ਇਸ ਸਬੰਧੀ ਇਹ ਵਾਰਤਾ ਸ਼ਾਇਦ ਦਿਲਚਸਪ ਲੱਗੇ: ੧੯੬੧ ਦੇ ਆਰੰਭਲੇ ਮਹੀਨਿਆਂ ਦੌਰਾਨ, ਉਸ ਸਮੇਂ ਦੇ ਸਰਕਾਰੀ ਸੰਤ, ਵਿਨੋਭਾ ਭਾਵੇਂ ਜੀ, ਪੰਜਾਬ ਦਾ ਦੌਰਾ ਕਰ ਰਹੇ ਸਨ।
ਮਿਸਟਰ ਗਾਂਧੀ ਦੇ ਉਤਰ ਅਧਿਕਾਰੀ ਹੋਣ ਕਰਕੇ ਅਤੇ ਗਾਂਧੀ ਦੇ ਪੈਰੋਕਾਰਾਂ ਦੀ ਹੀ ਦੇਸ਼ ਵਿਚ ਸਰਕਾਰ ਹੋਣ ਕਰਕੇ, ਉਹਨਾਂ ਦਾ ਇਹ ਪੰਜਾਬ-ਦੌਰਾ ਕਾਫ਼ੀ ਧੂਮ-ਧੜੱਕੇ ਵਾਲਾ ਸੀ। ਸਿੱਖ ਮਿਸ਼ਨਰੀ ਕਾਲਜ ਦੇ ਪ੍ਰੋਫ਼ੈਸਰ, ਸਵੱਰਗਵਾਸੀ ਗਿ: ਅਮਰ ਸਿੰਘ ਚਾਕਰ, ਹੋਰਾਂ ਦੀ ਅਗਵਾਈ ਵਿਚ ਕੁਝ ਵਿਦਿਆਰਥੀ ਵੀ ‘ਰੌਣਕ ਮੇਲਾ’ ਵੇਖਣ ਚਲੇ ਗਏ। “ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ” ਵਾਲੇ ਅਖਾਣ ਮੁਤਾਬਕ ਮੈਂ ਵੀ ਨਾਲ ਚਲਾ ਗਿਆ। ਚਾਕਰ ਸਾਹਿਬ ਜੀ ਨੂੰ ਸਿੱਖ ਅਤੇ ਸਿੱਖ ਧਰਮ ਦਾ ਅਧਿਆਪਕ ਜਾਣਕੇ, ਸੰਤ ਜੀ ਨੇ ਬਚਨ ਕੁਝ ਇਸ ਤਰ੍ਹਾਂ ਉਚਾਰਨ ਕੀਤੇ, “ਸਿੱਖ ਧਰਮ ਵਿਸ਼ਵ ਕਾ ਅਤੀ ਨਵੀਨ ਧਰਮ ਹੈ। ਯਹ ਵਿਗਿਆਨਕ ਕਸਵੱਟੀ ਪਰ ਭੀ ਸਹੀ ਹੈ। ਸੰਸਾਰ ਕੀ ਕਲਿਆਨ ਇਸੀ ਮੇ ਹੈ ਕਿ ਵੋਹ ਐਸੇ ਧਰਮ ਕਾ ਅਨੁਸਰਣ ਕਰੇ। ਪ੍ਰੰਤੂ ਸ਼ੋਕ ਕੀ ਬਾਤ ਯਹ ਹੈ ਕਿ ਅਬ ਯਹ ਧਰਮ ਚਲੇ ਗਾ ਨਹੀਂ।” ਸਾਡੀਆਂ ਹੈਰਾਨੀ ਭਰੀਆਂ ਉਤਸੁਕ ਅੱਖਾਂ ਵੱਲ ਤੱਕਦੇ ਹੋਏ ਸੰਤ ਜੀ ਅੱਗੇ ਹੋਰ ਬੋਲੇ, “ਯਹ ਜੋ ਆਪ ਨੇ ਗੁਰਦੁਆਰਾ ਐਕਟ ਬਨਵਾ ਕਰ ਧਰਮਸਥਾਨੋਂ ਮੇਂ, ਸਰਕਾਰੀ ਸੰਸਥਾਨੋਂ ਕੀ ਤਰਹ ਚੁਨਾਵੋਂ ਕੀ ਅਪਵਿੱਤਰ ਗਤਿਵਿਧੀਓਂ ਕਾ ਪ੍ਰਵੇਸ਼ ਕਰਾ ਲੀਆ ਹੈ, ਯਹ ਇਸ ਅੱਛੇ ਧਰਮ ਕੋ ਸਥਿਰ ਨਹੀਂ ਰਹਿਨੇ ਦੇਂਗੀ। ਪਊਆ ਪੀਨੇ ਵਾਲਾ ਅਧੀਆ ਪੀਨੇ ਵਾਲੇ ਕੋ ਅਪਨਾ ਨੇਤਾ ਮਾਨਤਾ ਹੈ ਔਰ ਅਧੀਆ ਪੀਨੇ ਵਾਲਾ ਪੂਰੀ ਸ਼ੀਸ਼ੀ ਪੀਨੇ ਵਾਲੇ ਕੋ। ਜਿਨ ਲੋਗੋਂ ਕਾ ਨਾ ਧਰਮ ਹੈ ਨਾ ਸਦਾਚਾਰ; ਉਨ ਲੋਗੋਂ ਦਵਾਰਾ ਚੁਨ ਕਰ ਭੀ ਵੈਸੇ ਹੀ ਲੋਗ ਆਏਂਗੇ ਜੈਸੇ ਕਿ ਵੋਹ ਆਪ ਹੈਂ।”
੧੯੨੦ ਤੋਂ ਲੈ ਕੇ ੧੯੨੫ ਤੱਕ, ਬੇਅੰਤ ਕੁਰਬਾਨੀਆਂ ਕਰਨ ਪਿਛੋਂ, ਮਜਬੂਰ ਹੋ ਕੇ ਸਮੇਂ ਦੀ ਸਰਕਾਰ ਅਤੇ ਸਿੱਖ ਨੀਤੀਵਾਨ ਇਕ ਸਮਝੌਤੇ ਉਤੇ ਅੱਪੜੇ ਅਤੇ ਨਤੀਜੇ ਵਜੋਂ ੧੯੨੫ ਵਾਲਾ ‘ਗੁਰਦੁਆਰਾ ਐਕਟ’ ਹੋਂਦ ਵਿਚ ਆਇਆ ਜਿਸਦੇ ਅਧੀਨ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ” ਵਜੂਦ ਵਿਚ ਆਈ। ਇਹ ਪੰਜ ਸਾਲ ਦਾ ਸਮਾਂ ਸਿੱਖ ਇਤਿਹਾਸ ਵਿਚ ਮਹਾਨ ਜਦੋ-ਜਹਿਦ ਦਾ ਸਮਾਂ ਸੀ ਜਿਸਨੇ ਅਠਾਰ੍ਹਵੀਂ ਸਦੀ ਦਾ ਕੁਰਬਾਨੀਆਂ ਵਾਲਾ ਸਿੱਖ ਇਤਿਹਾਸ ਦੁਹਰਾ ਦਿੱਤਾ। ਪੂਰਾ ਵਿਸਥਾਰ ਜਾਨਣ ਲਈ ਪੜ੍ਹੋ: ਅਕਾਲੀ ਲਹਿਰ ਦਾ ਇਤਿਹਾਸ, ਸ: ਸੋਹਣ ਸਿੰਘ ਜੋਸ਼, ਗਿ: ਪ੍ਰਤਾਪ ਸਿੰਘ ਆਦਿ ਕਈ ਲਿਖਾਰੀਆਂ ਵੱਲੋਂ ਵਿਸਥਾਰ ਸਹਿਤ ਵੱਖ ਵੱਖ ਕਿਤਾਬਾਂ ਵਿਚ ਅੰਕਤ।
ਇਸ ਪੰਜ ਸਾਲ ਦੀ ਜਦੋ-ਜਹਿਦ ਦੌਰਾਨ, ਕੌਮ ਨੇ ਪੰਜ ਸੌ ਦੇ ਕਰੀਬ ਸ਼ਹੀਦੀਆਂ ਦਿੱਤੀਆਂ, ਬੇਅੰਤ ਤਕਲੀਫ਼ਾਂ ਕੱਟੀਆਂ, ਜੇਹਲਾਂ ਵਿਚ ਰੁਲੇ, ਜੁਰਮਾਨੇ ਭਰੇ, ਜਾਇਦਾਦਾਂ ਦੀਆਂ ਕੁਰਕੀਆਂ ਕਰਵਾਈਆਂ, ਨੌਕਰੀਆਂ, ਨੰਬਰਦਾਰੀਆਂ, ਜ਼ੈਲਦਾਰੀਆਂ ਆਦਿ ਵਾਰੀਆਂ। ਇਵਜਾਨੇ ਵਜੋਂ ਪ੍ਰਾਪਤ ਕੀਤਾ ‘ਗੁਰਦੁਆਰਾ ਐਕਟ ੧੯੨੫’ ਜਿਸ ਤੋਂ ਪੰਥ-ਦਰਦੀ ਵੀ ਸੰਤੁਸ਼ਟ ਨਹੀਂ ਤੇ ਹਰੇਕ ਸਰਕਾਰ ਵੀ ਹਰੇਕ ਗੁਪਤ ਪਰਗਟ ਤੇ ਜਾਇਜ਼ ਨਾਜਾਇਜ਼ ਹਰਬਾ ਵਰਤ ਕੇ ਇਸ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਹੈ।
‘ਗੁਰਦੁਆਰਾ ਐਕਟ ੧੯੨੫’ ਅਨੁਸਾਰ ਚੋਣਾਂ ਲੜ ਕੇ ਗੁਰੂ-ਘਰਾਂ ਦੇ ਪ੍ਰਬੰਧ ਉਪਰ ਕਬਜ਼ਾ ਜਮਾ ਕੇ, ਆਪਣਾ ਸਮਾਜਕ, ਆਰਥਕ ਤੇ ਰਾਜਨੀਤਕ ਕੱਦ ਉਚਾ ਕਰਨਾ ਕੋਈ ਗੁਰਮਤਿ ਅਨੁਸਾਰੀ ਕਾਰਜ ਨਹੀਂ ਹੈ ਅਤੇ ਕਦਾਚਿਤ ਇਹ ਗੁਰਮਤਿ ਅਨੁਸਾਰੀ ਹੋ ਵੀ ਨਹੀਂ ਸਕਦਾ। ਪਰ ਸਹੀ ਹੱਲ ਵੀ ਇਸ ਮਰਜ਼ ਦਾ ਅਜੇ ਤੱਕ ਕੌਮ ਨੂੰ ਨਹੀਂ ਸੁਝਿਆ। ਪੀੜ੍ਹੀਆਂ ਤੋਂ ਚਲਿਆ ਆ ਰਿਹਾ ਇਕ-ਪੁਰਖੀ ਮਹੰਤਾਂ ਦੇ ਅਧੀਨ ਗੁਰਦੁਆਰਾ ਪ੍ਰਬੰਧ, ਕੌਮ ਨੇ, ਸਮੇਂ ਨਾਲ ਭ੍ਰਿਸ਼ਟ ਹੋ ਗਿਆ ਸਮਝ ਕੇ, ਨਕਾਰ ਦਿੱਤਾ ਤੇ ਇਸਨੂੰ ਬਦਲਣ ਵਾਸਤੇ ਕਿੰਨੀ ਕੀਮਤ ਤਾਰੀ, ਇਹ ਸਾਰਾ ਕੁਝ ਇਤਿਹਾਸ ਦਾ ਹਿੱਸਾ ਬਣ ਚੁੱਕਾ ਹੈ। ਸਾਰੇ ਮਹੰਤ ਉਸ ਸਮੇਂ ਵੀ ਮਾੜੇ ਨਹੀਂ ਸਨ ਤੇ ਸ਼ੁਰੂ ਵਿਚ ਤਾਂ ਗੁਰਦੁਆਰੇ ਕਾਇਮ ਹੋਏ ਤੇ ਉਸਰੇ-ਪਸਰੇ ਹੀ ਇਹਨਾਂ ਉਦਾਸੀ ਤੇ ਨਿਰਮਲੇ ਮਹੰਤਾਂ ਦੇ ਪੂਰਵਜਾਂ ਦੀ ਹਿੰਮਤ ਸਦਕਾ ਹੀ ਸਨ। ਸਿੰਘ ਤਾਂ ਹਕੂਮਤ ਦੇ ਬਾਗ਼ੀ ਹੋਣ ਕਾਰਨ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨ ਲਈ ਪਰਗਟ ਤੌਰ ਤੇ, ਗੁਰਦੁਆਰਿਆਂ ਵਿਚ ਹਾਜ਼ਰ ਹੀ ਨਹੀਂ ਸਨ ਰਹਿ ਸਕਦੇ। ਬਕੌਲ ਇਕ ਸਿੱਖ ਵਿਦਵਾਨ ਦੇ, ਉਸ ਸਮੇਂ ਤਾਂ ਇਕ ਨਰੈਣੂ ਸੀ, ਅੱਜ ਕਿੰਨੇ ਨਰੈਣੂ ਹਨ! ਗਿਣਤੀ ਕਰਨੀ ਹੀ ਮੁਸ਼ਕਲ ਹੈ।
ਹੋਰ ਵਿਸਥਾਰ ਇਸ ਬਾਰੇ ਜੇਕਰ ਕੋਈ ਸੱਜਣ ਜਾਣਨਾ ਚਾਹੇ ਤਾਂ ਡਾ: ਹਰਜਿੰਦਰ ਸਿੰਘ ਦਿਲਗੀਰ ਦੇ, ਇੰਟਰਨੈੱਟ ਉਪਰ ਛਪ ਰਹੇ, ਪੰਜਾਬੀ ਪਰਚਿਆਂ ਵਿਚ, ਤਾਜ਼ਾ ਛਪ ਰਹੇ ਲੇਖਾਂ ‘ਤੇ ਝਾਤੀ ਮਾਰ ਲਵੇ।
ਇਕ ਵਿਅਕਤੀ ਦਾ ਸਦਾਚਾਰ ਸਦਾ ਲਈ ਇਕਸਾਰ ਨਹੀਂ ਰਹਿ ਸਕਦਾ। ਗੁਰਬਾਣੀ ਫੁਰਮਾਣ ਹੈ, “ਕਬਹੂੰ ਜੀਅੜਾ ਉਭਿ ਚੜਤ ਹੈ ਕਬਹੂੰ ਜਾਇ ਪਇਆਲੇ॥” ਫੇਰ ਪੀਹੜੀ ਦਰ ਪੀਹੜੀ ਜ਼ਰੂਰੀ ਨਹੀਂ ਕਿ ਸਾਰੇ ਵਿਅਕਤੀ ਹੀ ਆਚਾਰਵਾਨ ਰਹਿ ਸਕਣ। ਇਸਦੀਆਂ ਪ੍ਰਤੱਖ ਮਿਸਾਲਾਂ ਸਿੱਖ ਇਤਿਹਾਸ ਵਿਚੋਂ, ਗੁਰੂ ਸਾਹਿਬਾਨ ਦੇ ਆਪਣੇ ਸਮੇਂ ਦੇ ਮੁਖੀ ਸਿੱਖਾਂ ਦੀਆਂ ਵੀ ਅਤੇ ਉਹਨਾਂ ਦੇ ਆਪਣੇ ਪਰਵਾਰਕ ਮੈਂਬਰਾਂ ਬਾਰੇ ਵੀ ਮਿਲਦੀਆਂ ਹਨ। ਨੌਵੇਂ ਪਾਤਿਸ਼ਾਹ ਨੇ ਭਾਈ ਬੁਲਾਕੀ ਦਾਸ ਨੂੰ, ਯੋਗ ਜਾਣ ਕੇ, ਢਾਕੇ ਦੀਆਂ ਸੰਗਤਾਂ ਦਾ ਮਸੰਦ ਥਾਪਿਆ ਸੀ ਪਰ ਦਸਮ ਪਾਤਿਸ਼ਾਹ ਨੇ ਉਸਦੇ ਪੋਤਰਿਆਂ ਨੂੰ ਬੇਈਮਾਨ ਪਾਇਆ।
ਇਸ ਤਰ੍ਹਾਂ ਗੁਰੂ ਸਾਹਿਬਾਨ ਸਭ ਤੋਂ ਵਧ ਯੋਗ ਸਿੱਖ ਲਭ ਕੇ ਹੀ ਇਲਾਕੇ ਦੀ ਮਸੰਦਗੀ ਦੀ ਜਿਮੇਵਾਰੀ ਉਸ ਗੁਰਸਿੱਖ ਨੂੰ ਸੌਂਪਦੇ ਸਨ ਜੋ ਕਿ ਸਿੱਖੀ ਦੀ ਕਸਵੱਟੀ ਉਪਰ ਸਭ ਤੋਂ ਵਧ ਸਹੀ ਸਾਬਤ ਹੁੰਦਾ ਸੀ ਪਰ ਕੁਝ ਸਮੇਂ ਬਾਅਦ ਏਸੇ ਸੰਸਥਾ ਦੇ ਮੁਖੀਆਂ ਨੂੰ, ਦੋਸ਼ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸਜ਼ਾਵਾਂ ਵੀ ਦਿੱਤੀਆਂ। ਆਪਣੇ ਸਿੱਖਾਂ ਨੂੰ ਮਸੰਦ ਮਸੰਦੀ ਦੇ ਨੇੜੇ ਜਾਣ ਤੋਂ ਵੀ ਵਰਜਿਆ।
ਤਕਰੀਬਨ ਇਕ ਸਦੀ ਦੀ ਸਿਰ-ਖਪਾਈ ਪਿੱਛੋਂ ਅਜੇ ਤੱਕ ਅਸੀਂ ਕੇਵਲ ਏਥੇ ਹੀ ਪਹੁੰਚੇ ਹਾਂ ਕਿ ਕੌਮ ਦੇ ਦੋਵੇਂ ਤਜਰਬੇ (ਇਕ-ਪੁਰਖੀ ਅਤੇ ਚੋਣਾਂ ਵਾਲਾ) ਫ਼ੇਹਲ ਹੋ ਚੁੱਕੇ ਹਨ ਪਰ ਇਹਨਾਂ ਦੋਹਾਂ ਤੋਂ ਚੰਗੇਰਾ ਪ੍ਰਬੰਧ ਕਰਨ ਦਾ ਤਰੀਕਾ ਅਜੇ ਕੌਮ ਨੂੰ ਸੁਝ ਨਹੀਂ ਰਿਹਾ। ਕੁਝ ਸਿਆਣੇ ਅਤੇ ਧਰਮੀ ਸੱਜਣ ਆਖਣਗੇ ਕਿ ਪੂਰਨ ਗੁਰਸਿੱਖ ਮਿਲ ਬੈਠ ਕੇ ਪੂਰਨ ਗੁਰਸਿੱਖਾਂ ਨੂੰ ਪ੍ਰਬੰਧਕ ਚੁਣਨ। ਵਿਚਾਰ ਅਤੀ ਸੁੰਦਰ ਹੈ ਪਰ ਪੂਰਨ ਗੁਰਸਿੱਖ ਹੋਣ ਦਾ ਪ੍ਰਮਾਣ-ਪੱਤਰ ਕੌਣ ਦਊਗਾ! ਹਉਮੈਂ ਵੱਸ ਅਸੀਂ ਆਪਣੇ ਨਾਲੋਂ ਚੰਗੇਰਾ ਤਾਂ ਕੀ, ਆਪਣੇ ਵਰਗਾ ਵੀ ਕਿਸੇ ਨੂੰ ਮੰਨਣ ਲਈ ਤਿਆਰ ਨਹੀਂ। ਹਾਲਤ ਸਾਡੀ, “ਆਪਸ ਕਉ ਦੀਰਘ ਕਰਿ ਜਾਨੈ ਅਉਰਨ ਕਉ ਲਗ ਮਾਤ॥” ਵਾਲੀ ਹੈ। ਬਹੁਤੀ ਥਾਈਂ ਗੁਰਦੁਆਰਾ ਪ੍ਰਬੰਧ ਉਪਰ ਆਪਣਾ ਜਾਂ ਆਪਣੇ ਧੜੇ ਦਾ ਕਬਜ਼ਾ ਕਰਨ ਜਾਂ ਕੀਤੇ ਹੋਏ ਕਬਜ਼ੇ ਨੂੰ ਕਾਇਮ ਰੱਖਣ ਲਈ, ਅਸੀਂ ਵੇਖਦੇ ਹਾਂ ਕਿ, ਬਹੁਤ ਹੀ ਵੱਡੇ ਵੱਡੇ ‘ਧਰਮੀ ਯੋਧੇ’ ਦਿਸਣ ਵਾਲੇ ਸੱਜਣ ਵੀ, ਲੋੜ ਪੈਣ ਤੇ “ਬੁਰੇ ਦੇ ਘਰ ਤੱਕ ਅੱਪੜਨ” ਤੋਂ ਵੀ ਸੰਕੋਚ ਨਹੀਂ ਕਰਦੇ।
ਅਜਿਹੀ ਕੌਮੀ ਦਸ਼ਾ ਅਤੇ ਸੋਚ ਦੇ ਹੁੰਦਿਆਂ ਤਾਂ ਸਹੇ ਦੇ ਸਿਰੋਂ ਸਿੰਝਾਂ ਦੀ ਭਾਲ ਕਰਨ ਵਾਲੀ ਗੱਲ ਹੀ ਹੈ। ਵੈਸੇ ਕਿਸੇ ਵੀ ਸਮੇਂ ਕੌਮ ਵਿਚ ਯੋਗ ਵਿਅਕਤੀਆਂ ਦੀ ਘਾਟ ਨਹੀਂ ਰਹੀ ਅਤੇ ਅੱਜ ਵੀ ਕੌਮੀ ਦਰਦ ਅਤੇ ਸੂਝ ਰੱਖਣ ਵਾਲੇ ਸਿੱਖਾਂ ਦੀ ਥੁੜ ਨਹੀਂ ਹੈ ਪਰ ਇਸ ਸਮੇਂ ਚੋਣਾਂ ਦੇ ਰੋਲ-ਘਚੋਲੇ ਦੀ ਧੂੜ ਦੀ ਐਸੀ ਘੜਮੱਸ ਪਈ ਹੋਈ ਹੈ ਕਿ ਪੰਥ ਦਰਦੀਆਂ ਨੂੰ ਕੋਈ ਸਹੀ ਪੰਧ ਦਿਸਣਾ ਅਸੰਭਵ ਜਿਹਾ ਜਾਪ ਰਿਹਾ ਹੈ।
ਸਤਿਗੁਰੂ ਪਾਤਿਸ਼ਾਹ ਤਾਂ ਰਾਹ ਦੱਸਣਗੇ ਹੀ ਸਹੀ ਸਮਾਂ ਆਉਣ ਤੇ; ਪਰ ਕੀ ਕੌਮ ਦੇ ਆਗੂ, ਧਰਮ ਦੇ ਠੇਕੇਦਾਰ, ਸਮਾਜਕ ਚੌਧਰੀ, ਧਰਮ ਸਥਾਨਾਂ ਦੇ ਮਜੌਰ, ਸਿਆਸੀ ਰੱਬ, ਵਿਦਵਾਨ ਆਦਿ ਵੀ ਇਸ ਪਾਸੇ ਧਿਆਨ ਦੇਣ ਲਈ ਸੁਰਤ ਸੰਭਾਲਣਗੇ?
ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
