ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 918 ਤੇ ਸੁਸ਼ੋਭਿਤ ਆਪਣੇ ਵਚਨ ਵਿੱਚ ਗੁਰਸਿੱਖ ਨੂੰ ਵਿਲੱਖਣ ਅੰਤਰ ਅਵਸਥਾ ਦਾ ਸੁਆਮੀ ਕਿਹਾ ਜੋ ਧਰਮ ਦੇ ਬਿਖਮ ਮਾਰਗ ਤੇ ਸਹਿਜ ਚੱਲਣ ਦੀ ਸਮਰੱਥਾ ਰੱਖਦਾ ਹੈ। ਉਹ ਲੋਭ , ਮੋਹ , ਹੰਕਾਰ ਆਦਿਕ ਵਿਕਾਰ ਤਿਆਗ ਕੇ ਅੰਤਰ ਮਨ ਦੀ ਨਿਰਮਲਤਾ ਪ੍ਰਾਪਤ ਕਰ ਲੈਂਦਾ ਹੈ ਪਰ ਆਪਣੀ ਆਤਮਿਕ ਸ੍ਰੇਸ਼ਟਤਾ ਦਾ ਵਿਖਾਵਾ ਨਹੀਂ ਕਰਦਾ । ਇਸ ਵਿਧੀ ਨਾਲ ਹੀ ਗੁਰਸਿੱਖ ਧਰਮ ਦੇ ਤੇਗ ਦੀ ਧਾਰ ਤੋਂ ਵੀ ਤਿੱਖੇ ਤੇ ਵਾਲ ਤੋਂ ਵੀ ਬਾਰੀਕ ਮਾਰਗ ਤੇ ਚੱਲਣ ਯੋਗ ਬਣਦਾ ਹੈ। ਧਰਮ ਦੀ ਸੱਚੀ ਦ੍ਰਿਸ਼ਟੀ , ਭਗਤੀ ਦੀ ਪਾਵਨ ਭਾਵਨਾ ਧਾਰਨ ਕਰਨਾ ਦੋਧਾਰੀ ਤੇਗ ਦੀ ਤਿੱਖੀ ਧਾਰ ਤੇ ਚੱਲਣ ਜਿਹਾ ਹੈ। ਧਰਮ ਦੀ ਦ੍ਰਿਸ਼ਟੀ , ਭਾਵਨਾ ਨੂੰ ਵਾਲ ਤੋਂ ਵੀ ਬਾਰੀਕ ਬੁੱਧੀ ਤੇ ਚੇਤਨਾ ਨਾਲ ਹੀ ਸਮਝਿਆ ਜਾ ਸਕਦਾ ਹੈ। ਗੁਰਸਿੱਖੀ ਨਿਰਮਲ ਅੰਤਰ ਅਵਸਥਾ ਸਿਰਜਣ ਦਾ ਮਾਰਗ ਹੈ। ਇਸ ਦੀ ਜਾਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੁੰਦੀ ਹੈ । ਇਹ ਗਿਆਨ ਦਾ ਸਾਗਰ ਹੈ , ਜੀਵਨ ਦਾ ਦਿਸ਼ਾ ਵਾਹਕ ਹੈ , ਪਰਮਾਤਮਾ ਨਾਲ ਮੇਲ ਦਾ ਰੱਥ ਹੈ। ਗੁਰਸਿੱਖ ਗੁਰਬਾਣੀ ਪੜ੍ਹਦਾ ਹੈ , ਸੁਣਦਾ ਹੈ , ਗੁਰਬਾਣੀ ਦੇ ਹੁਕਮ ਮੰਨਦਾ ਹੈ ਤੇ ਇਸ ਰਾਹ ਤੇ ਚੱਲ ਕੇ ਹੀ ਪਰਮਾਤਮਾ ਦੀ ਮਿਹਰ ਪ੍ਰਾਪਤ ਕਰਦਾ ਹੈ। ਗੁਰਬਾਣੀ ਸੰਸਾਰ ਦਾ ਸੱਭ ਤੋਂ ਸਰਲ , ਸਹਿਜ ਧਾਰਮਿਕ ਦਰਸ਼ਨ ਹੈ ਪਰ ਇਸ ਦਾ ਪਾਲਨ ਸੱਭ ਤੋਂ ਕਠਿਨ ਹੈ। ਲੋਭ , ਮੋਹ , ਹੰਕਾਰ , ਕਾਮ , ਕ੍ਰੋਧ ਤਿਆਗਨਾ , ਮਨ ਅੰਦਰ ਸਹਿਜ , ਸੰਜਮ , ਸੰਤੋਖ ਧਾਰਨ ਕਰਨਾ ਜਨਮਾਂ ਜਨਮਾਂ ਤੋਂ ਆਪਣਾ ਘਰ ਬਣੀ ਹੋਈ ਹਨੇਰੀ ਗੁਫਾ ਤੋਂ ਚਾਨਣ ਦੇ ਖੁੱਲੇ ਆਕਾਸ਼ ਹੇਠ ਆ ਜਾਣਾ ਹੈ। ਜਦੋਂ ਤੱਕ ਗੁਰੂ ਨਹੀਂ ਸੀ ਹਨੇਰਾ ਵਿਆਪ ਰਿਹਾ ਸੀ। ਸੁਭਾਗ ਨਾਲ ਗੁਰੂ ਮਿਲਿਆ ਹੈ ਤਾਂ ਹਨੇਰੇ ਦੇ ਬਿਨਸਨ ‘ਤੇ ਚਾਨਣ ਦੀ ਆਮਦ ਦਾ ਆਰੰਭ ਹੋ ਗਿਆ ਹੈ।ਗੁਰਬਾਣੀ ਗੁਰਸਿੱਖ ਅੰਦਰ ਭਾਵਨਾ ਪੈਦਾ ਕਰਦੀ ਹੈ ਹਨੇਰੇ ਤੋਂ ਚਾਨਣ ਵੱਲ ਤੁਰਨ ਦੀ।
ਚਾਨਣ ਅੰਦਰ ਸੱਚ ਹੈ , ਸਪਸ਼ਟਤਾ ਹੈ , ਸਮ ਦ੍ਰਿਸ਼ਟੀ ਹੈ। ਗੁਰਬਾਣੀ ਦਾ ਚਾਨਣ ਆਨੰਦ ਵੰਡਣ ਵਾਲਾ ਹੈ। ਗੁਰੂ ਅਮਰਦਾਸ ਜੀ ਦਾ ਵਚਨ ਹੋਇਆ “ ਮਨ ਰੇ ਸਦਾ ਅਨੰਦੁ ਗੁਣ ਗਾਇ “ । ਗੁਰਬਾਣੀ ਗਾਉਣਾ , ਸੁਣਨਾ ਮਨ ਅੰਦਰ ਆਨੰਦ ਪੈਦਾ ਕਰਦਾ ਹੈ। ਮਨ ਦਾ ਆਨੰਦ ਨਾਲ ਭਰ ਜਾਣਾ ਗੁਰਬਾਣੀ ਨਾਲ ਜੁੜ ਜਾਣ ਦੀ ਗਵਾਹੀ ਦਿੰਦਾ ਹੈ।ਇਹ ਆਨੰਦ ਇਸ ਕਾਰਨ ਹੈ ਕਿ ਗੁਰਬਾਣੀ ਸਚ ਦਾ ਬੋਧ ਕਰਾਉਂਦੀ ਹੈ , ਸਾਰੇ ਭਰਮ ਜੋ ਦ੍ਰਿਸ਼ਮਾਨ ਸੰਸਾਰ ਨੇ ਪੈਦਾ ਕੀਤੇ ਹਨ ਦੂਰ ਹੋ ਜਾਂਦੇ ਹਨ । ਭਰਮ ਹੀ ਤਾਂ ਦੁੱਖਾਂ ਦਾ ਮੂਲ ਹਨ। ਭਰਮ ਨਾ ਰਹਿਣ ਤਾਂ ਦੁੱਖ ਆਪ ਹੀ ਬਿਨਸ ਜਾਂਦੇ ਹਨ। ਦੁੱਖਾਂ ਦਾ ਨਾ ਰਹਿਣਾ ਹੀ ਆਨੰਦ ਹੈ। ਗੁਰਸਿੱਖ ਦਾ ਆਨੰਦ ਗੁਰਬਾਣੀ ਰਾਹੀਂ ਪਰਮਾਤਮਾ ਦੀ ਸ਼ਰਣ ਪ੍ਰਾਪਤ ਕਰ ਲੈਣਾ ਹੈ “ ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ “ । ਗੁਰਬਾਣੀ ਨਾਲ ਪ੍ਰੀਤ ਕਰਨਾ , ਗੁਰਬਾਣੀ ਅਨੁਸਾਰ ਜੀਵਨ ਢਾਲਣਾ ਦਰਅਸਲ ਪਰਮਾਤਮਾ ਵਿੱਚ ਲੀਨ ਹੋਣਾ ਹੈ ਜੋ ਆਨੰਦ ਦਾ ਸੋਮਾ ਹੈ “ ਅਨਦ ਮੂਲੁ ਧਿਆਇਆ ਪੁਰਖੋਤਮੁ ਅਨਦਿਨੁ ਅਨਦ ਅਨੰਦੇ ” । ਆਨੰਦ ਦੀ ਇਹ ਅਵਸਥਾ ਗੁਰਬਾਣੀ ਪੜ੍ਹਨ , ਸੁਣਨ ਸਮੇਂ ਬਣਨੀ ਆਰੰਭ ਹੁੰਦੀ ਹੈ ਤੇ ਸਦੀਵੀ ਬਣ ਜਾਂਦੀ ਹੈ ਜਦੋਂ ਗੁਰਬਾਣੀ ਨੂੰ ਪੂਰਨ ਤੌਰ ਤੇ ਧਾਰਨ ਕਰ ਮਨ ਦੀ ਲਿਵ ਪਰਮਾਤਮਾ ਵਿੱਚ ਲੱਗ ਜਾਂਦੀ ਹੈ। ਇਹ ਵਿਕਾਰਾਂ ਤੋਂ ਰਹਿਤ ਅਵਸਥਾ ਹੈ “ ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ ” । ਗੁਰਬਾਣੀ ਸੰਸਾਰ ਦਾ ਜੀਵਨ ਦਾ ਸੱਚ ਸਾਹਮਣੇ ਰੱਖ ਦਿੰਦੀ ਹੈ ਕਿ ਜੋ ਦ੍ਰਿਸ਼ਟੀਮਾਨ ਹੈ ਉਹ ਸੱਭ ਕੁੱਝ ਨਾਸ਼ਵਾਨ ਹੈ। ਕਿਸੇ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਆਪਣਾ ਜੀਵਨ ਵੀ ਇੱਕ ਦਮ ਦਾ ਹੈ “ ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ” । ਸੰਸਾਰ ਵਿੱਚ ਆਉਣਾ ਇਕ ਮਹਿਮਾਨ ਵੱਜੋਂ ਹੀ ਹੈ “ ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ” । ਜਿਸ ਗੁਰਸਿੱਖ ਨੇ ਗੁਰਬਾਣੀ ਨੂੰ ਧਾਰਨ ਕਰ ਲਿਆ ਉਸ ਅੰਦਰ ਜੀਵਨ ਦਾ ਮੋਹ ਖਤਮ ਹੋ ਜਾਏਗਾ। ਸੰਸਾਰ ਅੰਦਰ ਉਸ ਦਾ ਵਿਵਹਾਰ ਇੱਕ ਮਿਹਮਾਨ ਦੀ ਤਰਹ ਹੋਵੇਗਾ ਜੋ ਆਪਣੇ ਫਰਜ ਪੂਰੇ ਕਰਨ ਤੇ ਧਿਆਨ ਦਿੰਦਾ ਹੈ ਤੇ ਅਸਥਾਨ , ਪਦਾਰਥਾਂ , ਸਬੰਧਾਂ ਦਾ ਮੋਹ ਨਹੀਂ ਕਰਦਾ ਕਿਉਂਕਿ ਸਮਾਂ ਪੂਰਾ ਹੁੰਦੀਆਂ ਹੀ ਇਹ ਸਾਰੇ ਇੱਥੇ ਹੀ ਛੱਡ ਜਾਣੇ ਹਨ। ਫਿਰ ਗੁਮਾਨ ਕਿਸ ਗੱਲ ਦਾ , ਹੰਕਾਰ ਕਿਸ ਤੇ। ਗੁਰਬਾਣੀ ਗੁਰਸਿੱਖ ਦੇ ਅੰਦਰ ਵੱਸ ਰਹੇ ਹੰਕਾਰ , ਲੋਭ , ਮੋਹ , ਕ੍ਰੋਧ , ਕਾਮ ਦਾ ਨਾਸ਼ ਕਰ ਦਿੰਦੀ ਹੈ। ਪਰ ਉਸ ਗੁਰਸਿੱਖ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਜੋ ਗੁਰਬਾਣੀ ਨੂੰ ਭਲੀ ਭਾਂਤੀ ਵਿਚਾਰਦਾ ਹੈ ‘ਤੇ ਉਸ ਦੇ ਮਰਮ ਨੂੰ ਆਪਣੇ ਜੀਵਨ ਵਿੱਚ ਸੱਚ ਤੇ ਸਮਰਪਣ ਨਾਲ ਉਤਾਰਦਾ ਹੈ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ ਕਿ ਅਜਿਹਾ ਗੁਰਸਿੱਖ ਕੋਈ ਵਿਰਲਾ ਹੀ ਹੈ “ ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ” । ਗੁਰੂ ਅਮਰਦਾਸ ਜੀ ਨੇ ਕਿਹਾ ਕਿ ਗੁਰਬਾਣੀ ਦਾ ਚਾਨਣ ਉਸ ਦੇ ਅੰਤਰ ਨੂੰ ਪ੍ਰਕਾਸ਼ਮਾਨ ਕਰਦਾ ਹੈ ਜਿਸ ਤੇ ਆਪ ਵਾਹਿਗੁਰੂ ਮਿਹਰ ਕਰਦਾ ਹੈ “ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ” ।
ਗੁਰੂ ਨਾਨਕ ਸਾਹਿਬ ਜਾਣਦੇ ਸਨ ਕਿ ਗੁਰਬਾਣੀ ਦੇ ਮਾਰਗ ਤੇ ਚੱਲਣਾ ਔਖਾ ਹੈ। ਗੁਰਬਾਣੀ ਕਿਤੇ ਵਿਚਾਰ , ਆਚਾਰ ਦੀ ਥਾਂ ਕਰਮਕਾਂਡ ਨਾ ਬਣ ਜਾਏ ਇਸ ਤੋਂ ਸੁਚੇਤ ਕਰਨ ਲਈ ਗੁਰੂ ਸਾਹਿਬ ਨੇ ਸਮਕਾਲੀ ਵਿਵਹਾਰ ਦੀ ਮਿਸਾਲ ਦਿੱਤੀ।
ਵਾਚਹਿ ਪੁਸਤਕ ਵੇਦ ਪੁਰਾਨਾਂ।।
ਇਕ ਬਹਿ ਸੁਨਹਿ ਸੁਨਾਵਹਿ ਕਾਨਾਂ।।
ਅਜਗਰ ਕਪਟੁ ਕਹਹੁ ਕਿਉ ਖੁਲੈ ਬਿਨੁ ਸਤਿਗੁਰ ਤਤੁ ਨ ਪਾਇਆ।।
( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੧੦੪੩ )
ਲੋਗ ਧਰਮ ਗ੍ਰੰਥਿ ਪੜ੍ਹ ਰਹੇ ਹਨ। ਕੋਈ ਇੱਕ ਸੁਣਾ ਰਿਹਾ ਹੈ , ਲੋਗ ਸੁਣ ਰਹੇ ਹਨ। ਪੜ੍ਹਨ , ਸੁਣਨ ਨਾਲ ਮਨ ਅੰਦਰ ਸੱਪ ਵਾਂਗੂੰ ਕੁੰਡਲੀ ਮਾਰ ਕੇ ਬੈਠੇ ਵਿਕਾਰਾਂ ਤੋਂ ਮੁਕਤੀ ਨਹੀਂ ਹੋ ਸਕਦੀ। ਜੀਵਨ ਦੁੱਖਾਂ ਵਿੱਚ ਹੀ ਬੀਤ ਜਾਂਦਾ ਹੈ। ਗੁਰੂ ਦੇ ਗਿਆਨ ਤੋਂ ਬਿਨਾ ਜੀਵਨ ਸਾਰਥਕ ਨਹੀਂ ਹੁੰਦਾ। ਆਪਣੇ ਆਲੇ ਦੁਆਲੇ ਵੇਖੋ ਤੇ ਜਾਨਣ ਦਾ ਜਤਨ ਕਰੋ ਕਿ ਅਸੀਂ ਵੀ ਕਿਤੇ ਉੱਸੇ ਮਾਰਗ ਉੱਤੇ ਤੇ ਨਹੀਂ ਚੱਲ ਪਏ ਜਿਸ ਦਾ ਸੰਕੇਤ ਗੁਰੂ ਨਾਨਕ ਸਾਹਿਬ ਨੇ ਸੁਚੇਤ ਰਹਿਣ ਲਈ ਕੀਤਾ ਸੀ। ਬਾਣੀ ਕੰਠ ਕਰ ਲੈਣਾ ਬਾਣੀ ਦੇ ਕਥਿਤ ਸੁੱਧ ਉਚਾਰਨ ਜੋਗ ਹੋ ਜਾਣਾ , ਨਿਤਨੇਮ ਕਰਨਾ ਜੇ ਮਨ ਅੰਦਰ ਹੰਕਾਰ ਪੈਦਾ ਕਰ ਰਿਹਾ ਹੈ ਤਾਂ ਮਨ ਅੰਦਰ ਦੇ ਅਜਗਰ ਦੀ ਕੁੰਡਲੀ ਖੁੱਲਣ ਦੀ ਥਾਂ ਹੋਰ ਕੱਸਦੀ ਜਾ ਰਹੀ ਹੈ। ਗੁਰਬਾਣੀ ਦਾ ਪਾਠਨ , ਸਰਵਣ ਜੇ ਆਪਣੇ ਆਪ ਨੂੰ ਹੋਰਨਾਂ ਗੁਰਸਿੱਖਾਂ ਤੋਂ , ਵੱਖ , ਸ੍ਰੇਸ਼ਟ ਹੋਣ ਦਾ ਭਾਵ ਪੈਦਾ ਕਰ ਰਿਹਾ ਹੈ ਤਾਂ ਇਹ ਗੁਰੂ ਤੋਂ ਵੇਮੁਖ ਹੋਣਾ ਹੈ “ ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ” । ਆਪਣੇ ਆਪ ਨੂੰ ਬਾਣੀ ਦਾ ਵਿਦਵਾਨ , ਹੋਰਨਾਂ ਦਾ ਉਪਦੇਸ਼ਕ ਸਮਝ ਲੈਣਾ ਮਨਮੁਖ ਹੋਣਾ ਹੈ , ਮਤਿ ਤੋਂ ਵਿਹੂਣਾ ਹੋਣਾ ਹੈ। ਹੋਇਆ ਇਹ ਹੈ ਕਿ ਇਸ ਹੰਕਾਰ ਨੇ ਬਾਣੀ ਪੜ੍ਹਨ ਦਾ ਢੰਗ , ਸ਼ੁੱਧ ਬਾਣੀ – ਅਸ਼ੁੱਧ ਬਾਣੀ , ਬਾਣੀ ਦੀ ਮਰਿਆਦਾ ਆਦਿਕ ਸਵਾਲ ਚੁੱਕ ਕੇ ਪੰਥ ਅੰਦਰ ਭਾਰੀ ਭਰਮ ਪੈਦਾ ਕਰ ਦਿੱਤੇ ਹਨ। ਗੁਰੂ ਨੂੰ ਬਾਣੀ ਦੇ ਵਿਦਵਾਨ ਨਹੀਂ ਬਾਣੀ ਦੀ ਪ੍ਰੇਰਣਾ ਨਾਲ ਮਨ ਅੰਦਰ ਪੈਦਾ ਹੋਈ ਸੱਚੀ ਭਾਵਨਾ ਵਾਲੇ ਜਨ ਪਿਆਰੇ ਲੱਗਦੇ ਹਨ “ ਲਾਲੁ ਚੋਲਨਾ ਤੈ ਤਨਿ ਸੋਹਿਆ।। ਸੁਰਿਜਨ ਭਾਨੀ ਤਾਂ ਮਨੁ ਮੋਹਿਆ। । ” । ਮਨ ਅੰਦਰ ਭਾਵਨਾ ਹੈ ਤਾਂ ਹੀ ਗੁਰੂ ਪਾਰਬ੍ਰਹਮ ਦੀ ਮਿਹਰ ਹੁੰਦੀ ਹੈ “ ਤੁਮ ਹੀ ਸੁੰਦਰਿ ਤੁਮਹਿ ਸੁਹਾਗੁ।। ਤੁਮ ਘਰਿ ਲਾਲਨੁ ਤੁਮ ਘਰਿ ਭਾਗੁ।। “ । ਮਨ ਅੰਦਰ ਕਿਸੇ ਵੀ ਤਰਹ ਦਾ ਹੰਕਾਰ ਹੈ ਤਾਂ ਭਟਕਣ ਬਣੀ ਰਹਿੰਦੀ ਹੈ “ ਜਬ ਇਹੁ ਮਨ ਮਹਿ ਧਰਤ ਗੁਮਾਨਾ।। ਤਬ ਇਹੁ ਬਾਵਰੁ ਫਿਰਤ ਬਿਗਾਨਾ।। “ । ਉਪਦੇਸ਼ਕ , ਪ੍ਰੇਰਕ , ਸੋਧਕ ਇੱਕ ਗੁਰੂ ਹੀ ਹੈ ਜੋ ਸਾਰੀਆਂ ਨੂੰ ਮਤਿ ਦੇ ਰਿਹਾ ਹੈ। ਗੁਰਸਿੱਖੀ ਆਪਣੇ ਆਤਮਿਕ ਵਿਕਾਸ ਦਾ ਵਿਸ਼ਾ ਹੈ। ਕਿਸੇ ਦੂਜੇ ਦੇ ਮੰਦਾ – ਚੰਗਾ ਹੋਣ ਦਾ ਨਿਰਣਾ ਸੱਚਾ ਗੁਰਸਿੱਖ ਨਹੀਂ ਕਰਦਾ “ ਜਬ ਕਿਸ ਕਉ ਇਹੁ ਜਾਨਸਿ ਮੰਦਾ।। ਤਬ ਸਗਲੇ ਇਸੁ ਮੇਲਹਿ ਫੰਦਾ।। “ । ਗੁਰਬਾਣੀ ਗੁਰੂ ਨੇ ਗੁਰਸਿੱਖ ਲਈ ਉਚਾਰੀ ਹੈ। ਇਹ ਗੁਰੂ ਤੇ ਸਿੱਖ ਦੇ ਵਿਚਕਾਰ ਦਾ ਸੰਦਰਭ ਹੈ। ਇਸ ਵਿੱਚ ਵਿਦਵਤਾ ਦੇ ਨਾਂ ਤੇ ਹੀ ਸਹੀਂ ਕਿਸੇ ਤੀਜੇ ਦਾ ਦਖਲ ਗੁਰੂ ਤੇ ਸਿੱਖ ਦੇ ਸਬੰਧ ਵਿੱਚ ਅੜਿੱਕਾ ਬਣਨਾ ਹੈ।ਇਹ ਸਮਝਣ ਦੀ ਲੋੜ ਹੈ ਕਿ ਗੁਰੂ ਆਪਣੇ ਸਿੱਖ ਨਾਲ ਕਿਹੋ ਜਿਹਾ ਪ੍ਰੇਮ ਸਬੰਧ ਰੱਖਦਾ ਹੈ।
ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ।।
ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ।।
ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ।।
( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੧੬੮ )
ਜਿਵੇਂ ਮਾਤਾ ਸੰਤਾਨ ਨੂੰ ਜਨਮ ਦੇ ਕੇ ਉਸ ਦੀ ਪਿਆਰ ਨਾਲ ਸੰਭਾਲ ਕਰਦੀ ਹੈ , ਹਰ ਪਲ ਧਿਆਨ ਰੱਖਦੀ ਹੈ , ਉਸ ਨੂੰ ਅੰਦਰ ਬਾਹਰ ਪ੍ਰੇਮ ਸਹਿਤ ਭੋਜਨ ਦੇ ਕੇ ਤ੍ਰਿਪਤ ਰੱਖਦੀ ਹੈ , ਗੁਰੂ ਵੀ ਆਪਣੇ ਸਿੱਖ ਦੀ ਉਵੇਂ ਹੀ ਪ੍ਰੇਮ ਨਾਲ ਸੰਭਾਲ ਕਰਦਾ ਹੈ , ਉਸ ਨੂੰ ਆਤਮਿਕ ਤ੍ਰਿਪਤੀ ਪ੍ਰਦਾਨ ਕਰਦਾ ਹੈ। ਦੂਜਿਆਂ ਨੂੰ ਗੁਰਬਾਣੀ ਸਬੰਧੀ ਉਪਦੇਸ਼ ਦੇਣ ਵਾਲੇ ਬਹੁ ਗਿਣਤੀ ਵਿੱਚ ਮਿਲ ਜਾਣਗੇ ਪਰ ਇਹ ਗੁਰੂ ਦੀ ਉਪਰੋਕਤ ਮਹਿਮਾ ਦਾ ਨਿਰਾਦਰ ਹੈ। ਸਹਿਜ ਭਾਵ ਨਾਲ ਪੜ੍ਹੀ , ਸੁਣੀ ਜਾਣ ਵਾਲੀ ਗੁਰਬਾਣੀ ਨੂੰ ਕਠਿਨ ਅਭਿਆਸ ਜਿਹਾ ਬਣਾ ਦਿੱਤਾ ਗਿਆ ਹੈ। ਆਮ ਸਿੱਖ ਅੰਦਰ ਸਤਿਕਾਰ , ਭਾਵਨਾ ਤੋਂ ਜਿਆਦਾ ਆਲੋਚਨਾ , ਨਿੰਦਾ ਦਾ ਭੈ ਪੈਦਾ ਹੋਇਆ ਹੈ।ਇਸ ਰੁਝਾਨ ਨੂੰ ਰੋਕਣ ਦੀ ਲੋੜ ਹੈ। ਗੁਰਬਾਣੀ ਪੜ੍ਹਨ , ਸੁਣਨ ਦੀ ਪ੍ਰੇਰਣਾ ਕਰਨਾ ਵੱਖ ਗੱਲ ਹੈ ਪਰ ਗੁਰਬਾਣੀ ਪੜ੍ਹਨ ਦਾ ਢੰਗ , ਮਰਿਆਦਾ ਦੱਸਣੀ , ਗੁਰਬਾਣੀ ਦੇ ਭੇਦ ਕਰਨੇ ਗੁਰਮਤਿ ਦੀ ਮੂਲ ਭਾਵਨਾ ਨਾਲ ਮੇਲ ਨਹੀਂ ਖਾਂਦੇ।
ਗੁਰਬਾਣੀ ਗੁਰਸਿੱਖ ਨੂੰ ਗੁਰੂ ਦੀ ਬਖਸ਼ੀ ਅਨਮੋਲ ਦਾਤ ਹੈ। ਇਸ ਦਾਤ ਨੂੰ ਭਾਵਨਾ ਨਾਲ ਮਨ ਵਿੱਚ ਵਸਾ ਕੇ ਕੋਈ ਵੀ ਨਿਹਾਲ ਹੋ ਸਕਦਾ ਹੈ।
ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ।।
ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ।।
( ਸ੍ਰੀ ਗੁਰੂ ਗ੍ਰੰਥ ਸਾਹਿਬ , ੪੪੯ )
ਗੁਰਬਾਣੀ ਪੜ੍ਹਨ , ਸਮਝਣ , ਧਾਰਨ ਕਰਨ ਲਈ ਮਨ ਅੰਦਰ ਗੁਰ ਸ਼ਬਦ ਦੀ ਪ੍ਰੀਤ ਹੋਵੇ। ਪ੍ਰੀਤ ਇੰਨੀ ਗੂੜ੍ਹੀ ਹੋਵੇ ਕਿ ਗੁਰੂ ਪ੍ਰਸੰਨ ਹੋ ਕੇ ਆਪਣੀ ਕਿਰਪਾ ਨਾਲ ਆਤਮਿਕ ਨਿਰਮਲਤਾ ਪ੍ਰਦਾਨ ਕਰ ਦੇਵੇ ‘ਤੇ ਪਰਮਾਤਮਾ ਨਾਲ ਮੇਲ ਕਰ ਦੇਵੇ। ਗੁਰੂ ਕਿਵੇਂ ਕਿਰਪਾ ਕਰੇਗਾ ਇਹ ਕੇਵਲ ਗੁਰੂ ਹੀ ਜਾਣਦਾ ਹੈ। ਗੁਰਸਿੱਖ ਗੁਰਬਾਣੀ ਸਬੰਧੀ ਪੈਦਾ ਕੀਤੇ ਭਰਮ ਤਿਆਗ ਕੇ ਪਰਮਾਤਮਾ ਦੀ ਮਿਹਰ ਦਾ ਜਾਚਕ ਬਣੇ। ਉਸ ਦੀ ਕਿਰਪਾ ਨਾਲ ਹੀ ਮਨ ਗੁਰਬਾਣੀ ਧਾਰਨ ਕਰਨ ਜੋਗ ਬਣਦਾ ਹੈ “ ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ “ । ਸਵਾਲ ਕਿਸੇ ਜਾਚ , ਕਿਸੇ ਢੰਗ ਦਾ ਨਹੀਂ ਗੁਰੂ ਦੀ ਕਿਰਪਾ ਦਾ ਹੈ ।
ਡਾ . ਸਤਿੰਦਰ ਪਾਲ ਸਿੰਘ
