19 views 2 secs 0 comments

ਸਾਕਾ ਗੁਰਦੁਆਰਾ ਪੰਜਾ ਸਾਹਿਬ ਦੀ ਦਾਸਤਾਨ

ਲੇਖ
October 29, 2025

ਹਸਨ ਅਬਦਾਲ ਇਕ ਇਤਿਹਾਸਕ ਮਹੱਤਵ ਵਾਲਾ ਕਸਬਾ ਹੈ। ਇਸ ਕਸਬੇ ’ਚ ਮੁਗ਼ਲ ਬਾਦਸ਼ਾਹ ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ, ਅਹਿਮਦਸ਼ਾਹ, ਦੁਰਾਨੀ, ਤੈਮੂਰ ਸ਼ਾਹ ਤੇ ਜ਼ਮਾਨ ਸ਼ਾਹ ਆਦਿ ਧਾੜਵੀ ਵੀ ਕਈ ਵਾਰ ਆਏ। ਪਹਾੜੀ ’ਤੇ ਹਸਨ ਅਬਦਾਲ ਨਾਂ ਦਾ ਪੀਰ ਰਹਿੰਦਾ ਸੀ ਜੋ ਖੁਰਾਸਾਨ ਦੇ ਇਲਾਕੇ ਤੋਂ ਮਿਰਜ਼ਾ ਸ਼ਾਹਰੁਖ ਨਾਲ ਭਾਰਤ ਆਇਆ ਸੀ।
ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਸਬੰਧਤ ਅਟਕ (ਕੈਂਬਲਪੁਰ) ਜ਼ਿਲ੍ਹੇ ਵਿਚ ਪੰਜਾ ਸਾਹਿਬ ਅਹਿਮ ਗੁਰੂਧਾਮ ਹੈ। ਇਹ ਰਾਵਲਪਿੰਡੀ ਤੋਂ ਪਿਸ਼ਾਵਰ ਜਾਣ ਵਾਲੀ ਰੇਲਵੇ ਲਾਈਨ ’ਤੇ 46 ਕਿਲੋਮੀਟਰ ਦੀ ਵਿੱਥ ’ਤੇ ਹਸਨ ਅਬਦਾਲ ਰੇਲਵੇ ਸਟੇਸ਼ਨ ਤੋਂ ਇਕ ਕਿਲੋਮੀਟਰ ਦੂਰ ਹੈ। ਇੱਥੇ ਇਕ ਪੱਥਰ ’ਤੇ ਗੁਰੂ ਨਾਨਕ ਸਾਹਿਬ ਦੇ ਸੱਜੇ ਹੱਥ ਦਾ ਨਿਸ਼ਾਨ ਲੱਗਿਆ ਹੈ ਅਤੇ ਉਸ ਦੇ ਹੇਠਾਂ ਜਲ ਦੀ ਧਾਰਾ ਫੁੱਟਦੀ ਹੈ।
ਹਸਨ ਅਬਦਾਲ ਇਕ ਇਤਿਹਾਸਕ ਮਹੱਤਵ ਵਾਲਾ ਕਸਬਾ ਹੈ। ਇਸ ਕਸਬੇ ’ਚ ਮੁਗ਼ਲ ਬਾਦਸ਼ਾਹ ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ, ਅਹਿਮਦਸ਼ਾਹ, ਦੁਰਾਨੀ, ਤੈਮੂਰ ਸ਼ਾਹ ਤੇ ਜ਼ਮਾਨ ਸ਼ਾਹ ਆਦਿ ਧਾੜਵੀ ਵੀ ਕਈ ਵਾਰ ਆਏ। ਪਹਾੜੀ ’ਤੇ ਹਸਨ ਅਬਦਾਲ ਨਾਂ ਦਾ ਪੀਰ ਰਹਿੰਦਾ ਸੀ ਜੋ ਖੁਰਾਸਾਨ ਦੇ ਇਲਾਕੇ ਤੋਂ ਮਿਰਜ਼ਾ ਸ਼ਾਹਰੁਖ ਨਾਲ ਭਾਰਤ ਆਇਆ ਸੀ। ਉਸ ਨੂੰ ਆਮ ਲੋਕ ‘ਵਲੀ’ ਕਹਿੰਦੇ ਸਨ। ਉਸ ਨੇ ਪਹਾੜੀ ’ਤੇ ਤਾਲਾਬ ਬਣਾਇਆ ਹੋਇਆ ਸੀ। ਸੰਨ 1521 ਦੇ ਨੇੜੇ-ਤੇੜੇ ਗੁਰੂ ਨਾਨਕ ਸਾਹਿਬ ਦੀ ਪੱਛਮ ਉਦਾਸੀ ਦੌਰਾਨ ਪਿਆਸ ਨਾਲ ਆਤੁਰ ਹੋਇਆ ਭਾਈ ਮਰਦਾਨਾ ਜਦੋਂ ਦੋ ਵਾਰ ਵਲੀ ਪਾਸ ਜਲ ਪੀਣ ਲਈ ਗਿਆ ਤਾਂ ਉਸ ਨੇ ਜਲ ਪਿਲਾਣੋਂ ਨਾਂਹ ਕਰ ਦਿੱਤੀ।
ਸਾਖੀ ਅਨੁਸਾਰ ਇਹ ਗੱਲ ਸੁਣ ਕੇ ਗੁਰੂ ਜੀ ਨੇ ਆਪਣੀ ਦੈਵੀ ਸ਼ਕਤੀ ਰਾਹੀਂ ਤਾਲਾਬ ਦਾ ਪਾਣੀ ਆਪਣੇ ਵੱਲ ਖਿੱਚ ਲਿਆ। ਇਸ ਤੋਂ ਖਿਝ ਕੇ ਵਲੀ ਨੇ ਪਹਾੜ ਤੋਂ ਵੱਡਾ ਪੱਥਰ ਗੁਰੂ ਸਾਹਿਬ ਵੱਲ ਰੇੜ੍ਹ ਦਿੱਤਾ। ਗੁਰੂ ਜੀ ਨੇ ਉਸ ਪੱਥਰ ਨੂੰ ਆਪਣੇ ਸੱਜੇ ਹੱਥ ਨਾਲ ਠੱਲ੍ਹ ਲਿਆ ਜਿਸ ’ਤੇ ਗੁਰੂ ਜੀ ਦੇ ਹੱਥ ਦਾ ਚਿੰਨ੍ਹ ਸਥਾਈ ਤੌਰ ’ਤੇ ਲੱਗ ਗਿਆ। ਇਸੇ ਲਈ ਇਸ ਧਾਮ ਨੂੰ ‘ਪੰਜਾ ਸਾਹਿਬ’ ਕਿਹਾ ਜਾਂਦਾ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ’ਚ ਇੱਥੇ ਗੁਰਦੁਆਰਾ ਬਣਾਇਆ ਗਿਆ। ਪਿਸ਼ਾਵਰ ਵੱਲ ਆਉਂਦੇ-ਜਾਂਦੇ ਮਹਾਰਾਜਾ ਸਾਹਿਬ ਨੇ ਇਸ ਗੁਰੂਧਾਮ ਦੇ ਇਕ ਤੋਂ ਵੱਧ ਵਾਰ ਦਰਸ਼ਨ ਕੀਤੇ। ਗੁਰਦੁਆਰਾ ਪੰਜਾ ਸਾਹਿਬ ਦੇ ਨੇੜਲੇ ਰੇਲਵੇ ਸਟੇਸ਼ਨ ‘ਹਸਨ ਅਬਦਾਲ’ ਉੱਤੇ ‘ਗੁਰੂ ਕਾ ਬਾਗ’ ਦੇ ਮੋਰਚੇ ਵਿਚ ਕੈਦ ਹੋਏ ਭੁੱਖੇ ਸਿੰਘਾਂ ਨਾਲ ਭਰੀ ਹੋਈ ਗੱਡੀ ਨੂੰ ਰੋਕਣ ਲਈ ਰੇਲ ਦੀ ਪਟੜੀ ’ਤੇ ਲੰਮੇ ਪੈ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਦੋ ਸਿੰਘ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਹੋਏ ਹਨ। ਪਹਿਲੇ ਸ਼ਹੀਦ ਭਾਈ ਕਰਮ ਸਿੰਘ ਦਾ ਜਨਮ ਤਖ਼ਤ ਕੇਸਗੜ੍ਹ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਦੇ ਘਰ 14 ਨਵੰਬਰ 1885 ਨੂੰ ਹੋਇਆ ਸੀ। ਇਸ ਦਾ ਪਰਿਵਾਰਕ ਨਾਂ ਸੰਤ ਸਿੰਘ ਸੀ।
ਇਸ ਨੇ ਆਪਣੇ ਪਿਤਾ ਪਾਸੋਂ ਬਾਣੀ ਦਾ ਪਾਠ ਤੇ ਕੀਰਤਨ ਕਰਨ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਥੋੜੇ੍ਹ ਸਮੇਂ ’ਚ ਹੀ ਚੰਗੇ ਰਾਗੀਆਂ ’ਚ ਗਿਣਿਆ ਜਾਣ ਲੱਗਾ। ਸੰਨ 1922 ਵਿਚ ਇਹ ਆਪਣੀ ਪਤਨੀ ਸਹਿਤ ਪੰਜਾ ਸਾਹਿਬ ਗੁਰੂ-ਧਾਮ ਦੀ ਯਾਤਰਾ ’ਤੇ ਗਿਆ ਤੇ ਉੱਥੇ ਹੀ ਕੀਰਤਨ ਕਰਨ ਦੀ ਸੇਵਾ ਨਿਭਾਉਣ ਲੱਗ ਪਿਆ। ਉੱਥੇ ਇਸ ਨੇ ਅੰਮ੍ਰਿਤ ਪਾਨ ਕੀਤਾ ਤੇ ਸੰਤ ਸਿੰਘ ਤੋਂ ਕਰਮ ਸਿੰਘ ਬਣਿਆ। ਦੂਜੇ ਸ਼ਹੀਦ ਭਾਈ ਪ੍ਰਤਾਪ ਸਿੰਘ ਦਾ ਜਨਮ 26 ਮਾਰਚ 1899 ਨੂੰ ਭਾਈ ਸਰੂਪ ਸਿੰਘ ਦੇ ਘਰ ਬੀਬੀ ਪ੍ਰੇਮ ਕੌਰ ਦੀ ਕੁੱਖੋਂ ਗੁਜਰਾਂਵਾਲਾ ਜ਼ਿਲ੍ਹੇ ਦੇ ਅਕਾਲਗੜ੍ਹ ਕਸਬੇ ਵਿਚ ਹੋਇਆ।
ਇਸ ਨੇ ਆਪਣੇ ਕਸਬੇ ਦੇ ਸਕੂਲ ’ਚ ਵਿੱਦਿਆ ਪ੍ਰਾਪਤ ਕੀਤੀ ਤੇ ਸਰਗੋਧਾ ਜ਼ਿਲ੍ਹੇ ਦੀ ਮੰਡੀ ਭਲਵਾਲ ’ਚ ਅਧਿਆਪਕ ਦੀ ਨੌਕਰੀ ਕੀਤੀ। ਗਿਆਰਾਂ ਅਕਤੂਬਰ 1918 ਨੂੰ ਇਸ ਨੇ ਬੀਬੀ ਹਰਨਾਮ ਕੌਰ ਨਾਲ ਵਿਆਹ ਕੀਤਾ। ਉਹ ਗੁਰਦੁਆਰਾ ਪੰਜਾ ਸਾਹਿਬ ’ਚ ਖ਼ਜ਼ਾਨਚੀ ਦਾ ਕੰਮ ਕਰਨ ਲੱਗ ਪਿਆ। ਉਨ੍ਹਾਂ ਦਿਨਾਂ ’ਚ ਹੀ 8 ਅਗਸਤ 1922 ਨੂੰ ‘ਗੁਰੂ ਕਾ ਬਾਗ’ ਦਾ ਮੋਰਚਾ ਸ਼ੁਰੂ ਹੋ ਗਿਆ। ਉੱਥੋਂ ਪਕੜੇ ਜਾਂਦੇ ਸਿੰਘਾਂ ਨੂੰ ਪਹਿਲਾਂ ਅੰਮ੍ਰਿਤਸਰ ਦੇ ‘ਗੋਬਿੰਦਗੜ੍ਹ ਕਿਲ੍ਹੇ’ ਵਿਚ ਕੈਦ ਰੱਖਿਆ ਜਾਂਦਾ ਤੇ ਜਦੋਂ ਉਨ੍ਹਾਂ ਦੀ ਸੰਖਿਆ ਇਕ ਗੱਡੀ ’ਚ ਸਵਾਰ ਕਰਨ ਜਿੰਨੀ ਹੋ ਜਾਂਦੀ ਤਾਂ ਦੂਰ-ਦੁਰਾਡੇ ਦੀਆਂ ਜੇਲ੍ਹਾਂ ’ਚ ਭੇਜ ਦਿੱਤਾ ਜਾਂਦਾ।
ਉਣੱਤੀ ਅਕਤੂਬਰ 1922 ਨੂੰ ਇਕ ਗੱਡੀ ਕੈਦੀ ਸਿੰਘਾਂ ਨਾਲ ਭਰੀ ਹੋਈ ਅੰਮ੍ਰਿਤਸਰ ਤੋਂ ਜ਼ਿਲ੍ਹਾ ਅਟਕ ਵੱਲ ਤੋਰੀ ਗਈ ਜਿਸ ਨੇ ਹਸਨ ਅਬਦਾਲ ਦੇ ਸਟੇਸ਼ਨ ਤੋਂ ਲੰਘਣਾ ਸੀ। ਇਨ੍ਹਾਂ ਦੋਹਾਂ ਦੀ ਅਗਵਾਈ ’ਚ ਪੰਜਾ ਸਾਹਿਬ ਗੁਰੂਧਾਮ ਦੀ ਸੰਗਤ ਨੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਗੱਡੀ ਰੋਕਣ ਲਈ ਬੇਨਤੀ ਕੀਤੀ ਪਰ ਜੇਲ੍ਹ ਅਧਿਕਾਰੀਆਂ ਨੇ ਮਜਬੂਰੀ ਪ੍ਰਗਟ ਕੀਤੀ। ਜਦੋਂ ਕੋਈ ਉਪਾਅ ਨਜ਼ਰ ਨਾ ਆਇਆ ਤਾਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਨੇ ਰੇਲ ਦੀ ਲਾਈਨ ’ਤੇ ਚੌਕੜੇ ਮਾਰ ਦਿੱਤੇ ਤੇ ਹੋਰ ਵੀ ਬਹੁਤ ਸਾਰੀ ਸੰਗਤ ਉਨ੍ਹਾਂ ਦੇ ਪਿੱਛੇ ਬੈਠ ਗਈ।
ਗੱਡੀ ਸੀਟੀਆਂ ਮਾਰਦੀ ਪਹੁੰਚੀ ਪਰ ਸਿੰਘ ਜ਼ਰਾ ਵੀ ਨਾ ਥਿੜਕੇ। ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਬਹੁਤ ਜ਼ਿਆਦਾ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਪੰਜਾ ਸਾਹਿਬ ’ਚ ਇਲਾਜ ਲਈ ਲਿਆਂਦਾ ਗਿਆ। ਭਾਈ ਕਰਮ ਸਿੰਘ ਦਾ ਉਸੇ ਦਿਨ ਤੇ ਭਾਈ ਪ੍ਰਤਾਪ ਸਿੰਘ ਦਾ ਦੂਜੇ ਦਿਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਰਾਵਲਪਿੰਡੀ ’ਚ 1 ਨਵੰਬਰ 1922 ਨੂੰ ‘ਲਈ’ ਨਦੀ ਦੇ ਕੰਢੇ ਕੀਤਾ ਗਿਆ।

-ਦਿਲਜੀਤ ਸਿੰਘ ਬੇਦੀ