26 views 7 secs 0 comments

ਬੰਦੀ ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਲੇਖ
October 22, 2025

ਪੰਜਾਬੀ ਵਿਚ ਅਖਾਣ ਹੈ, “ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ” ਸੋ ਗੁਰੂ ਸਾਹਿਬਾਨ ਦੇ ਸਮਿਆਂ ਤੋਂ ਲੈ ਕੇ ਹੁਣ ਤਕ ਸਿੱਖ ਭਾਵੇਂ ਦੁਨੀਆ ਵਿਚ ਕਿਤੇ ਵੀ ਵੱਸ ਰਿਹਾ ਹੋਵੇ, ਉਸ ਦੀ ਖਾਹਿਸ਼ ਹੁੰਦੀ ਹੈ ਕਿ ਉਹ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਕਰੇ, ਪਾਵਨ ਸਰੋਵਰ ਵਿਚ ਇਸ਼ਨਾਨ ਕਰੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦੀ ਇਲਾਹੀ ਦੀਪਮਾਲਾ ਦੇ ਦਰਸ਼ਨ ਕਰੇ।

ਹਿੰਦੁਸਤਾਨ ਵਿਚ ਇਹ ਤਿਉਹਾਰ ਹਜ਼ਾਰਾਂ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਸਿੱਖ ਇਤਿਹਾਸ ਅਨੁਸਾਰ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਵਿੰਜਾ ਰਾਜਿਆਂ, ਰਾਈਸਾਂ ਨੂੰ ਜੋ ਕੈਦ ਕੱਟ ਰਹੇ ਸਨ, ਛੁਡਵਾ ਕੇ, ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸਨ ਅਤੇ ਸ੍ਰੀ ਅੰਮ੍ਰਿਤਸਰ ਨਿਵਾਸੀਆਂ ਨੇ ਖੁਸ਼ੀ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਸਾਰੇ ਸ਼ਹਿਰ ਵਿਚ ਦੀਪਮਾਲਾ ਕੀਤੀ ਸੀ।

ਛਠਮ ਪੀਰ, ਵਡ ਜੋਧਾ, ਬਹੁਪਰਉਪਕਾਰੀ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਕੀ ਵਡਾਲੀ (ਨੇੜੇ ਸ੍ਰੀ ਅੰਮ੍ਰਿਤਸਰ) ਵਿਖੇ ਹੋਇਆ। ਜਨਮ ਦੀ ਖੁਸ਼ੀ ਵਿਚ ਪਿਤਾ ਨੇ ਛੇ ਮਾਹਲਾਂ ਵਾਲਾ (ਛੇਹਰਟਾ) ਵੱਡ ਆਕਾਰੀ ਖੂਹ ਲਗਵਾਇਆ। ਸ੍ਰੀ (ਗੁਰੂ) ਹਰਿਗੋਬਿੰਦ ਸਾਹਿਬ ਜੀ ਛੇ ਸਾਲ ਦੇ ਹੋਏ ਤਾਂ ਬਾਬਾ ਬੁੱਢਾ ਜੀ ਦੀ ਦੇਖ-ਰੇਖ ਹੇਠ ਆਪ ਜੀ ਨੂੰ ਸ਼ਸਤਰ ਤੇ ਸ਼ਾਸਤਰ ਦੀ ਸਿਖਲਾਈ ਦਿੱਤੀ ਗਈ।

ਬਾਲ ਹਰਿਗੋਬਿੰਦ ਸਾਹਿਬ ਜੀ ਅਜੇ ਕੇਵਲ ਗਿਆਰ੍ਹਾਂ ਸਾਲਾਂ ਦੇ ਸਨ ਜਦੋਂ ਉਹ ਆਪਣੇ ਸ਼ਹੀਦ ਹੋਏ ਪਿਤਾ ਜੀ ਦੀ ਗੱਦੀ ’ਤੇ ਬੈਠੇ। ਸਮੇਂ ਦੀ ਲੋੜ ਨੂੰ ਵੇਖਦਿਆਂ ਉਨ੍ਹਾਂ ਦੇ ਪਿਤਾ ਜੀ ਨੇ ਬਾਬਾ ਬੁੱਢਾ ਜੀ ਨੂੰ ਕਹਿ ਦਿੱਤਾ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਸੰਤ-ਸਿਪਾਹੀ ਬਣਾ ਦਿੱਤਾ ਜਾਏ।

ਗੁਰਗੱਦੀ ਉੱਤੇ ਬੈਠਣ ਸਮੇਂ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, “ਬਾਬਾ ਜੀ ਤੁਸੀਂ ਮੈਨੂੰ ਦੋ ਕਿਰਪਾਨਾਂ ਧਾਰਨ ਕਰਵਾਓ।” ਬਾਬਾ ਜੀ ਇਹ ਸੁਣ ਕੇ ਬਹੁਤ ਖੁਸ਼ ਹੋਏ ਅਤੇ ਗੁਰੂ ਜੀ ਦੇ ਸਿਰ ’ਤੇ ਸੁੰਦਰ ਦਸਤਾਰ ਅਤੇ ਸ਼ਾਹੀ ਵਸਤਰ ਪਹਿਨਾ ਕੇ, ਦੋ ਕਿਰਪਾਨਾਂ ਪਹਿਨਾ ਕੇ, ਬਾਕੀ ਦੇ ਵੀ ਸਾਰੇ ਸ਼ਸਤਰ ਪਹਿਨਾ ਦਿੱਤੇ। ਦੋ ਕਿਰਪਾਨਾਂ– ਇਕ ਮੀਰੀ ਦੀ ਇਕ ਪੀਰੀ ਦੀ, ਜੋ ਗੁਰੂ ਜੀ ਦੇ ਆਤਮਿਕ ਪੱਖ ਅਤੇ ਸੰਸਾਰਿਕ ਪੱਖ ਨੂੰ ਦਰਸਾਉਂਦੀ ਹੈ। ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਉਪਰੰਤ ਸਿੱਖਾਂ ਨੂੰ ਨਿਸ਼ਚਾ ਹੋ ਗਿਆ ਸੀ ਕਿ ਜੇਕਰ ਉਨ੍ਹਾਂ ਨੇ ਜੀਉਣਾ ਹੈ ਤਾਂ ਹਥਿਆਰਬੰਦ ਹੋਣਾ ਪੈਣਾ ਹੈ। ਸੋ ਗੁਰੂ ਜੀ ਨੇ ਆਪਣੀਆਂ ਸਿੱਖ-ਸੰਗਤਾਂ ਦੇ ਨਾਮ ਹੁਕਮਨਾਮੇ ਭੇਜੇ ਕਿ ਉਹ ਚੰਗੇ ਸ਼ਸਤਰ ਤੇ ਚੰਗੇ ਘੋੜੇ ਭੇਟਾ ਲਿਆਉਣ।

ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ੧੦੦ ਮੀਟਰ ਦੀ ਦੂਰੀ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਤਖਤ ਬਣਾਉਣ ਸਮੇਂ ਕਿਸੇ ਹੋਰ ਰਾਜ ਮਿਸਤਰੀ ਜਾਂ ਮਜ਼ਦੂਰ ਨੂੰ ਨਹੀਂ ਲਾਇਆ ਗਿਆ, ਕੇਵਲ ਤੇ ਕੇਵਲ ਅਕਾਲ ਪੁਰਖ ਵੱਲੋਂ ਪ੍ਰਵਾਨਿਤ ਤਿੰਨ ਅਕਾਲੀ ਵਿਅਕਤੀਆਂ ਨੇ ਤਖਤ ਦਾ ਥੜ੍ਹਾ ਤਿਆਰ ਕੀਤਾ:

ਕਿਸੀ ਰਾਜ ਨਹਿ ਹਾਥ ਲਗਾਯੋ।

ਬੁੱਢੇ ਔ ਗੁਰਦਾਸ ਬਨਾਯੋ।

ਖਚਤ ਰੇਖਤਾ ਤਖਤ ਅਕਾਰ।

ਬਨਾਯੋ ਕਛੁਕੁ ਊਚ ਨਿਰਧਾਰ।                (ਗੁਰ ਬਿਲਾਸ ਪਾਤਸ਼ਾਹੀ ਛੇਵੀਂ)

ਇਹ ਤਖਤ ਮੁਗ਼ਲਾਂ ਦੇ ਤਖਤ ਤੋਂ ਸਵਾ ਹੱਥ ਉੱਚਾ ਬਣਾਇਆ ਗਿਆ। ਗੁਰੂ ਜੀ ਨੇ ਵੇਖ ਕੇ ਬਚਨ ਕੀਤਾ:

ਪਾਇ ਸਮਾ ਇਹੁ ਬਨੇ ਅਪਾਰਾ।

ਸੁੰਦਰ ਸ੍ਵਰਨ ਬਡੀ ਛਬਿ ਪਾਵੈ।

ਦੇਖ ਨਾਕ ਬੈਕੁੰਠ ਲਜਾਵੈ॥                   (ਗੁਰ ਬਿਲਾਸ ਪਾਤਸ਼ਾਹੀ ਛੇਵੀਂ)

ਹਾੜ ਦਸਵੀਂ ਵਾਲੇ ਦਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਹੁਤ ਸੁੰਦਰ ਪੀਲੇ ਰੰਗ ਦੀ ਸ਼ਾਹੀ ਪੁਸ਼ਾਕ ਪਹਿਨੀ ਅਤੇ ਪੀਲੇ ਰੰਗ ਦੀ ਸੁੰਦਰ ਤਿੱਲੇ ਵਾਲੀ ਦਸਤਾਰ ਸਜਾਈ:

ਪੀਤ ਪੁਸ਼ਾਕ ਧਰੀ ਸੁਖਸਾਗਰ ਔ ਕਲਗੀ ਗੁਰ ਸੀਸ ਸੁਹਾਵੈ।

ਔ ਭੁਜਅੰਗਦ ਸੋਹਤ ਹੈ, ਫੁਨਿ ਪੀਠ ਪੈ ਚਰਮ ਧਰੀ ਛਬਿ ਪਾਵੈ।

ਦੋ ਅਸਿ ਲੈ ਭਗਵੰਤ ਤਬੈ, ਗੁਰ ਕੇ ਗਰ ਡਾਰ ਦੀਏ ਹਰਖਾਵੈ।

ਮੀਰੀ ਕੀ ਮੀਰ ਔਰ ਪੀਰੀ ਕੀ ਪੀਰ, ਸੋ ਦੋਊ ਧਰੀ ਭਗਵੰਤ ਅਲਾਵੈ।

(ਗੁਰ ਬਿਲਾਸ ਪਾਤਸ਼ਾਹੀ ਛੇਵੀਂ)

ਇਸ ਦਿਨ ਬੇਅੰਤ ਸੰਗਤਾਂ ਦੂਰ-ਦੁਰਾਡੇ ਤੋਂ ਪੁੱਜੀਆਂ। ਗੁਰੂ-ਘਰ ਨਾਲ ਸੰਬੰਧਿਤ ਸ਼ਖ਼ਸੀਅਤਾਂ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਭਾਈ ਦਾਤੂ ਜੀ, ਬਾਬਾ ਸ੍ਰੀ ਚੰਦ ਜੀ ਅਤੇ ਹੋਰ ਸਾਰੇ ਪੁੱਜੇ। ਬੇਅੰਤ ਹੀ ਚੜ੍ਹਾਵਾ ਚੜਿਆ। ਬੀਰ ਰਸੀ ਵਾਰਾਂ ਗਾਉਣ ਲਈ ਪਿੰਡ ਸੁਰ ਸਿੰਘ ਤੋਂ ਢਾਡੀ ਭਾਈ ਨੱਥਾ ਤੇ ਅਬਦੁੱਲਾ ਪੁੱਜੇ। ਉਸ ਸਮੇਂ ਸੁਰਸਿੰਘ ਦੇ ਨੱਥੇ ਤੇ ਅਬਦੁੱਲੇ ਨੇ ਜੋ ਵਾਰ ਗਾਈ ਉਸ ਦੇ ਕੁਝ ਕੁ ਅੰਸ਼ ਉਪਲਬੱਧ ਹਨ:

ਦੋ ਤਲਵਾਰਾਂ ਬਧੀਆਂ, ਇਕ ਮੀਰ ਦੀ ਇਕ ਪੀਰ ਦੀ।

ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।

ਹਿੰਮਤ ਬਾਹਾਂ ਕੋਟ ਗੜ੍ਹ, ਦਰਵਾਜਾ ਬਲਖ ਬਖੀਰ ਦੀ।

ਕਟਕ ਸਿਪਾਹੀ ਨੀਲ ਨੱਲ, ਮਾਰ ਦੁਸ਼ਟਾਂ ਕਰੇ ਤਗੀਰ ਦੀ।

ਪੱਗ ਤੇਰੀ, ਕੀ ਜਹਾਂਗੀਰ ਦੀ।

ਅਖੀਰਲੀ ਪੰਕਤੀ ਵਿਚ ਡਾਢੀ ਸੋਹਣੀ ਪੱਗ ਦੀ ਸਿਫਤ ਕਰਦਾ ਹੋਇਆ ਢਾਡੀ ਕਹਿੰਦਾ ਹੈ ਕਿ ਤੇਰੀ ਪੱਗ ਏਡੀ ਸੋਹਣੀ ਹੈ ਕਿ ਤੇਰੀ ਪੱਗ ਦੇ ਮੁਕਾਬਲੇ ਜਹਾਂਗੀਰ ਦੀ ਪੱਗ ਵੀ ਕੀ ਹੈ?

ਗੁਰੂ ਜੀ ਨੇ ਆਪਣੇ ਬਵਿੰਜਾ ਅੰਗ-ਰੱਖਿਅਕ ਵੀ ਰੱਖ ਲਏ। ਰੋਜ਼ਾਨਾ ਫੌਜੀ ਮਸ਼ਕਾਂ ਹੋਣ ਲੱਗੀਆਂ। ਫੌਜਾਂ ਦੀ ਭਰਤੀ ਕੀਤੀ ਜਾਣ ਲੱਗ ਪਈ ਸੀ। ਇਨ੍ਹਾਂ ਕਾਰਵਾਈਆਂ ਤੋਂ ਬਾਦਸ਼ਾਹ ਜਹਾਂਗੀਰ ਨੂੰ ਲਗਾਤਾਰ ਜਾਣੂ ਕਰਵਾਇਆ ਜਾ ਰਿਹਾ ਸੀ। ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਦਿੱਲੀ ਸੱਦਿਆ ਅਤੇ ਮਿਸਟਰ ਐਮ. ਏ. ਮੈਕਾਲਿਫ ਅਨੁਸਾਰ ਗੁਰੂ ਜੀ ਦੀਆਂ ਜਹਾਂਗੀਰ ਨਾਲ ਮੁਲਾਕਾਤਾਂ ਖੁਸ਼ਗਵਾਰ ਮਾਹੌਲ ਵਿਚ ਹੁੰਦੀਆਂ ਰਹੀਆਂ ਫਿਰ ਜੋਤਸ਼ੀ ਦਾ ਬਹਾਨਾ ਬਣਾ ਕੇ ਕਿ ਜੋਤਸ਼ੀ ਨੇ ਕਿਹਾ ਹੈ ਕਿ ਬਾਦਸ਼ਾਹ ਦੇ ਗ੍ਰਹਿ ਬੜੇ ਭਾਰੇ ਚੱਲ ਰਹੇ ਹਨ ਜੇਕਰ ਕੋਈ ਮਹਾਂਪੁਰਖ ਕਿਲੇ੍ਹ ਵਿਚ ਤਪ ਕਰੇ ਤਾਂ ਕਸ਼ਟ ਟਲ ਸਕਦਾ ਹੈ। . . . ਉਸ ਨੇ ਗੁਰੂ ਜੀ ਨੂੰ ਜਦੋਂ ਦੱਸਿਆ ਤੇ ਗੁਰੂ ਜੀ ਸਭ ਫੌਜਾਂ ਛੱਡ ਕੇ ਕੇਵਲ ਪੰਜ ਸਿੱਖ ਨਾਲ ਲੈ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਚਲੇ ਗਏ। ਗੁਰੂ ਜੀ ਨੂੰ ਬੰਦੀ ਬਣਾ ਲਿਆ ਗਿਆ। ਇਸ ਬੰਦੀ ਪਿੱਛੇ ਹੋਰ ਵੀ ਕਈ ਕਾਰਨ ਦੱਸੇ ਜਾਂਦੇ ਹਨ ਜਿਵੇਂ- ਚੰਦੂ ਨੂੰ ਮੁੱਖ ਕਾਰਨ ਮੰਨਿਆ ਜਾਂਦਾ ਹੈ। ਪਰ ਵੱਡਾ ਕਾਰਨ ਗੁਰੂ ਸਾਹਿਬ ਦੀ ਵਧਦੀ ਫੌਜੀ ਸ਼ਕਤੀ ਕਿਹਾ ਜਾ ਸਕਦਾ ਹੈ ਜੋ ਜਹਾਂਗੀਰ ਨੂੰ ਬਰਦਾਸ਼ਤ ਨਹੀਂ ਸੀ। ਪ੍ਰਤੱਖ ਤੌਰ ’ਤੇ ਮੁਗ਼ਲ ਬਾਦਸ਼ਾਹ ਇਨ੍ਹਾਂ ਤਿਆਰੀਆਂ ਤੋਂ ਡਰ ਗਿਆ ਅਤੇ ਗੁਰੂ ਜੀ ਨੂੰ ਆਪਣੇ ਪਾਸ ਬੁਲਾਇਆ। ਉਨ੍ਹਾਂ ਨੂੰ ਸ਼ਾਹੀ ਕੈਦੀ ਦੀ ਹੈਸੀਅਤ ਵਿਚ ਗਵਾਲੀਅਰ ਦੇ ਕਿਲ੍ਹੇ ਵਿਚ ਭੇਜ ਦਿੱਤਾ ਗਿਆ, ਜਿੱਥੇ ਹੋਰ ਰਾਜੇ ਵੀ ਆਪਣੀਆਂ ਸਜ਼ਾਵਾਂ ਦੀਆਂ ਮਿਆਦਾਂ ਭੁਗਤ ਰਹੇ ਸਨ। ਗੁਰੂ ਜੀ ਨੇ ਉਹ ਚੰਗਾ ਭੋਜਨ ਜਿਹੜਾ ਉਨ੍ਹਾਂ ਨੂੰ ਜੇਲ੍ਹ ਵਿਚ ਦਿੱਤਾ ਗਿਆ, ਛਕਣ ਤੋਂ ਨਾਂਹ ਕਰ ਦਿੱਤੀ ਅਤੇ ਉਸ ਸਧਾਰਨ ਖੁਰਾਕ ਉੱਤੇ ਗੁਜ਼ਾਰਾ ਕਰਨਾ ਪਸੰਦ ਕੀਤਾ, ਜਿਹੜੀ ਉਨ੍ਹਾਂ ਦੇ ਸਿੱਖ ਭਾਈ ਪਿਰਾਣਾ ਜੀ ਅਤੇ ਭਾਈ ਜੇਠਾ ਜੀ ਕਿਲ੍ਹੇ ਤੋਂ ਬਾਹਰ ਲੋਹੇ-ਲੱਕੜ ਦਾ ਕੰਮ ਕਰ ਕੇ ਸਖਤ ਘਾਲ ਕਰ ਕੇ ਲਿਆਉਂਦੇ ਸਨ।

ਗੁਰੂ ਜੀ ਦੇ ਕਿਲ੍ਹੇ ਵਿਚ ਜਾਣ ਨਾਲ ਮਹੌਲ ਖੁਸ਼ਨੁਮਾ ਹੋ ਗਿਆ। ਕਿਲ੍ਹੇਦਾਰ ਹਰੀਦਾਸ ਗੁਰੂ ਜੀ ਦਾ ਸੇਵਕ ਬਣ ਗਿਆ। ਥੋੜੇ ਸਮੇਂ ਬਾਅਦ ਹੀ ਜਹਾਂਗੀਰ ਨੇ ਇਹ ਮਹਿਸੂਸ ਕੀਤਾ ਜਾਂ ਸਾਂਈਂ ਮੀਆਂ ਮੀਰ ਜੀ ਵਰਗੇ ਮਹਾਂਪੁਰਖਾਂ ਨੇ ਬਾਦਸ਼ਾਹ ਨੂੰ ਅਹਿਸਾਸ ਕਰਵਾ ਕਿੱਤਾ ਕਿ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਨੂੰ ਕੈਦ ਕਰ ਕੇ ਚੰਗਾ ਕੰਮ ਨਹੀਂ ਕੀਤਾ। ਬਾਦਸ਼ਾਹ ਨੇ ਤੁਰੰਤ ਰਿਹਾਈ ਦਾ ਸੰਦੇਸ਼ ਭੇਜਿਆ ਪਰ ਗੁਰੂ ਜੀ ਨੇ ਰਿਹਾਅ ਹੋਣ ਤੋਂ ਨਾਂਹ ਕਰ ਦਿੱਤੀ ਕਿ ਉਹ ਉਦੋਂ ਤਕ ਰਿਹਾਅ ਨਹੀਂ ਹੋਣਗੇ ਜਦੋਂ ਤਕ ਇੱਥੇ ਪਹਿਲਾਂ ਸਜ਼ਾ ਭੁਗਤ ਰਹੇ ਰਾਜਿਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਬਾਦਸ਼ਾਹ ਜਹਾਂਗੀਰ ਨੇ ਕਿਹਾ, ਕਿ “ਠੀਕ ਹੈ, ਮੈਂ ਗੁਰੂ ਜੀ ਦੀ ਇੱਛਾ ਅਨੁਸਾਰ ਰਾਜਿਆਂ ਨੂੰ ਬੰਦੀ ਮੁਕਤ ਕਰਦਾ ਹਾਂ ਪਰ ਮੈਂ ਇਹ ਰਾਜੇ ਗੁਰੂ ਜੀ ਨੂੰ ਸਪੁਰਦ ਕਰਾਂਗਾ ਕਿ ਗੁਰੂ ਜੀ ਉਨ੍ਹਾਂ ਦੇ ਰਾਜ ਭਗਤ ਵਿਹਾਰ ਦੀ ਜਾਮਨੀ ਭਰਨ।” ਜਦੋਂ ਇਹ ਸੰਦੇਸ਼ ਵਜ਼ੀਰ ਲੈ ਕੇ ਪੁੱਜਾ ਤਾਂ ਗੁਰੂ ਜੀ ਨੇ ਸਾਰੇ ਰਾਜਿਆਂ ਦੀਆਂ ਬੇੜੀਆਂ ਕਟਵਾਈਆਂ ਸਨ ਕਿ ਮੁੜ ਸੰਦੇਸ਼ ਆਇਆ ਕਿ ਜਿੰਨੇ ਗੁਰੂ ਜੀ ਦੇ ਚੋਲੇ ਦੀਆਂ ਕੰਨੀਆਂ ਫੜ ਕੇ ਜਾ ਸਕਣ, ਉਹ ਰਿਹਾਅ ਕਰ ਦਿੱਤੇ ਜਾਣਗੇ। ਗੁਰੂ ਜੀ ਨੇ ਕਿਲ੍ਹੇਦਾਰ ਹਰੀਦਾਸ ਨੂੰ ਕਿਹਾ ਕਿ ਉਨ੍ਹਾਂ ਨੂੰ ਬਵਿੰਜਾ ਕਲੀਆਂ ਦੀਆਂ ਲੰਮੀਆਂ ਕੰਨੀਆਂ ਵਾਲਾ ਚੋਲਾ ਬਣਾ ਕੇ ਦੇਵੇ। ਸੋ ਇਸੇ ਤਰ੍ਹਾਂ ਹੋਇਆ। ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੱਟ ਰਹੇ ਹਿੰਦੁਸਤਾਨ ਦੇ ਕੁੱਲ ਬਵਿੰਜਾ ਰਾਜਿਆਂ ਨੂੰ ਗੁਰੂ ਜੀ ਨੇ ਇਕ-ਇਕ ਕੰਨੀ ਫੜਾ ਕੇ ਕਿਲ੍ਹੇ ਵਿੱਚੋਂ ਬਾਹਰ ਲਿਆ ਕੇ ਸੁਤੰਤਰ ਕਰਵਾਇਆ। ਦਿੱਲੀ ਪੁੱਜਣ ’ਤੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਦਾ ਭਰਵਾਂ ਸੁਆਗਤ ਕੀਤਾ। ਸਿੱਖ-ਸੰਗਤਾਂ ਜੋ ਗੁਰੂ ਜੀ ਜੋਂ ਬਿਨ੍ਹਾਂ ਬਹੁਤ ਵੈਰਾਗਵਾਨ ਸਨ ਤੇ ਜਿਹੜੀਆਂ ਕਿਲ੍ਹੇ ਦੀਆਂ ਕੰਧਾਂ ਨੂੰ ਚੁੰਮ-ਚੁੰਮ ਕੇ ਵਾਪਸ ਮੁੜਦੀਆਂ ਸਨ ਜਦੋਂ ਉਨ੍ਹਾਂ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਹੁੰਮ-ਹੁੰਮਾ ਕੇ ਗੁਰੂ ਜੀ ਦੇ ਪਾਸ ਪੁੱਜ ਗਈਆਂ ਅਤੇ ਨਾਲ ਹੀ ਸ੍ਰੀ ਅੰਮ੍ਰਿਤਸਰ ਵੱਲ ਤੁਰ ਪਈਆਂ।

ਗੁਰੂ ਜੀ ਸਿੱਖਾਂ ਸਮੇਤ ਦੀਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਪੁੱਜੇ। ਗੁਰੂ ਜੀ ਦੇ ਇੱਥੇ ਪੁੱਜਣ ਦੀ ਖੁਸ਼ੀ ਵਿਚ ਸਾਰੇ ਸ਼ਹਿਰ ਵਿਚ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਚ ਦੀਪਮਾਲਾ ਕੀਤੀ ਗਈ। ਰਾਜਿਆਂ ਨੇ ਗੁਰੂ ਜੀ ਨੂੰ ਬੰਦੀ ਛੋੜ ਸੱਚਾ ਪਾਤਸ਼ਾਹ ਕਿਹਾ। ਸੋ ਉਸ ਦਿਨ ਤੋਂ ਲੈ ਕੇ ਹੁਣ ਤਕ ਇਹ ‘ਬੰਦੀ ਛੋੜ ਦਿਵਸ’ ਪੂਰੇ ਜਾਹ-ਓ-ਜਲਾਲ ਨਾਲ ਮਨਾਇਆ ਜਾਂਦਾ ਹੈ। ਸੰਗਤਾਂ ਭਾਰੀ ਗਿਣਤੀ ਵਿਚ ਹਾਜ਼ਰੀ ਭਰਦੀਆਂ ਹਨ। ਸਿੱਖ ਇਤਿਹਾਸ ਵਿਚ ਇਸ ਦਾ ਵੱਡਾ ਮਹੱਤਵ ਹੈ।

ਡਾ. ਅਮਰਜੀਤ ਕੌਰ