ਦੇਸ਼ ਦੇ ਇਸ ਅਣਖੀਲੇ ਜਰਨੈਲ, ਮਹਾਨ ਪ੍ਰਬੰਧਕ, ਧਰਮ ਨਿਰਪੇਖ ਕੌਮੀ ਨਾਇਕ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ੩ ਮਈ ੧੭੧੮ ਈਸਵੀ 2 ਨੂੰ ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿਖੇ ਇਕ ਗੁਰਸਿੱਖ ਪਰਵਾਰ ਵਿਚ ਸਰਦਾਰ ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਕੁੱਖੋਂ ਹੋਇਆ। ਬਾਲਕ ਜੱਸਾ ਸਿੰਘ ਦੇ ਸਿਰ ਉੱਪਰੋਂ ਪਿਤਾ ਦਾ ਹੱਥ ਛੋਟੀ ਉਮਰ ਵਿਚ ਹੀ ਉੱਠ ਗਿਆ ਸੀ । ਪਤੀ ਦਾ ਅਕਾਲ ਚਲਾਣਾ ਵਾਹਿਗਰ ਦਾ ਭਾਣਾ ਸਮਝ ਕੇ ਮਾਤਾ ਜੀਵਨ ਕੌਰ ਅਕਾਲ ਪੁਰਖ ਦੀ ਰਜ਼ਾ ਅਤੇ ਯਾਦ ਵਿਚ ਦਿਨ ਬਤੀਤ ਕਰਨ ਲੱਗੀ।
ਸੰਨ ੧੭੨੩ ਈ: ਨੂੰ ਮਾਤਾ ਜੀਵਨ ਕੌਰ ਬਾਲਕ ਜੱਸਾ ਸਿੰਘ ਨੂੰ ਲੈ ਕੇ ਸਿੱਖ ਸੰਗਤਾਂ ਨਾਲ ਦਿੱਲੀ ਜਗਤ ਮਾਤਾ, ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਪਹੁੰਚੀ। ਉੱਥੇ ਮਾਤਾ ਜੀਵਨ ਕੌਰ ਅਤੇ ਬਾਲਕ ਜੱਸਾ ਸਿੰਘ ਮਾਤਾ ਸੁੰਦਰੀ ਜੀ ਦੇ ਦਰਬਾਰ ਅਤੇ ਦੀਵਾਨ ਵਿਚ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਕਰ ਕੇ ਮਾਤਾ ਸੁੰਦਰੀ ਜੀ ਦੀਆਂ ਖੁਸ਼ੀਆਂ ਅਤੇ ਅਸੀਸਾਂ ਪ੍ਰਾਪਤ ਕਰਦੇ। ਬਾਲਕ ਜੱਸਾ ਸਿੰਘ ਨੂੰ ਮਾਤਾ ਸੁੰਦਰੀ ਜੀ ਖਾਸ ਪਿਆਰ ਕਰਦੇ ਸਨ ਅਤੇ ਆਪਣੇ ਪੁੱਤਰ ਵਾਂਗ ਲਾਡ ਲਡਾਉਂਦੇ ਖਵਾਉਂਦੇ, ਪਿਆਉਂਦੇ ਅਤੇ ਪਰਵਰਿਸ਼ ਕਰਦੇ। ਗੁਰੂ ਸੁਪਤਨੀ ਮਾਤਾ ਸੁੰਦਰੀ ਜੀ ਦੀ ਦੇਖ-ਰੇਖ ਸਦਕਾ ਉਨ੍ਹਾਂ ਨੂੰ ਸਿੱਖ ਗੁਰੂ ਸਾਹਿਬਾਨ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਿੱਖੀ ਵਿਚਾਰਧਾਰਾ ਦੇ ਆਤਮਿਕ ਅਤੇ ਸਮਾਜਿਕ ਪੱਖਾਂ ਬਾਰੇ ਗੂੜ੍ਹੀ ਜਾਣਕਾਰੀ ਪ੍ਰਾਪਤ ਹੋਈ। ਮਾਤਾ ਜੀ ਪਾਸ ਰਹਿ ਕੇ ਉਨ੍ਹਾਂ ਦਿੱਲੀ ਦੇ ਪ੍ਰਸਿੱਧ ਸਕੂਲਾਂ ਵਿਚ ਉਰਦੂ ਤੇ ਫ਼ਾਰਸੀ ਭਾਸ਼ਾ ਦਾ ਗਿਆਨ ਪ੍ਰਾਪਤ ਕਰਕੇ ਧਾਰਮਿਕ ਅਤੇ ਇਤਿਹਾਸਿਕ ਪੁਸਤਕਾਂ ਦਾ ਅਧਿਐਨ ਕੀਤਾ।
ਦਿੱਲੀ ਵਿਚ ਸੱਤ ਸਾਲ ਗੁਜ਼ਾਰਨ ਮਗਰੋਂ ਪੰਜਾਬ-ਵਾਪਸੀ ‘ਤੇ ਬਾਲਕ ਜੱਸਾ ਸਿੰਘ ਨੂੰ ਮਾਤਾ ਸੁੰਦਰੀ ਜੀ ਨੇ ਦਸਮੇਸ਼ ਪਿਤਾ ਦੇ ਕਰ-ਕਮਲਾਂ ਵਿਚ ਵਰਤੇ ਹੋਏ
ਸ਼ਸਤਰ ਤਲਵਾਰ, ਤੀਰਾਂ ਦਾ ਭੱਥਾ, ਕਮਾਨ, ਗੁਰਜ, ਚਾਂਦੀ ਦਾ ਭੱਥਾ ਆਦਿ ਬਖਸ਼ਿਸ਼ ਕਰਦਿਆਂ ਅਸੀਸਾਂ ਦਿੱਤੀਆਂ ਕਿ ਤੇਰੇ ਅਤੇ ਤੇਰੀ ਸੰਤਾਨ ਦੇ ਅੱਗੇ ਚਾਂਦੀ ਦੇ ਆਸਿਆਂ ਵਾਲੇ ਚੌਬਦਾਰ ਚਲਿਆ ਕਰਨਗੇ, ਤੂੰ ਸੱਚਾ ਦੇਸ਼ ਭਗਤ ਅਤੇ ਇਸਤਰੀ ਜ਼ਾਤੀ ਦੀ ਇੱਜ਼ਤ ਅਤੇ ਪੱਤ ਦਾ ਰਾਖਾ ਹੋਵੇਂਗਾ! ਮਾਤਾ ਸੁੰਦਰੀ ਜੀ ਨੇ ਸਹਿਜ ਸੁਭਾਵਿਕ ਬਚਨ ਕੀਤੇ ਕਿ ਸਿੱਖ ਕੌਮ ਜੱਸਾ ਸਿੰਘ ਆਹਲੂਵਾਲੀਆ ਉੱਤੇ ਮਾਣ ਕਰੇਗੀ ਅਤੇ ਆਉਣ ਵਾਲੇ ਸਮੇਂ ਵਿਚ ਉਹ ਬਾਦਸ਼ਾਹੀ ਠਾਠ-ਬਾਠ ਨੂੰ ਪ੍ਰਾਪਤ ਕਰੇਗਾ!
ਦਿੱਲੀ ਤੋਂ ਸਰਦਾਰ ਜੱਸਾ ਸਿੰਘ ਆਪਣੇ ਮਾਮੇ ਸਰਦਾਰ ਬਾਘ ਸਿੰਘ ਹਲਵਾਲੀਆ ਉਸ ਸਮੇਂ ਦੇ ਪ੍ਰਸਿੱਧ ਸਰਦਾਰ ਅਤੇ ਮਾਤਾ ਜੀਵਨ ਕੌਰ ਨਾਲ ਜਲੰਧਰ ਆ ਗਏ ਅਤੇ ਗੁਰਪੁਰਬ ਮਨਾਉਣ ਲਈ ਉਹ ਪੰਥ ਦੇ ਜਥੇਦਾਰ ਨਵਾਬ ਕਪੂਰ ਸਿੰਘ ਦੇ ਡੇਰੇ ਕਰਤਾਰਪੁਰ ਪੁੱਜੇ। ਸਵੇਰੇ ਅੰਮ੍ਰਿਤ ਵੇਲੇ ਸਰਦਾਰ ਜੱਸਾ ਸਿੰਘ ਅਤੇ ਉਨ੍ਹਾਂ ਦੀ ਮਾਤਾ ਨੇ ‘ਆਸਾ ਕੀ ਵਾਰ’ ਦਾ ਕੀਰਤਨ ਕਰ ਕੇ ਨਵਾਬ ਕਪੂਰ ਸਿੰਘ ਹੋਰਾਂ ਅਤੇ ਬਾਕੀ ਸਰਦਾਰਾਂ ਨੂੰ ਨਿਹਾਲ ਕਰ ਦਿੱਤਾ। ਸਰਦਾਰ ਜੱਸਾ ਸਿੰਘ ਦੇ ਸਿੱਖੀ ਸਿਦਕ ਅਤੇ ਸੇਵਾ-ਭਾਵ ਨੇ ਨਵਾਬ ਕਪੂਰ ਸਿੰਘ ਦੇ ਦਿਲ ‘ਤੇ ਬਹੁਤ ਡੂੰਘਾ ਅਸਰ ਕੀਤਾ। ਉਨ੍ਹਾਂ ਨੇ ਸਰਦਾਰ ਜੱਸਾ ਸਿੰਘ ਨੂੰ ਉਨ੍ਹਾਂ ਕੋਲ ਰਹਿਣ ਦੇਣ ਲਈ ਆਖਿਆ, ਜਿਸ ‘ਤੇ ਸਰਦਾਰ ਬਾਘ ਸਿੰਘ ਅਤੇ ਮਾਤਾ ਜੀਵਨ ਕੌਰ ਨੇ ਸਰਦਾਰ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਦੀ ਝੋਲੀ ਪਾ ਦਿੱਤਾ ਅਤੇ ਖਾਲਸੇ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਦਿੱਤਾ ਅਤੇ ਉਸ ਦਿਨ ਤੋਂ ਸਰਦਾਰ ਜੱਸਾ ਸਿੰਘ ਨਵਾਬ ਕਪੂਰ ਸਿੰਘ ਦੇ ਧਰਮ ਪੁੱਤਰ ਪ੍ਰਸਿੱਧ ਹੋਏ।
ਨਵਾਬ ਕਪੂਰ ਸਿੰਘ ਨੇ ਸ਼ਸਤਰ-ਵਿੱਦਿਆ ਦੇ ਮਾਹਿਰਾਂ ਪਾਸੋਂ ਸ. ਜੱਸਾ ਸਿੰਘ ਨੂੰ ਘੋੜ ਸਵਾਰੀ, ਤੇਗ ਚਲਾਉਣੀ, ਨੇਜ਼ਾਬਾਜ਼ੀ ਅਤੇ ਤੀਰ-ਕਮਾਨ ਆਦਿ ਦੀ ਸਿਖਲਾਈ ਪ੍ਰਦਾਨ ਕਰਵਾਈ। ਸਰੀਰਿਕ ਕਸਰਤ ਸਦਕਾ ਸਰਦਾਰ ਜੱਸਾ ਸਿੰਘ ਇਕ ਨਰੋਆ ਗੱਭਰੂ ਬਣ ਗਿਆ। ਉਹ ਨਾਲ-ਨਾਲ ਖਾਲਸੇ ਦੇ ਦੀਵਾਨਾਂ ਵਿਚ ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਦਾ, ਪੱਖਾ ਝੱਲਦਾ, ਲੰਗਰ ਵਿਚ ਭਾਂਡੇ ਮਾਂਜਦਾ, ਸਵੇਰੇ-ਸ਼ਾਮ ਗੁਰਬਾਣੀ ਦੇ ਪਾਠ ਅਤੇ ਸ਼ਬਦ ਕੀਰਤਨ ਕਰਦਾ।
ਕੁਝ ਸਮਾਂ ਬਾਅਦ ਨਵਾਬ ਕਪੂਰ ਸਿੰਘ ਨੇ ਆਪ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਕੇ ਸਰਦਾਰ ਜੱਸਾ ਸਿੰਘ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾਇਆ ਅਤੇ ਖਾਲਸੇ ਦੀ ਰਹਿਤ ਦਾ ਉਪਦੇਸ਼ ਦਿੱਤਾ। ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਖਾਲਸੇ ਦੇ ਘੋੜਿਆਂ ਨੂੰ ਖੁਰਾਕ ਮੁਹੱਈਆ ਕਰਾਉਣ ਦੀ ਸੇਵਾ ‘ਤੇ ਲਾ ਦਿੱਤਾ ਜਿਸ ਨੂੰ ਉਨ੍ਹਾਂ ਨੇ ਬੜੀ ਲਗਨ ਨਾਲ ਪੂਰਾ ਕੀਤਾ।
੧੭੨੯ ਈ: ਪਿੱਛੋਂ ਸਰਦਾਰ ਜੱਸਾ ਸਿੰਘ ਨਵਾਬ ਕਪੂਰ ਸਿੰਘ ਦੀਆਂ ਲੱਗਭਗ ਸਾਰੀਆਂ ਮੁਹਿੰਮਾਂ ਵਿਚ ਨਾਲ ਰਹੇ। ੧੭੩੮ ਈ: ਤਕ ਉਨ੍ਹਾਂ ਦੀ ਗਿਣਤੀ ਸਿੱਖ ਆਗੂਆਂ ਦੀ ਪਹਿਲੀ ਕਤਾਰ ਵਿਚ ਹੋਣ ਲੱਗ ਪਈ। ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ‘ਤੇ ਪਹਿਲੇ ਹਮਲੇ ਦੌਰਾਨ ਨੂਰ ਦੀ ਸਰਾਇ ਡੇਰਾ ਕੀਤਾ ਤਾਂ ਸਿੰਘਾਂ ਨੇ ਸਰਦਾਰ ਜੱਸਾ ਸਿੰਘ ਅਤੇ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਅਫਗਾਨੀਆਂ ਨੂੰ ਸੋਧਿਆ।
੧੭੪੭ ਈ: ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਖਾਲਸੇ ਨੇ ਸਲਾਬਤ ਖਾਂ ਨੂੰ ਕਤਲ ਕਰ ਕੇ ਸ੍ਰੀ ਅੰਮ੍ਰਿਤਸਰ ਅਜ਼ਾਦ ਕਰਵਾਇਆ। ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਪੰਥ ਵੱਲੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ੧੦ ਅਪ੍ਰੈਲ ੧੭੫੪ ਨੂੰ ਸਰਬਸੰਮਤੀ ਨਾਲ ਪੰਥ ਦਾ ਸ਼੍ਰੋਮਣੀ ਜਥੇਦਾਰ ਥਾਪਿਆ ਗਿਆ ਅਤੇ ਖਾਲਸੇ ਦੇ ਸਿਆਸੀ ਅਤੇ ਧਾਰਮਿਕ ਮਸਲਿਆਂ ਦਾ ਨੇਤਾ ਬਣਾਇਆ ਗਿਆ।
ਮਾਰਚ ੧੭੬੧ ਨੂੰ ਉਨ੍ਹਾਂ ਅਹਿਮਦ ਸ਼ਾਹ ਅਬਦਾਲੀ ਕੋਲੋਂ ੨੨੦੦ ਕੈਦੀ ਜਵਾਨ, ਹਿੰਦੂ ਲੜਕੀਆਂ ਨੂੰ ਛੁਡਾ ਕੇ ਆਪਣੇ ਖਰਚੇ ‘ਤੇ ਘਰੋ-ਘਰ ਪਹੁੰਚਾਇਆ।
ਨਵੰਬਰ ੧੭੬੧ ਨੂੰ ਖਾਲਸੇ ਨੇ ਲਾਹੌਰ ਫਤਿਹ ਕੀਤਾ ਅਤੇ ਇਸ ਖੁਸ਼ੀ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਪਹਿਲਾ ਬਾਦਸ਼ਾਹ ‘ਸੁਲਤਾਨ-ਉਲ-ਕੌਮ’ ਘੋਸ਼ਿਤ ਕੀਤਾ ਗਿਆ। ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖਾਂ ਦੀ ਸੁਤੰਤਰਤਾ ਦੀ ਘੋਸ਼ਣਾ ਕੀਤੀ ਅਤੇ ਇਸ ਖੁਸ਼ੀ ਦੇ ਮੌਕੇ ‘ਤੇ ਸਿੱਖ ਗੁਰੂ ਸਾਹਿਬਾਨ ਦੇ ਨਾਂ ਦੇ ਸਿੱਕੇ ਚਲਾਏ।
ਸਿੱਖਾਂ ਦਾ ਸਭ ਤੋਂ ਵੱਡਾ ਘੱਲੂਘਾਰਾ ਜੋ ੫ ਫਰਵਰੀ ੧੭੬੨ ਨੂੰ ਕੁੱਪ ਰੁਹੀੜੇ ਦੀ ਧਰਤੀ ‘ਤੇ ਵਾਪਰਿਆ, ਦੌਰਾਨ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਬੜੀ ਦਲੇਰੀ ਅਤੇ ਬਹਾਦਰੀ ਨਾਲ ਸਿੱਖ ਕੌਮ ਦੀ ਅਗਵਾਈ ਕੀਤੀ ਅਤੇ ਸੂਝਵਾਨੀ ਨਾਲ ਕੌਮ ਨੂੰ ਵੱਡੇ ਖ਼ਤਰੇ ਤੋਂ ਬਚਾਇਆ। ਇਸ ਸਾਕੇ ਦੌਰਾਨ ਆਪ ਦੇ ਸਰੀਰ ‘ਤੇ ਦੋ ਦਰਜਨ ਤੋਂ ਵੱਧ ਜੰਗੀ ਫੱਟ ਲੱਗੇ।
ਸੰਨ ੧੭੬੪ ਵਿਚ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਖਾਲਸੇ ਨੇ ਸਰਹਿੰਦ ਫਤਿਹ ਕੀਤਾ ਅਤੇ ਉੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਗੁਰਦੁਆਰਾ ਫਤਿਹਗੜ੍ਹ ਸਾਹਿਬ ਉਸਾਰਿਆ। ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸ੍ਰੀ ਦਰਬਾਰ ਸਾਹਿਬ
ਸ੍ਰੀ ਅੰਮ੍ਰਿਤਸਰ ਦੀ ਸੇਵਾ ਵਾਸਤੇ ਚਾਦਰ ਵਿਛਾ ਦਿੱਤੀ ਅਤੇ ਆਪਣੇ ਹਿੱਸੇ ਦੇ ਨੌਂ ਲੱਖ ਰੁਪਏ ਉੱਤੇ ਰੱਖ ਦਿੱਤੇ ਅਤੇ ਬਾਕੀ ਸਰਦਾਰਾਂ ਪਾਸੋਂ ਪੰਜ ਲੱਖ ਰੁਪਏ ਭੇਟ ਹੋਏ। ਇਹ ਸਾਰਾ ਪੈਸਾ ਆਪ ਨੇ ਭਾਈ ਦੇਸ ਰਾਜ ਬਿਧੀਚੰਦੀਏ ਨੂੰ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਲਈ ਦਿੱਤਾ ਅਤੇ ਫਿਰ ਆਪ ਤਿੰਨ ਲੱਖ ਰੁਪਏ ਨੌਸ਼ਹਿਰਾ ਪਨੂੰਆ ਦੇ ਚੌਧਰੀ ਸਾਹਿਬ ਰਾਏ ਨੂੰ ਦੇ ਕੇ ਉਸ ਪਾਸੋਂ ਸ੍ਰੀ ਦਰਬਾਰ ਸਾਹਿਬ ਨੂੰ ਗਿਰਵੀ ਤੋਂ ਛੁਡਾਇਆ ਅਤੇ ਪੰਥ ਦੇ ਸਿਰੋਂ ਇਕ ਭਾਰੀ ਜਿੰਮੇਵਾਰੀ ਲਾਹੀ। ਇਸ ਨਿਸ਼ਕਾਮ ਸੇਵਾ ਸਦਕਾ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਵਾਲੇ ਬਜ਼ਾਰ ਦਾ ਨਾਂ ਕਟੜਾ ਆਹਲੂਵਾਲੀਆ ਉਨ੍ਹਾਂ ਦੇ ਨਾਂ ‘ਤੇ ਰੱਖਿਆ ਗਿਆ। । ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਰਾਏ ਇਬਰਾਹੀਮ ਭੱਟੀ ਨੂੰ ਹਰਾ ਕੇ ਕਪੂਰਥਲਾ ਨੂੰ ਆਪਣੇ ਕਬਜ਼ੇ ਹੇਠ ਕੀਤਾ ਅਤੇ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਨੂੰ ਫਤਿਹਬਾਦ ਤੋਂ ਬਦਲ ਕੇ ਕਪੂਰਥਲਾ ਬਣਾ ਦਿੱਤਾ ਅਤੇ ਇਸ ਪ੍ਰਕਾਰ ਸੁਲਤਾਨਪੁਰ ਲੋਧੀ ਦਾ ਪਵਿੱਤਰ ਅਸਥਾਨ ਸਿੱਖ ਮਿਸਲਾਂ ਦੇ ਕਬਜ਼ੇ ਵਿਚ ਆ ਗਿਆ। ਇਸ ਤਰ੍ਹਾਂ ਉਹ ਕਪੂਰਥਲਾ ਰਿਆਸਤ ਦੇ ਬਾਨੀ ਬਣੇ।
੧੧ ਮਾਰਚ ੧੭੮੩ ਨੂੰ ਸਰਦਾਰ ਬਘੇਲ ਸਿੰਘ ਨਾਲ ਰਲ ਕੇ ਸਿੱਖ ਸਰਦਾਰਾਂ ਨੇ ਦਿੱਲੀ ਫਤਿਹ ਕੀਤੀ ਅਤੇ ਸਰਦਾਰ ਬਘੇਲ ਸਿੰਘ ਕਰੋੜਸਿੰਘੀਆਂ ਨੇ ਲਾਲ ਕਿਲ੍ਹੇ ਉੱਤੇ ਖਾਲਸੇ ਦਾ ਕੇਸਰੀ ਝੰਡਾ ਲਹਿਰਾਇਆ ਅਤੇ ਪੰਥ ਦੇ ਸ਼੍ਰੋਮਣੀ ਜਥੇਦਾਰ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਲ ਕਿਲ੍ਹੇ ਵਿਚ ਸਥਿਤ ਤਖਤ ਦੀਵਾਨ-ਏ-ਆਮ ਉੱਤੇ ਬਿਠਾਇਆ ਗਿਆ ਅਤੇ ਭਾਰਤ ਦਾ ਬਾਦਸ਼ਾਹ ਘੋਸ਼ਿਤ ਕੀਤਾ।
ਅਕਤੂਬਰ ੧੭੮੩ ਨੂੰ ਪੰਥ ਦੇ ਸ਼੍ਰੋਮਣੀ ਜਥੇਦਾਰ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਤੰਤਰ ਪੰਜਾਬ ਅਤੇ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿਚ ਛੱਡ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਗੁਰਪੁਰੀ ਸਿਧਾਰ ਗਏ।
-ਸ. ਸੁਮੀਤ ਸਿੰਘ
