53 views 5 secs 0 comments

ਰੁੰਨੜੇ ਵਣਹੁ ਪੰਖੇਰੂ (ਸਿੱਖੀ ਇਕ ਵਿਗਿਆਨਕ ਧਰਮ)

ਲੇਖ
October 01, 2025

ਜਿਨ੍ਹਾਂ ਉਚਾਈਆਂ ਤੇ ਸੁਰਤਿ ਛਾਲਾਂ ਮਾਰ ਆਈ ਹੈ, ਉਥੇ ਕਿਤੇ ਹੁਣ ਜੰਤਰਾਂ ਨਾਲ ਸਾਇੰਸਦਾਨ ਪੁੱਜਣ ਲਈ ਹੱਥ ਪੈਰ ਮਾਰ ਰਿਹਾ ਹੈ। ਅੱਜ ਜਦੋਂ ਅਜਿਹੀਆਂ ਖੋਜਾਂ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਆਪ-ਮੁਹਾਰੇ ਸਿਰ ਗੁਰੂ ਪਾਤਸ਼ਾਹਾਂ ਅੱਗੇ ਝੁਕ ਜਾਂਦਾ ਹੈ। ਹੁਣ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਤਮਾਕੂ-ਨੋਸ਼ੀ ਸਰੀਰ, ਬੁਧੀ ਅਤੇ ਆਤਮਾ ‘ਤੇ ਤੀਹਰਾ ਹਮਲਾ ਕਰਦੀ ਹੈ। ਸਾਲਾਂ ਬੱਧੀ ਖੋਜ ਬਾਅਦ ਸਾਇੰਸਦਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਤਮਾਕੂ ਖਾਂਦਿਆਂ ਤੇ ਪੀਂਦਿਆਂ ਸਰੀਰ ਕੈਂਸਰ ਦਾ ਸ਼ਿਕਾਰ ਹੋ ਜਾਂਦਾ ਹੈ। ਬੁੱਧੀ ਨਸ਼ਟ ਹੋ ਜਾਂਦੀ ਹੈ।

ਗੁਰੂ ਨਾਨਕ ਦੇਵ ਜੀ ਨੇ ਵਡਹੰਸ ਰਾਗ ਵਿਚ ਫ਼ੁਰਮਾਇਆ ਸੀ ਕਿ ਜਦ ਬਿਰਹੁ ਦੀ ਚੋਟ ਲਗਦੀ ਹੈ ਤਾਂ ਜੀਵ ਇਸਤਰੀ ਐਸੇ ਹੋਕੇ ਭਰਦੀ ਹੈ ਕਿ ਵਣ ਤੱਕ ਰੋਣ ਲੱਗ ਪੈਂਦੇ ਹਨ :

ਮੈਂ ਰੋਵੰਦੀ ਸਭੁ ਜਗੁ ਰੁੰਨਾ ਰੁੰਨੜੇ ਵਣਹੁ ਪੰਖੇਰੂ।।

ਇਹ ਕੋਈ ਨਿਰੀ ਤਸ਼ਬੀਹ ਨਹੀਂ ਸਗੋਂ ਹਕੀਕਤ ਹੈ, ਜਿਸ ਤੋਂ ਪਰਦਾ ਹੁਣੇ ਹੀ( ਜਦੋਂ ਲੇਖ ਲਿਖਿਆ ਗਿਆ) ਅਮਰੀਕਾ ਦੇ ਸਾਇੰਸਦਾਨਾਂ ਨੇ ਲਾਹਿਆ ਹੈ।

ਜਗਦੀਸ਼ ਚੰਦਰ ਬੋਸ ਨੇ ਦੱਸਿਆ ਸੀ ਕਿ ਪੇੜ ਪੌਦਿਆਂ ਵਿਚ ਜੀਵਨ ਹੁੰਦਾ ਹੈ। ਜੀਵਨ ਵਿਚ ਸੁਖ ਵੀ ਤੇ ਦੁੱਖ ਵੀ। ਹਰਖ਼ ਵੀ ਤੇ ਹੋਕਾ ਵੀ। ਆਪਣੀ ਥਾਂ ਖੜ੍ਹੇ ਸ਼ਾਂਤ ਚਿਤ ਪਰਉਪਕਾਰੀ ਦਰੱਖ਼ਤ ਦੁੱਖ ਦੇ ਸਮੇਂ ਰੋਂਦੇ, ਡੁਸਕਦੇ ਤੇ ਹਟਕੋਰੇ ਭਰਦੇ ਹਨ। ਸਾਇੰਸਦਾਨਾਂ ਨੇ ਜਲ ਖੁਣੋਂ ਤਰਸਦੇ ਸੁੱਕੇ ਦਰੱਖ਼ਤਾਂ ਦੀ ਡਾਲ ਨਾਲ ਜੰਤਰ ਲਗਾ ਕੇ ਦਰੱਖਤਾਂ ਦੇ ਕੀਰਨੇ ਰਿਕਾਰਡ ਕੀਤੇ। ਦਰੱਖ਼ਤਾਂ ਦਾ ਡੁਸਕਣਾ ਸਾਇੰਸ ਦੀ ਜ਼ਬਾਨ ਵਿਚ ੫੦ ਤੋਂ ੫੦੦ ਕਿਲੋ ਹਰਟਜ਼ ‘ਤੇ ਹੁੰਦਾ ਹੈ। ਸਾਡੇ ਕੰਨ ੨੦ ਕਿਲੋ ਹਰਟਜ਼ ਤੋਂ ਵੱਧ ਦੀਆਂ ਆਵਾਜ਼ਾਂ ਸੁਣ ਨਹੀਂ ਸਕਦੇ। ਅਲਟਰਾਸੋਨਿਕ ਜ਼ਰੀਏ ਆਪਸ ਵਿਚ ਵਾਰਤਾਲਾਪ ਕਰਨ ਵਾਲੇ ਕੁਝ ਕੀੜੇ-ਮਕੌੜੇ ਦਰੱਖ਼ਤਾਂ ਦਾ ਰੋਣਾ-ਧੋਣਾ ਸੁਣ ਲੈਂਦੇ ਹਨ ਜੋ ਜਲ ਦੇ ਅਭਾਵ ਕਾਰਨ ਨਲੀਆਂ (ਡਕਟਸ) ਦੇ ਟੁੱਟਣ ਕਾਰਨ ਹੁੰਦਾ ਹੈ। ‘ਬਚਾਓ ਬਚਾਓ’ ਦਾ ਰੁਦਨ ਕਰਨ ਵਾਲੇ ਇਨ੍ਹਾਂ ਦਰੱਖਤਾਂ ਤੇ ਕੀੜੇ ਮਕੌੜੇ ਗਿੱਧਾ ਵਾਂਗ ਟੁੱਟ ਕੇ ਪੈ ਜਾਂਦੇ ਹਨ।

ਇਕ ਹੋਰ ਤੁਕ ਸਾਹਿਬ ਗੁਰੂ ਰਾਮਦਾਸ ਜੀ ਦੀ ਹੈ, ਜਿਸ ਵਿਚ ਉਨ੍ਹਾਂ ਫ਼ਰਮਾਇਆ

ਸਮੁੰਦ ਵਿਰੋਲ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ॥

ਜੋ ਸਦੀਆਂ ਪਹਿਲਾਂ ਗੁਰੂ ਪਿਤਾ ਨੇ ਉਚਾਰਿਆ ਸੀ ਉਸ ਨੂੰ ਸਾਇੰਸਦਾਨ ਹੁਣ ਇਸ ਤਰ੍ਹਾਂ ਪਏ ਕਹਿੰਦੇ ਹਨ ਕਿ ਅਸੀਂ ਸੱਚਮੁੱਚ ਹੀ ਸਮੁੰਦਰ ਨੂੰ ਆਪਣੇ ਅੰਦਰ ਲਈ ਫਿਰਦੇ ਹਾਂ।

ਬਰਤਾਨੀਆ ਦੇ ਡਾਕਟਰ ਲੋਯਲ ਵਾਟਸਨ ਨੇ ਪੁਸਤਕ ‘ਲਾਈਫ ਟਾਈਮਜ਼’ ਵਿਚ ਆਪਣੀ ਖੋਜ ਦਾ ਸਿੱਟਾ ਦਰਜ ਕਰਦੇ ਲਿਖਿਆ ਹੈ ਕਿ ਸਾਡੇ ਸਰੀਰ ਦੀ ਦ੍ਰਵ ਸੰਰਚਨਾ ਆਦਿ ਕਾਲ ਦੇ ਸਮੁੰਦਰ ਨਾਲ ਹੂ-ਬਹੂ ਮਿਲਦੀ ਹੈ। ਸਰੀਰ ਵਿਚ ਦੌਰਾ ਕਰਦੇ ਖੂਨ ਵਿਚ ਸੋਡੀਅਮ, ਪੋਟਾਸ਼ੀਅਮ, ਕਲੋਰਾਈਡ ਅਤੇ ਟਿਸ਼ਯੂਜ਼ ਵਿਚ ਕੋਬਾਲਟ, ਮੈਗਨੇਸ਼ੀਅਮ ਅਤੇ ਜ਼ਿੰਕ (ਜਿਸਤ) ਠੀਕ ਉਸੇ ਮਾਤਰਾ ਵਿਚ ਹਨ ਜਿਤਨੇ ਸਮੁੰਦਰ ਵਿਚ ਹਿਲੋਰਾ ਲੈਂਦਾ ਸਾਡਾ ਅੰਦਰ ਦਾ ਸਮੁੰਦਰ ਮਨ ਵਿਚ ਉਹਨਾਂ ਹੀ ਸੰਘਰਸ਼ਾਂ ਦੇ ਤੂਫਾਨਾਂ ਵਿਚੋਂ ਗੁਜ਼ਰ ਰਿਹਾ ਹੈ ਜਿਸ ਵਿਚੋਂ ਕਦੇ ਆਦਿ ਕਾਲ ਦਾ ਸਮੁੰਦਰ ਤਿੰਨ ਅਰਬ ਸਾਲ ਪਹਿਲਾਂ ਲੰਘਿਆ ਸੀ।

ਵਾਸਟਨ ਨੇ ਇਹ ਵੀ ਲਿਖਿਆ ਹੈ ਕਿ ਸਮੁੰਦਰ ਦੇ ਪਾਣੀ ਦਾ ਨਮੂਨਾ ਲੈ ਕੇ ਕਈ ਵਾਰੀ ਟੈਸਟ ਕੀਤਾ ਹੈ ਪਰ ਉਸ ਨੇ ਆਪਣੇ ਅੰਦਰ ਦੇ ਉਠਣ ਵਾਲੇ ਜਵਾਰ ਭਾਟੇ ਦੀ ਕਦੇ ਦੱਸ ਨਹੀਂ ਪਾਈ ਅਤੇ ਨਾ ਹੀ ਕਦੇ ਟੈਸਟ ਲਈ ਸਮੁੰਦਰ ਦੇ ਪਾਣੀ ਵਿਚੋਂ ਜਵਾਰ ਭਾਟੇ ਉਠਦੇ ਦੇਖੇ ਹਨ। ਐਸਾ ਹੀ ਅੰਦਰ ਦੇ ਸਮੁੰਦਰ ਦਾ ਹਾਲ ਹੈ। ਇਸ ਵਿਚ ਜੋ ਨਿੱਤ ਤੂਫ਼ਾਨ ਉਠਦੇ ਹਨ ਉਨ੍ਹਾਂ ਨੂੰ ਕੋਈ ਵੈਦ, ਡਾਕਟਰ ਮਨੋਵਿਗਿਆਨੀ ਨਹੀਂ ਜਾਣ ਸਕਦਾ।

ਸਿਰਫ਼ ਬਾਣੀ ਵਿਚ ਸਮਰੱਥਾ ਹੈ ਉਠਦੇ ਤੂਫ਼ਾਨਾਂ ਨੂੰ ਸ਼ਾਂਤ ਕਰਨ ਦੀ। ਸ਼ਾਂਤ ਚਿੱਤ ਹਿਰਦੇ ਵਿਚੋਂ ਨਾਮ ਰਤਨ ਕੱਢਣਾ ਬੜਾ ਸਹਿਲਾ ਹੁੰਦਾ ਹੈ।

ਹੁਣ ਗਹੁ ਨਾਲ ਰਤਾ ਪੜ੍ਹੋ ਗੁਰੂ ਅਰਜਨ ਦੇਵ ਜੀ ਨੇ ਜੋ ਗਾਥਾ ਵਿਚ ਫ਼ਰਮਾਇਆ ਹੈ। ਆਪ ਉਚਾਰਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਬੰਦਾ ਐਟਾਮਿਕ ਸ਼ਕਤੀ (ਪ੍ਰਮਾਣੂ ਦੀ ਤਾਕਤ) ਨਾਲ ਅੱਖ ਦੇ ਫੋਰ ਵਿਚ ਧਰਤੀ ਛੱਡ ਪੁਲਾੜ ਚੀਰ, ਅਕਾਸ਼ਾਂ ਵਿਚ ਤਾਰੀਆਂ ਲਗਾ ਕੇ ਵਾਪਸ ਆਉਣ ਦੀ ਸ਼ਕਤੀ ਵੀ ਹਾਸਲ ਕਰ ਲਵੇਗਾ। ਪਰ ਇਸ ਨੂੰ ਸ਼ਾਂਤੀ ਉਤਨੀ ਦੇਰ ਤੱਕ ਨਹੀਂ ਮਿਲੇਗੀ ਜਦ ਤਕ ਸਾਧੂ ਦੀ ਸੰਗਤ ਨਹੀਂ ਕਰੇਗਾ।

ਪਰਮਾਣੋ ਪਰਜੰਤ ਆਕਾਸਹ
ਦੀਪ ਲੋਅ ਸਿਖੰਡਣਹਿ॥ ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧੵਤੇ॥

ਪ੍ਰਿੰਸੀਪਲ ਸਤਿਬੀਰ ਸਿੰਘ