ਇਕ ਅਕਾਲ ਪੁਰਖ ਵਿਆਪਕ ਹੈ—ਦੂਜਾ ਮਨੁੱਖੀ ਤਲ ‘ਤੇ ਦੁਖ ਵਿਆਪਕ ਹੈ। ਭਾਵੇਂ ਦੁਖ ਦੀ ਮਾਰ ਤੋਂ ਕਈ ਪਸ਼ੂ-ਪੰਖੀ ਬਚੇ ਹੋਏ ਹਨ ਪਰ ਮਨੁੱਖਤਾ ਤਾਂ ਸਾਰੀ ਦੁਖ ਦੀ ਲਪੇਟ ਵਿਚ ਹੈ:
ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥
(ਵਾਰ ਰਾਮਕਲੀ, ਮ: ੧, ਅੰਗ ੯੫੪)
ਗੁਰੂ ਨਾਨਕ ਦੇਵ ਜੀ ਦੀ ਅਗੰਮੀ ਦ੍ਰਿਸ਼ਟੀ ਨੇ ਦੁਖ ਦੇ ਡੂੰਘੇ ਰਾਜ਼ ਆਪਣੀ ਬਾਣੀ ਵਿਚ ਦੱਸੇ ਹਨ-ਦੁਖ ਇਕ ਸਰਾਪ ਸਮਝਿਆ ਜਾਂਦਾ ਹੈ ਤੇ ਜਿਸ ਤੋਂ ਦੁਖ ਮਿਲੇ, ਉਸ ਨਾਲ ਪਿਆਰ ਹੋਣਾ ਬਹੁਤ ਔਖਾ ਹੈ, ਬਲਕਿ ਉਲਟਾ ਨਫ਼ਰਤ ਹੋ ਜਾਂਦੀ ਹੈ। ਦੁਖ ਦਰਅਸਲ ਨਿਯਮ ਦੀ ਉਲੰਘਣਾ ਹੈ। ਜਦ ਕੋਈ ਮਨੁੱਖ ਨਿਯਮ ਤੋੜਦਾ ਹੈ ਤਾਂ ਕੁਦਰਤ ਵੱਲੋਂ ਦੁੱਖਾਂ ਦਾ ਨਗਾਰਾ (ਅਲਾਰਮ) ਵੱਜਦਾ ਹੈ। ਮਨੁੱਖ ਨੂੰ ਦੁਖ ਤੋਂ ਬਿਨਾਂ ਸਾਵਧਾਨ ਕਰਨਾ ਅਤੀ ਕਠਿਨ ਹੈ। ਦੁਖ ਜ਼ਿੰਦਗੀ ਵਿਚ ਹਰਕਤ ਲੈ ਆਂਵਦਾ ਹੈ, ਦੁਖ ਵਿਚ ਮਨੁੱਖ ਪ੍ਰਹੇਜ਼ਗਾਰ ਤੇ ਨਿਯਮ-ਬੱਧ ਹੋ ਜਾਂਦਾ ਹੈ, ਦੁਖ ਦੁਆ ਨੂੰ ਜਨਮ ਦੇਂਦਾ ਹੈ, ਵਿਚਾਰ, ਦੁਰਾਚਾਰ ਤੇ ਅਨੇਕਾਂ ਪਾਪਾਂ ਦਾ ਦਾਰੂ ਕੇਵਲ ਦੁਖ ਹੈ:
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥
(ਆਸਾ ਦੀ ਵਾਰ, ਅੰਗ ੪੬੯)
ਦੁਖ ਦੀ ਪੀੜਾ ਪਾਪਾਂ ਤੋਂ ਦੂਰ ਕਰ ਦੇਂਦੀ ਹੈ ਤੇ ਜੋ ਕਈ ਸਾਲਾਂ ਦੇ ਜਪ ਤਪ ਨਾਲ ਵਿਕਾਰ ਨਹੀਂ ਦੂਰ ਹੁੰਦੇ ਸਨ, ਉਹੋ ਦੁਖ ਦੀ ਪੀੜਾ ਨਾਲ ਦੂਰ ਹੋ ਜਾਂਦੇ ਹਨ। ਭਾਵੇਂ ਵਕਤੀ ਹੀ ਦੂਰ ਹੋਵਣ ਪਰ ਦੁਖ ਵਿਚ ਪੀੜਤ ਹਿਰਦਾਂ ਪਾਪ ਤੋਂ ਬਚਿਆ ਰਹਿੰਦਾ ਹੈ। ਰਸਤੇ ਵਿਚ ਖਾਈਆਂ ਤੇ ਖੱਡੇ ਹੋਵਣ ਤਾਂ ਮਨੁੱਖ ਸਾਵਧਾਨ ਚੱਲਦਾ ਹੈ ਪਰ ਰਸਤਾ ਹਮਵਾਰ ਤੇ ਸਿੱਧਾ ਹੋਵੇ ਤਾਂ ਸਾਵਧਾਨੀ ਖ਼ਤਮ ਹੋ ਜਾਂਦੀ ਹੈ। ਅਕਸਰ ਸਿੱਧੇ ਰਸਤਿਆਂ ‘ਤੇ ਟਕਰਾਓ (ਐਕਸੀਡੈਂਟ) ਜ਼ਿਆਦਾ ਹੁੰਦੇ ਹਨ, ਕਿਉਂਕਿ ਅਸਾਵਧਾਨੀ ਅਚੇਤ-ਪੁਣਾ ਘੇਰ ਲੈਂਦਾ ਹੈ, ਸੁਚੇਤ ਰਹਿਣ ਲਈ ਕੋਈ ਦੁਖ, ਕੋਈ ਖ਼ਤਰਾ ਚਾਹੀਦਾ ਹੈ। ਜੰਗ ਲੜਾਈ ਦੇ ਦਿਨਾਂ ਵਿਚ ਸਮੁੱਚੀ ਕੌਮ ਤੇ ਦੇਸ਼, ਜਿਸ ਜਾਗ੍ਰਤੀ ਵਿਚ ਹੁੰਦਾ ਹੈ—ਜੰਗ-ਲੜਾਈ ਬੰਦ ਹੋਣ ਫਿਰ ਅਚੇਤਤਾ ਦੀ ਖੰਡ ਵਿਚ ਗਿਰ ਜਾਂਦਾ ਹੈ। ਹਰ ਦੁਖ ਕੁਛ ਨਵਾਂ ਅਨੁਭਵ ਤੇ ਸ਼ਕਤੀ ਦੇ ਜਾਂਦਾ ਹੈ। ਗਿਆਨ ਤੇ ਸ਼ਕਤੀ ਦੇ ਡੂੰਘੇ ਝਰਨੇ ਦੁਖ ਦੇ ਗਹਿਰੇ ਤਲ ਵਿੱਚੋਂ ਨਿਕਲਦੇ ਹਨ।
ਸੁਖ ਆਲਸੀ ਦਰਿੰਦ੍ਰਾ ਬਣਾ ਦੇਂਦਾ ਹੈ—ਸੁਖ ਦੇ ਬੋਝ ਹੇਠ ਦੱਬਿਆ ਉੱਚੀਆਂ ਉਡਾਰੀਆਂ ਲਾਉਣ ਵਿਚ ਅਸਮਰੱਥ ਹੋ ਜਾਂਦਾ ਹੈ। ਬਹੁਤ ਸੁਖੀ ਘਰਾਣਿਆਂ ਵਿਚ ਕਲਾਕਾਰ, ਦਾਰਸ਼ਨਿਕ, ਭਗਤ ਤੇ ਵਿਗਿਆਨਕ ਘੱਟ ਹੀ ਪੈਦਾ ਹੋਏ ਹਨ। ਸੁਖੀ ਘਰਾਣਿਆਂ ਦੇ ਅਕਸਰ ਬੱਚੇ ਗੋਬਰ-ਗਨੇਸ਼ ਹੀ ਹੁੰਦੇ ਹਨ।
ਵਿਕਾਸ ਤੇ ਸੁਚੇਤ ਰਹਿਣ ਲਈ ਕੋਈ ਦੁਖ ਦਾ ਧੰਦਾ ਚਾਹੀਦਾ ਹੈ ਯਾ ਦੁਖ ਦਾ ਅਨੁਭਵ ਹੋਵੇ ਤਾਂ ਹੀ ਜੀਵਨ ਵਿਚ ਵਿਕਾਸ ਹੁੰਦਾ ਹੈ। ਇਕ ਮੁਰਝਾਏ ਹੋਏ ਫੁੱਲ ਨੂੰ ਵੇਖ, ਮਹਾਤਮਾ ਬੁੱਧ ਨੂੰ ਅਤਿਅੰਤ ਧੱਕਾ ਲੱਗਿਆ। ਉਨ੍ਹਾਂ ਨੂੰ ਸਾਰਾ ਜਗਤ ਮੁਰਝਾਇਆ ਦਿਖਾਈ ਦੇਣ ਲੱਗ ਪਿਆ।
ਇਸ ਦੁਖ ਦੇ ਧੱਕੇ ਨੇ ਪਰਮ ਸੁਖ ਦੀ ਤਲਾਸ਼ ਲਈ ਮਜਬੂਰ ਕਰ ਦਿੱਤਾ ਤੇ ਦੁਖ ਦੇ ਇਸ ਧੱਕੇ ਨੇ ਆਪ ਨੂੰ ਮਹਾਤਮਾ ਬਣਾ ਦਿੱਤਾ। ਕਬੀਰ ਜੀ ਦੇ ਸ਼ਿਸ਼ ਭਗਤ ਧਨੀ ਰਾਮ ਦਾ ਕਹਿਣਾ ਹੈ ਕਿ ਮੈਂ ਉਸ ਦੁਖ ਤੋਂ ਸਦਕੇ ਜਾਂਦਾ
ਹਾਂ ਜੋ ਪਲ ਪਲ ਨਾਮ ਜਪਾਣ ਲਈ ਪ੍ਰੇਰਤ ਕਰੇ :
ਬਲਿਹਾਰੀ ਉਸ ਦੁਖੁ ਕੋ ਜਿਹ ਪਲਿ ਪਲਿ ਨਾਮੁ ਜਪਾਇ।
ਛੋਟਾ ਦੁਖ ਕੋਈ ਛੋਟਾ ਅਨੁਭਵ ਦੇ ਜਾਂਦਾ ਹੈ ਪਰ ਵੱਡਾ ਦੁਖ, ਵੱਡਾ ਅਨੁਭਵ, ਵੱਡੀ ਖੋਜ ‘ਤੇ ਮਜਬੂਰ ਕਰਦਾ ਹੈ ਜਦ ਸਾਰਾ ਜਗਤ ਦੁਖ ਦਿਖਾਈ ਦਿੱਤਾ।
ਸੰਸਾਰ ਦੁਖ ਦਾ ਸਾਗਰ ਹੈ। ਇਸ ਬੋਧ ਨੇ ਨਿਰੰਕਾਰ ਸੁਖ ਸਾਗਰ ਦੀ ਖੋਜ ਭਾਲ ‘ਤੇ ਮਜਬੂਰ ਕੀਤਾ।
ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਪਹਿਲੇ ਉਹ ਗੁਰੂ ਪ੍ਰਸ਼ੋਤਮ ਅਵਤਾਰ ਹਨ, ਜਿਨ੍ਹਾਂ ਨੇ ਦੁਖ ਭੁੱਖ ਨੂੰ ਵੀ ਅਕਾਲ ਪੁਰਖ ਦੀ ਇਕ ਦਾਤ ਆਖਿਆ 奇:
ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥
(नप्रती)
ਦੁਨਿਆਵੀ ਸੁੱਖਾਂ ਨੇ ਤਾਂ ਅੱਯਾਸ਼ ਤੇ ਬਦਮਾਸ਼ ਹੀ ਜ਼ਿਆਦਾ ਪੈਦਾ ਕੀਤੇ ਹਨ-ਸੁਖ ਬੇਹੋਸ਼ ਕਰ ਦੇਂਦਾ ਹੈ ਤੇ ਬੇਹੋਸ਼ੀ ਸਾਰਾ ਵਿਕਾਸ ਰੋਕ ਦੇਂਦੀ ਹੈ। ਸੱਚ ਤਾਂ ਇਹ ਹੈ ਕਿ ਗਿਆਨ, ਵਿਗਿਆਨ, ਧਰਮ, ਨਾਮ-ਰਸ ਦੇ ਮਹਾਨ ਮੋਤੀ ਦੁੱਖਾਂ ਦੇ ਗਹਿਰੇ ਸਾਗਰ ਵਿੱਚੋਂ ਨਿਕਲਦੇ ਹਨ। ਦੁਨੀਆ ਦਾ ਸਭ ਤੋਂ ਵੱਡਾ ਦੁਖੀ ਉਹ ਹੈ ਜੋ ਕਦੀ ਦੁਖੀ ਨਹੀਂ ਹੋਇਆ, ਕਿਉਂਕਿ ਉਸ ਕੋਲ ਹਉਮੈ ਗਿਆਨ ਨਾਮ-ਰਸ ਦਾ ਹੋਣਾ ਮੁਸ਼ਕਿਲ ਹੈ।
ਸੰਸਾਰ ਦੇ ਬਹੁਤੇ ਭਗਤ, ਬ੍ਰਹਮ-ਗਿਆਨੀ, ਦੀਨ-ਹੀਨ ਦੁਖੀ ਘਰਾਣਿਆਂ ਵਿੱਚੋਂ ਪੈਦਾ ਹੋਏ ਹਨ।
ਦੁਖ ਨੇ ਜੀਵਨ ਦੇ ਤਲ ਵਿਚ ਗਹਿਰੀ ਝਾਤ ਮਾਰਨ ‘ਤੇ ਮਜਬੂਰ ਕੀਤਾ। ਔਰ ਉਨ੍ਹਾਂ ਨੇ ਪਿੰਡੇ ਵਿੱਚੋਂ ਹੀ ਬ੍ਰਹਿਮੰਡ ਦਾ ਭੇਦ ਪਾ ਲਿਆ:
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
(ਭਗਤ ਪੀਪਾ ਜੀ, ਅੰਗ ੬੯੫)
ਗਿਆਨੀ ਸੰਤ ਸਿੰਘ ਜੀ ਮਸਕੀਨ
