‘ਬਾਰਹ ਮਾਹਾ ‘ ਦੇ ਵਿੱਚੋਂ ਅੱਸੂ ਸੱਤਵਾਂ ਮਹੀਨਾ ਹੈ।
ਇਸ ਸਮੇਂ ਮੌਸਮ ਬਦਲਣ ਲੱਗਦਾ ਹੈ। ਗਰਮੀਆਂ ਹੌਲੀ ਹੌਲੀ ਖਤਮ ਹੋ ਕੇ ਸਰਦੀਆਂ ਵੱਲ ਪੈਰ ਧਰਦੀਆਂ ਹਨ। ਦਿਨ ਛੋਟੇ ਹੋਣ ਲੱਗਦੇ ਹਨ ਤੇ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ |
ਅੱਸੂ ਮਹੀਨਾ ਕਿਸਾਨੀ ਜ਼ਿੰਦਗੀ ਨਾਲ ਵੀ ਗਹਿਰਾ ਜੁੜਿਆ ਹੋਇਆ ਹੈ। ਇਸ ਮਹੀਨੇ ਖੇਤਾਂ ਦੇ ਵਿੱਚ ਧਾਨ ( ਚਾਵਲ )ਦੀ ਫਸਲ ਤਿਆਰ ਹੁੰਦੀ ਹੈ। ਕਿਸਾਨ ਖੇਤਾਂ ਵਿੱਚ ਕਟਾਈ ਕਰਦੇ ਹਨ ਤੇ ਖੁਸ਼ੀਆਂ ਮਨਾਉਂਦੇ ਹਨ। ਕਿਉਂਕਿ ਮਿਹਨਤ ਦੇ ਫਲ ਮਿਲਦੇ ਹਨ। ਪਿੰਡਾਂ ਦੀਆਂ ਗਲੀਆਂ ਵਿੱਚ ਨਵਾਂ ਅੰਨ ਆਉਣ ਦੇ ਨਾਲ ਰੌਣਕ ਹੋ ਜਾਂਦੀ।
ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ, ਡਾ. ਗੁਰਚਰਨ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ, ਪ੍ਰੋ. ਸਾਹਿਬ ਸਿੰਘ ‘ਮਹਾਨ ਕੋਸ਼’, ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’, ‘ਗੁਰਬਾਣੀ ਪਾਠ ਦਰਪਣ’ ਦੇ ਵਿੱਚ ਜਿੱਥੇ ਆਪੋ ਆਪਣੀ ਮਤ ਦੇ ਅਨੁਸਾਰ ਸ਼ਬਦਾਂ ਨੂੰ ਅਨੇਕਾਂ ਤਰੀਕਿਆਂ ਦੇ ਨਾਲ ਵਖਿਆਨ ਕਰਦੇ ਨੇ, ਉੱਥੇ ਕੁਝ ਕੁ ਸ਼ਬਦਾਂ ਦੇ ਅਰਥ ਸਨਾਤਨ ਮੱਤ ਵਾਲੇ ਹੀ ਲਿਖਦੇ ਹਨ । ਅਸੁਨਿ ਸੰਖੇਪ ਅੱਸੂ ਦੇ ਮਹੀਨੇ ਦੇ ਨਾਮ ਨੂੰ ਚੰਦਰਮਾ ਦੇ ਅਸਵਨੀ ਨਕਸ਼ਤਰ ਤੋਂ ਮੰਨਦੇ ਹਨ.
ਅਸੁਨਿ: ਆਸ ਸੁਨਿ ਦਾ ਸੰਖੇਪ ਹੈ ।
ਗੁਰੂ ਦੇ ਕੋਲੋਂ ਪਰਮਾਤਮਾ ਦੀਆਂ ਕਹਾਣੀਆਂ ਸੁਣ ਕਰਕੇ, ਪ੍ਰਭੂ ਦੇ ਵਿੱਚ ਲੀਨ ਹੋਇਆਂ ਦੇ ਪ੍ਰਤਾਪ ਬਾਰੇ ਸੁਣ ਕਰਕੇ ਸਰੋਤੇ ਦੇ ਅੰਦਰ ਪ੍ਰਭੂ ਪ੍ਰੇਮ ਦਾ ਉਮਾਹੜਾ ਆਉਂਦਾ ਹੈ ਕਿ ਕਿਵੇਂ ਹਰੀ ਦੇ ਕੋਲ ਪਹੁੰਚ ਕੇ ਉਸ ਨੂੰ ਮਿਲਾਂ, ਮਨ ਤੇ ਤਨ ਦੇ ਵਿੱਚ ਦਰਸ਼ਨਾਂ ਦੀ ਘਣੀ ਪਿਆਸ ਪੈਦਾ ਹੁੰਦੀ ਹੈ, ਕੋਈ ਆਣ ਕੇ ਪਰਮਾਤਮਾ ਪਤੀ ਦੇ ਨਾਲ ਮਿਲਾਵੇ, ਸੰਤ ਇਸ ਪ੍ਰੇਮ ਦੇ ਵਿੱਚ ਸਹਾਈ ਹਨ, ਇਸ ਲਈ ਮੈਂ ਉਹਨਾਂ ਦੇ ਚਰਨੀ ਲੱਗਦੀ ਹਾਂ, ਪ੍ਰਭੂ ਤੋਂ ਬਿਨਾਂ ਕਿਵੇਂ ਸੁੱਖ ਮਿਲ ਸਕਦਾ ਹੈ, ਸੁੱਖ ਅਨੰਦ ਦੀ ਹੋਰ ਕੋਈ ਥਾਂ ਹੀ ਨਹੀਂ ਹੈ, ਜਿਨ੍ਹਾਂ ਨੇ ਵੀ ਪ੍ਰਭੂ ਪਿਆਰ ਦਾ ਰਸ ਚੱਖ ਲਿਆ ਹੈ। ਉਹ ਤ੍ਰਿਪਤ ਹੋ ਜਾਂਦੇ ਹਨ, ਆਪਾ ਭਾਵ ਤਿਆਗ ਕੇ ਬੇਨਤੀਆਂ ਕਰਦੇ ਹਨ ਕਿ ਸਾਨੂੰ ਆਪਣੇ ਲੜ ਦੇ ਨਾਲ ਲਾ ਲਵੋ, ਜਿਨਾਂ ਦੀਆਂ ਅਰਦਾਸਾਂ ਨੂੰ ਸੁਣ ਕੇ ਹਰੀ ਕੰਤ ਨੇ ਆਪਣੇ ਨਾਲ ਮਿਲਾ ਲਿਆ ਹੈ ਉਹ ਦੁਬਾਰਾ ਫਿਰ ਨਹੀਂ ਵਿਛੜਦੀਆਂ, ਉਹਨਾਂ ਜੀਵ ਇਸਤਰੀਆਂ ਨੂੰ ਨਿਸ਼ਚਾ ਆ ਜਾਂਦਾ ਹੈ ਕਿ ਸਦੀਵੀ ਸੁੱਖ ਵਾਸਤੇ ਪ੍ਰਭੂ ਸ਼ਰਨ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ, ਅੱਸੂ ਦੇ ਮਹੀਨੇ ਉਹ ਜੀਵ ਇਸਤਰੀਆਂ ਸੁਖੀ ਵਸਦੀਆਂ ਹਨ,ਜਿਨਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ।
ਗੁਰਬਾਣੀ ਤੇ ਸਿੱਖ ਇਤਿਹਾਸ ਦੇ ਵਿੱਚ ਅਨੇਕਾਂ ਪ੍ਰਮਾਣ ਮਿਲਦੇ ਹਨ ਕਿ ਦੂਜਿਆਂ ਦੇ ਕੋਲੋਂ ਸੁਣ ਕੇ ਗੁਰਸਿੱਖਾਂ ਦੇ ਅੰਦਰ ਗੁਰੂ ਪਰਮਾਤਮਾ ਦੇ ਮਿਲਾਪ ਦੀ ਆਸ ਬਣੀ ਹੈ, ਭਗਤ ਕਬੀਰ ਜੀ ਦੇ ਪ੍ਰਤਾਪ ਨੂੰ ਸੁਣ ਕੇ ਸੈਨ ਨਾਈ ਜੀ ਦੇ ਅੰਦਰ ਮਿਲਾਪ ਦੀ ਆਸ ਪੈਦਾ ਹੁੰਦੀ ਹੈ, ਰਾਤ ਦੇ ਸਮੇਂ ਉਹ ਬੰਦਗੀ ਕਰਨਾ ਆਰੰਭ ਕਰਦੇ ਹਨ,
ਸੁਣਿ ਪ੍ਰਤਾਪ ਕਬੀਰ ਦਾ ਦੂਜਾ ਸਿਖ ਹੋਆ ਸੈਣੁ ਨਾਈ ।
( ਭਾਈ ਗੁਰਦਾਸ ਜੀ ਵਾਰ ੧੦ ਪਉੜੀ ੧੬)
ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਰਵਿਦਾਸ ਜੀ, ਸ੍ਰੀ ਸੈਨੁ ਜੀ ਜਿਹਦੇ ਬਾਰੇ ਸੁਣ ਕਰਕੇ ਭਗਤ ਧੰਨਾ ਜੀ ਦੇ ਅੰਦਰ ਪ੍ਰਭੂ ਮਿਲਾਪ ਦੀ ਆਸ ਬਣਦੀ ਹੈ, ਭਗਤੀ ਕਰਨ ਲੱਗਦੇ ਹਨ ਤੇ ਗੁਸਈਆ ਪ੍ਰਤੱਖ ਹੋ ਕਰਕੇ ਮਿਲਦਾ ਹੈ
ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ।।
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ।।੧।। ਰਹਾਉ।।
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ।।
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ।।੧।।
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ।।
ਪਰਗਟ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ।।੨।।
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ।।
ਹਿਰਦੇ ਵਸਿਆ ਪਾਰਬ੍ਰਹਮ ਭਗਤਾ ਮਹਿ ਗਨਿਆ।।੩।।
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ।।
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ।।੪।।
( ਸ੍ਰੀ ਗੁਰੂ ਗ੍ਰੰਥ ਸਾਹਿਬ, ੪੮੭)
ਭਾਈ ਜੋਧ ਜੀ ਦੇ ਕੋਲੋਂ ਖਡੂਰ ਸਾਹਿਬ ਦੇ ਵਿੱਚ ਗੁਰਬਾਣੀ ਸੁਣ ਕਰਕੇ ਭਾਈ ਲਹਿਣਾ ਜੀ ਦੇ ਅੰਦਰ ਗੁਰੂ ਨਾਨਕ ਜੀ ਦੇ ਮਿਲਾਪ ਦੀ ਆਸ ਉਤਪੰਨ ਹੁੰਦੀ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਭਾਈ ਜੱਸੋ ਜੀ ਨੂੰ ਵਿਆਹੇ ਹੋਏ ਸਨ, ਉਨਾਂ ਦੇ ਰਸਨਾ ਤੋਂ ਗੁਰਬਾਣੀ ਸੁਣ ਕਰਕੇ ਬਾਬਾ ਅਮਰਦਾਸ ਜੀ ਦੇ ਅੰਦਰ ਦੂਸਰੇ ਪਾਤਸ਼ਾਹ ਨੂੰ ਮਿਲਣ ਦੀ ਆਸ ਪੈਦਾ ਹੋਈ।
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ
