views 8 secs 0 comments

ਇਸ ਰਾਤ ਮੈਂ ਰੋਟੀ ਨਾ ਖਾ ਸਕਿਆ

ਲੇਖ
June 05, 2026

(੬ ਜੂਨ ੧੯੮੪)

ਪਿਛਲੀ ਰਾਤ ਲਗਭਗ ਦੋ ਢਾਈ ਵਜੇ ਤੱਕ ਨੀਂਦ ਨਹੀਂ ਆਈ । ਅੱਖ ਲਗਦੀ ਵੀ ਤਾਂ ਤੋਪਾਂ ਦੇ ਗੋਲਿਆਂ ਦੀ ਜ਼ੋਰਦਾਰ ਆਵਾਜ਼ ਵਿਚ ਫਿਰ ਖੁਲ੍ਹ ਜਾਂਦੀ । ਦੂਜੇ ਸਾਹਮਣੀ ਸੜਕ ‘ਤੇ ਸਾਰੀ ਰਾਤ ਫ਼ੌਜੀ ਗੱਡੀਆਂ ਦੀ ਆਵਾਜਾਈ ਨੇ ਹੀ ਰੌਲਾ ਪਾਈ ਰੱਖਿਆ। ਨੀਂਦ ਕਿਵੇਂ ਆਉਣੀ ਸੀ, ਹਰ ਸਮੇਂ, ਪਲ ਪਲ ਕੁਝ ਜਾਨਣ ਦੀ ਉਤਸੁਕਤਾ ਸੀ । ਅਸੀਂ ਬੀ. ਬੀ. ਸੀ. ਜਾਂ ਪਾਕਿਸਤਾਨ ਰੇਡੀਓ ਦਾ ਹਰ ਬੁਲਿਟਨ ਸੁਣਦੇ ਰਹੇ । ਅਕਾਸ਼ਬਾਣੀ ਤਾਂ ਸਿਰਫ਼ ਸਰਕਾਰ ਦੇ ਪੱਖ ਦੀਆਂ ਖ਼ਬਰਾਂ ਹੀ ਦੇ ਰਿਹਾ ਹੈ।

ਸਵੇਰੇ ਤੜਕੇ ਹੀ ਅੱਖ ਖੁਲ੍ਹੀ । ਗੋਲੀਆਂ ਦੀ ਆਵਾਜ਼ ਆ ਰਹੀ ਸੀ। ਰੇਡੀਓ ਸੁਣਿਆ, ਕਰਫ਼ਿਊ ਤੇ ਪਾਬੰਦੀਆਂ ਰਾਤੀਂ ੯ ਵਜੇ ਤਕ ਵਧਾ ਦਿੱਤੀਆਂ ਗਈਆਂ ਹਨ।

ਸਵੇਰ ਹੋਣ ਵੇਲੇ ਗੋਲੀਆਂ ਦੀ ਆਵਾਜ਼ ਕੁਝ ਘਟੀ ਹੈ । ਮਾਲੂਮ ਹੁੰਦਾ ਹੈ ਕਿ ਰਾਤੀਂ ਫ਼ੌਜ ਨੇ ਆਪਣਾ ਕੰਮ ਮੁਕਾ ਲਿਆ ਹੈ। ਰੇਡੀਓ ਸੁਣਿਆ-ਖ਼ਬਰ ਸੀ ਕਿ ਦੋ ਪਾਸੜ ਫ਼ਾਇਰਿੰਗ ਵਿਚ ਕਈ ਫ਼ੌਜੀ ਮਾਰੇ ਗਏ ਹਨ। ਸਾਰੀ ਰਾਤ ਦੋਨਾਂ ਪਾਸਿਓਂ ਫ਼ਾਇਰਿੰਗ ਹੁੰਦੀ ਰਹੀ ਹੈ ।

ਦਿਨ ਵੇਲੇ ੯-੧੦ ਵਜੇ ਇਕ ਪੁਲਿਸ ਅਫ਼ਸਰ ਦੇ ਘਰ ਗਏ। ਉਸ ਤੋਂ ਸਾਰੇ ਹਾਲਾਤ ਬਾਰੇ ਪੁੱਛਿਆ, ਡਰਦੇ ਡਰਦੇ ਨੇ ਅਤੇ ਹੱਥ ਜੋੜਦਿਆਂ ਕਿਹਾ ਕਿ ਅੱਗੇ ਗੱਲ ਨਾ ਕਰਿਓ। ਉਸ ਦਸਿਆ ਕਿ ਰਾਤੀਂ ਫ਼ੌਜ ਸ੍ਰੀ ਦਰਬਾਰ ਸਾਹਿਬ ਤੋਪਾਂ ਟੈਂਕਾਂ ਨਾਲ ਅੰਦਰ ਦਾਖ਼ਲ ਹੋ ਗਈ ਹੈ। ਅੱਤਵਾਦੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਦੂਜੀ ਮੰਜ਼ਲ ਤੋਂ ਗੋਲੀਆਂ ਚਲਾ ਰਹੇ ਸਨ ਪਰ ਬਹੁਤ ਸਾਰੇ ਅੱਤਵਾਦੀ ਮਾਰੇ ਜਾ ਚੁੱਕੇ ਹਨ । ਫ਼ੌਜ ਨੇ ਦੋਵੇਂ ਸਰਾਵਾਂ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਫਤਹਿ ਕਰ ਕੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ ਅਤੇ ਸੰਤ ਲੌਗੋਂਵਾਲ ਅਤੇ ਸ: ਟੌਹੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਦੁਪਹਿਰ ਵੇਲੇ ਬੀ. ਬੀ. ਸੀ. ਨੇ ਖ਼ਬਰ ਦਿੱਤੀ ਹੈ ਕਿ ਫ਼ੌਜ ਦਰਬਾਰ ਸਾਹਿਬ ਦੇ ਅੰਦਰ ਦਾਖ਼ਲ ਹੋ ਗਈ ਹੈ ਅਤੇ ਸੰਤ ਲੌਂਗੋਵਾਲ ਅਤੇ ਸਰਦਾਰ ਟੌਹੜਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ।

ਅਕਾਸ਼ਬਾਣੀ ਨੇ ੧ ਵਜੇ ਅਤੇ ੧-੪੦ ਦੇ ਬੁਲਿਟਨ ਵਿਚ ਵੀ ਦੱਸਿਆ ਕਿ ਬਹੁਤ ਸਾਰੇ ਉਗਰਵਾਦੀ ਮਾਰੇ ਗਏ ਹਨ ਅਤੇ ਬਹੁਤਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਹਿੰਦੀ ਦੀਆਂ ਖ਼ਬਰਾਂ ‘ਚ ੨-੧੦ ਵਜੇ ਦੱਸਿਆ ਗਿਆ ਕਿ ਸ਼ਾਮੀ

੩ ਤੋਂ ੫ ਵਜੇ ਤੱਕ ਕਰਫ਼ਿੳ ਵਿਚ ਢਿਲ ਦਿੱਤੀ ਗਈ ਹੈ । ਤੋਮਰ ਸੌਂ ਰਿਹਾ ਸੀ। ਮੈਂ ਉਸ ਨੂੰ ਉਠਾਇਆ ਕਿ ਚੱਲ ਕਿਤੇ ਚਲੀਏ, ਦੋ ਘੰਟੇ ਲਈ ਕਰਫ਼ਿਊ ‘ਚ ਢਿੱਲ ਹੈ।

ਅਸੀਂ ਪੈਦਲ ਹੀ ਸ: ਗੁਰਦੀਪ ਸਿੰਘ (ਪੀ. ਟੀ. ਆਈ) ਦੇ ਘਰ ਟੇਲਰ ਰੋਡ ਗਏ । ਅਗੋਂ ਉਹ ਤੇ ਗਿੱਲ ਕਿਸੇ ਪੁਲਿਸ ਅਫ਼ਸਰ ਦੀ ਗੱਡੀ ਵਿਚ ਕੋਤਵਾਲੀ ਚੱਲੇ ਗਏ ਸਨ । ਥੋੜ੍ਹੀ ਦੂਰ ਤਕ ਅਸੀਂ ਵੀ ਲੋਕ ਸੰਪਰਕ ਵਿਭਾਗ ਦੀ ਗੱਡੀ ਵਿਚ ਆਏ ਸੀ । ਡਰਾਈਵਰ ਨੇ ਦੱਸਿਆ ਸੀ ਕਿ ਉਹ ਕਰਫ਼ਿਊ ਸਬੰਧੀ ਅਨਾਊਂਸਮੈਂਟ ਕਰਨ ਸ੍ਰੀ ਦਰਬਾਰ ਸਾਹਿਬ ਲਾਗੇ ਘੰਟਾ ਘਰ ਵਲ ਗਏ ਸਨ । ਫ਼ੌਜੀ ਦਰਬਾਰ ਸਾਹਿਬ ਦੇ ਅੰਦਰ-ਕੇਂਦਰੀ ਸਿੱਖ ਅਜਾਇਬ ਘਰ ਅਤੇ ਪ੍ਰਕਰਮਾ ਵਾਲੀ ਬਿਲਡਿੰਗ (ਜਿਥੇ ਮੇਰਾ ਘਰ ਸੀ) ਦੀ ਛੱਤ ਉਤੇ ਤੁਰੇ ਫਿਰਦੇ ਸਨ । ਅਕਾਲ ਤਖ਼ਤ ਨੂੰ ਅੱਗ ਲੱਗਾ ਦਿੱਤੀ ਗਈ ਹੈ। ਬੜਾ ਹੀ ਧੂੰਆਂ ਨਿਕਲ ਰਿਹਾ ਹੈ । ਬਾਹਰ ਟੈਂਕ ਹੀ ਟੈਂਕ ਹਨ ।

ਕਿਸੇ ਪੁਲਿਸ ਅਫ਼ਸਰ ਤੋਂ ਪਤਾ ਲੱਗਾ ਕਿ ਸੰਤ ਭਿੰਡਰਾਂਵਾਲਿਆਂ ਨੂੰ ਸ਼ਾਮੀਂ ੫ ਵਜੇ ਤਕ ਦਾ ਸਮਾਂ ਦਿੱਤਾ ਗਿਆ ਹੈ ਕਿ ਆਤਮ ਸਮਰਪਣ ਕਰ ਦੇਣ ।

ਸਾਡੇ ਪਾਸ ਤਾਂ ਸਮਾਂ ਨਹੀਂ ਸੀ ਕਿ ਪੈਦਲ ਕੋਤਵਾਲੀ ਵੱਲ ਜਾ ਕੇ ਕਰਫ਼ਿਊ ਲੱਗਣ ਤੋਂ ਪਹਿਲਾਂ ਵਾਪਸ ਆ ਜਾਂਦੇ । ਸ. ਗੁਰਦੀਪ ਸਿੰਘ ਦੇ ਘਰੋਂ ਹੀ ਅਸੀਂ ਪੈਦਲ ਵਾਪਸ ਮੁੜ ਆਏ ।

ਰਾਤ ਨੂੰ ਗਿੱਲ ਤੋਮਰ ਵੱਲ ਆਇਆ। ਉਸ ਨੇ ਦੱਸਿਆ ਕਿ ਉਹ ਤੇ ਗੁਰਦੀਪ ਕੰਪਲੈਕਸ ਤਕ ਜਾ ਆਏ ਹਨ । ਸਿੰਘਾਂ ਦੀਆਂ ਲਾਸ਼ਾਂ ਟਰੱਕ ਵਿਚ ਇਉਂ ਭਰੀਆਂ ਸਨ ਜਿਵੇਂ ਧੋਬੀਆਂ ਨੇ ਕਪੜੇ ਧੋ ਕੇ ਉਨ੍ਹਾਂ ਦਾ ਢੇਰ ਲੱਗਾ ਦਿੱਤਾ ਹੋਵੇ । ਇਕ ਟਰੱਕ ਵਿਚ ੩੮ ਸਿੰਘਾਂ ਦੀਆਂ ਲਾਸ਼ਾਂ ਸਨ । ਸੈਂਕੜੇ ਲੋਕੀ ਮਾਰੇ ਜਾ ਚੁੱਕੇ ਹਨ।

ਉਸ ਦੱਸਿਆ ਕਿ ਸ. ਗੁਰਚਰਨ ਸਿੰਘ (ਸਾਬਕਾ ਸਕੱਤਰ ਸ਼੍ਰੋਮਣੀ ਅਕਾਲੀ ਦਲ) ਅਤੇ ਸ. ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਮਾਰੇ ਗਏ ਹਨ। ਗਿੱਲ ਨੇ ਮੈਨੂੰ ਦੱਸਿਆ ਕਿ ਮੇਰੇ ਕਵਾਟਰ ਵੱਲ ਘੰਟਾ ਘਰ ਵਾਲੇ ਪਾਸੇ ਦਰਬਾਰ ਸਾਹਿਬ ਦਾ ਬਾਹਰਲਾ ਪਾਸਾ ਤੋਪਾਂ ਦੇ ਗੋਲਿਆਂ ਨਾਲ ਕਾਲਾ ਹੋਇਆ ਪਿਆ ਹੈ। ਅਕਾਲ ਤਖ਼ਤ ਤੋਂ ਬੜਾ ਹੀ ਸੰਘਣਾ ਧੂੰਆਂ ਨਿਕਲ ਰਿਹਾ ਹੈ। ਪੱਤਰਕਾਰ ਹੋਣ ਦੇ ਨਾਤੇ ਤੁਸੀਂ ਇਹ ਚੀਜ਼ ਮਿਸ ਕਰ ਗਏ, ਜੋ ਉਧਰ ਨਹੀਂ ਗਏ, ਇਹ ਸੀਨ ਵੇਖਣ ਵਾਲਾ ਹੀ ਸੀ।

ਗਿੱਲ ਨੇ ਦੱਸਿਆ ਕਿ ਹਾਲ ਬਾਜ਼ਾਰ ਵਿਚ ਸੜਕ ‘ਤੇ ਸਫ਼ੈਦੀ ਨਾਲ ਹਿੰਦੂਆਂ ਨੇ ਫ਼ੌਜ ਦਾ ਸਵਾਗਤ ਕਰਨ ਲਈ ਮੋਟੇ ਅੱਖਰਾਂ ਵਿਚ “Welcome To Indian Army” (ਭਾਰਤੀ ਫ਼ੌਜ ਨੂੰ ਜੀ ਆਇਆ) ਲਿਖਿਆ ਸੀ, ਉਸ ਨੇ ਦੱਸਿਆ ਕਿ ਹਾਲ ਬਾਜ਼ਾਰ ਤਕ ਟੈਂਕ ਤੇ ਬਖ਼ਤਰਬੰਦ ਗੱਡੀਆਂ ਖੜ੍ਹੀਆਂ ਹਨ । ਸੰਤ ਭਿੰਡਰਾਂਵਾਲਿਆਂ ਬਾਰੇ ਹਾਲੇ ਕੁਝ ਪਤਾ ਨਹੀਂ ਲੱਗਾ।

ਗਿੱਲ ਨੇ ਦੱਸਿਆ ਕਿ ਜਨੂਨੀ ਹਿੰਦੂ ਬੜੀਆਂ ਖ਼ੁਸ਼ੀਆਂ ਮਨਾ ਰਹੇ ਹਨ। ਫ਼ੌਜੀਆਂ ਨੂੰ ਲੱਡੂ, ਪੂਰੀਆਂ ਕੜਾਹ ਆਦਿ ਵੰਡ ਰਹੇ ਹਨ। ਫ਼ੌਜੀਆਂ ਨੂੰ ਮੁਬਾਰਕਾਂ ਦੇ ਰਹੇ ਹਨ। ਗਲੇ ਵਿਚ ਹਾਰ ਪਾ ਰਹੇ ਹਨ। ਕੰਪਲੈਕਸ ਵਿੱਚੋਂ ਦੋ ਫ਼ੌਜੀਆਂ ਦੀਆਂ ਲਾਸ਼ਾਂ ਆਈਆਂ, ਕੁਝ ਹਿੰਦੂਆਂ ਨੇ ਉਨ੍ਹਾਂ ਦੇ ਪੈਰੀਂ ਹੱਥ ਲਗਾਇਆ

ਉਸ ਦੱਸਿਆ ਕਿ ਕੁਝ ਫ਼ੌਜੀ ੧੨ ਕੁ ਨੌਜਵਾਨਾਂ ਨੂੰ ਜਿਨ੍ਹਾਂ ਦੀਆਂ ਪੱਗਾਂ ਲਥੀਆਂ ਸਨ, ਸਿਰ ਦੇ ਵਾਲ ਖੁਲ੍ਹੇ ਸਨ, ਗਾਲ੍ਹਾਂ ਕਢਦੇ ਹੋਏ ਕੋਤਵਾਲੀ ਲੈ ਕੇ ਆਏ, ਉਥੇ ਤਪਦੇ ਪੱਕੇ ਫ਼ਰਸ਼ ‘ਤੇ ਗੋਡਿਆਂ ਪਰਨੇ ਲੰਮੇ ਪਾ ਕੇ ਲੋਕਾਂ ਸਾਹਮਣੇ ਹੀ ਟਾਰਚਰ ਕਰਨ ਲੱਗੇ, “ਸਾਲੇ ਬਤਾਓ, ਭਿੰਡਰਾਂਵਾਲਾ ਕਹਾਂ ਹੈ ?” ਕਿਸੇ ਨੂੰ ਹਿੰਮਤ ਨਹੀਂ ਸੀ ਕਿ ਕੋਲ ਖੜ੍ਹੋ ਸਕਦਾ ਜਾਂ ਫ਼ੌਜੀਆਂ ਨੂੰ ਕੁਝ ਪੁਛ ਸਕਦਾ। (ਇੰਡੀਆ ਟੂਡੇ ਦੇ ਪੱਤਰਕਾਰ ਸ੍ਰੀ ਸ਼ੇਖਰ ਗੁਪਤਾ ਵੀ ਇਥੇ ਹਾਜ਼ਰ ਸਨ, ਉਨ੍ਹਾਂ ਇਸ ਸੀਨ ਬਾਰੇ ਕੁਝ ਨਹੀਂ ਲਿਖਿਆ) ।

ਉਸ ਦੱਸਿਆ ਕਿ ਫ਼ੌਜੀ ਖ਼ਾਸ ਕਰ ਕੇ ਕਮਾਂਡੋ ਬਹੁਤ ਮਾਰੇ ਗਏ ਹਨ ।

ਇਸ ਰਾਤ ਮੈਂ ਰੋਟੀ ਨਾ ਖਾ ਸਕਿਆ। ਅਗਲੇ ਦਿਨ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਟੱਬਰ ਨੇ ਵੀ ਰਾਤੀਂ ਖਾਣਾ ਨਹੀਂ ਖਾਧਾ। ਸਾਰੀ ਰਾਤ ਮੇਰੀਆਂ ਅੱਖਾਂ ਅੱਗੇ ਸਾਰਾ ਸੀਨ ਵਾਰ ਵਾਰ ਆਉਂਦਾ ਰਿਹਾ ਕੰਪਲੈਕਸ ਵਲ ਜਿਹੜੇ ਸਿੰਘ ਜਾ ਆਏ ਹਨ, ਉਨ੍ਹਾਂ ਦਾ ਵੀ ਇਹੋ ਹਾਲ ਹੋਇਆ ਹੋਵੇਗਾ ।

(ਸਰਕਾਰੀ ਸੂਤਰਾਂ ਅਨੁਸਾਰ ੫ ਅਤੇ ੬ ਜੂਨ ਦੀ ਦਰਮਿਆਨੀ ਸਾਰੀ ਰਾਤ ਦੋਨੋਂ ਪਾਸਿਆਂ ਤੋਂ ਜ਼ੋਰਦਾਰ ਫ਼ਾਇਰਿੰਗ ਹੁੰਦੀ ਰਹੀ । ਤੋਪਾਂ, ਟੈਂਕਾਂ ਤੇ ਨਵੀਨ ਹਥਿਆਰਾਂ ਨਾਲ ਲੈਸ ਹੋ ਕੇ ਪਿਛਲੀ ਰਾਤ ਫ਼ੌਜ ਸ੍ਰੀ ਦਰਬਾਰ ਸਾਹਿਬ ਅੰਦਰ ਦਾਖ਼ਲ ਹੋ ਗਈ ਸੀ । ਪ੍ਰਕਰਮਾ ਵਿਚ ਟੈਂਕ ਚਲੇ ਗਏ ਸਨ । ਫ਼ੌਜ ਦਾ ਖ਼ਿਆਲ ਸੀ ਕਿ ਸੰਤ ਭਿੰਡਰਾਂਵਾਲੇ ਸੁਨਹਿਰੀ ਮੰਦਰ ਅੰਦਰ ਚਲੇ ਗਏ ਹਨ, ਇਸ ਲਈ ਸਮੁੰਦਰੀ ਫ਼ੌਜ ਦੇ ੨੦ “ਡਾਈਵਰਜ਼” (ਗੋਤਾ ਖੋਰ) ਵੀ ਪਾਵਨ ਸਰੋਵਰ ਵਿਚ ਉਤਾਰੇ ਸਨ, ਜੋ ਸਾਰੇ ਹੀ ਸਿੰਘਾਂ ਨੇ ਗੋਲੀ ਨਾਲ ਉਡਾ ਦਿੱਤੇ। ਅਕਾਲ ਤਖ਼ਤ ਵੱਲ ੬੦ ਕਮਾਂਡੋ ਭੇਜੇ ਗਏ ਸਨ, ਇਨ੍ਹਾਂ ਵਿੱਚੋਂ ਸਿੰਘਾਂ ਨੇ ਪਹਿਲੇ ਹੀ ਹੱਲੇ ਨਾਲ ੫੯ ਉੱਡਾ ਦਿੱਤੇ ਸਨ । ਇਸ ਤੇ ਗੁੱਸਾ ਖਾਕੇ ਹੀ ਫ਼ੌਜ ਨੇ ਤੋਪਾਂ ਟੈਂਕਾਂ ਆਦਿ ਨਾਲ ਸ੍ਰੀ ਅਕਾਲ ਤਖ਼ਤ ‘ਤੇ ਜ਼ੋਰਦਾਰ ਹੱਲਾ ਕੀਤਾ । ਇਥੇ ਬੰਬ ਵੀ ਸੁੱਟੇ ਗਏ (ਕਿਹਾ ਜਾਂਦਾ ਹੈ ਕਿ ੬ ਜੂਨ ਸਵੇਰੇ ੯-੩੦ ਦੇ ਕਰੀਬ ਅਕਾਲ ਤਖ਼ਤ ਤੋਂ ਫ਼ੌਜ ਦਾ ਵਿਰੋਧ ਖ਼ਤਮ ਹੋ ਗਿਆ । ਬਾਕੀ ਸਾਰੇ ਕੰਪਲੈਕਸ ਦੇ ਉਤੇ ਤਾਂ ਫ਼ੌਜ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਸੀ)। (ਡਾਇਰੀ ਦੇ ਪੰਨੇ ਵਿੱਚੋਂ)

ਹਰਬੀਰ ਸਿੰਘ ਭੰਵਰ