ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥ (ਅੰਗ ੧੩੩੦)
ਪਹਿਲੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਦੁਆਰਾ ਉਚਾਰਨ ਕੀਤੀਆਂ ਇਹ ਪਾਵਨ-ਸਤਰਾਂ ਪ੍ਰਭਾਤੀ ਰਾਗ ਵਿਚ ਦਰਜ ਹਨ । ਇਨ੍ਹਾਂ ਸਤਰਾਂ ਵਿਚ ਗੁਰੂ ਪਾਤਸ਼ਾਹ ਜਾਤ-ਪਾਤੀ ਚੇਤਨਾ ਨੂੰ ਸਖ਼ਤੀ ਨਾਲ ਰੱਦ ਕਰਦੇ ਹੋਏ, ਜੀਵਨ ਦੇ ਮੂਲ-ਸੱਚ ਦੀ ਸੋਝੀ ਹਾਸਲ ਕਰਨ ਲਈ ਪ੍ਰੇਰਨਾ ਦਿੰਦੇ ਹਨ।
ਗੁਰੂ ਜੀ ਫ਼ਰਮਾਉਂਦੇ ਹਨ ਕਿ ਰੁਹਾਨੀਅਤ ਵਿਚ ਕੇਵਲ ਸੱਚ-ਸਰੂਪ ਰੱਬ ਦੇ ਘਰ ਦੀ ਗੱਲ ਹੀ ਕਰਨੀ ਬਣਦੀ ਹੈ, ਇਥੇ ਜਾਤ ਜਾਂ ਜਨਮ (ਕੁਲ, ਖਾਨਦਾਨ ਆਦਿ) ਦੀਆਂ ਗੱਲਾਂ ਕਰਨੀਆਂ/ਪੁੱਛਣੀਆਂ ਹੀ ਨਹੀਂ ਚਾਹੀਦੀਆਂ। ਅਸਲ ਵਿਚ ਮਨੁੱਖ ਦੀ ਜਾਤ ਅਤੇ ਉਸ ਦੀ ਸ਼ੋਭਾ, ਉਸ ਦੇ ਕੰਮਾਂ ‘ਤੇ ਨਿਰਭਰ ਕਰਦੀ ਹੈ।
ਗੁਰਸਿੱਖੀ, ਉੱਚੀ ਕੁਲ ਜਾਂ ਜਾਤ ਵਿਚ ਜਨਮ ਨੂੰ ਕੋਈ ਮਹੱਤਵ ਨਹੀਂ ਦੇਂਦੀ । ਇਥੇ ਕਰਮ ਮਹਾਨ ਹੈ । ਜਿਹੋ-ਜਿਹੇ ਕਿਸੇ ਮਨੁੱਖ ਦੇ ਕੰਮ ਹੋਣਗੇ, ਉਸੇ ਮੁਤਾਬਿਕ ਹੀ ਉਹ ਸ਼ੋਭਾ ਦਾ ਪਾਤਰ ਬਣਦਾ ਹੈ। ਗੁਰਮਤਿ ਅਨੁਸਾਰ ਸੱਚ-ਸਰੂਪ ਰੱਬ ਦੀ ਭੈਅ-ਭਾਵਨੀ ਵਿਚ ਚੱਲਣ ਵਾਲਾ ਮਨੁੱਖ ‘ਸਚਿਆਰ’ ਬਣਦਾ ਹੈ । ਇਸੇ ਲਈ ਗੁਰੂ ਸਾਹਿਬ ‘ਜਾਤ-ਜਨਮ’ ਦੀਆਂ ਗੱਲਾਂ ਨੂੰ ਨਕਾਰਦੇ ਹੋਏ, ਉਸ ਮੂਲ-ਸੱਚ ਦੀਆਂ ਵਿਚਾਰਾਂ ਕਰਨ ਲਈ ਪ੍ਰੇਰਦੇ ਹਨ। ਗੁਰਮਤਿ ਵਿਚਾਰਧਾਰਾ ਊਚ-ਨੀਚ ਅਤੇ ਜਾਤ-ਪਾਤ ਦੀ ਭਾਵਨਾ ਨੂੰ ਸਖ਼ਤੀ ਨਾਲ ਰੱਦ ਕਰਦੀ ਹੈ ।
ਇਥੇ ਅਖੌਤੀ ਨੀਚਾਂ ਨੂੰ ਵਡਿਆਈ ਮਿਲਦੀ ਹੈ ਕਿਉਂਕਿ ਉਨ੍ਹਾਂ ਦੇ ਹਿਰਦੇ ‘ਚ ਹੈਂਕੜ ਦੀ ਬਜਾਏ ਨਿਮਰਤਾ ਹੁੰਦੀ ਹੈ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥(ਅੰਗ ੧੫)
ਪਰ ਆਮ ਮਨੁੱਖ ਦਾ ਦੁਖਾਂਤ ਇਹ ਹੈ ਕਿ ਇਸ ਦੀ ਸਾਰਥਕ ਗੱਲਾਂ ‘ਚ ਰੁਚੀ ਘੱਟ ਹੀ ਹੁੰਦੀ ਹੈ । ਚੰਗੇ ਕੰਮ ਕਰਨ ਦੀ ਬਜਾਏ, ਉਹ ਫੋਕੀਆਂ ਗੱਲਾਂ ‘ਤੇ ਵਧੇਰੇ ਜ਼ੋਰ ਦਿੰਦਾ ਹੈ। ਅੱਜ ਵੀ ਹਿੰਦੁਸਤਾਨੀ ਸਮਾਜ ਵਿਚ ਅਨਜਾਣ ਬੰਦੇ ਨੂੰ ਮਿਲਣ ਸਮੇਂ ਉਸ ਦੀ ਜਾਤ-ਗੋਤ ਪੁੱਛਣੀ ਇਕ ਆਮ ਰਿਵਾਜ ਹੈ । ਆਪਣੇ ਆਪ ਨੂੰ ਉੱਚੀ ਕੁਲ ਵਿਚੋਂ ਸਮਝਣ ਵਾਲੇ, ਘੁਮੰਡ ਨਾਲ ਛਾਤੀ ਫੁਲਾ ਕੇ ਆਪਣੀ ਜਾਤਵਾਦੀ ਚੇਤਨਾ ਦਾ ਮੁਜ਼ਾਹਰਾ ਕਰਦੇ ਹਨ, ਜਦਕਿ ਆਪਣੇ ਆਪ ਨੂੰ ਨੀਵੀਂ ਕੁਲ ਵਿਚੋਂ ਸਮਝਣ ਵਾਲੇ, ਹੀਣ-ਭਾਵ ਦਾ ਸ਼ਿਕਾਰ ਹੋਣ ਕਰਕੇ ਸੰਕੋਚ ਤੋਂ ਕੰਮ ਲੈਂਦੇ ਹਨ।
ਸੋ ਅੱਜ ਲੋੜ ਹੈ, ਕਿਸੇ ਵੀ ਰੂਪ ‘ਚ ਪੈਦਾ ਹੋ ਰਹੀ ਜਾਤੀ-ਚੇਤਨਾ ਦਾ ਖਾਤਮਾ ਕਰਨ ਦੀ । ਕੋਈ ਵੀ ਮਨੁੱਖ ਚੰਗਾ ਜਾਂ ਮਾੜਾ ਨਹੀਂ; ਸਾਰੇ ਮਨੁੱਖਾਂ ਵਿਚ ਰੱਬੀ-ਜੋਤ ਰਮ ਰਹੀ ਹੈ। ਸਭ ਇਕੋ ਨੂਰ ਤੋਂ ਪੈਦਾ ਹੋਏ ਹਨ :
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥(ਅੰਗ ੧੩੪੯)
