views 18 secs 0 comments

ਇਕ ਅਦੁੱਤੀ ਸਿੱਖਿਆਦਾਤੇ: ਗੁਰੂ ਨਾਨਕ ਸਾਹਿਬ

ਲੇਖ
June 04, 2026

ਪੂਰਨ ਗੁਰੂ ਦੇ ਗੁਣ ਲਿਖੇ ਨਹੀਂ ਜਾ ਸਕਦੇ, ਜਿਸ ਤਰ੍ਹਾਂ ਪ੍ਰਭੂ ਦੇ ਗੁਣਾਂ ਦੀ ਸੀਮਾ ਨਹੀਂ, ਇਸੇ ਤਰ੍ਹਾਂ ਗੁਰੂ ਦੇ ਗੁਣਾਂ ਦੀ ਵੀ ਕੋਈ ਸੀਮਾ ਨਹੀਂ। ਪੂਰਨ ਗੁਰੂ ਪ੍ਰਭੂ ਦਾ ਮੁਜੱਸਮ ਰੂਪ ਹੀ ਤਾਂ ਹੁੰਦਾ ਹੈ। ਮਾਨਵਤਾ ਦੀ ਭਲਾਈ ਲਈ ਪ੍ਰਭੂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਣੇ ਸਾਰੇ ਗੁਣਾਂ ਨਾਲ ਲੈਸ ਕਰਕੇ ਇਸ ਜੱਗ ‘ਤੇ ਭੇਜਦਾ ਹੈ ਤਾਂ ਕਿ ਉਸ ਦੇ ਉਪਦੇਸ਼ ਅਤੇ ਆਗਿਆ ਦੀ ਪਾਲਣਾ ਕਰਕੇ ਉਸ ਦੇ ਬੱਚੇ ਸੁਖੀ ਅਤੇ ਸੁਹੇਲੇ ਹੋ ਸਕਣ। ਗੁਰੂ ਇਸ ਮਨੋਰਥ ਨੂੰ ਗਿਆਨ ਰੂਪੀ ਚਾਨਣ ਨਾਲ ਸਰੰਜਾਮ ਦਿੰਦਾ ਹੈ। ਦਰਅਸਲ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਪੂਰਨ ਅਤੇ ਸੱਚੇ ਗੁਰੂ ਦਾ ਪ੍ਰਵੇਸ਼ ਹੋ ਜਾਣਾ ਪ੍ਰਭੂ ਦੀ ਨਦਰਿ ਕਰਮ ਦਾ ਸਬੂਤ ਹੈ। ਵਿਅਕਤੀ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਆਪਣੇ ਗੁਰੂ ਦੀ ਪੂਰਨ ਸਮਰੱਥਾ ‘ਤੇ ਵਿਸ਼ਵਾਸ ਰੱਖਦਾ ਹੋਇਆ ਆਪਣੇ ਜੀਵਨ ਦੀ ਵਾਗਡੋਰ ਉਸ ਦੇ ਹੱਥ ਸੌਂਪ ਦੇਵੇ। ਅਜਿਹੇ ਆਤਮ ਸਮਰਪਣ ਸਦਕਾ ਉਸ ਦੀਆਂ ਸਾਰੀਆਂ ਔਕੜਾਂ ਗੁਰੂ ਦੀਆਂ ਆਪਣੀਆਂ ਹੋ ਜਾਂਦੀਆਂ ਹਨ। ਫਿਰ ਉਹ ਵਿਅਕਤੀ ਆਪਣੀ ਜੀਵਨ ਯਾਤਰਾ ਨਿਰਵਿਘਨ ਤੇ ਸਫਲਤਾ ਪੂਰਵਕ ਸੰਪੂਰਨ ਕਰਦਾ ਹੈ।

ਗਿਆਨ ਦਾ ਸੰਬੰਧ ਅਨੇਕਾਂ ਵਿਸ਼ਿਆਂ ਨਾਲ ਹੈ, ਮੋਟੇ ਤੌਰ ‘ਤੇ ਅਸੀਂ ਇਸ ਦੀ ਵੰਡ ਅਧਿਆਤਮਕ ਅਤੇ ਸੰਸਾਰਕ ਖੇਤਰ ਵਿਚ ਕਰ ਸਕਦੇ ਹਾਂ। ਦੋਨੋਂ ਹੀ ਖੇਤਰ ਆਪਣੇ ਆਪ ਵਿਚ ਬੇਹੱਦ ਵਿਸ਼ਾਲ ਹਨ। ਹਰ ਵਿਅਕਤੀ ਦੇ ਜੀਵਨ ਵਿਚ ਦੋਨਾਂ ਦੀ ਮਹੱਤਤਾ ਕਿਸੇ ਤਰ੍ਹਾਂ ਦੀ ਇਕ ਦੂਸਰੇ ਤੋਂ ਘੱਟ ਨਹੀਂ। ਅਧਿਆਤਮਕ ਖੇਤਰ ਦਾ ਵਾਸਤਾ ਬੇਸ਼ੱਕ ਪ੍ਰਭੂ ਨਾਲ ਹੈ ਪਰ ਪ੍ਰਭੂ ਸਰਗੁਣ ਸਰੂਪ ਹੋਣ ਕਾਰਨ ਉਹ ਸੰਸਾਰਕ ਵਿਸ਼ੇ ਵਸਤੂਆਂ ਤੋਂ ਅਲੱਗ ਨਹੀਂ ਹੈ। ਇਨ੍ਹਾਂ ਵਿਸ਼ੇ ਵਸਤੂਆਂ ਨੂੰ ਪਹਿਚਾਣਦੇ ਹੋਏ ਇਨ੍ਹਾਂ ਰਾਹੀਂ ਵੀ ਰੁਹਾਨੀਅਤ ਦੇ ਉੱਚ ਮੰਡਲਾਂ ਵਿਚ ਉਡਾਰੀਆਂ ਲਾ ਸਕਣਾ ਸੰਭਵ ਹੈ। ਗੁਰਮਤਿ ਦੀ ਇਹ ਵਿਸ਼ੇਸ਼ਤਾ ਹੈ ਕਿ ਮਨੁੱਖਾ ਜੀਵਨ ਜੀਊਂਦਿਆਂ, ਖਾਂਦਿਆਂ, ਪੀਂਦਿਆਂ, ਪਹਿਨਦਿਆਂ, ਹਸਦਿਆਂ ਤੇ ਜੀਵਨ ਦੇ ਸਭ ਸੁਖ ਮਾਣਦੇ ਹੋਏ ਇਕ ਵਿਅਕਤੀ ਦੀ ਪ੍ਰਭੂ ਤਕ ਰਸਾਈ
ਹੋ ਸਕਦੀ ਹੈ। ਇਹ ਸਿਰਫ ਗੁਰੂ ਦੀ ਮਿਹਰ ਸਦਕਾ ਹੀ ਸੰਭਵ ਹੋ ਸਕਦਾ ਹੈ।

ਅਜਿਹਾ ਹੀ ਇਕ ਵਿਅਕਤੀ ਵਿਸ਼ੇਸ਼ ੧੪੬੯ ਈ. ਵਿਚ ਪੰਜਾਬ ਦੀ ਧਰਤੀ ‘ਤੇ ਪ੍ਰਕਾਸ਼ਮਾਨ ਹੋਇਆ ਜੋ ਅਕਾਲ ਰੂਪ ਸੀ ਦੁਖੀਆਂ ਦਾ ਦਰਦਮੰਦ, ਅੰਧੇਰੇ ਵਿਚ ਭਟਕ ਰਹੀ ਲੋਕਾਈ ਲਈ ਚਾਨਣ-ਮੁਨਾਰਾ ਸੀ, ਇਸ ਨੇ ਸਦੀਆਂ ਤੋਂ ਲੋਕਾਂ ਦੇ ਜ਼ਿਹਨ ਵਿਚ ਭਰੇ ਅਗਿਆਨਤਾ ਦੇ ਹਨ੍ਹੇਰੇ ਨੂੰ ਨਾਸ ਕਰਕੇ ਉਨ੍ਹਾਂ ਨੂੰ ਪ੍ਰਭੂ ਪ੍ਰਾਪਤੀ ਦੇ ਮਾਰਗ ‘ਤੇ ਆਇਆ। ਗੁਰੂ ਨਾਨਕ ਪਾਤਸ਼ਾਹ ਜੀ ਇਕ ਪੂਰਨ ਤੇ ਸਤਿ ਰੂਪੀ ਗੁਰੂ ਸਨ, ਹਨ ਅਤੇ ਹਮੇਸ਼ਾ ਰਹਿਣਗੇ।

ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਸਮੇਂ ਜੋ ਸਮਾਜਕ ਤੇ ਰਾਜਨੀਤਕ ਹਾਲਾਤ ਸਨ, ਉਨ੍ਹਾਂ ਬਾਰੇ ਗੁਰਬਾਣੀ ਵਿਚੋਂ ਪੂਰੀ ਜਾਣਕਾਰੀ ਮਿਲ ਜਾਂਦੀ ਹੈ। ਉਨ੍ਹਾਂ ਹਾਲਾਤ ਨੂੰ ਨਾ ਦੁਹਰਾਉਂਦੇ ਹੋਏ ਸੰਖੇਪ ਵਿਚ ਇਤਨੀ ਗੱਲ ਹੀ ਕਹਿ ਦੇਣੀ ਵਾਜਬ ਹੋਵੇਗੀ ਕਿ ਬ੍ਰਾਹਮਣ ਦੇ ਸਦੀਆਂ ਤੋਂ ਚਲੇ ਆ ਰਹੇ ਦਬਦਬਾ ਕਾਰਨ ਆਮ ਜਨ ਸਮੂਹ ਅਨਪੜ੍ਹ ਅਤੇ ਅਗਿਆਨੀ ਸੀ। ਉਹ ਆਪਣੇ ਲਾਭ-ਹਾਨੀ ਨੂੰ ਵਿਚਾਰ ਸਕਣ ਦੇ ਅਸਮਰੱਥ ਸੀ। ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ ਬ੍ਰਾਹਮਣ ਦਾ ਹੀ ਕਰਮ ਸੀ। ਵਿਦਿਆ ਪ੍ਰਾਪਤੀ ਦੀ ਖੁੱਲ੍ਹ ਬ੍ਰਾਹਮਣ ਜਾਂ ਖੱਤਰੀ ਦੇ ਬੱਚਿਆਂ ਨੂੰ ਹੀ ਸੀ। ਇਸਤਰੀ ਜਾਤੀ ਨੂੰ ਪੜ੍ਹਨ ਦੀ ਆਗਿਆ ਤਾਂ ਬਿਲਕੁਲ ਹੀ ਨਹੀਂ ਸੀ। ਜੇ ਅੰਦਾਜ਼ਾ ਲਾਇਆ ਜਾਏ ਤਾਂ ੮੦% ਤੋਂ ਵੱਧ ਲੋਕ ਅਨਪੜ੍ਹ ਸਨ। ਜੋ ੨੦% ਪੜ੍ਹੇ ਲਿਖੇ ਸਨ, ਉਨ੍ਹਾਂ ਨੂੰ ਅਖੌਤੀ ਦੇਵ ਭਾਸ਼ਾ ਤੋਂ ਵੱਧ ਕੁਝ ਨਹੀਂ ਸੀ ਆਉਂਦਾ।
ਜੋ ਵੇਦ ਪੜ੍ਹਨ ਦੇ ਤਾਂ ਅਨੁਕੂਲ ਸੀ ਪਰ ਕਾਰ-ਵਿਹਾਰ ਦੇ ਲਈ ਕਿਸੇ ਤਰ੍ਹਾਂ ਵੀ ਸਹਾਈ ਨਹੀਂ ਹੋ ਸਕਦੀ ਸੀ। ਤੁਰਕਾਂ ਦੇ ਭਾਰਤ ਵਿਚ ਆਉਣ ਨਾਲ ਇਹ ਹਾਲਤ ਹੋਰ ਵੀ ਮਾੜੀ ਹੋ ਗਈ। ਜਨ ਸਮੂਹ ਨੂੰ ਹਮੇਸ਼ਾ ਦਬਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਅਗਿਆਨ ‘ਚ ਰੱਖਿਆ ਜਾਵੇ, ਉਹ ਆਪਣੇ ਹੱਕਾਂ ਤੋਂ ਕਦੇ ਵੀ ਜਾਣੂ ਨਾ ਹੋ ਸਕਣ। ਕਾਰ-ਵਿਹਾਰ ਦੇ ਛੋਟੇ-ਮੋਟੇ ਮਾਮਲਿਆਂ ਲਈ ਵੀ ਉਹ ਬ੍ਰਾਹਮਣ ਜਾਂ ਤੁਰਕ ਹਾਕਮਾਂ ‘ਤੇ ਨਿਰਭਰ ਰਹਿਣ। ਇਸ ਤਰ੍ਹਾਂ ਲੁੱਟ-ਖਸੁੱਟ ਨੂੰ ਹਵਾ ਮਿਲੀ। ਵਪਾਰੀ ਤਬਕੇ ਨੇ ਤਾਂ ਇਸ ਸਮੱਸਿਆ ਦਾ ਹੱਲ ਆਪਣੀ ਹੀ ਸੰਕੇਤਕ ਭਾਸ਼ਾ (ਲੰਡੇ ਆਦਿ) ਨੂੰ ਪ੍ਰਚੱਲਤ ਕਰਕੇ ਭਾਲ ਲਿਆ ਅਤੇ ਬ੍ਰਾਹਮਣਾਂ ਦੀ ਦਖ਼ਲਅੰਦਾਜ਼ੀ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ। ਸ਼ੂਦਰ ਅਤੇ ਹੋਰ ਕੰਮੀ ਲੋਕਾਂ ਦਾ ਅਗਿਆਨਤਾ ਕਾਰਨ ਸ਼ੋਸ਼ਣ ਹੁੰਦਾ ਰਿਹਾ।

ਜੇ ‘ਸਿੱਖ’ ਸ਼ਬਦ ਨੂੰ ਸੰਸਕ੍ਰਿਤ ਦੇ ‘ਸ਼ਿਸ਼’ ਤੋਂ ਬਣਿਆ ਮੰਨ ਲਈਏ ਤਾਂ ਸਿੱਖ ਕਦੇ ਅਗਿਆਨੀ ਨਹੀਂ ਹੋ ਸਕਦਾ, ਜੋ ਸਾਰੀ ਉਮਰ ਲਈ ਸਿੱਖ ਹੈ ਉਹ ਸਾਰੀ ਉਮਰ ਲਈ ਹੀ ਸਿਖਿਆਰਥੀ ਹੈ। ਗੁਰੂ ਅਤੇ ਗੁਰਬਾਣੀ ਦਾ ਪੱਲਾ ਪਕੜ ਕੇ ਉਸ ਨੇ ਆਪਣੇ ਜੀਵਨ | ਕਾਲ ਵਿਚ ਸੱਚ ਦੀ ਭਾਲ ਵਿਚ ਜਤਨਸ਼ੀਲ ਰਹਿਣਾ ਹੈ। ਉਹ ਤਾਂ ਸੱਚ ਦਾ ਮੁਤਲਾਸ਼ੀ ਹੈ। ਸਿੱਖ ਦੀ ਸਿਖਿਆ ਇਕ ਵਿਦਿਆਰਥੀ ਵਾਂਗੂੰ ਸਿਰਫ ਕਿਤਾਬਾਂ ਤਕ ਸੀਮਤ ਨਹੀਂ ਰਹਿਣੀ। ਗੁਰੂ ਦੀ ਸਿੱਖਿਆ ਰਾਹੀਂ ਉਸ ਨੇ ਇਕ ਪੂਰਨ ਮਨੁੱਖ, ਇਕ ਆਦਰਸ਼ ਮਨੁੱਖ ਇਕ ਖਾਲਸਾ ਬਣਨਾ ਹੈ। ਇਸ ਵਿਚ ਅਮਲੀ ਜੀਵਨ ਦੀ ਬੇਹੱਦ ਮਹੱਤਤਾ ਹੈ।

ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸੇ ਆਦਰਸ਼ ਮਨੁੱਖ ਦੀ ਸਿਰਜਣਾ ਦਾ ਕਾਰਜ ਅਰੰਭਿਆ। ਮਨੁੱਖਾ ਜਨਮ ਦੇ ਉਦੇਸ਼ ਨੂੰ ਪਰਿਭਾਸ਼ਤ ਕੀਤਾ ਅਤੇ ਉਸ ਉਦੇਸ਼ ਦੀ ਪ੍ਰਾਪਤੀ
ਲਈ ਮਾਰਗ ਵੀ ਮਿਥਿਆ। ਮੱਧਕਾਲੀਨ ਦੇ ਦੂਸਰੇ ਸਿਖਿਅਕਾਂ ਵਾਂਗੂ ਬਾਬੇ ਨਾਨਕ ਨੇ ਆਪਣੇ ਪੈਰੋਕਾਰਾਂ ਨੂੰ ਕੰਮ-ਕਾਰ ਅਤੇ ਦੁਨਿਆਵੀ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਸਿਰਫ਼ ਅਧਿਆਤਮਕ ਮਾਰਗ ਦਾ ਪਾਂਧੀ ਹੀ ਨਹੀਂ ਬਣਾਇਆ ਸਗੋਂ ਉਨ੍ਹਾਂ ਦੀ ਹਾਲਤ ਨੂੰ ਸੰਵਾਰਨ ਲਈ ਵੀ ਪੂਰਨ ਯੋਜਨਾ ਬਣਾਈ। ਕਿਰਤ ਕਰੋ ਇਸ ਯੋਜਨਾ ਦਾ ਇਕ ਅਹਿਮ ਪੱਖ ਸੀ।

ਰੱਬੀ ਗਿਆਨ ਦੇ ਨਾਲ ਨਾਲ ਪਾਤਸ਼ਾਹ ਜੀ ਨੇ ਹਰ ਸਿੱਖ ਨੂੰ ਦੁਨੀਆਂਦਾਰੀ ਵਿਚ ਵਿਚਰਨ ਲਈ ਅਤੇ ਆਪਣੇ ਆਲੇ-ਦੁਆਲੇ ਤੋਂ ਬਾਖ਼ਬਰ ਰਹਿਣ ਲਈ ਵੀ ਯੋਗ ਪ੍ਰਬੰਧ ਕੀਤੇ। ਸਾਨੂੰ ਇਸ ਗੱਲ ਨੂੰ ਮਨ ਵਿਚ ਰੱਖਣਾ ਪਵੇਗਾ ਕਿ ਸਦੀਆਂ ਤੋਂ ਲਿਤਾੜੀ ਲੋਕਾਈ ਨੇ ਗੁਰੂ ਪਾਤਸ਼ਾਹਾਂ ਦੇ ਬਚਨਾਂ ਅਤੇ ਅਮਲੀ ਜੀਵਨ ਵਿਚ ਸੁਤੰਤਰਤਾ ਦੀ ਖੁਸ਼ਬੂ ਮਹਿਸੂਸ ਕੀਤੀ। ਉਨ੍ਹਾਂ ਦੇ ਪੈਰੋਕਾਰਾਂ ਵਿਚ ਬ੍ਰਾਹਮਣ ਤਾਂ ਉੱਕਾ ਹੀ ਨਹੀਂ ਸਨ। ਖੱਤਰੀ ਨਾ-ਮਾਤਰ ਹੀ ਸਨ ਅਤੇ ਵਧੇਰੇ ਦੂਸਰੇ ਵਰਨਾਂ ਦੇ ਲੋਕ ਸਨ, ਸਾਰੇ ਹੀ ਅਨਪੜ੍ਹ ਸਨ। ਸਭ ਤੋਂ ਪਹਿਲਾਂ ਇਨ੍ਹਾਂ ਅਤੇ ਇਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਨੂੰ ਵਿਦਿਆ ਦੀ ਵਡਮੁੱਲੀ ਦਾਤ ਨਾਲ ਨਿਵਾਜਣਾ ਜ਼ਰੂਰੀ ਸੀ।

ਗੁਰੂ ਨਾਨਕ ਪਾਤਸ਼ਾਹ ਦੀਆਂ ਸਥਾਪਤ ਧਰਮਸ਼ਾਲਾਵਾਂ ਜਿਥੇ ਸੰਗਤਾਂ ਸਵੇਰੇ-ਸ਼ਾਮ ਪ੍ਰਭੂ ਦੇ ਗੁਣ ਗਾਉਂਦੀਆਂ ਸਨ, ਉਹ ਬਾਕੀ ਸਮੇਂ ਵਿਦਿਆ ਦੇ ਪ੍ਰਸਾਰਣ ਲਈ ਵਰਤੀਆਂ ਜਾਂਦੀਆਂ ਸਨ। ਹਰ ਗੁਰਦੁਆਰੇ ਦੇ ਨਾਲ ਹੀ ਸਕੂਲ/ਪਾਠਸ਼ਾਲਾ ਦੇ ਹੋਣ ਦੀ ਰਵਾਇਤ ਉਦੋਂ ਦੀ ਚਲੀ ਆ ਰਹੀ ਹੈ। ਅੱਜਕਲ੍ਹ ਸਿੱਖ ਭਾਈਚਾਰਾ ਇਸ ਪੱਖੋਂ ਬੇਹੱਦ ਅਵੇਸਲਾ ਹੋ ਚੁਕਿਆ ਹੈ। ਸਿਖਿਆ ਦੇ ਖੇਤਰ ਦੇ ਚਿੰਤਕ ਇਹ ਗੱਲ ਕਬੂਲਦੇ ਹਨ ਕਿ ਵਿਦਿਆ ਦੇ ਪ੍ਰਭਾਵਸ਼ਾਲੀ -ਪ੍ਰਸਾਰਣ ਲਈ ਸਿਖਿਆਰਥੀ ਦੀ ਮਾਨਸਿਕ ਗ੍ਰਹਿਣਸ਼ੀਲਤਾ ਨੂੰ ਮੁੱਖ ਰੱਖਦੇ ਹੋਏ ਵੱਖ ਵੱਖ ਕਾਰਜ ਵਿਧੀਆਂ ਅਪਣਾਉਣ ਦੀ ਲੋੜ ਹੁੰਦੀ ਹੈ। ਪੁਸਤਕਾਂ ਤੋਂ ਪੜ੍ਹਿਆ ਸਿਧਾਂਤਕ ਗਿਆਨ ਕਿਸੇ ਵੀ ਵਿਸ਼ੇ ਨੂੰ ਤੱਤ ਸਾਰ ਤਕ ਸਮਝਣ ਵਿਚ ਸਹਾਇਤਾ ਨਹੀਂ ਕਰਦਾ। ਇਸ ਦੇ ਨਾਲ ਨਾਲ ਅਮਲੀ ਸਿੱਖਿਆ ਵੀ ਲੋੜੀਂਦੀ ਹੈ। ਆਧੁਨਿਕ ਵਿਦਿਆ ਕਾਰਜ-ਵਿਧੀ ਨੇ ਸਿਧਾਂਤਕ ਗਿਆਨ ਅਤੇ ਅਮਲੀ ਸਿੱਖਿਆ ਵਿਚਕਾਰ ਸੁਣਨ ਅਤੇ ਦਰਸ਼ੀ ਸਾਧਨਾਂ ਦੀ ਅਹਿਮੀਅਤ ਨੂੰ ਪਛਾਣ ਕੇ ਇਸ ਦੀ ਯੋਗ ਵਰਤੋਂ ਸ਼ੁਰੂ ਕੀਤੀ। ਅੱਜਕਲ੍ਹ ਹਰ ਗੱਲ ਨੂੰ ਉਚਿਤ ਢੰਗ ਨਾਲ ਸਮਝਾਉਣ ਲਈ ਤਰਕਪੂਰਨ ਪਹੁੰਚ ‘ਤੇ ਜ਼ੋਰ ਦਿੱਤਾ ਜਾਂਦਾ ਹੈ।

ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ‘ਤੇ ਝਾਤ ਮਾਰਿਆਂ ਉਨ੍ਹਾਂ ਵੱਲੋਂ ਅਪਣਾਏ ਤੌਰ-ਤਰੀਕੇ ਆਧੁਨਿਕ ਵਿਧੀਆਂ ਤੋਂ ਘੱਟ ਨਹੀਂ ਸਨ। ਬਾਬੇ ਨਾਨਕ ਨੇ ਹਰ ਗੱਲ ਬੜੇ ਤਾਰਕਿਕ ਢੰਗ ਨਾਲ ਸਮਝਾਈ। ਅਨੇਕਾਂ ਵਾਰੀ ਉਨ੍ਹਾਂ ਨੇ ਨਿੱਜੀ ਸੰਪਰਕ ਰਾਹੀਂ ਗੱਲ ਨੂੰ ਸਮਝਾਇਆ ਤੇ ਇਸ ਤਰ੍ਹਾਂ ਕਿ ਦੇਖਣ ਵਾਲੇ ਚਾਹੇ ਉਹ ਤਮਾਸ਼ਬੀਨ ਸਨ ਜਾਂ ਵਾਸਤਵਿਕ ਜਗਿਆਸੂ-ਪ੍ਰਭਾਵਤ ਹੋਣੋਂ ਨ ਰਹਿ ਸਕੇ।

ਇਸ ਸੰਬੰਧ ਵਿਚ ਹਰਦੁਆਰ ਵਿਖੇ ਵਾਪਰੀਆਂ ਦੋ ਘਟਨਾਵਾਂ ਦਾ ਨਾ-ਮਾਤਰ ਵੇਰਵਾ ਦਿੱਤਾ ਜਾ ਸਕਦਾ ਹੈ। ਇਕ ਤਾਂ ਸੂਰਜ ਨੂੰ ਪਾਣੀ ਅਰਪਣ ਕਰਨ ਵਾਲੀ ਸਾਖੀ ਦਾ ਅਤੇ ਦੂਸਰਾ, ਉਸ ਸਾਖੀ ਦਾ ਜਿਸ ਵਿਚ ਭਾਈ ਮਰਦਾਨਾ ਇਕ ਸਾਧ ਕੋਲੋਂ ਅੱਗ ਲੈਣ ਜਾਂਦਾ ਹੈ ਅਤੇ ਨੀਚੀ ਜਾਤ ਦੇ ਵਿਅਕਤੀ ਦੇ ਪ੍ਰਛਾਵੇਂ ਕਾਰਨ ਚੌਕੇ ਦੇ ਭਿੱਟ ਜਾਣ ਦੇ ਦੋਸ਼ ਵਿਚ ਉਹ ਭਾਈ ਮਰਦਾਨੇ ਨੂੰ ਮਾਰਨ ਭੱਜਦਾ ਹੈ।

ਜਨੇਊ ਦੀ ਰਸਮ ਸਮੇਂ ਪਵਿੱਤਰ ਗਰਦਾਨੇ ਜਾਂਦੇ ਸੂਤ ਦੇ ਧਾਗੇ ਦੇ ਆਤਮਕ ਗੁਣਾਂ ਬਾਰੇ ਪ੍ਰਸ਼ਨ ਕਰਕੇ ਸਾਰੇ ਹਾਜ਼ਰ ਅੰਧ-ਵਿਸ਼ਵਾਸੀਆਂ ਦੀ ਅਗਿਆਨਤਾ ‘ਤੇ ਕਰਾਰੀ ਚੋਟ ਮਾਰੀ ਤੇ ਅਜਿਹੇ ਜਨੇਊ ਦੀ ਰੂਪ-ਰੇਖਾ ਚਿਤਰੀ ਜਿਸ ਦੇ ਪਹਿਨਣ/ਧਾਰਨ ਕਰਨ ਨਾਲ ਆਤਮਕ ਜੀਵਨ ਸੰਵਰਦਾ ਹੈ। ਇਸ ਦੇ ਨਾਲ ਹੀ ਹਿੰਦੂ ਧਰਮ ਵਿਚ ਖੋਖਲੀਆਂ ਰੀਤਾਂ ਨੂੰ ਵੀ ਪ੍ਰਦਰਸ਼ਿਤ ਕਰ ਦਿੱਤਾ ਜੋ ਬ੍ਰਾਹਮਣ ਨੇ ਆਪਣੇ ਸਵਾਰਥ ਹਿੱਤ ਪ੍ਰਚੱਲਤ ਕਰ -ਰੱਖੀਆਂ ਸਨ। ਗੁਰੂ ਨਾਨਕ ਪਾਤਸ਼ਾਹ ਨੇ ਸ਼ੁਭ ਕਰਮਾਂ ‘ਤੇ ਗੁਣਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਪ੍ਰਮਾਣ ਪੱਤਰ ਮੰਨਿਆ ਹੈ ਨਾ ਕਿ ਧਾਗੇ ਟਿੱਕਿਆਂ ਨੂੰ।

ਗੁਰੂ ਨਾਨਕ ਸਾਹਿਬ ਦੀ ਦੁਨਿਆਵੀ ਸਿੱਖਿਆ ਵੀ ਅਰਥ ਭਰਪੂਰ ਸੀ ਜੋ ਇਸ ਜੀਵਨ ਵਿਚ ਇਕ ਵਿਅਕਤੀ ਨੂੰ ਉੱਚ ਆਚਰਣ ਪ੍ਰਦਾਨ ਕਰਾਉਂਦੀ, ਉਸ ਨੂੰ ਨੇਕ ਕੰਮ ਕਰਨ ਲਈ ਉਤਸ਼ਾਹਤ ਕਰਦੀ ਅਤੇ ਇਸ ਤਰ੍ਹਾਂ ਮਾਨਸਿਕ ਤਣਾਅ ਅਤੇ ਨਿੱਜ ਦੋਸ਼ਾਂ ਤੋਂ ਮੁਕਤ ਰੱਖਦੀ ਮਿਹਨਤ ਅਤੇ ਇਮਾਨਦਾਰੀ ਨਾਲ ਕੀਤੀ ਕਿਰਤ ਕਮਾਈ ਦੀ ਨਿਆਮਤ ‘ਤੇ ਜ਼ੋਰ ਦਿੱਤਾ ਕਿਉਂਕਿ ਇਸ ਦੇ ਨਾਲ ਇਕ ਵਿਅਕਤੀ ਤਣਾਅ ਰਹਿਤ ਜੀਵਨ ਜੀਉਂ ਸਕਦਾ ਹੈ। ਗੁਰੂ ਪਾਤਸ਼ਾਹ ਜੀ ਦਾ ਇਹ ਅਟੁੱਟ ਵਿਸ਼ਵਾਸ ਕਿ ਆਪਣੇ ਬੱਚਿਆਂ ਦੀਆਂ ਜ਼ਰੂਰੀ ਲੋੜਾਂ ਨੂੰ ਵਧੇਰੇ ਅਤੇ ਲੋੜੀਂਦੀ ਤਵੱਜੋਂ ਬਖ਼ਸ਼ਦਾ ਹੋਵੇਗਾ। ਪਰ ਮਨੁੱਖ ਦਾ ਫਰਜ਼ ਹੈ ਕਿ ਉਹ ਨਿਸ਼ਕਪਟ ਅਤੇ ਸੁੱਚੀ ਕਿਰਤ ਕਰੇ। ਗੁਰੂ ਨਾਨਕ ਸਾਹਿਬ ਨੇ ਲੋਕਾਂ ਦੇ ਹਿਰਦਿਆਂ ਵਿਚ ਰੱਬ ਸੰਬੰਧੀ ਪਏ ਭੁਲੇਖਿਆਂ ਤੋਂ ਵੀ ਮੁਕਤੀ ਦਿਲਾਉਣੀ ਸੀ। ਪਰਮਾਤਮਾ ਤਕ ਪਹੁੰਚਣ ਦੇ ਪ੍ਰਚੱਲਤ ਬੇਅਰਥੇ ਵਿਧੀ ਵਿਧਾਨਾਂ, ਕਰਮਕਾਂਡਾਂ ਨੂੰ ਬ੍ਰਾਹਮਣ ਸਾਹਮਣੇ ਹੀ ਖੰਡਨ ਕਰਕੇ ਪ੍ਰਭੂ ਨੂੰ ਆਪਣੇ ਅਤੇ ਉਸ ਦੀ ਸਾਜੀ ਸ੍ਰਿਸ਼ਟੀ ਅੰਦਰ ਦੇਖਣ ਦੀ ਸਿਖਿਆ ਨਾ ਕੇਵਲ ਇਕ ਸਾਹਸੀ ਕ੍ਰਾਂਤੀਕਾਰੀ ਦਾ ਕਰਮ ਹੈ ਬਲਕਿ ਇਕ ਸੂਰਮੇ ਗੁਰੂ ਦਾ ਧਰਮ ਵੀ ਹੈ। ਗੁਰੂ ਬਾਬੇ ਨੇ ਇਸੇ ਲਈ ਅਨੇਕਾਂ ਕਰਮਕਾਂਡਾਂ ਦਾ ਖੰਡਨ ਕਰਨ ਦੇ ਨਾਲ ਹੀ ਇਕ ਪ੍ਰਭੂ ਦੀ ਇਕੋ ਇਕ ਵਿਧੀ ਨਾਲ ਪੂਜਾ ਕਰਨ ‘ਤੇ ਜ਼ੋਰ ਦਿੱਤਾ।

ਉਹ ਵਿਧੀ ਸੀ ਉਸ ਦੇ ਬੇਅੰਤ ਅਤੇ ਅਸੀਮ ਗੁਣਾਂ ਨੂੰ ਪਿਆਰ ਵਿਚ ਗੜੂੰਦ ਹੋ ਕੇ ਯਾਦ ਕਰਨਾ। ਜਦੋਂ ਤਕ ਪਿਆਰ ਨਹੀਂ ਉਦੋਂ ਤਕ ਸਮਰਪਣ ਨਹੀਂ ਹੋ ਸਕਦਾ ਅਤੇ ਜਦੋਂ ਤਕ ਸਮਰਪਣ ਨਹੀਂ ਹੁੰਦਾ ਉਦੋਂ ਤਕ ਹਉਮੈ ਬਲਵਾਨ ਰਹਿੰਦੀ ਹੈ। ਮਾਇਆ ਦੀ ਖਿੱਚ ਪ੍ਰਬਲ ਰਹਿੰਦੀ ਹੈ। ਮਨੁੱਖ ਆਰਜ਼ੀ ਸੁਖਾਂ ਦੀ ਭੁੱਖ ਤੋਂ ਮੁਕਤ ਨਹੀਂ ਹੋ ਸਕਦਾ। ਸਦੀਵੀ ਸੁਖ ਤਾਂ ਪ੍ਰਭੂ ਦੇ ਨਾਮ ਜਪਣ ਅਤੇ ਆਤਮ ਸਮਰਪਣ ਵਿਚ ਹੈ।

ਗੁਰੂ ਨਾਨਕ ਸਾਹਿਬ ਨੇ ਇਹ ਗੱਲ ਨਿਡਰ ਹੋ ਕੇ ਪ੍ਰਚਾਰੀ ਕਿ ਪ੍ਰਭੂ ਤਕ ਪਹੁੰਚਣ ਦਾ ਹੱਕ ਕਿਸੇ ਇਕ ਵਰਨ ਦਾ ਰਾਖਵਾਂ ਨਹੀਂ। ਹਰ ਬਾਲਕ ਨੂੰ ਆਪਣੇ ਪਿਤਾ ਪਾਸ ਆਪਣੇ ਦਿਲ ਦੀ ਵੇਦਨਾ ਕਹਿਣ ਦਾ ਉਸ ਪਰਮਾਤਮਾ ਵੱਲੋਂ ਪ੍ਰਾਪਤ ਪੂਰਾ ਅਧਿਕਾਰ ਹੈ।

ਜਿਸ ਵਾਤਾਵਰਨ ਵਿਚ ਗੁਰੂ ਨਾਨਕ ਪਾਤਸ਼ਾਹ ਨੇ ਲੋਕਾਈ ਨੂੰ ਆਪਣੇ ਅਧਿਕਾਰਾਂ ਵੱਲੋਂ ਜਾਗ੍ਰਿਤ ਕਰਨ ਦਾ ਕਾਰਜ ਆਰੰਭਿਆ, ਉਹ ਇਕ ਅਦੁੱਤੀ ਵਿਅਕਤੀਤਵ ਵਾਲੇ ਮਨੁੱਖ ਦਾ ਨਹੀਂ ਸੀ ਸਗੋਂ ਇਕ ਨਿਰੰਕਾਰ ਰੂਪੀ ਪਰਮ-ਮਨੁੱਖ ਦਾ ਸੀ ਜੋ ਗੁਰੂ ਸੀ, ਵਿਲੱਖਣ ਸਿਖਿਅਕ ਸੀ ਅਤੇ ਲੋਕਾਂ ਦਾ ਮਹਿਰਮ ਵੀ। ਭਾਰਤ ਦੀ ਸਦੀਆਂ ਤੋਂ ਲਿਤਾੜੀ ਦੇਹ ਨੂੰ ਸੁਰਜੀਤ ਕਰਨ ਦਾ ਅਲੰਬਰਦਾਰ ਵੀ।

ਕਰਨਲ ਦੇਵਿੰਦਰ ਸਿੰਘ (ਰਿਟਾਇਰਡ)