(੫ ਜੂਨ ੧੯੮੪)
ਸਾਰੇ ਪੰਜਾਬ ਵਿਚ ਕਰਫ਼ਿਊ ਰਾਤ ਦੇ ੯ ਵਜੇ ਤੱਕ ਵਧਾ ਦਿੱਤਾ ਗਿਆ ਹੈ। ਗੱਡੀਆਂ ਆਦਿ ਦੇ ਚੱਲਣ ਤੇ ਪਾਬੰਦੀ ਵੀ ਵਧਾ ਦਿੱਤੀ ਗਈ ਹੈ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਲਗਪਗ ਇਕ ਹਜ਼ਾਰ ਸਿੰਘਾਂ ਦਾ ਜਥਾ ਪਾਕਿਸਤਾਨ ਗਿਆ ਹੋਇਆ ਸੀ। ਉਸਨੇ ਕਲ ਮੁੜਨਾ ਸੀ । ਰੇਡੀਓ ਨੇ ਖ਼ਬਰ ਦਿੱਤੀ ਹੈ ਕਿ ਇਸ ਜਥੇ ਨੂੰ ਦੋ ਦਿਨ ਹੋਰ ਰੋਕਣ ਲਈ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ।
ਰੇਡੀਓ ਨੇ ਖ਼ਬਰ ਦਿੱਤੀ ਹੈ “ਅੱਤਵਾਦੀਆਂ” ( ਜੁਝਾਰੂ ਸਿੰਘਾਂ) ਨਾਲ ਦੋ ਤਰਫਾ ਗੋਲਾਬਾਰੀ ਵਿਚ ਇਕ ਜਵਾਨ ਮਾਰਿਆ ਗਿਆ ਹੈ ਅਤੇ ਅਨੇਕਾਂ ਜ਼ਖ਼ਮੀ ਹੋਏ ਹਨ-ਅੰਦਰ ਕੋਈ ਮਾਰਿਆ ਗਿਆ ਹੈ ਜਾਂ ਨਹੀਂ-ਇਸ ਬਾਰੇ ਕੋਈ ਪਤਾ ਨਹੀਂ ।
ਤੋਮਰ ਦੇ ਕਈ ਸੀ. ਆਰ. ਪੀ. ਵਾਲੇ ਮਿੱਤਰ ਹਨ—ਇਕ ਫ਼ੌਜੀ ਕੈਪਟਨ ਵੀ। ਕੁਝ ਸੀ. ਆਰ. ਪੀ. ਵਾਲੇ ਉਸ ਦੇ ਘਰ ਆਏ-ਉਹ ਕਹਿਣ ਲੱਗੇ ਕੰਪਲੈਕਸ ਅੰਦਰ ੫੦-੬੦ ਆਦਮੀ ਤਾਂ ਮਾਰੇ ਹੀ ਗਏ ਹੋਣਗੇ ।
ਸ਼ਾਮ ਨੂੰ ਸਾਡੀ ਇਸ ਕੋਠੀ ਵਾਲੀ ਅਤੇ ਛਾਉਣੀ ਤੋਂ ਕਚਹਿਰੀ ਵਾਲੀ ਸੜਕ (ਜੋ ਸਾਡੇ ਲਾਗੇ ਹੀ ਹੈ) ਰਾਹੀਂ ਅਨੇਕਾਂ ਟੈਂਕ ਅਤੇ ਬਖ਼ਤਰਬੰਦ ਗੱਡੀਆਂ ਕੰਪਲੈਕਸ ਵੱਲ ਗਈਆਂ ਹਨ-ਸੜਕ ਤੇ ਜਾ ਰਹੇ ਟੈਂਕਾਂ, ਬਖ਼ਤਰਬੰਦ ਗੱਡੀਆਂ ਦੇ ਸ਼ੋਰ ਨਾਲ ਵਾਤਾਵਰਨ ਵਿਚ ਇਕ ਸਨਾਟਾ ਜਿਹਾ ਛਾ ਗਿਆ ਹੈ ।
ਰਾਤ ਨੂੰ ਗੋਲੀਆਂ ਚਲਣ ਦੀ ਆਵਾਜ਼ ਬੜੇ ਜ਼ੋਰ ਜ਼ੋਰ ਦੀ ਆਉਣ ਲੱਗੀ ਅਤੇ ੯ ਵਜੇ ਦੇ ਕਰੀਬ ਸਾਰੇ ਸ਼ਹਿਰ ਦੀ ਬਿਜਲੀ ਕੱਟ ਦਿੱਤੀ ਗਈ।
ਬੜੀ ਭਿਆਨਕ ਰਾਤ ਹੈ-ਅੱਧੀ ਤੋਂ ਵੱਧ ਰਾਤ ਬੀਤ ਚੁੱਕੀ ਹੈ—ਨੀਂਦ ਨਹੀਂ ਆ ਰਹੀ। ਆਵੇ ਵੀ ਕਿਵੇਂ—ਕੋਈ ਕਿਵੇਂ ਸੌਂ ਸਕਦਾ ਹੈ—ਦਰਬਾਰ ਸਾਹਿਬ ਇਥੋਂ ੨-੩ ਕਿਲੋਮੀਟਰ ਹੋਏਗਾ ਪਰ ਫਿਰ ਵੀ ਤੋਪਾਂ ਦੀ ਆਵਾਜ਼ ਬੜੇ ਜ਼ੋਰ ਨਾਲ ਆ ਰਹੀ ਹੈ । ਕਈ ਵਾਰੀ ਚੰਗਿਆੜੇ ਜਾਂ ਅੱਗ ਦੇ ਗੋਲੇ ਵੀ ਦਿਖਾਈ ਦੇਂਦੇ ਹਨ।
ਅਸੀਂ ਕਈ ਵਾਰੀ ਡਰਦੇ ਡਰਦੇ ਕੋਠੇ ਦੀ ਛੱਡ ‘ਤੇ ਚੜ੍ਹੇ ਹਾਂ—ਇਹ ਅੰਗਾਰੇ ਵੇਖਣ ਲਈ । ਤੋਪਾਂ, ਐਮ. ਐਮ. ਜੀ. ਅਤੇ ਐਲ. ਐਮ. ਜੀ. ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ । ਫ਼ੌਜ ਵੱਲੋਂ ਬੜੀ ਹੀ ਤੇਜ਼ ਲਾਈਟ ਦੇ ਗੋਲੇ ਵੀ ਵਾਰ ਵਾਰ ਛੱਡੇ ਜਾ ਰਹੇ ਹਨ—ਪਿੱਛੋਂ ਇਕ ਦਮ ਤੋਪਾਂ, ਐਮ. ਐਮ. ਜੀ. ਅਤੇ ਐਲ. ਐਮ. ਜੀ. ਚੱਲਣ ਦੀ ਆਵਾਜ਼ ਆਉਂਦੀ ਹੈ । ਰੌਸ਼ਨੀ ਦੇ ਇਹ ਗੋਲੇ ਸ਼ਾਇਦ ਫ਼ੌਜੀਆਂ ਨੂੰ ਠੀਕ ਨਿਸ਼ਾਨਾ ਲਗਾਉਣ ਲਈ ਸੇਧ ਦੇਣ ਵਾਸਤੇ ਛੱਡੇ ਗਏ ਹਨ ।
ਰਾਤੀਂ ਰੇਡੀਓ ਨੇ ਖ਼ਬਰ ਦਿੱਤੀ ਸੀ ਕਿ ਸਾਰੇ ਪੰਜਾਬ ਵਿਚ ਕਰਫ਼ਿਊ ਤੇ ਹੋਰ ਪਾਬੰਦੀਆਂ ਕਲ ਸਵੇਰੇ ੯ ਵਜੇ ਤਕ ਵਧਾ ਦਿੱਤੀਆਂ ਹਨ।
ਰੇਡੀਓ ਨੇ ਦਸਿਆ ਕਿ ਫ਼ੌਜ ਵੱਲੋਂ ਲਾਊਡ ਸਪੀਕਰ ‘ਤੇ ਕੰਪਲੈਕਸ ਦੇ ਵਾਸੀਆਂ ਨੂੰ ਦਿੱਤੇ ਗਏ ਨੋਟਿਸ ‘ਤੇ ੧੭੦ ਦੇ ਕਰੀਬ ਬੰਦੇ ਬਾਹਰ ਆ ਗਏ ਹਨ । ਬੀ. ਬੀ. ਸੀ. ਫ਼ੌਜੀ ਕਾਰਵਾਈ ਬਾਰੇ ਬਹੁਤ ਖ਼ਬਰਾਂ ਦੇ ਰਿਹਾ ਹੈ।
ਲਗਭਗ ਸਾਰੀ ਰਾਤ ਸਾਹਮਣੀ ਸੜਕ ‘ਤੇ ਫ਼ੌਜੀ ਗੱਡੀਆਂ ਦੀ ਆਵਾਜਾਈ ਲੱਗੀ ਰਹੀ ਹੈ। ਮਾਰੇ ਗਏ ਜਾਂ ਜ਼ਖ਼ਮੀ ਫ਼ੌਜੀਆਂ ਨੂੰ ਕੈਂਪ ਵਿਚ ਲਿਆਂਦਾ ਜਾ ਰਿਹਾ ਹੋਵੇਗਾ। ਰੱਬ ਹੀ ਜਾਣੇ ਕੀ ਗੱਲ ਹੈ।
ਆਪਣੇ ਘਰ ਹੀ ਸੁੰਨ ਹੋਏ ਬੈਠੇ ਹਾਂ। ਪਤਾ ਨਹੀਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਕੀ ਹੋ ਰਿਹਾ ਹੈ ? ਸ਼ਹਿਰ ਦੇ ਵਾਸੀਆਂ ਦਾ ਕੀ ਹਾਲ ਹੋ ਰਿਹਾ ਹੈ ? ਸਿੱਖਾਂ ਦਾ ਮਨ ਕਿੰਨਾ ਤੜਪ ਰਿਹਾ ਹੋਏਗਾ। ਇਹ ਸੋਚ ਮੈਂ ਪਰੇਸ਼ਾਨ ਹੋਈ ਜਾਂਦਾ ਹਾਂ।
ਤੋਮਰ ਤੇ ਉਸ ਪਾਸ ਕੰਮ ਕਰ ਰਿਹਾ ਮੁੰਡਾ (ਜੋ ਦਿਨੇ ਅਖ਼ਬਾਰਾਂ ਵੰਡਣ ਦਾ ਕੰਮ ਕਰਦਾ ਹੈ) ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ—ਉਹ ਕਹਿ ਰਹੇ ਹਨ, “ਆਜ ਤੋ ਘਮਸਾਨ ਕੀ ਲੜਾਈ ਹੋ ਰਹੀ ਹੈ। ਆਜ ਫ਼ੌਜ ਭਿੰਡਰਾਂਵਾਲੇ ਕੋ ਪਕੜ ਲੇਗੀ ।” ਸ਼ਾਇਦ ਉਹ ਅੰਦਰੋ ਅੰਦਰ ਦਿਲ ਵਿਚ ਖੁਸ਼ ਵੀ ਹੋ ਰਹੇ ਹੋਣ ਤੇ ਮੇਰੇ ਕਾਰਨ ਦਿਲ ਦੀ ਗੱਲ ਨਹੀਂ ਆਖ ਰਹੇ ।
ਸੁੰਨਸਾਨ ਰਾਤ ਵਿਚ ਗੋਲੀਆਂ ਦੀ ਆਵਾਜ਼ ਆ ਆ ਕੇ ਦਿਲ ‘ਤੇ ਵੱਜਦੀ ਹੈ।
(ਸਰਕਾਰੀ ਸੂਤਰਾਂ ਅਨੁਸਾਰ ਰਾਤੀਂ ੮-੩੦ ਦੇ ਕਰੀਬ ਜਲ੍ਹਿਆਂ ਵਾਲਾ ਬਾਗ਼, ‘ਬੀ’ ਡਵੀਜ਼ਨ ਪੁਲਿਸ ਸਟੇਸ਼ਨ ਦੇ ਸਾਹਮਣੇ ਅਜੀਤ ਨਗਰ ਪਾਣੀ ਦੀ ਟੈਂਕੀ ਲਾਗਿਓਂ ਤੋਪਾਂ ਨਾਲ ਕੰਪਲੈਕਸ ‘ਤੇ ਗੋਲੇ ਸੁੱਟੇ ਗਏ । ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਵਾਲੀ ਪਾਣੀ ਦੀ ਵੱਡੀ ਟੈਂਕੀ, ਜਿਥੇ ਸਿੰਘਾਂ ਦੇ ਮੋਰਚੇ ਸਨ, ਰਾਤੀਂ ੯-00 ਵਜੇ ਦੇ ਕਰੀਬ ਤੋੜ ਦਿੱਤੀ ਗਈ ਸੀ ਤੇ ਸਰਾਂ ਵਿਚ ਪਾਣੀ ਹੀ ਪਾਣੀ ਹੋ ਗਿਆ)
(ਕੋਈ ਦਸ ਵਜੇ ਦੇ ਕਰੀਬ ਕਮਾਓਂ, ਗਰਨੇਡੀਅਰ ਅਤੇ ਮਦਰਾਸ ਰਜਮੈਂਟਾਂ ਨੇ ਤੋਪਾਂ ਟੈਂਕਾਂ ਨਾਲ ਲੈਸ ਹੋ ਕੇ ਸਰਾਂ ਵਾਲੇ ਪਾਸਿਓਂ ਕੰਪਲੈਕਸ ਵਿਚ ਦਾਖ਼ਲ ਹੋ ਕੇ ਸਾਂਝਾ ਜ਼ੋਰਦਾਰ ਹਮਲਾ ਕੀਤਾ ਅਤੇ ਅੱਧੀ ਰਾਤ ਤਕ ਦੋਨੋਂ ਸਰਾਵਾਂ, ਸਮੁੰਦਰੀ ਹਾਲ, ਲੰਗਰ ਸ੍ਰੀ ਗੁਰੂ ਰਾਮਦਾਸ ਅਤੇ ਮੰਜੀ ਸਾਹਿਬ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ। ਇਧਰ ਜਿੱਤਨੇ ਵੀ ਅਕਾਲੀ ਲੀਡਰ, ਅਕਾਲੀ ਵਰਕਰ, ਆਲ ਇੰਡੀਆਂ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਮੈਂਬਰ ਅਤੇ ਯਾਤਰੀ ਜੋ ਸਰਾਂ ਵਿਚ ਠਹਿਰੇ ਹੋਏ ਸਨ, “ਕੈਪਚਰ” ਕਰ ਲਏ ਗਏ ਸਨ) ।
(ਡਾਇਰੀ ਦੇ ਪੰਨੇ ਵਿੱਚੋਂ)
ਹਰਬੀਰ ਸਿੰਘ ਭੰਵਰ
