107 views 0 secs 0 comments

ਸਵਾਲ ਆਪਣੀ ਹੋਂਦ ਦਾ ਹੈ

ਲੇਖ
July 26, 2025

ਇੱਕ ਆਦਮੀ ਇੱਕ ਕੁੱਕੜ ਖਰੀਦ ਕੇ ਲਿਆਇਆ ਅਤੇ ਇੱਕ ਦਿਨ ਉਸ ਨੇ ਕੁੱਕੜ ਨੂੰ ਮਾਰਨਾ ਚਾਹਿਆ ਤਾਂ ਉਸ ਨੇ ਕੁੱਕੜ ਨੂੰ ਮਾਰਨ ਦਾ ਬਹਾਨਾ ਸੋਚਿਆ ਅਤੇ ਕੁੱਕੜ ਨੂੰ ਕਿਹਾ, “ਤੂੰ ਕੱਲ੍ਹ ਤੋਂ ਬਾਂਗ ਨਹੀਂ ਦੇਣੀ, ਨਹੀਂ ਤਾਂ ਮੈਂ ਤੈਨੂੰ ਮਾਰ ਦਿਆਂਗਾ।”

ਕੁੱਕੜ ਨੇ ਕਿਹਾ, “ਠੀਕ ਹੈ, ਜਨਾਬ, ਤੁਸੀਂ ਜੋ ਚਾਹੋਗੇ, ਹੋ ਜਾਵੇਗਾ!”

ਸਵੇਰੇ, ਜਿਵੇਂ ਹੀ ਕੁੱਕੜ ਦੇ ਬਾਂਗ ਦੇਣ ਦਾ ਸਮਾਂ ਹੋਇਆ, ਮਾਲਕ ਨੇ ਦੇਖਿਆ ਕਿ ਕੁੱਕੜ ਬਾਂਗ ਨਹੀਂ ਦੇ ਰਿਹਾ ਸੀ, ਸਗੋਂ ਆਪਣੇ ਖੰਭ ਫੜਫੜਾ ਰਿਹਾ ਸੀ, ਜਿਵੇਂ ਕਿ ਆਮ ਤੌਰ ‘ਤੇ ਹੁੰਦਾ ਹੀ ਹੈ।

ਮਾਲਕ ਨੇ ਅਗਲਾ ਹੁਕਮ ਜਾਰੀ ਕੀਤਾ ਕਿ ਕੱਲ੍ਹ ਤੋਂ ਤੁਸੀਂ ਆਪਣੇ ਖੰਭ ਵੀ ਨਾ ਫੜ੍ਹਫੜਾਈਂ, ਨਹੀਂ ਤਾਂ ਮੈਂ ਤੈਨੂੰ ਮਾਰ ਦਿਆਂਗਾ।

ਅਗਲੀ ਸਵੇਰ, ਬਾਂਗ ਦੇ ਸਮੇਂ, ਕੁੱਕੜ ਨੇ ਆਗਿਆਕਾਰੀ ਹੋਕੇ ਆਪਣੇ ਖੰਭ ਨਹੀਂ ਫ਼ੜਫੜ੍ਹਾਏ, ਪਰ ਆਦਤ ਤੋਂ ਮਜਬੂਰ ਹੋ ਕੇ, ਆਪਣੀ ਗਰਦਨ ਨੂੰ ਉੱਚਾ ਕੀਤਾ।

ਮਾਲਕ ਪਰੇਸ਼ਾਨ ਹੋ ਗਿਆ ਅਤੇ ਅਗਲਾ ਹੁਕਮ ਜਾਰੀ ਕਰ ਦਿੱਤਾ ਕਿ ਕੱਲ੍ਹ ਤੋਂ ਗਰਦਨ ਨਾ ਹਿੱਲਾਈ ਜਾਵੇ। ਅਗਲੇ ਦਿਨ ਕੁੱਕੜ ਕੁਕੜੀ ਵਾਂਗ ਚੁੱਪ ਰਿਹਾ ਅਤੇ ਕੁਝ ਵੀ ਨਾ ਕੀਤਾ।

ਮਾਲਕ ਨੇ ਸੋਚਿਆ ਕਿ ਇਹ ਸੰਭਵ ਨਹੀਂ ਹੈ, ਇਸ ਵਾਰ ਮਾਲਕ ਨੇ ਵੀ ਕੁਝ ਅਜਿਹਾ ਸੋਚਿਆ ਜੋ ਅਸਲ ਵਿੱਚ ਕੁੱਕੜ ਲਈ ਅਸੰਭਵ ਸੀ।

ਮਾਲਕ ਨੇ ਕਿਹਾ ਕਿ ਕੱਲ੍ਹ ਤੋਂ ਤੈਨੂੰ ਅੰਡੇ ਦੇਣੇ ਪੈਣਗੇ ਨਹੀਂ ਤਾਂ ਮੈਂ ਤੈਨੂੰ ਮਾਰ ਦਿਆਂਗਾ।

ਹੁਣ ਕੁੱਕੜ ਨੂੰ ਆਪਣੀ ਮੌਤ ਸਾਫ਼ ਦਿਖਾਈ ਦੇਣ ਲੱਗੀ ਅਤੇ ਉਹ ਬਹੁਤ ਰੋਇਆ।

ਮਾਲਕ ਨੇ ਪੁੱਛਿਆ, “ਕੀ ਗੱਲ ਹੈ, ਕੀ ਤੁਸੀਂ ਮੌਤ ਦੇ ਡਰ ਕਾਰਨ ਰੋ ਰਿਹਾ ਹੈਂ?”

ਕੁੱਕੜ ਦਾ ਜਵਾਬ ਬਹੁਤ ਸੋਹਣਾ ਤੇ ਅਰਥ ਭਰਪੂਰ ਸੀ।

ਕੁੱਕੜ ਕਹਿਣ ਲੱਗਾ: “ਨਹੀਂ, ਮੈਂ ਰੋ ਰਿਹਾ ਹਾਂ ਕਿਉਂਕਿ ਆਂਡੇ ਨਾ ਦੇਣ ਲਈ ਮਰਨ ਨਾਲੋਂ ਤਾਂ ਬਾਂਗ ਮਾਰ ਕੇ ਮਰਨਾ ਚੰਗਾ ਸੀ… ਬਾਂਗ ਦੇਣਾ ਸੀ। ਮੈਂ ਆਪਣੀ ਪਛਾਣ ਤੇ ਪਹਿਚਾਣ, ਸਭ ਕੁਝ ਤਿਆਗ ਦਿੱਤਾ ਹੈ ਅਤੇ ਤੁਹਾਡੀ ਹਰ ਗੱਲ ਮੰਨ ਲਈ ਹੈ, ਪਰ ਜੇ ਕੋਈ ਜਿਸਦਾ ਇਰਾਦਾ ਹੀ ਮਾਰਨਾ ਹੈ, ਤਾਂ ਜ਼ਿੰਦਗੀ ਸਿਰਫ ਲੜ ਕੇ ਬਚਾਈ ਜਾ ਸਕਦੀ ਹੈ ਨਾ ਕਿ ਸਮਰਪਣ ਕਰਕੇ, ਜੋ ਮੈਂ ਨਹੀਂ ਕਰ ਸਕਿਆ …”

ਆਪਣੀ ਹੋਂਦ, ਆਪਣੀ ਪਹਿਚਾਣ ਦੀ ਰਾਖੀ ਲਈ ਸੰਘਰਸ਼ ਕਰਨਾ ਪਵੇ ਤਾਂ ਪਿੱਛੇ ਨਹੀਂ ਹਟਣਾ ਚਾਹੀਦਾ…!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!!