂਦਾ ਹੈ ਉਹ ਆਪਣੇ ਆਚਰਨ ਨੂੰ ਭੀ ਨਾਲ ਹੀ ਬਦਲਾ ਦੇਂਦਾ ਹੈ। ਜੇ ਤੁਸੀ ਕਦੀ ਕਿਸੇ ਨਗਰ ਜਾਣ ਲਈ ਪੈਂਡੇ ਪਵੋ, ਪਰ ਫੇਰ ਸਲਾਹ ਹਟਾ ਲਵੋ; ਭਾਵ, ਮਨ ਦਾ ਖ਼ਿਆਲ ਤਬਦੀਲ ਕਰ ਦਿਉ, ਤਾਂ ਤੁਸੀ ਪੈਂਡਾ ਕਰਨਾ ਛੱਡ ਦਿਓਗੇ ਤੇ ਉਸ ਨਗਰ ਨਹੀਂ ਜਾਓਗੇ। ਪਰ ਜੇ ਤੁਸੀ, ਰਾਹੇ ਤੁਰੀ ਜਾਉ, ਤੇ ਜਾਂਦੇ ਜਾਂਦੇ ਇਹ ਭੀ ਸੋਚੀ ਜਾਉ ਕਿ ‘ਰਾਹ ਖੁੰਝ ਗਏ ਹਾਂ, ਜਾਂ ਉਸ ਨਗਰ ਜਾਣ ਦੀ ਲੋੜ ਤਾਂ ਕੋਈ ਨਹੀਂ, ਇਹ ਵਿਚਾਰੀ ਜਾਉ ਪਰ ਫੇਰ ਭੀ ਤੁਰਨੋਂ ਨਾ ਹਟੋ, ਤਾਂ ਇਹਦਾ ਭਾਵ ਹੈ ਕਿ ਤੁਸਾਂ ਆਪਣਾ ਮਨ ਤਬਦੀਲ ਨਹੀਂ ਕੀਤਾ।
‘ਪਸ਼ਚਾਤਾਪ’ ਸੰਬੰਧੀ ਸੰਸਾਰੀ ਮਨੁੱਖਾਂ ਨੇ ਕਈ ਵਖੋ ਵਖਰੇ ਖ਼ਿਆਲ ਬਣਾਏ ਹੋਏ ਹਨ:
(੧) ਪੁਰਾਣੇ ਯਹੂਦੀਆਂ ਤੇ ਹੋਰ ਕਈ ਕੌਮਾਂ ਵਿਚ ਇਹ ਖ਼ਿਆਲ ਪ੍ਰਚਲਤ ਸੀ ਕਿ ਜੇ ਅਸੀ ਜੱਗ, ਹਵਨ ਤੇ ਕੁਰਬਾਨੀਆਂ ਕਰਾਂਗੇ ਤਾਂ ਸਾਡੇ ਪਾਪ ਦੂਰ ਹੋ ਜਾਣਗੇ ਤੇ ਪ੍ਰਭੂ ਸਾਡੇ ਉਤੇ ਪ੍ਰਸੰਨ ਹੋ ਜਾਏਗਾ। ਦੋਵਾਂ ਦਿਉਤਿਆਂ ਨੂੰ ਪ੍ਰਸੰਨ ਕਰਨ ਲਈ ਸੰਢੇ, ਬਕਰੇ ਤੇ ਘੋੜੇ ਆਦਿਕ ਪਸ਼ੂਆਂ ਦੀ ਕੁਰਬਾਨੀ ਕਰਦੇ ਸਨ। ਸਹਿਜੇ ਸਹਿਜੇ ਇਹ ਰਿਵਾਜ ਇਤਨਾ ਹੋ ਗਿਆ ਕਿ ਲੋਕ ਮਨੁੱਖਾਂ ਦੀ ਕੁਰਬਾਨੀ ਭੀ ਦੇਣ ਲਗ ਪਏ।
(੨) ਸਮਾ ਆਇਆ ਜਦੋਂ ਕਈ ਮਨੁੱਖਾਂ ਨੇ ਇਹ ਸਮਝਿਆ ਕਿ ਗ੍ਰਿਹਸਤ ਆਸ਼ਰਮ ਮਨੁੱਖ ਨੂੰ ਪਾਪਾਂ ਤੇ ਮੰਦ ਕਰਮਾਂ ਵਿਚ ਫਸਾਉਂਦਾ ਹੈ। ਇਹਨਾਂ ਮੰਦ ਕਰਮਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਬਨਾਂ ਵਿਚ ਜਾ ਕੇ ਤਪ ਸਾਧੀਏ ਤੇ ਸਰੀਰ ‘ਤੇ ਕਸ਼ਟ ਸਹਾਰੀਏ । ਓਦੋਂ ਪ੍ਰਭੂ ਦੀ ਪ੍ਰਸੰਨਤਾ ਦਾ ਇਹੀ ਰਾਹ ਸਮਝਿਆ ਗਿਆ।
(੩) ਈਸਾਈਆਂ ਦੇ ਇਕ ਫ਼ਿਰਕੇ ਵਿਚ ਇਹ ਖ਼ਿਆਲ ਪ੍ਰਚਲਤ ਹੋ ਗਿਆ ਕਿ ਆਪਣੇ ਪਾਦਰੀ ਪਾਸ ਜਾ ਕੇ ਪਿਛਲੇ ਕੀਤੇ ਹੋਏ ਸਾਰੇ ਪਾਪ ਦੱਸ ਦੇਵੀਏ ਤੇ ਕੁਝ ਥੋੜਾ ਜਿਹਾ ਦਾਨ ਪੁੰਨ ਭੀ ਕਰੀਏ। ਪਾਦਰੀ ਅਗਾਂਹ ਲਈ ਅਸ਼ੀਰ-ਵਾਦ ਦੇ ਦੇਵੇ । ਬੱਸ! ਇਹੀ ਪਛਤਾਵਾ ਹੈ। ਏਸ ਤਰ੍ਹਾਂ ਪਿਛਲੇ ਸਾਰੇ ਕੁਕਰਮ ਬਖ਼ਸ਼ੇ ਜਾਂਦੇ ਹਨ।
(੪) ਜੋ ਲੋਕ ਉਪਰੋਕਤ ਖ਼ਿਆਲਾਂ ਵਾਲੇ ਮਨੁੱਖਾਂ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦੇ ਹਨ, ਉਹ ਇਕ ਹੋਰ ਭੁੱਲ ਕਰ ਰਹੇ ਹਨ। ਅਸੀ ਆਪਣੇ ਜੀਵਨ ਵਿਚ ਵੇਖਦੇ ਹਾਂ ਕਿ ਨਿੱਤ ਕਈ ਪਾਪ ਕਰਦੇ ਹਾਂ। ਕ੍ਰੋਧ ਵਿਚ ਆ ਕੇ ਕਈ ਮਨੁੱਖਾਂ ਦਾ ਹਿਰਦਾ ਰੋਜ਼ ਦੁਖਾਉਂਦੇ ਹਾਂ, ਗੁਆਂਢੀਆਂ ਨੂੰ ਆਪਣੇ ਸੁਆਰਥ ਲਈ ਧੋਖਾ ਦਿੰਦੇ ਹਾਂ, ਝੂਠ ਬੋਲਦੇ ਹਾਂ। ਰੋਜ਼ ਰੋਜ਼ ਇਹ ਕਰਮ ਕਰਦੇ ਹਾਂ, ਪਰ ਨਾਲੋ ਨਾਲ ਸਮਝੀ ਜਾਂਦੇ ਹਾਂ ਕਿ ਧਰਮ-ਅਸਥਾਨ ‘ਤੇ ਪੂਜਾ ਪਾਠ ਕਰ ਆਉਣਾ ਇਹਨਾਂ ਮੰਦ ਕਰਮਾਂ ਦੇ ਅਸਰ ਨੂੰ ਦੂਰ ਕਰਨ ਲਈ ਕਾਫ਼ੀ ਹੈ।
ਜੋ ਮਨੁੱਖ ਆਪਣੇ ਮੰਦ ਕਰਮਾਂ ਨੂੰ ਛੱਡਦੇ ਨਹੀਂ, ਪਰ ਮੰਦ ਕਰਮਾਂ ਵਿਚ ਸੌਖਾ ਰਹਿਣਾ ਚਾਹੁੰਦੇ ਹਨ, ਉਹ ਲੋਕ ਪੂਜਾ ਪਾਠ ਨੂੰ ਕਲਜੁਗ ਦਾ ਅੱਡਾ ਬਣਾਈ ਰੱਖਦੇ ਹਨ।

ਪ੍ਰੋ. ਸਾਹਿਬ ਸਿੰਘ