28 views 3 secs 0 comments

ਸਫਲ ਜੀਵਨ – ਮਨੁੱਖਤਾ ਨੂੰ ਪਿਆਰ

ਲੇਖ
October 24, 2025

ਅਜੋਕੇ ਸਮੇਂ ਵਿਚ ਦੇਸ਼ਾਂ ਦੇ ਆਪਸੀ ਜੰਗ ਜੁੱਧ ਅਤੇ ਕੁਝ ਧਰਮਾਂ ਦੇ ਪੈਰੋਕਾਰਾਂ ਦਾ ਇਕ ਦੂਜੇ ਪ੍ਰਤੀ ਨਫ਼ਰਤਵਾਦੀ ਵਰਤਾਰਾ ਸਮਾਜ ਲਈ ਸਰਾਪ ਬਣਦਾ ਜਾ ਰਿਹਾ ਹੈ। ਵਿਗਿਆਨ ਦੀ ਖੋਜ ਅਤੇ ਧਰਮਾਂ ਦੇ ਪਾਸਾਰ ਨਾਲ ਤਾਂ ਦੁਨੀਆਂ ਸਵਰਗ ਬਣਨੀ ਚਾਹੀਦੀ ਸੀ ਪਰ ਬਹੁਤ ਜਗਾ ਸਭ ਕੁਝ ਉਲਟ ਹੋ ਰਿਹਾ ਹੈ। ਜਗਿਆਸੂ ਦਾ ਸਵਾਲ ਕਿ ਕਮੀ ਜਾਂ ਕਮਜ਼ੋਰੀ ਕਿੱਥੇ ਹੈ? ਸਰਲ ਉੱਤਰ ਕਿ ਜਦੋਂ ਵੀ ਮਨੁੱਖ ਦੇ ਹਿਰਦੇ ਵਿੱਚੋਂ ਮਨੁੱਖਤਾ ਪ੍ਰਤੀ ਪਿਆਰ ਮਨਫੀ ਹੋਵੇਗਾ ਉਦੋਂ ਵਿਗਿਆਨ ਜਾਂ ਧਰਮ ਘਾਤਕ ਹੋ ਜਾਵੇਗਾ।
ਭਾਰਤੀ ਸੱਭਿਆਚਾਰ ਵਿਚ ਸੰਪੂਰਨ ਸ਼ਖ਼ਸੀਅਤ ਦੀਆਂ ਸੋਲਾਂ ਕਲਾਵਾਂ ਵਿੱਚੋਂ ਇਕ ਕਲਾ (ਸ਼ਕਤੀ) ਪ੍ਰੇਮ ਕਲਾ ਵੀ ਹੈ। ਪ੍ਰੇਮ ਤੋਂ ਭਾਵ ਸਨੇਹ ਜਾਂ ਪਿਆਰ ਹੈ ਅਤੇ ਪਿਆਰ ਦੇ ਸਮਾਨ-ਅਰਥੀ ਸ਼ਬਦ-ਉਲਫ਼ਤ, ਅਸਨੇਹ, ਅਨੁਰਾਗ, ਹਿਤ, ਨੇਹ, ਭਾਉ, ਮੋਹ, ਰਾਗ ਤੇ ਲਾਡ ਆਦਿ ਵੀ ਹਨ। ਦਾਨਿਆਂ ਦਾ ਕਥਨ ਹੈ ਕਿ ਪਿਆਰ ਉਹ ਸ਼ਕਤੀ ਹੈ, ਜਿਸ ਨੇ ਇਸ ਸੰਸਾਰ ਨੂੰ ਸੂਤਰ-ਬੱਧ ਕਰਕੇ ਸੰਵਾਰਿਆ ਹੈ। ਪ੍ਰੇਮ ਦੀ ਸ਼ਕਤੀ ਦੇ ਸਹਾਰੇ ਹੀ ਸੰਸਾਰ ਦੇ ਕਾਰ-ਵਿਹਾਰ, ਰਿਸ਼ਤੇ-ਨਾਤੇ ਨਿਭ ਰਹੇ ਹਨ ਅਤੇ ਜ਼ਿੰਦਗੀ ਜੀਉਣ ਦਾ ਉਮਾਹ ਹੈ। ਦੂਈ ਦਵੈਤ ਨਾਲ ਸੁੱਖ, ਸ਼ਾਂਤੀ, ਸੰਤੋਖ ਹੋ ਹੀ ਨਹੀਂ ਸਕਦਾ। ਮਨੁੱਖਤਾ ਵਿੱਚੋਂ ਪ੍ਰੇਮ ਪਿਆਰ ਨੂੰ ਦੂਰ ਕਰ ਦਿਓ ਤਾਂ ਪਿੱਛੇ ਜੋ ਬਚੇਗਾ ਕੇਵਲ ਨਫ਼ਰਤ, ਈਰਖਾ, ਝਗੜੇ, ਕਤਲੋਗਾਰਤ ਹੋਏਗੀ ਅਤੇ ਇਸ ਤੋਂ ਵੱਡਾ ਨਰਕ ਵੀ ਕੀ ਹੋਵੇਗਾ। ਹੁਣ ਨਰਕ ਨੂੰ ਸਵਰਗ ਵਿਚ ਬਦਲਣਾ ਪਵੇ ਤਾਂ ਕੇਵਲ ਪ੍ਰੇਮ ਹੀ ਬਦਲ ਸਕਦਾ ਹੈ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮੂਹ ਮਾਨਵਤਾ ਨੂੰ ਪ੍ਰੇਮ ਦੀ ਭਾਸ਼ਾ ਸਮਝਾਉਂਦਿਆਂ ਫ਼ਰਮਾਇਆ ਕਿ ਜਿਵੇਂ ਚਿਤਰੇ ਹੋਏ ਮਹਿਲ ਮਾੜੀਆਂ ਹੋਣ ਅਤੇ ਉਨ੍ਹਾਂ ਦੇ ਚਿੱਟੇ ਸੋਹਣੇ ਦਰਵਾਜ਼ੇ ਹੋਣ। ਇਹਨਾਂ ਖ਼ੁਸ਼ੀ ਨਾਲ ਉਸਾਰਿਆਂ ਵਿਚ ਪ੍ਰਭੂ ਪ੍ਰੇਮ ਨਾ ਹੋਵੇ ਤਾਂ ਕਿਸ ਕੰਮ। ਇਸੇ ਤਰ੍ਹਾਂ ਸਰੀਰ ਰੂਪੀ ਮੰਦਰ-ਪ੍ਰੇਮ ਵਿਹੂਣਾ ਅੰਤ ਸੁਆਹ ਹੋ ਜਾਵੇਗਾ ਕਿਉਂਕਿ ਪ੍ਰਭੂ ਇਕ ਹੈ, ਸੰਸਾਰ ਉਸ ਦਾ ਪਾਸਾਰਾ ਹੈ ਅਤੇ ਉਸ ਦੀ ਸਿਰਜਣਾ ਨੂੰ ਪ੍ਰੇਮ ਕਰਨਾ ਹੀ ਪ੍ਰਭੂ ਪ੍ਰੇਮ ਹੈ। ਫ਼ਰਮਾਨ ਹੈ :

ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ॥
ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ॥
ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ॥੧॥
(ਅੰਗ ੬੨)

ਇਸੇ ਸੰਦਰਭ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਸਮੂਹ ਮਨੁੱਖਤਾ ਨੂੰ ਸਮਝਾਉਂਦੇ ਹਨ ਕਿ ਕੋਈ ਮਨੁੱਖ ਅਤਿ ਸੁੰਦਰ ਤੇ ਉੱਚੀ ਕੁਲ ਦਾ ਹੋਵੇ। ਭਾਵੇਂ ਉਹ ਬਹੁਤ ਹੀ ਸਿਆਣਾ ਹੋਵੇ ਤੇ ਮੁੱਖ ਤੋਂ ਗਿਆਨ ਦੀਆਂ ਵਿਚਾਰਾਂ ਕਰਨ ਵਾਲਾ ਵੀ ਹੋਵੇ, ਧਨਵਾਨ ਹੋਵੇ। ਇਹ ਸਭਕੁਝ ਹੋਣ ਦੇ ਬਾਵਜੂਦ ਵੀ ਉਸ ਮਨੁੱਖ ਨੂੰ ਮੁਰਦਾ ਹੀ ਕਿਹਾ ਜਾਵੇਗਾ, ਜੇਕਰ ਉਸ ਦੀ ਪ੍ਰਭੂ ਨਾਲ ਪ੍ਰੀਤ ਨਹੀਂ ਹੈ। ਗੁਰਮਤਿ ਅਨੁਸਾਰ ਪ੍ਰਭੂ ਦਾ ਘਰ ਮਨੁੱਖ ਦਾ ਹਿਰਦਾ ਹੈ ਅਤੇ ਜੇਕਰ ਮਨੁੱਖ ਪ੍ਰਭੂ ਨੂੰ ਪਿਆਰ ਕਰੇਗਾ ਤਾਂ ਉਹ ਸਮੂਹ ਮਨੁੱਖਤਾ ਨੂੰ ਵੀ ਪਿਆਰ ਕਰੇਗਾ।

ਸਤਿਗੁਰਾਂ ਫ਼ਰਮਾਇਆ :

ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ॥
(ਅੰਗ ੨੫੩)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਨੂੰ ਪ੍ਰੇਮ ਨਾਲ ਰਹਿਣ ਦਾ ਉਪਦੇਸ਼ ਦਿੰਦੇ ਹੋਏ ਫ਼ਰਮਾਉਂਦੇ ਹਨ :

“ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸਾਫੀ,
ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ॥

ਤੱਤਸਾਰ ਕਿ ਸਮੂਹ ਮਨੁੱਖ ਇਕ ਪ੍ਰਭੂ ਦਾ ਪਰਿਵਾਰ ਹੈ ਅਤੇ ਪ੍ਰਭੂ ਦੀ ਹੋਂਦ ‘ਜਾਪੁ ਸਾਹਿਬ ਵਿਚ ਇਉਂ ਵਰਣਨ ਹੈ :
“ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ॥

ਭਾਵ ਪ੍ਰਭੂ ਹਰ ਥਾਂ, ਹਰ ਦਿਸ਼ਾ ਤੇ ਹਰ ਨੁੱਕਰ ਵਿਚ ਪਿਆਰ ਰੂਪ ਹੋ ਕੇ ਵੱਸ ਰਿਹਾ ਹੈ।

ਇਸ ਪਿਆਰ ਰੂਪ ਪ੍ਰਭੂ ਨੂੰ ਪ੍ਰੇਮ ਦੀ ਸ਼ਕਤੀ ਨੇ ਹੀ ਪ੍ਰਗਟ ਕਰਨਾ ਹੈ। ਇਸ ਸਬੰਧੀ ਕਲਗੀਧਰ ਪਾਤਸ਼ਾਹ ਜੀ ਰਚਿਤ ਸਵੈਯਾ ਹੈ :

ਕਹਾ ਭਯੋ ਦੋਊ ਲੋਚਨ ਮੂੰਦ ਕੈ,
ਬੈਠਿ ਰਹਿਓ ਬਕ ਧ੍ਯਾਨ ਲਗਾਇਓ॥
ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ
ਲੋਕ ਗਇਓ ਪਰਲੋਕ ਗਵਾਇਓ॥
ਬਾਸੁ ਕੀਓ ਬਿਖਿਆਨ ਸੋ ਬੈਠ ਕੈ
ਐਸੇ ਹੀ ਐਸ ਸੁ ਬੈਸ ਬਿਤਾਇਓ॥
ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮੁ ਕੀਓ ਤਿਨ ਹੀ ਪ੍ਰਭੁ ਪਾਇਓ॥
(ਸ੍ਰੀ ਦਸਮ ਗ੍ਰੰਥ)

ਭਾਵ ਜੇ ਕੋਈ ਮਨੁੱਖ ਬਗਲੇ ਵਾਂਗ ਸਮਾਧੀ ਲਾ ਲਵੇ, ਸਭ ਤੀਰਥਾਂ ‘ਤੇ ਇਸ਼ਨਾਨ ਕਰੇ, ਵਿਸ਼ੇ ਵਿਕਾਰਾਂ ਵਿਚ ਸਮਾਂ ਬਿਤਾਏ ਤਾਂ ਸਭ ਵਿਅਰਥ ਹੈ। ਅੰਤਮ ਸੱਚ ਇਹ ਹੈ ਕਿ ਜਿਨ੍ਹਾਂ ਪ੍ਰਭੂ ਤੇ ਪ੍ਰਭੂ ਦੀ ਲੋਕਾਈ ਨਾਲ ਪਿਆਰ ਕੀਤਾ, ਉਨ੍ਹਾਂ ਨੂੰ ਪ੍ਰਭੂ ਪ੍ਰਾਪਤੀ ਹੁੰਦੀ ਹੈ।

ਡਾ. ਇੰਦਰਜੀਤ ਸਿੰਘ ਗੋਗੋਆਣੀ