21 views 15 secs 0 comments

ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਲੇਖ
October 22, 2025

ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋ ਬਾਅਦ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਬੁੰਗੇ (ਤਖ਼ਤ) ਦੀ ਰਚਨਾ ਕੀਤੀ ਸ਼ਾਮ ਦਾ ਦੀਵਾਨ ਸਜਦਾ, ਢਾਡੀ ਯੋਧਿਆਂ ਦੀਆਂ ਵਾਰਾਂ ਗਾਉਂਦੇ, ਸਿੱਖਾਂ ਨੂੰ ਘੋੜੇ ਸ਼ਸ਼ਤਰ ਜਵਾਨੀਆਂ ਭੇਟ ਕਰਨ ਦਾ ਹੁਕਮ ਕੀਤਾ। ਆਪ ਸ਼ਿਕਾਰ ਖੇਡਦੇ ਸਤਿਗੁਰੂ ਮਹਾਰਾਜ ਦੇ ਇਨ੍ਹਾਂ ਰਾਜਸ਼ਾਹੀ ਕੰਮਾਂ ਦੀ ਸੂਹ ਜਦੋਂ ਜਹਾਂਗੀਰ ਨੂੰ ਮਿਲੀ ਤਾਂ ਉਸਨੇ ਸਤਿਗੁਰਾਂ ਨੂੰ ਪਹਿਲਾਂ ਆਗਰੇ ਬੁਲਾਇਆ। ਬਾਦਸ਼ਾਹ ਦਾ ਰੁਖ਼ ਵੇਖ ਕੇ ਚੰਦੂ ਵਰਗੇ ਗੁਰੂ ਘਰ ਦੇ ਧਰੋਹੀਆਂ ਨੇ ਹੋਰ ਬਲਦੀ ‘ਤੇ ਤੇਲ ਪਾਇਆ, ਜਿਸਦਾ ਫਲਸਰੂਪ ਬੜੀ ਸਾਜ਼ਿਸ਼ ਨਾਲ ਗੁਰੂ ਸਾਹਿਬ ਨੂੰ ਗਵਾਲੀਅਰ ਕਿਲ੍ਹੇ ਭੇਜ ਚ ਦਿੱਤਾ।
ਗਵਾਲੀਅਰ ਕਿਲ੍ਹੇ ‘ਚ ਉਨ੍ਹਾਂ ਕੈਦੀਆਂ ਨੂੰ ਹੀ ਰੱਖਿਆ ਜਾਂਦਾ ਸੀ ਜੋ ਰਾਜ ਦੇ ਲਈ ਖਤਰਾ ਹੋਣ, ਜੋ ਬਾਗੀ ਹੋਣ। ਕਈ ਰਾਜਪੂਤ ਰਾਜੇ ਪਹਿਲਾਂ ਤੋਂ ਗਵਾਲੀਅਰ ਕੈਦ ਸੀ। ਗਵਾਲੀਅਰ ਕਿਲ੍ਹੇ ਭੇਜਣ ਦਾ ਮਤਲਬ ਮੌਤ ਹੀ ਸੀ ਕਿਉਂਕਿ ਇਸ ਕਿਲ੍ਹੇ ‘ਚ ਕੈਦ ਕੋਈ ਵੀ ਕਦੇ ਰਿਹਾਅ ਨਹੀਂ ਹੋਇਆ ਸੀ। ਏਥੇ ਮੌਤ ਹੀ ਮੁਕਤਿ ਕਰਦੀ ਸੀ।
ਪਾਤਸ਼ਾਹ ਦੀ ਗ੍ਰਿਫ਼ਤਾਰੀ ਕਰਕੇ ਗੁਰੂ ਦਰਸ਼ਨਾਂ ਬਿਨਾਂ ਸਿੱਖ ਬੜੇ ਉਦਾਸ ਹੋ ਗਏ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਮਹਾਨ ਗੁਰਮੁਖਾਂ ਨੇ ਸਿੱਖਾਂ ਦੀ ਇਸ ਉਦਾਸੀ ਨੂੰ ਵੇਖ ਕੇ ਵਿਚਾਰ ਕੀਤੀ ਤੇ ਕਿਧਰੇ ਸਿੱਖਾਂ ਦੇ ਅੰਦਰ ਗੁਰੂ ਪਿਆਰ, ਉਤਸ਼ਾਹ, ਚੜ੍ਹਦੀ ਕਲਾ ਢਹਿੰਦੀ ਕਲਾ ‘ਚ ਨਾ ਬਦਲ ਜਾਵੇ ਇਸ ਲਈ ਗੁਰੂ ਜੱਸ ਨਾਲ ਭਰੀਆਂ ਚੌਂਕੀਆਂ ਕੱਢਣ ਦੀ ਰੀਤ ਤੋਰੀ। ਚੌਂਕੀਆਂ ਰਾਤ ਦੇ ਸਮੇਂ ਕੱਢੀਆਂ ਜਾਂਦੀਆਂ ਸੀ, ਜਿਨ੍ਹਾਂ ‘ਚ ਸਿੱਖ ਰਲਮਿਲ ਕੇ ਗੁਰਸ਼ਬਦ ਕੀਰਤਨ ਕਰਦੇ ਇਹ ਚੌਂਕੀਆਂ ਪਹਿਲਾਂ ਤਾਂ ਅੰਮ੍ਰਿਤਸਰ ਸਾਹਿਬ ਦੇ ਨੇੜੇ ਨੇੜੇ ਫੇਰ ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਨਿਕਲ਼ਦੀਆਂ ਫਿਰ ਬਾਬਾ ਬੁੱਢਾ ਸਾਹਿਬ ਦੀ ਅਗਵਾਈ ‘ਚ ਜਥੇ ਗਵਾਲੀਅਰ ਕਿਲੇ ਤੱਕ ਜਾਣੇ ਸ਼ੁਰੂ ਹੋ ਗਏ। ਇਕ ਸਮਕਾਲੀ ਲੇਖਕ ਲਿਖਦਾ ਹੈ ਸਿੱਖ ਗਵਾਲੀਅਰ ਕਿਲ੍ਹੇ ਨੂੰ ਛੂੰਹਦੇ, ਨਮਸਕਾਰਾਂ ਕਰ ਪਰਿਕਰਮਾ ਕਰਦੇ, ਫਿਰ ਵਾਪਸ ਆ ਜਾਂਦੇ ।

ਓਧਰ ਚੰਦੂ ਦੁਸ਼ਟ ਨੇ ਸਤਿਗੁਰੂ ਮਹਾਰਾਜ ਨੂੰ ਖਤਮ ਕਰਨ ਲੀ ਇਕ ਖਾਸ ਚੋਲਾ ਤਿਆਰ ਕਰਵਾਇਆ, ਜਿਸ ਨੂੰ ਪਉਣ ਨਾਲ ਸਰੀਰ ‘ਤੇ ਜ਼ਹਿਰ ਦਾ ਅਸਰ ਹੋਵੇ। ਏ ਚੋਲਾ ਤੇ ਇਕ ਚਿੱਠੀ ਕਿਲ੍ਹੇ ਦੇ ਦਰੋਗੇ ਹਰਿਦਾਸ ਨੂੰ ਭੇਜੀ ਚਿੱਠੀ ‘ਚ ਲਿਖਿਆ ਸੀ ਕਿ ਇਹ ਚੋਲਾ ਕਿਸੇ ਵੀ ਤਰ੍ਹਾਂ ਗੁਰੂ ਜੀ ਨੂੰ ਪਵਾ’ਦੇ। ਜੇ ਤੁਸੀਂ ਮੇਰਾ ਕੰਮ ਕਰ ਦਿਉ ਤਾਂ ਤੁਹਾਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ ਤੇ ਤੇਰਾ ਅਹੁਦਾ ਵੀ ਉੱਚ ਕਰਵਾ ਦੇਵਾਂਗਾ।

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥

ਅਕਾਲੀ ਬਾਣੀ ਦੇ ਏਨਾਂ ਸ਼ਬਦਾਂ ਅਨੁਸਾਰ ਜਿਸ ਦਿਨ ਤੋਂ ਸਤਿਗੁਰੂ ਮਹਾਰਾਜ ਕਿਲ੍ਹੇ ‘ਚ ਆਏ ਕਿਲ੍ਹਾ ਸੁਹਾਵਣਾ ਬਣ ਗਿਆ ਸੀ। ਮੌਤ ਦੇ ਮੁੰਹ ਪਏ ਕੈਦੀ ਰਾਜਿਆਂ ਨੂੰ ਨਵੀਂ ਜ਼ਿੰਦਗੀ ਮਿਲੀ। ਗੁਰੂ ਸਾਹਿਬ ਦੇ ਇਲਾਹੀ ਦੀਦਾਰ ਅੰਮ੍ਰਿਤ ਰੂਪ ਬਚਨ ਸੁਣਦੇ ਦੋਵੇਂ ਵੇਲੇ ਸਤਸੰਗ ਹੁੰਦਾ। ਗੁਰੂ ਸੰਗਤ ਦੇ ਅਸਰ ਨਾਲ ਕਿਲ੍ਹੇ ਦਾ ਦਰੋਗਾ ਵੀ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ। ਇਸ ਲਈ ਦਰੋਗੇ ਹਰਿਦਾਸ ਨੇ ਚੰਦੂ ਵੱਲੋਂ ਭੇਜੀ ਉਹ ਪੁਸ਼ਾਕ ਤੇ ਚਿੱਠੀ ਸਤਿਗੁਰਾਂ ਦੇ ਚਰਨਾਂ ‘ਚ ਰੱਖ ਨਮਸਕਾਰ ਕੀਤੀ। ਮਹਾਰਾਜ ਨੇ ਚਿੱਠੀ ਪੜ੍ਹੀ ਤੇ ਹੱਸ ਪਏ। ਸਮਾਂ ਬੀਤਣ ਲੱਗਾ, ਗ੍ਰਿਫ਼ਤਾਰੀ ਨੂੰ ਕਰੀਬ ਦੋ ਸਾਲ ਤੋਂ ਵੱਧ ਹੋ ਗਏ।

ਏਧਰ ਸਾਰੇ ਪੰਜਾਬ ‘ਚ ਬਗਾਵਤ ਦਾ ਮਹੌਲ ਬਣਦਾ ਜਾਂਦਾ ਸੀ। ਉਧਰ ਜਹਾਂਗੀਰ ਬਿਮਾਰ ਪੈ ਗਿਆ। ਬੜੇ ਇਲਾਜ ਕਰਨ ਤੋਂ ਬਾਅਦ ਵੀ ਰਾਜ਼ੀ ਨਾ ਹੋਇਆ। ਲਾਹੌਰ ਤੋਂ ਸਾਈਂ ਮੀਆਂ ਮੀਰ ਜੀ ਪਹੁੰਚੇ। ਬੇਗਮ ਨੂਰਜਹਾਂ ਨੇ ਸਾਈਂ ਜੀ ਨੂੰ ਬਾਦਸ਼ਾਹ ਦੀ ਬਿਮਾਰੀ ਬਾਰੇ ਦੱਸਿਆ। ਸਾਈਂ ਜੀ ਨੇ ਕਿਹਾ, “ਖੁਦਾ ਨੂੰ ਕੈਦ ਕਰ ਕੇ ਸੁਖ ਭਾਲਦੇ ਹੋ ?” ਇਹ ਤੇ ਉਨ੍ਹਾਂ ਦੀ ਰਹਿਮਤ ਸਮਝੋ ਕਿ ਅਜੇ ਤੱਕ ਤੁਹਾਡਾ ਰਾਜ- ਭਾਗ ਗਰਕ ਨਹੀਂ ਹੋ ਗਿਆ। ਗੁਰੂ-ਘਰ ਦਾ ਸ਼ਰਧਾਲੂ ਵਜ਼ੀਰ ਖਾਂ ਵੀ ਰਿਹਾਈ ਲਈ ਪੂਰਾ ਜ਼ੋਰ ਲਗਾ ਲਿਆ ਸੀ। ਸਾਂਈ ਜੀ ਦੇ ਆਉਣ ਨਾਲ ਉਸ ਨੂੰ ਹੋਰ ਆਸ ਬੱਝੀ। ਜਹਾਂਗੀਰ ਆਪ ਵੀ ਬੜਾ ਦੁਖੀ ਸੀ। ਰਾਤ ਨੂੰ ਸੁੱਤਾ ਵੀ ਡਰ ਨਾਲ ਤੱਪਕ ਉਠਦਾ। ‘ਸੂਰਜ ਪ੍ਰਕਾਸ਼’ ‘ਚ ਜ਼ਿਕਰ ਜਹਾਂਗੀਰ ਨੂੰ ਸੁਪਨੇ ‘ਚ ਸ਼ੇਰ ਦਿਖਾਈ ਦਿੰਦੇ ਪਰ ਡਰਿਆ ਹੋਇਆ ਬਾਦਸ਼ਾਹ ਜਦੋਂ ਗੁਰੂ
ਸਾਹਿਬ ਨੂੰ ਚੇਤੇ ਕਰਦਾ ਤਾਂ ਸ਼ੇਰ ਪਿਛੇ ਹਟ ਜਾਂਦੇ। ਏਦਾਂ ਕਈ ਵਾਰ ਹੋਇਆ। ਕਈ ਮੰਤ੍ਰ ਜੰਤ੍ਰ ਵਰਤੇ ਪਰ ਹੋਰ ਚਾਰਾ ਨਾ ਚੱਲਦਾ ਵੇਖ ਜਹਾਂਗੀਰ ਨੇ ਸਤਿਗੁਰਾਂ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਸਤਿਗੁਰਾਂ ਦੀ ਰਿਹਾਈ ਬਾਰੇ ਸੁਣ ਕੈਦੀ ਰਾਜੇ ਪਹਿਲਾਂ ਬੜੇ ਖੁਸ਼ ਹੋਏ। ਪਰ ਫਿਰ ਰੋਣ ਲੱਗ ਪਏ। ਹੱਥ ਜੋੜੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਆਉਣ ਨਾਲ ਸਾਨੂੰ ਨਵੀਂ ਜ਼ਿੰਦਗੀ ਮਿਲੀ ਹੈ, ਤੁਸੀਂ ਚਲੇ ਗਏ ਤਾਂ ਅਸੀਂ ਫਿਰ ਓਸੇ ਨਰਕਾਂ ‘ਚ ਜਾ ਪੈਣਾ! ਕਿਰਪਾ ਕਰੋ ਜਾਂ ਸਾਨੂੰ ਵੀ ਰਿਹਾਅ ਕਰਵਾਉਣ ਜਾਂ ਸਾਨੂੰ ਛੱਡ ਕੇ ਨਾ ਜਾਉ…

ਰਾਜਿਆਂ ਦੀ ਹਾਲਤ ਵੇਖ ਤਰਲੇ ਸੁਣ ਗੁਰਦੇਵ ਨੇ ਬਾਦਸ਼ਾਹ ਨੂੰ ਸੁਨੇਹਾ ਭੇਜਿਅਆ ਕਿ ਅਸੀ ਇੱਕਲੇ ਰਿਹਾਅ ਨਹੀਂ ਹੋਣਾ ਜੇ ਸਾਨੂੰ ਰਿਹਾਅ ਕਰਨਾ ਤਾਂ ਸਾਰੇ ਕੈਦੀ ਨੂੰ ਰਿਹਾਅ ਕਰੋ। ਜਹਾਂਗੀਰ ਪਹਿਲਾਂ ਤਾਂ ਨਾ ਮੰਨਿਅਆ, ਪਰ ਸਤਿਗੁਰੂ ਜੀ ਨੂੰ ਹੋਰ ਕੈਦ ‘ਚ ਰੱਖਣਾ ਵੀ ਔਖਾ ਸੀ। ਸਾਰੇ ਰਾਜਿਆਂ ਨੂੰ ਰਿਹਾਅ ਕਰਨ ਦੀ ਗੱਲ ਸੁਣ ਜਹਾਂਗੀਰ ਸੋਚੀਂ ਪੈ ਗਿਆ। ਜੇ ਰਾਜੇ ਰਿਹਾਅ ਕਰ ਦਿੱਤੇ ਤਾਂ ਕਿਧਰੇ ਬਾਗੀ ਨਾ ਹੋ ਜਾਣ। ਸਾਰੇ ਰਾਜੇ ਮਿਲ ਕੇ ਨੁਕਸਾਨ ਕਰ ਸਕਦੇ ਹਨ। ਲੰਬੀ ਸੋਚ ਵਿਚਾਰ ਤੋਂ ਬਾਅਦ ਜਹਾਂਗੀਰ ਨੇ ਨੀਤੀ ਵਰਤੀ ਹੁਕਮ ਕੀਤਾ, ਰਾਜੇ ਦੋ ਸ਼ਰਤਾਂ ‘ਤੇ ਰਿਹਾਅ ਹੋ ਸਕਦੇ ਹਨ, ਇਕ ਤੇ ਓਨੇ ਹੀ ਰਾਜੇ ਰਿਹਾ ਹੋਣਗੇ ਜੋ ਸਤਿਗੁਰਾਂ ਦੇ ਚੋਲੇ ਦਾ ਲੜ ਫੜ ਕੇ ਬਾਹਰ ਆ ਜਾਣ, ਦੂਸਰਾ ਜੋ ਰਾਜੇ ਰਿਹਾਅ ਹੋਣਗੇ ਉਨ੍ਹਾਂ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਦੀ ਹੋਵੇਗੀ।
ਸਤਿਗੁਰਾਂ ਨੇ ਦੋਵੇਂ ਗੱਲਾਂ ਮੰਨ ਲਈਆਂ। ਰਾਜਿਆਂ ਦੀ ਗਿਣਤੀ ਕਰਕੇ ਖਾਸ .
52 ਕਲੀਆਂ ਵਾਲਾ ਚੋਲਾ ਤਿਆਰ ਕਰਾਇਆ। ਸਤਿਗੁਰਾਂ ਨੇ 52 ਕਲੀਆਂ ਵਾਲਾ ਚੋਲਾ ਗਲ ਪਾਇਆ ਤੇ ਸਾਰੇ ਕੈਦੀ ਰਾਜੇ ਚੋਲੇ ਦੀ ਇਕ ਇਕ ਕਲੀ ਫੜ ਕਿਲ੍ਹੇ ‘ਚੋਂ ਬਾਹਰ ਆਏ। ਏਹ ਦ੍ਰਿਸ਼ ਦੇਖਣ ਹੀ ਵਾਲਾ ਸੀ। ਅੱਜ ਪਹਿਲੀ ਵਾਰ ਜਿਉਂਦੇ ਕੈਦੀ ਗਵਾਲੀਅਰ ਕਿਲ੍ਹੇ ‘ਚੋ ਬਾਹਰ ਆਏ ਸੀ। ਉਹਨਾਂ ਕਈ ਸਾਲਾਂ ਬਾਅਦ ਅੱਜ ਬਾਹਰ ਦੀ ਹਵਾ ਵੇਖੀ।

ਜਦੋ ਜਹਾਂਗੀਰ ਨੂੰ ਸਤਿਗੁਰੂ ਦੇ ਇਸ ਕੌਤਕ ਬਾਰੇ ਪਤਾ ਲਗਾ ਤਾਂ ਓਹ ਹੈਰਾਨ ਰਹਿ ਗਿਆ, ਉਹਨੇ ਸੋਚਿਆ ਵੀ ਨਹੀਂ ਸੀ ਕਿ ਏਦਾਂ ਵੀ ਹੋ ਸਕਦਾ ਸਾਰੇ ਰਾਜੇ ਰਿਹਾ … ਮੌਤ ਦੇ ਮੂੰਹ ‘ਚ ਪਏ 52 ਬੰਦੀ ਰਾਜਿਆਂ ਛੁੜਾ ਕੇ ਜਦੋ ਸਤਿਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਕਰੀਬ 27 ਮਹੀਨਿਅਆਂ (2 ਸਾਲ 3 ਮਹੀਨੇ) ਬਾਦ ਕਿਲ੍ਹੇ ‘ਚੋਂ ਬਾਹਰ ਆਏ ਤਾਂ ਸੰਗਤ ਨੇ “ਬੰਦੀ ਛੋੜ ਦਾਤਾ” ਕਹਿ ਕੇ ਸਿਰ ਝੁਕਾਇਆ। ਸਮੂਹ ਸਿੱਖ ਜਗਤ ‘ਚ ਖੁਸ਼ੀਆਂ ਮਨਾਈਆਂ ਗਈਆਂ। ਜੈ- ਜੈਕਾਰ ਹੋਈ। ਘਿਓ ਤੇਲ ਦੇ ਦੀਵੇ ਜਗਾਏ ਗਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ
ਅਰਦਾਸਾਂ ਹੋਈਅ‍ਾਂ

ਗਵਾਲੀਅਰ ਕਿਲ੍ਹੇ ‘ਚ ਇਤਿਹਾਸ ਅਸਥਾਨ ਗੁਰਦੁਆਰਾ ਦਾਤਾ ਬੰਦੀ ਛੋੜ ਪਾਤਸ਼ਾਹ ਛੇਵੀਂ ਬਣਿਆ ਹੋਇਆ ਹੈ। ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਝੂਲਦੇ ਹਨ। ਗੁਰੂ ਘਰ ਦੇ ਨਾਲ ਹੀ ਪਾਵਨ ਸਰੋਵਰ ਵੀ ਬਣਿਆ ਹੋਇਆ ਹੈ।
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
(ਮਹਲਾ :੫)
ਸਤਿਗੁਰ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ॥
(ਭਾਈ ਗੁਰਦਾਸ ਜੀ)

ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਗੁਰਮਤਾ ਕਰਨ ਦੇ ਲਈ ਦੀਵਾਲੀ ਅਤੇ ਵਿਸਾਖੀ ਨੂੰ ਸਰਬੱਤ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਤਰ ਹੁੰਦਾ ਸੀ । ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਵੀ ਦੀਵਾਲੀ ਨਾਲ ਸਬੰਧਿਤ ਹੈ। ਹੋਰ ਬਹੁਤ ਸਾਰਾ ਇਤਿਹਾਸ ਦੀਵਾਲੀ ਬੰਦੀ ਛੋੜ ਨਾਲ ਸੰਬੰਧਿਤ ਹੈ। ਕਲਗੀਧਰ ਪਿਤਾ ਵੱਲੋਂ ਨੁਸ਼ਹਿਰੇ ਦੇ ਸੰਗਤ ਦੇ ਨਾਮ ਦੀਵਾਲੀ ਸਮੇਂ ਅਉਣ ਦਾ ਹੁਕਮਨਾਮਾ ਵੀ ਮਿਲਦਾ ਹੈ।

ਮੀਰੀ ਪੀਰੀ ਦੇ ਮਾਲਕ ਦਾ 52 ਕਲੀਆਂ ਵਾਲਾ ਚੋਲਾ ਅੱਜ ਵੀ ਪਿੰਡ ਘੁਡਾਣੀ ਕਲਾਂ (ਜ਼ਿਲ੍ਹਾ ਲੁਧਿਆਣਾ) ਗੁਰੂ ਘਰ ਸੰਭਾਲ ਕੇ ਰੱਖਿਆ ਹੋਇਆ ਹੈ। ਸੰਗਤ ਦਰਸ਼ਨ ਕਰਦੀ ਹੈ।

ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦਾਤਾ ਬੰਦੀ ਛੋੜ ਜੀ ਦੇ ਗਵਾਲੀਅਰ ਕਿਲੇ ‘ਚੋਂ 52 ਰਾਜਿਆਂ ਸਮੇਤ ਰਿਹਾਅ ਹੋਣ ‘ਤੇ ਬੰਦੀ ਛੋੜ ਦਿਹਾੜੇ ਦੀਅਆਂ ਲੱਖ ਲੱਖ ਵਧਾਈਆਂ!!

ਮੇਜਰ ਸਿੰਘ, ਉਪ ਸੰਪਾਦਕ