ਅੰਮ੍ਰਿਤਸਰ-ਜੰਮੂ ਸ਼ਾਹਰਾਹ ਉੱਤੇ ਜਦੋਂ ਅਸੀਂ ਗੁਰਦਾਸਪੁਰ ਪੁੱਜਦੇ ਹਾਂ ਤਾਂ ਇਥੇ ਬੱਬਰੀ ਬਾਈਪਾਸ ਚੌਂਕ ਵਿਚ, ਸੱਜੇ ਹੱਥ ਇਕ ਸਮਾਰਕ ਦਿਖਾਈ ਦਿੰਦੀ ਹੈ, ਜਿੱਥੇ ਇਸਾਈ ਭਾਈਚਾਰੇ ਦਾ ਧਾਰਮਿਕ ਚਿੰਨ੍ਹ, ਸਲੀਬ ਲੱਗਾ ਤੁਹਾਡਾ ਧਿਆਨ ਖਿੱਚਦਾ ਹੈ।
ਇਕ ਵਾਰ ਤਾਂ ਵੇਖਣ ਵਾਲੇ ਦੇ ਜ਼ਿਹਨ ‘ਚ ਬਿੰਬ-ਆਕਾਰ ਬਣਨ ਲੱਗਦਾ ਹੈ ਕਿ ਸ਼ਾਇਦ ਇਸ ਇਲਾਕੇ ਜਾਂ ਇਸ ਖਿੱਤੇ ਵਿਚ ਇਸ ਚਿੰਨ੍ਹ ਵਾਲਿਆਂ ਦਾ ਕੋਈ ਮਹੱਤਵਪੂਰਨ ਯੋਗਦਾਨ ਹੋਵੇਗਾ, ਜੋ ਉਨ੍ਹਾਂ ਦਾ ਧਾਰਮਿਕ ਆਕਾਰ ਇਕ ਕੌਮੀ ਰਾਜ ਮਾਰਗ ਉੱਤੇ ਲੱਗਾ ਹੈ। ਪਰ ਫਿਰ ਧਿਆਨ ਜਾਂਦਾ ਹੈ ਕਿ ਇਸ ਤੋਂ 10 ਕਿਲੋਮੀਟਰ ਪਿੱਛੇ ਧਾਰੀਵਾਲ ਕਸਬਾ ਲੰਘ ਕੇ ਆਏ ਹਾਂ, ਜਿੱਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸਕ ਚਰਨ-ਛੋਹ ਪ੍ਰਾਪਤ ਗੁਰਦੁਆਰਾ ਬੁਰਜ ਸਾਹਿਬ ਹੈ। ਸੰਨ 1598-99 ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਤੋਂ ਬਾਰਠ ਸਾਹਿਬ ਵਿਖੇ ਬਾਬਾ ਸ੍ਰੀਚੰਦ ਜੀ ਨੂੰ ਮਿਲਣ ਲਈ ਇਸੇ ਰਸਤੇ ਤੋਂ ਗੁਜ਼ਰੇ ਸਨ। ਇਸ ਚੌਂਕ ਤੋਂ ਮਹਿਜ਼ ਪੰਜ ਕਿਲੋਮੀਟਰ ਦੂਰੀ ‘ਤੇ ਗੁਰਦਾਸ ਨੰਗਲ ਵਿਖੇ ਸਥਿਤ ਉਸ ਇਤਿਹਾਸਕ ਗੜ੍ਹੀ ਵਾਲੇ ਅਸਥਾਨ ‘ਤੇ ਗੁਰਦੁਆਰਾ ਸਾਹਿਬ ਹੈ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਲਗਭਗ 8 ਮਹੀਨੇ (ਅਪ੍ਰੈਲ ਤੋਂ ਦਸੰਬਰ 1715 ਤੱਕ) ਮੁਗਲ ਫੌਜ ਦੇ ਘੇਰੇ ਵਿਚ ਭੁੱਖਣ-ਭਾਣੇ ਅਕਾਲ ਪੁਰਖ ਦੀ ਰਜ਼ਾ ਤੇ ਸਬਰ ਦੇ ਨਾਲ ਜ਼ੁਲਮ ਦੇ ਖ਼ਿਲਾਫ਼, ਹਿੰਦੋਸਤਾਨ ਨੂੰ ਮੁਗ਼ਲ ਹਕੂਮਤ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਅਤੇ ਧਰਮ ਦੀ ਖਾਤਰ ਲਾਸਾਨੀ ਲੜਾਈ ਲੜੀ ਸੀ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਚਾਰ ਸਾਲਾ ਸਪੁੱਤਰ ਬਾਬਾ ਅਜੈ ਸਿੰਘ ਅਤੇ 700 ਤੋਂ ਵਧੇਰੇ ਸਿੰਘਾਂ ਨੂੰ ਇੱਥੋਂ ਹੀ ਗ੍ਰਿਫਤਾਰ ਕਰਕੇ ਦਿੱਲੀ ਵਿਚ ਲਿਜਾ ਕੇ ਸ਼ਹੀਦ ਕੀਤਾ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਦੇ ਚਾਰ ਸਾਲਾ ਸਪੁੱਤਰ ਬਾਬਾ ਅਜੈ ਸਿੰਘ ਨੂੰ ਤੜਫਾ-ਤੜਫਾ ਕੇ ਕਤਲ ਕਰਕੇ ਉਸ ਦਾ ਕਾਲਜਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨਿਆ ਗਿਆ, ਫਿਰ ਵੀ ਉਨ੍ਹਾਂ ਨੇ ਇਸਲਾਮ ਕਬੂਲ ਨਾ ਕੀਤਾ ਅਤੇ ਬੇਅੰਤ ਤਸੀਹੇ ਝੱਲ ਕੇ ਸਾਥੀਆਂ ਸਮੇਤ ਸ਼ਹੀਦੀ ਪਾਈ। ਇਸ ਬੱਬਰੀ ਬਾਈਪਾਸ ਤੋਂ ਲਗਭਗ 15 ਕਿਲੋਮੀਟਰ ਦੂਰ ਕਾਹਨੂੰਵਾਨ ਦਾ ਇਤਿਹਾਸਕ ਛੰਭ ਹੈ ਜਿੱਥੇ 1746 ਈਸਵੀ ਵਿਚ ਛੋਟਾ ਘੱਲੂਘਾਰਾ ਵਾਪਰਿਆ ਅਤੇ ਲਗਭਗ 7,000 ਸਿੰਘ, ਸਿੰਘਣੀਆਂ, ਬੱਚੇ ਅਤੇ ਬਜ਼ੁਰਗ, ਧੱਕੇ ਨਾਲ ਇਸਲਾਮ ਕਬੂਲ ਕਰਨ ਦੀਆਂ ਪੇਸ਼ਕਸ਼ਾਂ ਨੂੰ ਠੋਕਰ ਮਾਰਦਿਆਂ ਆਪਣੇ ਧਰਮ ਲਈ ਸ਼ਹੀਦ ਹੋਏ।
ਇਸ ਰਾਜ ਮਾਰਗ ਰਾਹੀਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਵਸਨੀਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦੇਸ਼ੀ ਸੈਲਾਨੀ ਵੀ ਲੰਘਦੇ ਹਨ। ਇਸ ਸ਼ਾਹਰਾਹ ਉੱਤੇ ਇਸਾਈ ਭਾਈਚਾਰੇ ਵਲੋਂ ਸਲੀਬ ਵਾਲਾ ਸਮਾਰਕ ਬਣਾਉਣਾ ਜਿੱਥੇ ਇੱਥੋਂ ਨੇੜੇ ਸਿੱਖਾਂ ਦੀਆਂ ਮਹਾਨ ਇਤਿਹਾਸਕ ਯਾਦਗਾਰਾਂ ਅਤੇ ਲਾਸਾਨੀ ਵਿਰਾਸਤ ਨੂੰ ਨਜ਼ਰਅੰਦਾਜ਼ ਕਰਦਾ ਹੈ ਉੱਥੇ ਹੀ ਪੰਜਾਬ ਤੋਂ ਬਾਹਰ ਤੇ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਹਿੰਦੋਸਤਾਨ ਅਤੇ ਪੰਜਾਬ ਦੀ ਹੋਂਦ-ਹਸਤੀ ਲਈ ਸਿੱਖਾਂ ਦੇ ਲਾਸਾਨੀ ਯੋਗਦਾਨ ਦੇ ਇਤਿਹਾਸ ਅਤੇ ਪੰਜਾਬ ਦੀ ਆਬਾਦੀ ਦੀ ਅਸਲੀਅਤ ਬਾਰੇ ਗਲਤ ਪ੍ਰਭਾਵ ਦਿੰਦਾ ਹੈ। ਇਸ ਦੇ ਨਾਲ ਹੀ ਮਾਝੇ ‘ਚ ਤੇਜ਼ੀ ਨਾਲ ਸਿੱਖਾਂ ਦੇ ਹੋ ਰਹੇ ਧਰਮ ਪਰਿਵਰਤਨ ਦੇ ਦਾਅਵਿਆਂ ਉੱਤੇ ਵੀ ਨਾ ਚਾਹੁੰਦਿਆਂ ਹੋਇਆਂ ਮੋਹਰ ਲੱਗਦੀ ਹੈ, ਜੋ ਕਿ ਸਿੱਖ ਕੌਮ, ਪੰਜਾਬ ਜਿਸ ਦੀ ਜਨਮ ਭੂਮੀ ਹੈ, ਵਾਸਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਤੌਰ ‘ਤੇ ਨੁਕਸਾਨਦੇਹ ਹੈ।
ਇੱਥੇ ਅਸੀਂ ਇਹ ਵੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਧਰਮ ਦੇ ਵਿਰੋਧੀ ਨਹੀਂ ਹਾਂ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇ ਕੇ ਸਾਨੂੰ ਹਰ ਧਰਮ ਅਤੇ ਵਿਸ਼ਵਾਸ ਦਾ ਸਤਿਕਾਰ ਕਰਨਾ ਸਿਖਾਇਆ ਹੈ। ਇਸ ਵਾਸਤੇ ਅਸੀਂ ਇਸਾਈ ਭਾਈਚਾਰੇ ਨੂੰ ਵੀ ਪੰਜਾਬ ਵਿਚ ਆਪਣੇ ਧਾਰਮਿਕ ਅਧਿਕਾਰਾਂ ਅਤੇ ਆਜ਼ਾਦੀ ਨਾਲ ਰਹਿਣ ਦੇ ਹਾਮੀ ਹਾਂ, ਬੇਸ਼ੱਕ ਇਸਾਈ ਭਾਈਚਾਰੇ ਦਾ ਮੁਗ਼ਲ ਹਕੂਮਤ ਤੋਂ ਦੇਸ਼ ਦੀ ਆਜ਼ਾਦੀ ਜਾਂ ਪੰਜਾਬ ਦੇ ਲਈ ਕੋਈ ਕੁਰਬਾਨੀਆਂ ਭਰਿਆ ਵਿਸ਼ੇਸ਼ ਯੋਗਦਾਨ ਨਹੀਂ ਰਿਹਾ। ਇਸ ਵਾਸਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਜੇਕਰ ਸਮਾਜ ਵਿਚ ਅੰਤਰ-ਧਰਮ ਸਦਭਾਵਨਾ ਬਣਾਈ ਰੱਖਣ ਲਈ ਇਸਾਈ ਭਾਈਚਾਰੇ ਨੂੰ ਕਿਸੇ ਹੋਰ ਢੁੱਕਵੀਂ ਜਗ੍ਹਾ ਉੱਤੇ ਆਪਣਾ ਧਾਰਮਿਕ ਸਮਾਰਕ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਪਰ ਅੰਮ੍ਰਿਤਸਰ-ਗੁਰਦਾਸਪੁਰ-ਜੰਮੂ ਸ਼ਾਹ ਰਾਹ ਵਰਗੇ ਮਹੱਤਵਪੂਰਨ ਇਤਿਹਾਸਕ ਰਾਜ ਮਾਰਗ ਉੱਤੇ, ਸਿੱਖ ਇਤਿਹਾਸ ਦੀਆਂ ਮਹਾਨ ਇਤਿਹਾਸਕ ਥਾਵਾਂ ਦੇ ਬਿਲਕੁਲ ਨਜ਼ਦੀਕ, ਇਸ ਤਰ੍ਹਾਂ ਦੀ ਕੋਈ ਵੀ ਕੋਸ਼ਿਸ਼ ਬਿਲਕੁਲ ਜਾਇਜ਼ ਨਹੀਂ ਹੈ, ਜੋ ਕਿ ਜਬਰੀ ਧਰਮ ਪਰਿਵਰਤਨ ਵਿਰੁੱਧ ਲਾਸਾਨੀ ਸ਼ਹਾਦਤਾਂ ਦੇ ਇਤਿਹਾਸ ਨੂੰ ਭਵਿੱਖ ਵਿਚ ਧੁੰਦਲਾ ਕਰਨ ਦੀ ਕੋਸ਼ਿਸ਼ ਕਰਦੀ ਹੋਵੇ।
ਜੇ ਅਸੀਂ ਹੁਣ ਲਾਪ੍ਰਵਾਹ ਰਹੇ ਤਾਂ ਭਵਿੱਖ ਵਿਚ ਬਦਲੇ ਸੱਭਿਆਚਾਰਕ, ਆਬਾਦੀ ਅਤੇ ਧਾਰਮਿਕ ਅਨੁਪਾਤ ਵਿਚ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਲਈ ਇਸ ਗੱਲ ਦੇ ਕੀ ਮਾਇਨੇ ਰਹਿ ਜਾਣਗੇ ਕਿ ਇੱਥੋਂ ਨਜ਼ਦੀਕ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਗ੍ਰਿਫਤਾਰ ਹੋਏ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਚਾਰ ਸਾਲਾ ਸਪੁੱਤਰ ਬਾਬਾ ਅਜੈ ਸਿੰਘ, ਜੋ ਦੁਨੀਆ ਦੇ ਇਤਿਹਾਸ ਵਿਚ ਪਹਿਲਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੈ, ਨੇ ਆਪਣੇ ਧਰਮ ਦੀ ਖਾਤਰ ਲਾਸਾਨੀ ਸ਼ਹਾਦਤ ਦਿੱਤੀ ਸੀ।
ਇਸ ਕੌਮੀ ਰਾਜ ਮਾਰਗ ਉੱਤੇ ਬੱਬਰੀ ਬਾਈਪਾਸ ਚੁਰਾਹੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਚਾਰ ਸਾਲਾ ਸਪੁੱਤਰ ਬਾਬਾ ਅਜੈ ਸਿੰਘ ਦੀ ਯਾਦ ਵਿਚ ਕੋਈ ਪ੍ਰਭਾਵਸ਼ਾਲੀ ਯਾਦਗਾਰ ਉਸਾਰੀ ਜਾਣੀ ਚਾਹੀਦੀ ਹੈ ਤਾਂ ਜੋ ਅੰਮ੍ਰਿਤਸਰ ਤੋਂ ਜੰਮੂ-ਕਸ਼ਮੀਰ ਦੀ ਸੈਰ ਕਰਨ ਲਈ ਜਾਣ ਵਾਲੇ ਸੈਲਾਨੀਆਂ ਨੂੰ ਮੁਗ਼ਲ ਹਕੂਮਤ ਦੇ ਜ਼ੁਲਮਾਂ ਵਿਰੁੱਧ ਅਤੇ ਹਿੰਦੋਸਤਾਨ ਦੀ ਆਜ਼ਾਦੀ ਲਈ ਲੜੇ ਗਏ ਮਹਾਨ ਸੰਗਰਾਮਾਂ ਦੀ ਸੂਚੀ ਵਿਚ ਵਿਲੱਖਣ— ਗੁਰਦਾਸ ਨੰਗਲ ਦੀ ਲੜਾਈ ਅਤੇ ਬਾਬਾ ਬੰਦਾ ਸਿੰਘ ਬਹਾਦਰ ਜਿਹੇ ਸਾਡੇ ਮਹਾਨ ਜਰਨੈਲਾਂ ਦੇ ਗੌਰਵਮਈ ਇਤਿਹਾਸ ਦਾ ਪਤਾ ਲੱਗ ਸਕੇ।
-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)
