ਜਿਸਨੇ ਆਪਣੇ ਮਨ ਨੂੰ ਜਿੱਤ ਲਿਆ; ਸੂਰਬੀਰ ਹੈ । ਇਕ ਹੁੰਦਾ ਹੈ ਦੂਜੇ ਨੂੰ ਜਿੱਤਣਾ, ਇਕ ਹੁੰਦਾ ਹੈ ਆਪਣੇ ਆਪ ਨੂੰ ਜਿੱਤਣਾ। ਜਿਹੜਾ ਦੂਜੇ ਨੂੰ ਜਿੱਤੇ, ਉਹ ਰਾਜਨੀਤਕ; ਜਿਹੜਾ ਆਪਣੇ ਆਪ ਨੂੰ ਜਿੱਤੇ, ਉਹ ਸੰਤ, ਭਗਤ, ਗੁਰਮੁਖ। ਮੈਂ ਅਰਜ਼ ਕਰਾਂ, ਦੂਜੇ ਨੂੰ ਜਿੱਤਣ ਨਾਲੋਂ ਆਪਣੇ ਆਪ ਨੂੰ ਜਿੱਤਣਾ ਬਹੁਤ ਔਖਾ ਏ; ਬਹੁਤ ਔਖਾ ਏ । ਸਾਰੀ ਦੁਨੀਆਂ ਨੂੰ ਵੀ ਜਿੱਤਣ ਵਾਲਾ ਬੰਦਾ ਆਪਣੇ ਹੱਥੋਂ ਹਾਰ ਜਾਂਦਾ ਏ । ਜਿਹੜਾ ਮਨ ਨੂੰ ਜਿੱਤ ਲਵੇ; ਉਹ ਵਾਕਿਆ ਹੀ ਸਾਰੀ ਦੁਨੀਆਂ ਨੂੰ ਜਿੱਤ ਲੈਂਦਾ ਏ :
ਮਨੁ ਜੀਤੈ ਜਗੁ ਜੀਤੁ ॥
(ਅੰਗ ੬)
ਦੂਜੇ ਨੂੰ ਜਿੱਤਣ ਲਈ ਝੂਠ ਚਾਹੀਦਾ ਹੈ, ਫ਼ਰੇਬ ਚਾਹੀਦਾ ਹੈ, ਦਗ਼ਾ ਚਾਹੀਦਾ ਹੈ, ਹਿੰਸਾ ਚਾਹੀਦੀ ਹੈ, ਤਸ਼ੱਦਦ ਚਾਹੀਦਾ ਹੈ, ਨਹੀਂ ਤਾਂ ਕਿਸ ਤਰ੍ਹਾਂ ਜਿੱਤੋਗੇ ਦੂਸਰੇ ਨੂੰ। ਦੂਜੇ ਨੂੰ ਜਿੱਤਣ ਲਈ ਕੁਝ ਨਾ ਕੁਝ ਹਿੰਸਾ ਤਾਂ ਕਰਨੀ ਪਏਗੀ। ਕੁਝ ਤੇ ਝੂਠ ਬੋਲਣਾ ਪਏਗਾ। ਕੁਝ ਨਾ ਕੁਝ ਤੇ ਦਗ਼ਾ, ਫ਼ਰੇਬ,
ਚਲਾਕੀ ਤੋਂ ਕੰਮ ਲੈਣਾ ਪਏਗਾ। ਨਹੀਂ ਤੇ ਦੂਜਾ ਐਵੇਂ ਤਾਂ ਨਹੀਂ ਸਿਰ ਝੁਕਾਣ ਨੂੰ ਤਿਆਰ। ਦੂਜੇ ਨੂੰ ਜਿੱਤਣ ਵਾਸਤੇ ਬਹੁਤ ਵੱਡੇ ਅਵਗੁਣ ਚਾਹੀਦੇ ਨੇ।
ਆਪਣੇ ਆਪ ਨੂੰ ਜਿੱਤਣ ਲਈ ਬਹੁਤ ਵੱਡੇ ਗੁਣ ਚਾਹੀਦੇ ਨੇ । ਜਿੱਤ ਗੁਰਮੁਖ ਨੂੰ ਵੀ ਚਾਹੀਦੀ ਏ; ਜਿੱਤ ਰਾਜਨੀਤਕ ਨੂੰ ਵੀ ਚਾਹੀਦੀ ਏ। ਫ਼ਰਕ ਸਿਰਫ਼ ਇਤਨਾ ਹੈ ਕਿ ਇਕ ਦੂਜਿਆਂ ਨੂੰ ਜਿੱਤਣਾ ਚਾਹੁੰਦੈ; ਇਕ ਆਪਣੇ ਆਪ ਨੂੰ ਜਿੱਤਣਾ ਚਾਹੁੰਦੈ। ਬੱਸ ਇਤਨੀ ਗੱਲ ਏ। ਕਲਗੀਧਰ ਪਾਤਸ਼ਾਹ ਕਹਿੰਦੇ ਨੇ; ਜਿਸ ਨੇ ਆਪਣੇ ਆਪ ਨੂੰ ਨਹੀਂ ਜਿੱਤਿਆ ਤੇ ਜਗਤ ਨੂੰ ਜਿੱਤਣ ਲਈ ਚੱਲ ਪਿਆ, ਉਹ ਜ਼ਾਲਮ ਹੈ। ਦੁਸ਼ਟ ਹੈ। ਪਰ ਜਿਹੜਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ ਤੇ ਫਿਰ ਉਹ ਜੇਕਰ ਤਲਵਾਰ ਚੁੱਕ ਲੈਂਦਾ ਹੈ ਤਾਂ ਉਹ ਸੂਰਬੀਰ ਹੈ, ਉਹ ਜ਼ਾਲਮ ਨਹੀਂ ਹੈ । ਸੂਰਬੀਰ ਹੈ। ਸ਼ਸਤਰ ਰਾਵਣ ਦੇ ਹੱਥ ਵਿਚ ਵੀ ਹੈ; ਸ਼ਸਤਰ ਰਾਮ ਦੇ ਹੱਥ ਵਿਚ ਵੀ ਹੈ। ਸ਼ਸਤਰ ਕੰਸ ਦੇ ਹੱਥ ਵਿਚ ਵੀ ਹੈ; ਸ਼ਸਤਰ ਕ੍ਰਿਸ਼ਨ ਦੇ ਕੋਲ ਵੀ ਹੈ। ਸ਼ਸਤਰ ਔਰੰਗਜ਼ੇਬ ਨੇ ਵੀ ਚੁੱਕੇ ਨੇ; ਸ਼ਸਤਰ ਕਲਗੀਧਰ ਪਾਤਸ਼ਾਹ ਨੇ ਵੀ ਚੁੱਕੇ ਨੇ। ਪਰ ਮੈਂ ਅਰਜ਼ ਕਰਾਂ, ਹੱਥਾਂ ਵਿਚ ਬੜਾ ਫ਼ਰਕ ਹੈ। ਇਕ ਜ਼ਾਲਮ ਦਾ ਹੱਥ ਹੈ; ਇਕ ਸੰਤ ਦਾ ਹੱਥ ਹੈ। ਸ਼ਸਤਰ ਦੋਹਾਂ ਦੇ ਹੱਥ ਵਿਚ ਨੇ । ਪਰ ਇਹ ਇਸ ਤਰ੍ਹਾਂ ਦਾ ਫ਼ਰਕ ਹੈ ਜਿਵੇਂ ਚਾਕੂ ਦੋਹਾਂ ਦੇ ਹੱਥ ਵਿਚ ਹੈ। ਇਕ ਡਾਕਟਰ ਦੇ ਹੱਥ ਵਿਚ ਹੈ; ਇਕ ਕਾਤਲ ਦੇ ਹੱਥ ਵਿਚ ਹੈ। ਡਾਕਟਰ, ਛੁਰੇ ਵਿੱਚੋਂ ਕਿਸੇ ਮਰੀਜ਼ ਦੀ ਜ਼ਿੰਦਗੀ ਲੱਭ ਰਿਹੈ; ਅਪ੍ਰੇਸ਼ਨ ਕਰ ਕੇ, ਚੀਰਾ ਫਾੜੀ ਕਰ ਕੇ। ਛੁਰੇ ਵਿੱਚੋਂ ਕਿਸੇ ਦੀ ਜ਼ਿੰਦਗੀ ਲੱਭ ਰਿਹੈ। ਕਾਤਲ ਛੁਰੇ ਵਿੱਚੋਂ ਕਿਸੇ ਦੀ ਮੌਤ ਲੱਭ ਰਿਹੈ। ਹੈ ਤੇ ਛੁਰਾ ਦੋਹਾਂ ਦੇ ਹੱਥ ਵਿੱਚ।
ਕਿਸੇ ਨੇ ਤਲਵਾਰ ਚੁੱਕ ਲਈ ਏ ਦੇਸ਼ ਨੂੰ ਤਬਾਹ ਕਰਨ ਲਈ; ਕੌਮ ਨੂੰ ਮਿਟਾਣ ਲਈ। ਕਿਸੇ ਨੇ ਤਲਵਾਰ ਚੁੱਕ ਲਈ ਏ, ਦੇਸ਼ ਨੂੰ ਬਚਾਣ ਲਈ; ਕੌਮ ਨੂੰ ਬਚਾਣ ਲਈ, ਮਜ਼ਲੂਮ ਨੂੰ ਬਚਾਣ ਲਈ। ਔਰੰਗਜ਼ੇਬ ਦੇ ਅਹਿਲਕਾਰਾਂ ਨੇ ਕਲਗੀਧਰ ਨੂੰ ਕਿਹਾ ਸੀ, ਤੁਹਾਡੇ ਹੱਥ ਵਿਚ ਮਾਲਾ ਚੰਗੀ ਲੱਗਦੀ ਏ, ਤਲਵਾਰ ਨਹੀਂ। ਤੁਸੀਂ ਹੇਮਕੁੰਟ ਦੇ ਤਪੀਸ਼ਵਰ; ਜੋਗੀ । ਗੁਰੂ ਨਾਨਕ ਦੀ ਗੱਦੀ ਦੇ ਵਾਰਸ। ਇਹ ਕਿਹੜੇ ਪਾਸੇ ਤੁਸੀਂ ਚੱਲ ਪਏ। ਤੋਪਾਂ ਨਾਲ ਰੱਖ ਲਈਆਂ, ਬੰਦੂਕਾਂ ਨਾਲ ਰੱਖ ਲਈਆਂ। ਸ਼ਸਤਰ ਨਾਲ ਰੱਖ ਲਏ। ਬਾਜ਼ ਹੱਥ ‘ਤੇ ਨਾਲ ਰੱਖ ਲਿਆ। ਨਹੀਂ; ਤੁਹਾਡੇ ਹੱਥ ਵਿਚ ਮਾਲਾ ਸ਼ੋਭਦੀ ਏ, ਇਹ ਨਹੀਂ। ਪਤਾ !
ਕਲਗੀਧਰ ਪਾਤਸ਼ਾਹ ਕੀ ਕਹਿੰਦੇ ਨੇ :
ਬ-ਲਾਚਾਰਗੀ ਦਰਮਿਯਾਂ ਆਮਦਮ ॥
ਬ-ਤਦਬੀਰ ਤੀਰੋ ਤੁਫ਼ੰਗ ਆਮਦਮ ॥
(ਜ਼ਫ਼ਰਨਾਮਾ)
ਐ ਔਰੰਗਜ਼ੇਬ! ਤੂੰ ਇਤਨਾ ਮੈਨੂੰ ਲਾਚਾਰ ਕਰ ਦਿੱਤੈ; ਮਜਬੂਰ ਕਰ ਦਿੱਤੈ ਕਿ ਮਾਲਾ ਫੇਰਨ ਵਾਲੇ ਨੂੰ ਤਲਵਾਰ ਚੁੱਕਣੀ ਪੈ ਗਈ। ਮਜਬੂਰ ਕਰ ਦਿੱਤੈ ਤੂੰ ਮੈਨੂੰ ਅਤੇ ਮੈਂ ਆਪਣਾ ਧਰਮ ਸਮਝਦਾਂ; ਕੀ?
ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ॥
ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ ॥
(ਜ਼ਫ਼ਰਨਾਮਾ)
ਜਦ ਸ਼ਾਂਤੀ ਨਾਲ, ਗਿਆਨ ਨਾਲ, ਵੀਚਾਰ ਨਾਲ, ਹਲੀਮੀ ਨਾਲ, ਭਾਈਚਾਰੇ ਨਾਲ ਸੱਚ ਦਾ ਮਸਲਾ ਹੱਲ ਨਾ ਹੋਵੇ ਤਾਂ ਸ਼ਸਤਰ ਚੁੱਕਣਾ ਵੀ ਮੈਂ ਆਪਣਾ ਧਰਮ ਸਮਝਦਾਂ। ਇਹਨੂੰ ਵੀ ਮੈਂ ਹਲਾਲ ਸਮਝਦਾਂ :
ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ॥
ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ ॥
ਮੈਂ ਮਜਬੂਰ ਹੋਇਆਂ; ਤੂੰ ਮੈਨੂੰ ਮਜਬੂਰ ਕੀਤੈ ਅਤੇ ਸ਼ਸਤਰ ਚੁੱਕਣਾ ਮੇਰਾ ਧਰਮ ਹੈ। ਮੈਂ ਕਿਸੇ ਨੂੰ ਮਾਰਨ ਲਈ ਨਹੀਂ, ਦੇਸ਼ ਨੂੰ ਬਚਾਣ ਲਈ ਸ਼ਸਤਰ ਚੁੱਕਿਐ। ਭਾਵੇਂ ਸਾਰੀ ਦੁਨੀਆਂ ਅੰਦਰ ਇਹ ਜੋ ਮਹਿਕਮਾ ਇਸ ਨੂੰ ਡਿਫੈਂਸ ਹੀ ਕਹਿੰਦੇ ਨੇ, ਪਰ ਸੁਆਲ ਪੈਦਾ ਹੁੰਦੈ, ਹਮਲਾ ਕੌਣ ਕਰਦਾ ਏ ? ਸਾਰੇ ਡਿਫੈਂਸ ਕਰਦੇ ਨੇ। ਕੋਈ ਨਾ ਕੋਈ ਤਾਂ ਹਮਲਾ ਕਰਦਾ ਏ। ਸਤਿਗੁਰ ਕਹਿੰਦੇ ਨੇ, ਮੈਂ ਬਚਾਣ ਵਾਸਤੇ ਤਲਵਾਰ ਚੁੱਕੀ ਏ; ਹਮਲਾ ਕਰਨ ਵਾਸਤੇ ਨਹੀਂ। ਸਿਰਫ਼ ਬਚਾਣ ਵਾਸਤੇ, ਮਜ਼ਲੂਮ ਦੀ ਰੱਖਿਆ ਵਾਸਤੇ, ਗ਼ਰੀਬ ਦੀ ਰੱਖਿਆ ਵਾਸਤੇ। ਦੇਸ਼ ਦੀ ਰਖਸ਼ਾ ਵਾਸਤੇ, ਕੌਮ ਦੀ ਰਖਸ਼ਾ ਦੇ ਲਈ।
ਮੈਂ ਅਰਜ਼ ਕਰਾਂ, ਜਿਸ ਨੇ ਆਪਣਾ ਮਨ ਜਿੱਤ ਲਿਆ; ਸਾਹਿਬ ਕਹਿੰਦੇ ਹਨ, ਉਹ ਸੂਰਬੀਰ ਹੈ ਤੇ ਮਨ ਨੂੰ ਜਿੱਤਣ ਲਈ ਮਨ ਨਾਲ ਝਗੜਾ ਤਾਂ ਕਰਨਾ ਹੀ ਪਏਗਾ।
ਗਿਆਨੀ ਸੰਤ ਸਿੰਘ ਜੀ ਮਸਕੀਨ
…..
