104 views 21 secs 0 comments

ਮਰਯਾਦਾ ਦੀ ਮਹਾਨਤਾ

ਲੇਖ
July 25, 2025

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥            (ਅੰਗ ੬੦੧)

ਸੰਸਾਰ ਦੇ ਕਿਸੇ ਵੀ ਖੇਤਰ ਵਿਚ ਕਿਸੇ ਇਨਸਾਨ ਦੀ ਤਰੱਕੀ ਜਾਂ ਵਿਕਾਸ ਨੂੰ ਜਾਣਨਾ ਹੋਵੇ ਤਾਂ ਉਸ ਦੀ ਜੀਵਨ-ਸ਼ੈਲੀ ਜਾਂ ਜੀਵਨ-ਜਾਚ ਹੀ ਮਾਪਦੰਡ ਸਾਬਤ ਹੋਵੇਗੀ। ਇਸੇ ਤਰ੍ਹਾਂ ਵਿਅਕਤੀਵਾਦ ਤੋਂ ਜਥੇਬੰਦੀ ਤਕ ਵਿਕਾਸ ਦਾ ਆਧਾਰ ਵੀ ਨਿਯਮ ਜਾਂ ਅਸੂਲਾਂ ਦੀ ਏਕਤਾ ਹੀ ਧੁਰਾ ਬਣੇਗੀ। ਇਕ ਜਥੇਬੰਦਕ ਧਰਮ ਲਈ ਇਹੋ ਮਰਯਾਦਾ ਦੀ ਮਹਾਨਤਾ ਹੈ। ‘ਸਮ ਅਰਥ ਕੋਸ਼ਾ ਵਿਚ ਮਰਯਾਦਾ ਦੇ ਸਮਾਨਾਰਥੀ ਸ਼ਬਦ – ਸੰਸਥਾ, ਜੁਗਤੀ, ਤਰੀਕਾ, ਧਰਮ, ਧਾਰਣ, ਪਧਤਿ ਰਹਿਤ, ਰਹੁਰੀਤੀ ਆਦਿ ਵੀ ਹਨ। ਇਸੇ ਤਰ੍ਹਾਂ ‘ਮਹਾਨ ਕੋਸ਼’ ਵਿਚ ਰੀਤਿ, ਰਿਵਾਜ, ਸੀਮਾ, ਹੱਦ, ਨਿਯਮਾਂ ਦੀ ਪਾਬੰਦੀ ਲਿਖਦਿਆਂ ‘ਨਦੀ ਦਾ ਕਿਨਾਰਾ’ ਸ਼ਬਦ ਵੀ ਲਿਖਿਆ ਹੈ। ਇਹ ਸ਼ਬਦ ਗਹਿਰ-ਗੰਭੀਰ ਹੁੰਦਾ ਹੋਇਆ ਸਿੱਖ ਪੰਥ ਲਈ ਜਾਗ੍ਰਿਤੀ ਦਾ ਮੰਤਰ ਹੈ ਕਿ ਜਿਵੇਂ ਨਦੀ ਦੀ ਹੋਂਦ ਉਸ ਸਮੇਂ ਤਕ ਹੀ ਕਾਇਮ ਰਹਿੰਦੀ ਹੈ, ਜਦ ਤਕ ਉਹ ਕਿਨਾਰਿਆਂ ਦੇ ਵਿਚਕਾਰ ਚੱਲਦੀ ਹੈ ਤੇ ਜਦ ਨਦੀ ਇਸ ਨਿਯਮਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਉਸ ਦੀ ਹੋਂਦ ਖ਼ਤਮ ਹੋ ਜਾਵੇਗੀ। ਉਦਾਹਰਨ ਵਜੋਂ ਮਾਲਵੇ ਵਿਚ ਅਨੇਕਾਂ ਨਦੀਆਂ ਵਗਣ ਦਾ ਹਵਾਲਾ ਮਿਲਦਾ ਹੈ ਪਰ ਜਦ ਉਨ੍ਹਾਂ ਨਦੀਆਂ ਨੇ ਨਿਯਮਾਂ ਦੀ ਭਾਵ ਮਰਯਾਦਾ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਦਾ ਕਿਧਰੇ ਹੁਣ ਨਾਮੋ-ਨਿਸ਼ਾਨ ਵੀ ਨਹੀਂ ਰਿਹਾ। ਨਦੀ ਵਾਂਗ ਨਾਦੀ ਪੁੱਤਰਾਂ ਲਈ ਵੀ ਮਰਯਾਦਾ ਦੀ ਉਲੰਘਣਾ ਕੀ ਕੀ ਰੰਗ ਵਿਖਾ ਸਕਦੀ ਹੈ, ਇਸ ਤੋਂ ਸਮੂਹ ਕੌਮੀ ਵਾਰਸਾਂ ਦਾ ਸੁਚੇਤ ਹੋਣਾ ਜ਼ਰੂਰੀ ਹੈ।
ਸਿੱਖ ਰਹਿਤ ਮਰਯਾਦਾ ਦਾ ਸਮੁੱਚਾ ਵਜੂਦ ਪਹਿਲਾਂ ਹੀ ਗੁਰਬਾਣੀ, ਦਸਮ ਬਾਣੀ, ਵਾਰਾਂ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਰਚਨਾਵਲੀ, ਰਹਿਤਨਾਮੇ, ਜਨਮ ਸਾਖੀਆਂ, ਸਿੱਖ ਇਤਿਹਾਸ ਤੇ ਹੋਰ ਇਤਿਹਾਸਿਕ ਗ੍ਰੰਥਾਂ ਵਿਚ ਦਰਜ ਸੀ ਪਰ ਸਮੇਂ ਦੀ ਲੋੜ ਅਨੁਸਾਰ ‘ਗੁਰੂ ਪੰਥ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ 24 ਸਫਿਆਂ ਦੀ ਸੰਖੇਪ ਤੇ ਸਪੱਸ਼ਟ ਸ਼ਬਦਾਂ ‘ਚ ਸਿੱਖ ਰਹਿਤ ਮਰਯਾਦਾ ਤਿਆਰ ਕੀਤੀ। ਇਸ ਦਾ ਕਾਰਨ ਪੰਥ ਦੀ ਇਕਸੁਰਤਾ ਤੇ ਇਕਸਾਰਤਾ ਨੂੰ ਸਦੀਵ ਕਾਲ ਕਾਇਮ ਕਰਨਾ ਸੀ। ਇਸ ਨੂੰ ਹੋਰ ਸਪੱਸ਼ਟ ਕਰਨਾ ਹੋਵੇ ਤਾਂ ਸਮੂਹ ਕੌਮੀ ਵਾਰਸਾਂ ਵਿਚ ਇੰਨੇ ਗ੍ਰੰਥਾਂ ਦਾ ਅਧਿਐਨ ਕਰਨਾ ਕਦੀ ਵੀ ਸੰਭਵ ਨਹੀਂ ਹੁੰਦਾ ਅਤੇ ਇਹ ਮਰਯਾਦਾ ਸਭਨਾਂ ਦੇ ਸਵਾਲਾਂ ਦਾ ਸਹੀ ਤੇ ਢੁਕਵਾਂ ਜਵਾਬ ਹੈ। ਗੁਰਬਾਣੀ ਦਾ ਫ਼ਰਮਾਨ ਹੈ:

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
(ਅੰਗ ੬੪੬)

ਭਾਵ ਜਦੋਂ ਸਾਡਾ ਗੁਰੂ, ਬਾਣੀ ਤੇ ਵਿਚਾਰ ਇੱਕੋ ਹੈ ਤਾਂ ਸਾਡੀ ਜੀਵਨ ਮਰਯਾਦਾ ਵਿਚ ਫਿਰ ਵੱਖਰਾਪਨ ਨਾ ਨਜ਼ਰ ਆਵੇ, ਸਗੋਂ ਸਾਡੇ ਬਾਰੇ ਜਾਣਕਾਰੀ ਰੱਖਣ ਵਾਲਾ ਇਹੋ ਕਹੇ ਕਿ ਸਿੱਖਾਂ ਦੀ ਇਹੋ ਹੀ ਜੀਵਨ-ਜਾਚ ਤੇ ਮਰਯਾਦਾ ਹੈ। ਇਸ ਨਾਲ ਹਰੇਕ ਕੌਮੀ ਵਾਰਸ ਨੂੰ ਸਵੈਮਾਣ, ਸਵੈ-ਵਿਸ਼ਵਾਸ ਹੋਵੇਗਾ ਤੇ ਉਹ ਚੜ੍ਹਦੀ ਕਲਾ ‘ਚ ਰਹੇਗਾ। ਦੂਜੇ ਪਾਸੇ ਸਾਡਾ ਲੋਕ-ਅਖਾਣ ‘ਅੱਧੀ ਕੁੱਕੜੀ ਰਿੱਝਦੀ ਤੇ ਅੱਧੀ ਚੋਗਾ ਚੁਗਣ ਗਈ ਆ ਇਹ ਸ਼ੰਕੇ, ਭਰਮਾਂ, ਦੁਬਿਧਾਵਾਂ ਤੇ ਦੁਚਿੱਤੀਆਂ ਦੇ ਪ੍ਰਤੀ ਹੀ ਉਚਾਰਿਆ ਗਿਆ ਹੈ। ਇਹੋ ਦੁਚਿੱਤੀ ਦੂਰ ਕਰਨੀ ਹੀ ਸਿੱਖ ਰਹਿਤ ਮਰਯਾਦਾ ਦਾ ਆਧਾਰ ਸੀ ਤੇ ਹੈ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਨੇ ਦਸ ਜਾਮਿਆਂ ਵਿਚ ਪ੍ਰਗਟ ਹੋ ਕੇ ਜੋ ਕਲਾ ਵਰਤਾਈ ਉਸੇ ਨੂੰ ਅਸੀਂ ਨਿਰਮਲ ਪੰਥ, ਸਿੱਖ ਪੰਥ, ਖ਼ਾਲਸਾ ਪੰਥ, ਤੀਸਰ ਪੰਥ, ਨਿਆਰਾ ਪੰਥ, ਗੁਰਮੁਖ ਪੰਥ ਆਦਿ ਸ਼ਬਦਾਂ ਨਾਲ ਸਤਿਕਾਰਦੇ ਤੇ ਉਚਾਰਦੇ ਹਾਂ। ਹੁਣ ਇਸ ਪੰਥ ਦੀਆਂ ਵੱਖ-ਵੱਖ ਮਰਯਾਦਾਵਾਂ ਬਣਾ ਲਵਾਂਗੇ ਤਾਂ ਏਕਤਾ ਤੇ ਇਕਸਾਰਤਾ ਕਿੱਥੇ ਰਹੇਗੀ? ਇਕ ਗੱਲ ਸਪੱਸ਼ਟ ਹੈ ਕਿ ਕਿਸੇ ਨੁਕਤੇ ਤੋਂ ਤਬਦੀਲੀ ਜਾਂ ਸਪੱਸ਼ਟਤਾ ਦੀ ਲੋੜ ਹੋਵੇ ਤਾਂ ਸਮੁੱਚਾ ਗੁਰੂ ਪੰਥ ਨਿਸ਼ਚਿਤ ਵਿਧੀ-ਵਿਧਾਨ ਅਨੁਸਾਰ ਫੈਸਲੇ ਕਰ ਸਕਦਾ ਹੈ। ਪਰ ਜਿਸ ਤਰ੍ਹਾਂ ਸਤਿਗੁਰਾਂ ਨੇ ਸੁਚੇਤ ਕੀਤਾ ਹੈ ਕਿ ਜੇ ਕੋਈ ਆਪਣੀ ਸੋਚ ਜਾਂ ਮਨ ਦੀ ਮੱਤ ਅਨੁਸਾਰ ਚੱਲੇਗਾ ਤਾਂ ਚੋਟਾਂ ਹੀ ਖਾਵੇਗਾ। ਇਹ ਸੁਚੇਤਤਾ ਗੁਰਬਾਣੀ ਵਿਚ ਵਾਰ-ਵਾਰ ਦ੍ਰਿੜਾਈ ਗਈ ਹੈ :

ਸਚੀ ਰਹਤ ਸਚਾ ਸੁਖੁ ਪਾਏ॥
(ਅੰਗ ੧੩੪੩)

ਇਸੇ ਤਰ੍ਹਾਂ ਜੋ ਸਿੱਖ ਹੁੰਦਿਆਂ ਹੋਇਆਂ ਰਹਿਤ ਨਹੀਂ ਰੱਖਦੇ, ਉਨ੍ਹਾਂ ਪ੍ਰਤੀ ਭਾਈ ਗੁਰਦਾਸ ਜੀ ਦਾ ਫ਼ਰਮਾਨ ਹੈ :

ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸ ਰਹਤ ਨ ਰਹੰਦੇ।
ਮਸਤਕਿ ਭਾਗ ਜਿਨ੍ਹਾਂ ਦੇ ਮੰਦੇ॥
(ਵਾਰ ੧੭:੨)

ਇਸੇ ਸੰਦਰਭ ਵਿਚ ‘ਰਹਿਤਨਾਮੇ’ ਵਿਚ ਭਾਈ ਦੇਸਾ ਸਿੰਘ ਜੀ ਰਹਿਤ ਦੀ ਮਹਾਨਤਾ ਬਾਰੇ ਦੱਸਦੇ ਹਨ :

ਰਹਿਣੀ ਰਹੈ ਸੋਈ ਸਿਖ ਮੇਰਾ। ਉਹ ਠਾਕੁਰ ਮੈ ਉਸ ਕਾ ਚੇਰਾ।

ਵਕਤ ਦੀ ਅਹਿਮ ਲੋੜ ਹੈ ਕਿ ਸਮੂਹ ਸਿੱਖ ਪਰਿਵਾਰਾਂ ਵਿਚ ‘ਸਿੱਖ ਰਹਿਤ ਮਰਯਾਦਾ’ ਦੀ ਕਾਪੀ ਜ਼ਰੂਰ ਹੋਵੇ। ਇਸ ਨਾਲ ਸਾਨੂੰ ਸਿੱਖ ਦੀ ਤਾਰੀਫ ਪੜ੍ਹ ਕੇ ਆਪਣੀ ਹੋਂਦ ਤੇ ਫ਼ਰਜ਼ਾਂ ਦਾ ਅਹਿਸਾਸ ਹੋਵੇਗਾ। ਸ਼ਖ਼ਸੀ ਤੇ ਪੰਥਕ ਰਹਿਣੀ ਦਾ ਅਧਿਐਨ ਕਰ ਕੇ ਆਪਣੀ ਜੀਵਨ-ਜਾਚ ਬਾਰੇ ਸਪੱਸ਼ਟਤਾ ਹੋਵੇਗੀ। ਪੰਥਕ ਅਰਦਾਸ ਦੇ ਸਹੀ ਸਰੂਪ ਦਾ ਗਿਆਨ ਹੋਵੇਗਾ। ਗੁਰਦੁਆਰੇ ਸਿਰਲੇਖ ਪੜ੍ਹ ਕੇ ਜੇਕਰ ਕਿਧਰੇ ਮਨਮਤ ਹੁੰਦੀ ਹੋਵੇਗੀ ਤਾਂ ਅਸੀਂ ਸੁਧਾਰ ਕਰ ਸਕਾਂਗੇ। ਇਸ ਤੋਂ ਇਲਾਵਾ ਕੀਰਤਨ ਦੀ ਮਰਯਾਦਾ, ਹੁਕਮ ਲੈਣਾ, ਸਧਾਰਨ ਪਾਠ ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸਹੀ ਮਰਯਾਦਾ ਜਾਣਦੇ ਹੋਵਾਂਗੇ ਤਾਂ ਅਨੇਕਾਂ ਭਰਮ-ਪਖੰਡ ਦੂਰ ਹੋਣਗੇ। ਇਸੇ ਤਰ੍ਹਾਂ ਨਿਰਮਲ ਪੰਥ ਦੇ ਵਾਰਸ ਜਨਮ ਤੇ ਨਾਮ ਸੰਸਕਾਰ ਕਿਵੇਂ ਨਿਭਾਉਣ? ਅਨੰਦ ਸੰਸਕਾਰ ਭਾਵ ਵਿਆਹ ਸਮੇਂ ਦੀ ਮਰਯਾਦਾ ਸਾਡੇ ਲਈ ਕਿਹੜੀ ਹੈ ਤੇ ਅਸੀਂ ਕਰ ਕੀ ਰਹੇ ਹਾਂ. ਦਾ ਗਿਆਨ ਹੋਵੇਗਾ। ‘ਮਿਰਤਕ ਸੰਸਕਾਰ ਸਮੇਂ ਸਿੱਖਾਂ ਵਿਚ ਫੋਕਟ ਕਰਮਕਾਂਡ ਵੇਖਾ-ਵੇਖੀ ਜਾਂ ਅਗਿਆਨਤਾ ਕਾਰਨ ਵਧ ਰਹੇ ਹਨ, ਦੀ ਸਪੱਸ਼ਟਤਾ ਸਾਨੂੰ ਰਹਿਤ ਮਰਯਾਦਾ ਪੜ੍ਹ ਕੇ ਹੀ ਹੋ ਸਕਦੀ ਹੈ। ਇਸੇ ਤਰ੍ਹਾਂ ਅੰਮ੍ਰਿਤ ਦੀ ਮਰਯਾਦਾ ਪੜ੍ਹਾਂਗੇ ਤਾਂ ਅੰਮ੍ਰਿਤ ਦੀ ਮਹਾਨਤਾ ਦਾ ਪਤਾ ਚੱਲੇਗਾ ਤੇ ਅਸੀਂ ਗੁਰੂ ਵਾਲੇ ਬਣ ਕੇ ਚੰਗਾ ਜੀਵਨ ਜੀਵਾਂਗੇ। ਇਸ ਸਮੇਂ ਸਿੱਖ ਸਮਾਜ ਵਿਚ ਜੇਕਰ ਕੁਝ ਕੁਰੀਤੀਆਂ ਫੈਲ ਰਹੀਆਂ ਹਨ ਜਾਂ ਫੋਕਟ ਕਰਮ-ਕਾਂਡ ਵਧ ਰਹੇ ਹਨ ਤਾਂ ਅਸੀਂ ਆਪਣੀ ਨਿਆਰੀ ਹੋਂਦ ਨੂੰ ਜਾਣਨ ਲਈ ਸਿੱਖ ਰਹਿਤ ਮਰਯਾਦਾ ਪੜੀਏ ! ਫਿਰ ਗੁਰੂ-ਗ੍ਰੰਥ ਤੇ ਗੁਰੂ-ਪੰਥ ਦੇ ਸਨਮਾਨਯੋਗ ਮੈਂਬਰ ਬਣ ਕੇ ਸਫਲ ਜੀਵਨ ਜੀਵੀਏ, ਤਾਂ ਸਾਡੀ ਹਰ ਮੈਦਾਨ ਫ਼ਤਿਹ ਹੋਵੇਗੀ। (‘ਸਿੱਖ ਰਹਿਤ ਮਰਯਾਦਾ’ ਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਟਾ-ਰਹਿਤ ਦਿੱਤੀ ਜਾਂਦੀ ਹੈ।)
ਇਸ ਤੋਂ ਇਲਾਵਾ ਇਸ ਸਥਾਪਿਤ ਪੰਥਕ ਮਰਯਾਦਾ ਦੇ ਉਲਟ ਆਪੋ-ਆਪਣੀ ਮਰਯਾਦਾ ਪ੍ਰਚਾਰਨ ਵਾਲੀਆਂ ਜਥੇਬੰਦੀਆਂ ਵੀ ਜ਼ਰੂਰ ਸਵੈ-ਚਿੰਤਨ ਕਰਨ ਕਿ ‘ਕੱਠ ਲੋਹੇ ਦੀ ਲੱਠਾ ਤੇ ‘ਏਕੇ ਵਿਚ ਬਰਕਤਾ ਵਰਗੇ ਸ਼ਬਦਾਂ ਦੀ ਕੀ ਮਹਾਨਤਾ ਹੈ? ਜੇਕਰ ਖ਼ੁਦ ਹੀ ਛੋਟੇ-ਛੋਟੇ ਮੁਫਾਦਾਂ ਲਈ ਕੌਮੀ ਸ਼ਕਤੀ ਨੂੰ ਖੇਰੂੰ-ਖੇਰੂੰ ਕਰਾਂਗੇ ਤਾਂ ਪੰਥ-ਵਿਰੋਧੀ ਸ਼ਕਤੀਆਂ ਤਾਂ ਪਹਿਲਾਂ ਹੀ ਇਹੋ ਮਨਸਾ ਰੱਖਦੀਆਂ ਹਨ। ਕਿਧਰੇ ਜਾਣੇ-ਅਣਜਾਣੇ ਵਿਚ ਅਸੀਂ ਇਨ੍ਹਾਂ ਗੁਨਾਹਾਂ ਦੇ ਭਾਗੀ ਤਾਂ ਨਹੀਂ ਬਣ ਰਹੇ? ਜੇਕਰ ਹਰੇਕ ਆਪੋ ਆਪਣੀ ਢਾਈ ਪਾ ਖਿੱਚੜੀ ਅਲੱਗ-ਅਲੱਗ ਰਿੰਨ੍ਹਦਾ ਰਿਹਾ ਤਾਂ ਸਾਡਾ ਗੁਰੂ, ਗੁਰੂ ਦਾ ਪੰਥ ਤੇ ਸਮੇਂ ਦਾ ਇਤਿਹਾਸ ਕਿਸੇ ਨੂੰ ਵੀ ਮੁਆਫ ਨਹੀਂ ਕਰੇਗਾ। ਸਤਿਗੁਰੂ ਰਹਿਮਤ ਕਰਨ ਸਾਨੂੰ ਸਾਰਿਆਂ ਨੂੰ ਏਕਤਾ ਤੇ ਇਕਸੁਰਤਾ ਬਖ਼ਸ਼ਿਸ਼ ਕਰਨ ਤੇ ਅਸੀਂ ਰਹਿਮਤ ਦੇ ਪਾਤਰ ਬਣਨ ਲਈ ਅਰਦਾਸ ਤੇ ਉੱਦਮ ਕਰੀਏ। ਸਾਡੀ ਮਰਯਾਦਾ ਦੀ ਏਕਤਾ ਹੀ ਸਾਡੀ ਕੌਮੀ ਸ਼ਕਤੀ ਹੈ।

ਡਾ.  ਇੰਦਰਜੀਤ ਸਿੰਘ ਗੋਗੋਆਣੀ