90 views 8 secs 0 comments

ਗਿਆਨ ਪ੍ਰਾਪਤੀ ਦਾ ਭੇਦ

ਲੇਖ
July 08, 2025

ਸੁਖੀ, ਬਿਖਾਧੀ, ਆਲਸੀ, ਕੁਮਤਿ ਰਸਿਕ, ਬਹੁ ਸੋਇ।
ਤਿਹ ਅਧਿਕਾਰ ਨ ਸ਼ਾਸਤ੍ਰ ਕੋ, ਖਟ ਦੋਖੀ ਜਨ ਜੋਇ। (ਸਾਰੁਕਤਾਵਲੀ)

ਜੀਵਨ ਵਿਚ ਕੋਈ ਵੀ ਕਾਰਜ ਕਰਨ ਵਾਸਤੇ ਕੁਝ ਨਿਯਮ ਜਾਂ ਅਸੂਲ ਹਨ। ਜਿਹੜਾ ਮਨੁੱਖ ਉਨ੍ਹਾਂ ਦੀ ਪਾਲਣਾ ਕਰਦਾ ਹੈ ਜਾਂ ਨਿਯਮਾਂ ਦੀ ਕਸਵੱਟੀ ‘ਤੇ ਪੂਰਾ ਉਤਰਦਾ ਹੈ, ਉਹ ਆਪਣੇ ਲਕਸ਼ ਨੂੰ ਪ੍ਰਾਪਤ ਕਰ ਲੈਂਦਾ ਹੈ। ਬਹੁਗਿਣਤੀ ਲੋਕਾਂ ਦੀ ਸਫਲਤਾ ਦਾ ਕਾਰਨ ਸਹਿਜ ਰੂਪ ਵਿਚ ਇਹੀ ਹੁੰਦਾ ਹੈ । ਦੂਜੇ ਪਾਸੇ ਅਸਫਲ ਆਦਮੀਆਂ ਦੇ ਬਚਾਉ ਲਈ ਕੁਝ ਓਟ-ਆਸਰਾ ਹੈ ਕਿ ਉਹ ਆਪਣੇ ਸਿਰ ਉਲਾਂਭਾ ਲੈਣ ਨਾਲੋਂ ਕਿਸਮਤ ਜਾਂ ਮੱਥੇ ਦੇ ਕਰਮ ਕਹਿ ਕੇ ਨਾ-ਮੁਸ਼ੱਕਤੀ ਹੋਣ ਦਾ ਬੋਝ ਲਾਹ ਲੈਂਦੇ ਹਨ।
ਸਧਾਰਨ ਮਨੁੱਖ ਪਾਸ ਇਸ ਤੋਂ ਵੱਡਾ ਹੋਰ ਦਿਲਾਸਾ ਵੀ ਕੋਈ ਨਹੀਂ ਕਿ ਉਹ ਆਪਣੀਆਂ ਕਮੀਆਂ ਤੇ ਕਮਜ਼ੋਰੀਆਂ ਉੱਪਰ ਕਿਹੜਾ ਪਰਦਾ ਪਾਵੇ?
ਉਪਰੋਕਤ ਪੰਕਤੀਆਂ ਹਰਦਿਆਲ ਜੀ ਦੀਆਂ ਸਾਰੁਕਤਾਵਲੀ ਗ੍ਰੰਥ ਵਿਚ ਹਨ। ਇਹ ਗਿਆਨ ਪ੍ਰਾਪਤੀ ਵਿਚ ਮੁਹਾਰਤ ਹਾਸਲ ਕਰਨ ਦੀ ਚਾਹਤ ਰੱਖਣ ਵਾਲੇ ਖੋਜਾਰਥੀਆਂ ਲਈ ਹਨ। ਇਸ ਨੂੰ ਗਿਆਨ ਪ੍ਰਾਪਤੀ ਦਾ ਭੇਦ ਕਿਹਾ ਜਾ ਸਕਦਾ ਹੈ ਕਿ ਜੇਕਰ ਕਿਸੇ ਮਨੁੱਖ ਵਿਚ ਇਹ ਖਟ ਦੋਖ (ਛੇ ਦੋਸ਼) ਹਨ ਤਾਂ ਉਹ ਕੋਈ ਉੱਚ ਗਿਆਨ ਪ੍ਰਾਪਤ ਨਹੀਂ ਕਰ ਸਕਦਾ। ਪਹਿਲਾ ਦੋਸ਼ ‘ਸੁਖੀ'(ਸੁਖ ਰਹਿਣਾ) ਕਦੇ ਸਖ਼ਤ ਮਿਹਨਤ ਨਹੀਂ ਕਰ ਸਕਦਾ। ਦੂਜਾ ਬਿਖਾਧੀ’ (ਝਗੜਾਲੂ) ਵੀ ਇਸ ਗਿਆਨ ਪ੍ਰਾਪਤੀ ਤੋਂ ਵਿਰਵਾ ਰਹਿ ਜਾਂਦਾ ਹੈ। ਤੀਜਾ ਦੋਸ਼ ‘ਆਲਸ’ ਹੈ ਕਿਉਂਕਿ ਆਲਸੀ ਤੇ ਸੁਸਤ ਕਿਸੇ ਮੰਜ਼ਲ ‘ਤੇ ਨਹੀਂ ਪਹੁੰਚਦਾ। ਚੌਥਾ ਦੋਸ਼ ‘ਕੁਮਤਿ ‘ (ਨਿੰਦਤ ਬੁੱਧ) ਹੈ, ਭਾਵ ਮੋਟੀ ਬੁੱਧੀ ਵਾਲਾ ਕੋਈ ਛੋਟਾ-ਮੋਟਾ ਕੰਮ ਤਾਂ ਕਰ ਸਕਦਾ ਹੈ, ਪਰ ਵਿੱਦਿਆ ਉਹਦੇ ਵੱਸੋਂ ਬਾਹਰੀ ਗੱਲ ਹੈ। ਪੰਜਵਾਂ ਦੋਸ਼ ‘ਰਸਿਕ ‘ (ਜੀਭ ਦਾ ਰਸੀਆ) ਹੈ ਜੋ ਹਰ ਵੇਲੇ ਜੀਭ ਰਸ ਲਈ ਭੱਜਦਾ, ਉਹ ਇਕਾਗਰ ਚਿੱਤ ਹੋ ਕੇ ਮਿਹਨਤ ਨਹੀਂ ਕਰ ਸਕਦਾ। ਛੇਵਾਂ ਦੋਸ਼ ‘ਬਹੁ ਸੋਇ ‘ (ਬਹੁਤਾ ਸੌਣ ਵਾਲਾ) ਭਾਵ ਬਹੁਤਾ ਸੌਣਾ ਵੀ ਇਕ ਦੋਸ਼ ਹੈ ਤੇ ਸੋਤੜ ਬੰਦਾ ਜੋ ਸਮੇਂ ਸਿਰ ਜਾਗ ਨਹੀਂ ਸਕਦਾ, ਉਹ ਵੀ ਗਿਆਨ ਤੋਂ ਵਾਂਝਾ ਰਹਿ ਜਾਂਦਾ ਹੈ। ਤੱਤਸਾਰ ਵਜੋਂ ਗਿਆਨ ਦੇ ਖੇਤਰ ਵਿਚ ਕੁੱਦਣ ਵਾਲੇ ਹਰ ਸਿੱਖਿਆਰਥੀ ਲਈ ਇਨ੍ਹਾਂ ਛੇ ਦੋਸ਼ਾਂ ਤੋਂ ਮੁਕਤ ਹੋਣਾ ਜ਼ਰੂਰੀ ਹੈ।

ਡਾ. ਇੰਦਰਜੀਤ ਸਿੰਘ ਗੋਗੋਆਣੀ