ਸੇਵਾ, ਸਿਮਰਨ, ਦਇਆ, ਖਿਮਾਂ, ਪਰਉਪਕਾਰ ਤੇ ਕੁਰਬਾਨੀ ਆਦਿਕ ਸ਼ੁਭਗੁਣਾਂ ਤੇ ਜ਼ਜ਼ਬਿਆਂ ਨਾਲ ਭਰਪੂਰ ਬਹਾਦਰ ਸਿੱਖ ਕੌਮ, ਜਿਸ ਦੀ ਬੁਨਿਆਦ ‘ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ’ ਫੁਰਮਾਉਣ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਅਤੇ ਸੰਪੂਰਨਤਾ ‘ਜਬ ਆਵ ਕੀ ਅਉਧ ਨਿਦਾਨ ਬਨੈ, ਅਤਿ ਹੀ ਰਨ ਮੈ ਤਬ ਜੂਝ ਮਰੋਂ” ਦੀ ਜਾਚ ਸਿਖਾਉਣ ਵਾਲੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ, ਨੇ ਸੱਚ, ਧਰਮ ਤੇ ਮਨੁੱਖਤਾ ਦੀ ਰਾਖੀ, ਕੌਮੀ ਅਣਖ ਤੇ ਸਵੈਮਾਨ ਦੀ ਬਹਾਲੀ ਅਤੇ ਦੇਸ਼ ਦੀ ਖੁਸ਼ਹਾਲੀ ਲਈ ਹਮੇਸ਼ਾ ਮੋਹਰੀ ਹੋ ਕੇ ਆਪਣੀ ਭੂਮਿਕਾ ਨਿਭਾਈ ਹੈ।
ਹਿੰਦੁਸਤਾਨ ਦੀ ਆਜ਼ਾਦੀ ਦੇ ਘੋਲ ਦੌਰਾਨ ਵੱਖ-ਵੱਖ ਕੇਸਾਂ ਵਿਚ ਫਾਂਸੀ ਲੱਗਣ ਵਾਲੇ, ਜਲਾਵਤਨੀ ਅਤੇ ਕਾਲੇ ਪਾਣੀਆਂ ਦੇ ਘੋਰ ਤਸੀਹੇ ਝੱਲਣ ਵਾਲੇ, ਜ਼ਮੀਨਾਂ-ਜਾਇਦਾਦਾਂ ਕੁਰਕ ਕਰਾਉਣ ਵਾਲੇ, ਉਮਰ ਕੈਦਾਂ ਤੇ ਚੱਕੀ-ਬੰਦ ਹੋਣ ਦੀਆਂ ਯਾਤਨਾਵਾਂ ਹੰਢਾਉਣ ਵਾਲੇ ਜਾਂ ਅੰਡਰ-ਗਰਾਊਂਡ ਰਹਿ ਕੇ ਕੌਮੀ ਅੰਦੋਲਨ ਨੂੰ ਜਥੇਬੰਦ ਕਰਨ ਤੇ ਸਫ਼ਲ ਬਣਾਉਣ ਵਾਲੇ ਵੀ ਵਧੇਰੇ ਕਰਕੇ ਬਹਾਦਰ ਸਿੱਖ ਯੋਧੇ ਹੀ ਸਨ, ਜਿਨ੍ਹਾਂ ਦੀ
ਦਿਲੀ-ਅਭਿਲਾਖਾ ਇਹੋ ਹੋਇਆ ਕਰਦੀ ਸੀ-
‘ਇਲਾਹੀ ਵੋਹ ਭੀ ਦਿਨ ਹੋਗਾ, ਜਬ ਅਪਨਾ ਰਾਜ ਦੇਖੇਂਗੇ।
ਜਬ ਅਪਨੀ ਹੀ ਜ਼ਿਮੀਂ ਹੋਗੀ, ਔਰ ਅਪਨਾ ਆਸਮਾਂ ਹੋਗਾ।’
ਆਖਰ ਉਹ ਦਿਨ ਵੀ ਆਇਆ ਜਦੋਂ ਉਹ ਵਿਸ਼ਾਲ ਤੇ ਸ਼ਕਤੀਸ਼ਾਲੀ ਅੰਗਰੇਜ਼ ਸਾਮਰਾਜ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਸ ਦਾ ਸੂਰਜ ਕਦੇ ਨਹੀਂ ਡੁੱਬਦਾ, ਨੂੰ ਵੀ ਆਪਣਾ ਬੋਰੀਆ-ਬਿਸਤਰ ਗੋਲ ਕਰਕੇ, ਵਾਪਸ ਆਪਣੇ ਦੇਸ਼ ਪਰਤਣ ਲਈ ਮਜਬੂਰ ਹੋਣਾ ਪਿਆ। ਯਾਦ ਰਹੇ ਕਿ ਦੇਸ਼ ਨੂੰ ਆਜ਼ਾਦੀ ਕਿਸੇ ਡਾਂਡੀ ਮਾਰਚ ਜਾਂ ਚਰਖੇ ਦੀ ਘੂਕਰ ਕਰਕੇ ਨਹੀਂ, ਬਲਕਿ ਸ਼ੇਰ-ਦਿਲ ਕੌਮੀ ਪਰਵਾਨਿਆਂ ਦੇ ਨਿਰੰਤਰ ਸੰਘਰਸ਼ ਅਤੇ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਦੀ ਬਦੌਲਤ ਮਿਲ ਸਕੀ ਹੈ, ਜਿਸ ਵਿਚ ਗ਼ਦਰੀ ਬਾਬਿਆਂ, ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦਾਂ, ਆਜ਼ਾਦ ਹਿੰਦ ਫੌਜ ਅਤੇ ਵੱਖ-ਵੱਖ ਅੰਦੋਲਨਾਂ ਤੇ ਐਕਸ਼ਨਾਂ ਦਾ ਵੀ ਭਰਵਾਂ ਯੋਗਦਾਨ ਰਿਹਾ।
ਸਮੂਹ ਇਤਿਹਾਸ ਦੇ ਪੰਨੇ ਇਸ ਤੱਥ ਦੀ ਗਵਾਹੀ ਭਰਦੇ ਹਨ ਕਿ ਦੇਸ਼ ਦੇ ਸੁਤੰਤਰਤਾ-ਸੰਗਰਾਮ ਦੌਰਾਨ ਸਭ ਤੋਂ ਵਧੇਰੇ ਕੁਰਬਾਨੀਆਂ ਸਿੱਖ ਕੌਮ ਨੇ ਕੀਤੀਆਂ। ਇਸ ਦੇ ਨਾਲ ਹੀ ਇਸ ਸਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ‘ਕਥਿਤ’ ਆਜ਼ਾਦੀ ਮਿਲਣ ਉਪਰੰਤ ਸਭ ਤੋਂ ਵਧੇਰੇ ਸੰਤਾਪ ਵੀ ਬਹਾਦਰ ਤੇ ਦੇਸ਼ ਭਗਤ ਸਿੱਖ ਕੌਮ ਨੇ ਹੀ ਹੰਢਾਇਆ ਹੈ। ਕਦੀ ਮੁਗ਼ਲਾਂ ਦੀ ਮਾਰ, ਕਦੀ ਮੰਨੂੰ ਦੇ ਸ਼ਿਕਾਰ, ਕਦੀ ਜ਼ਕਰੀਏ ਤੇ ਅਬਦਾਲੀ ਦੇ ਅੱਤਿਆਚਾਰ ਅਤੇ ਕਦੀ ਫਿਰੰਗੀ ਦੀ ਫਿਟਕਾਰ- ਸਿੱਖ ਕੌਮ ਮਨਸੂਰ ਵਾਂਗ ਇਹ ਸਭ ਕੁਝ ਖਿੜੇ ਮੱਥੇ ਬਰਦਾਸ਼ਤ ਕਰਦੀ ‘ ਰਹੀ, ਲੇਕਿਨ ਜਦੋਂ ਆਪਣਿਆਂ ਨੇ ਵੀ ਪ੍ਰੀਖਿਆ ਦੇ ਪਰਚੇ ਪਾਣੇ ਸ਼ੁਰੂ ਕੀਤੇ ਤਾਂ ਉਸ ਨੇ ਸ਼ਿਬਲੀ ਦੇ ਲੱਗੀ ਫੁੱਲ ਦੀ ਸੱਟ ਵਾਂਗ ਤੜਫਾ ਦਿੱਤਾ। ਕਿਤਨੇ ਕਹਿਰ ਦੀ ਗੱਲ ਹੈ ਕਿ ਸਿੱਖ ਕੌਮ ਜੋ ਆਜ਼ਾਦੀ ਦੇ ਘੋਲ ਵਿਚ ਹੱਸ-ਹੱਸ ਕੇ ਜੂਝੀ ਹੋਵੇ, ੧੯੪੭ ਦੇ ਬਟਵਾਰੇ ਸਮੇਂ ਹੋਏ ਖੂਨ-ਖਰਾਬੇ ਦੌਰਾਨ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਆਦਿ ਪਾਵਨ ਗੁਰਧਾਮਾਂ ਦਾ ਵਿਛੋੜਾ ਦਿਲ ‘ਤੇ ਪੱਥਰ ਰੱਖ ਕੇ ਬਰਦਾਸ਼ਤ ਕੀਤਾ ਹੋਵੇ, ਸਾਕਾਂ-ਸਬੰਧੀਆਂ, ਦੇ ਖੂਨ ਨਾਲ ਦਰਿਆਵਾਂ ਦਾ ਪਾਣੀ ਲਾਲ ਸੂਹਾ ਰੰਗਿਆ ਗਿਆ ਹੋਵੇ, ਜ਼ਮੀਨਾਂ-ਜਾਇਦਾਦਾਂ ਦੇ ਮਾਲਕਾਂ ਨੂੰ ਸ਼ਰਨਾਰਥੀ ਕੈਂਪਾਂ ਵਿਚ ਭਿਖਾਰੀਆਂ ਵਾਂਗ ਦਿਨ ਕੱਟਣੇ ਪਏ ਹੋਣ, ਉਸ ਕੌਮ ਨੂੰ ਦਿੱਲੀ ਦੇ ਤਾਜਦਾਰਾਂ ਵੱਲੋਂ ਕਦੀ ‘ਜਰਾਇਮ ਪੇਸ਼ਾ’ ਕਰਾਰ ਦਿੱਤੇ ਜਾਣ ਦੇ ਫ਼ੁਰਮਾਨ ਜਾਰੀ ਹੋ ਜਾਣ ਅਤੇ ਕਦੀ ਅੱਤਵਾਦੀ, ਵੱਖਵਾਦੀ ਤੇ ਆਤੰਕਵਾਦੀ ਆਖ ਕੇ ਦੁਨੀਆਂ ਭਰ ਦੇ ਮੀਡੀਏ ਵਿਚ ਬਦਨਾਮ ਕੀਤਾ ਜਾਵੇ।
ਇੰਜ ਪਰਤੀਤ ਦਿੰਦਾ ਹੈ ਕਿ ਆਜ਼ਾਦੀ ਦੇ ਅਸਲ ਵਾਰਸਾਂ ਨੂੰ ਕਿਸੇ ਘੜੀ-ਮਿਥੀ ਨੀਤੀ ਅਨੁਸਾਰ ਆਜ਼ਾਦੀ ਦਾ ਸੁਖ ਮਾਣਨ ਤੋਂ ਮਹਿਰੂਮ ਹੀ ਨਹੀਂ ਰੱਖਿਆ ਜਾ ਰਿਹਾ, ਸਗੋਂ ਗ਼ੁਲਾਮਾਂ ਅਤੇ ਦੋ ਨੰਬਰ ਦੇ ਸ਼ਹਿਰੀਆਂ ਵਾਂਗ ਜ਼ਿੰਦਗੀ ਜੀਊਣ ਲਈ -ਮਜਬੂਰ ਕੀਤਾ ਜਾ ਰਿਹਾ ਹੈ। ਵਰਨਾ ਕੀ ਕਾਰਨ ਹੈ ਕਿ ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਬੋਲਦਾ ਸੂਬਾ ਬਣਾਉਣ ਦੀ ਹੱਕੀ ਮੰਗ ਮਨਵਾਉਣ ਲਈ ਵੀ ਕੌਮ ਨੂੰ ਸਾਲਾਂ ਬੱਧੀ ਮੋਰਚੇ ਲਾਉਣੇ ਪੈਣ ਅਤੇ ਜਦੋਂ ਐਲਾਨ ਹੋਵੇ ਤਾਂ ਪੰਜਾਬ ਨੂੰ ੧੯੪੭ ਵਾਂਗ ਹੀ ਦੁਬਾਰਾ ਕੱਟ/ਵੱਢ ਕੇ ਹਰਿਆਣਾ ਤੇ ਹਿਮਾਚਲ ਨਾਂ ਦੇ ਦੋ ਨਵੇਂ ਸੂਬੇ ਸਿਰਜ ਦਿੱਤੇ ਜਾਣ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਵੀ ਇਸ ਪਾਸੋਂ ਖੋਹ ਕੇ ਕੇਂਦਰੀ ਸ਼ਾਸਤ ਪ੍ਰਦੇਸ਼ (Union Territory) ਬਣਾ ਦਿੱਤਾ ਜਾਵੇ। ਇਸ ਬਾਂਦਰ-ਵੰਡ ਦੇ ਨਤੀਜੇ ਵਜੋਂ ਪੰਜਾਬੀਆਂ ਨੂੰ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ ਲਈ, ਦਰਿਆਈ ਪਾਣੀਆਂ ਦੀ ਸਹੀ ਵੰਡ ਕਰਨ ਲਈ, SYL (ਸਤਿਲੁਜ-ਜਮਨਾ ਲਿੰਕ ਨਹਿਰ ਦੀ ਉਸਾਰੀ ਰੋਕਣ ਲਈ, ਪੰਜਾਬ ਵਿਚ ਪੰਜਾਬੀ: ਭਾਸ਼ਾ ਨੂੰ ਬਣਦਾ ਦਰਜਾ ਦੇਣ ਲਈ ਨਵੇਂ ਸਿਰਿਉਂ ਸੰਘਰਸ਼ ਕਰਨਾ ਪਿਆ, ਜਿਸ ਦੌਰਾਨ ਕੌਮ ਨੂੰ ਭਾਰੀ ਮਾਲੀ ਤੇ ਜਾਨੀ ਨੁਕਸਾਨ ਵੀ ਸਹਿਣਾ ਪਿਆ, ਲੇਕਿਨ ਪਰਨਾਲਾ ਅਜੇ ਵੀ ਉਥੇ ਦਾ ਉਥੇ ਹੀ ਹੈ।
ਇਥੇ ਹੀ ਬੱਸ ਨਹੀਂ, ੧੯੮੦ ਦੇ ਕਰੀਬ ਜਦੋਂ ਕੌਮ ਨੇ ਕੁਝ ਚਿਰੋਕੀਆਂ ਲਟਕਦੀਆਂ ਜਾਇਜ਼ ਮੰਗਾਂ ਦੀ ਪੂਰਤੀ, ਜਿਸ ਵਿਚ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਹਰਦਵਾਰ ਤੇ ਕੁਰਖੇਤਰ ਵਾਂਗ ਪਵਿੱਤਰ ਨਗਰ (Holy City) ਕਰਾਰ ਦੇਣ ਦੀ ਮੰਗ ਵੀ ਸ਼ਾਮਲ ਸੀ, ਲਈ ਸ਼ਾਂਤਮਈ ਅੰਦੋਲਨ ਅਰੰਭਿਆ, ਜਿਸ ਨੂੰ ਬਾਅਦ ਵਿਚ ‘ਧਰਮ ਯੁੱਧ ਮੋਰਚੇ’ ਦਾ ਨਾਮ ਦੇ ਦਿੱਤਾ ਗਿਆ ਤਾਂ ਸਮੇਂ ਦੀ ਸਰਕਾਰ ਵੱਲੋਂ ਨਾਦਰਸ਼ਾਹੀ ਤੇ ਔਰੰਗਜ਼ੇਬੀ ਅੰਦਾਜ਼ ਵਿਚ ਇਸ ਨੂੰ ਕੁਚਲਣ ਦੇ ਤੌਰ-ਤਰੀਕੇ ਅਖ਼ਤਿਆਰ ਕੀਤੇ ਗਏ।
ਪੰਜਾਬੀਆਂ ਦੇ ਦਿੱਲੀ ਵਿਚ ਦਾਖਲੇ ‘ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਸਮੁੱਚੀ ਸਿੱਖ ਕੌਮ ਨੂੰ ਅਲੱਗਵਾਦੀ ਤੇ ਗ਼ੱਦਾਰ ਆਖ ਕੇ ਭੰਡਿਆ ਗਿਆ। ਇੰਡੋ-ਤਿਬਤੀਅਨ ਬਾਰਡਰ ਪੁਲੀਸ (ITBP) ਅਤੇ ਕੇਂਦਰੀ ਰੀਜ਼ਰਵ ਪੁਲੀਸ ਫੋਰਸ (CRPF) ਆਦਿ ਨੀਮ ਫੌਜੀ ਕੰਪਨੀਆਂ ਨੂੰ ਕੁਲ ਪ੍ਰਦੇਸ ਵਿਚ ਤੈਨਾਤ ਕਰ ਦਿੱਤਾ ਗਿਆ ਜੋ ਤਲਾਸ਼ੀਆਂ ਦੇ ਬਹਾਨੇ ਘਰਾਂ ਵਿਚ ਘੁਸ ਕੇ ਜਾਂ ਰਾਹ ਜਾਂਦਿਆਂ ਨੂੰ ਰੋਕ ਕੇ ਨਾਜ਼ਾਇਜ਼ ਤੰਗ ਕਰਨ ਲੱਗੀਆਂ, ਗੁਰੂ-ਘਰਾਂ ਵਿਚ ਦਰਸ਼ਨਾਂ ਲਈ ਆਉਣ ਵਾਲੇ ਯਾਤਰੂਆਂ ਨੂੰ ਪਰੇਸ਼ਾਨ ਕੀਤਾ ਜਾਣ ਲੱਗਾ। ਥਾਂ-ਥਾਂ ਪੁਲਿਸ ਮੁਕਾਬਲਿਆਂ ਦਾ ਕਹਿਰ ਵੀ ਵਾਪਰਨ ਲੱਗਾ ਅਤੇ ਇਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਥਾਣੇ ਆਦਿ ਬੁਲਾ ਕੇ ਭਾਰੀ ਜ਼ਲੀਲ ਕੀਤਾ ਜਾਂਦਾ। ਦਿੱਲੀ ਦੇ ਹਾਕਮਾਂ ਵੱਲੋਂ ਸਿੱਖ ਕੌਮ ਨੂੰ ‘ਸਬਕ ਸਿਖਾਣ’ ਅਤੇ ‘ਨਾਨੀ ਯਾਦ ਕਰਾਣ’ ਦੀਆਂ ਧਮਕੀਆਂ ਵੀ ਦਿੱਤੀਆਂ ਜਾਣ ਲੱਗੀਆਂ ਅਤੇ ਇਕ ਦਿਨ ਹਕੂਮਤ ਦਾ ਕਹਿਰ ਸਭ ਹੱਦਾਂ-ਬੰਨੇ ਪਾਰ ਕਰ ਗਿਆ। ਜੂਨ, ੧੯੯੪ ਦੇ ਪਹਿਲੇ ਹਫ਼ਤੇ ਜਦੋਂ ਕਿ ਸਿੱਖ ਸੰਗਤਾਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਹੀਦੀ ਗੁਰਪੁਰਬ ਮਨਾਉਣ ਲਈ ਹੁੰਮ-ਹੁੰਮਾ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਾਜ਼ਰੀਆਂ ਭਰ ਰਹੀਆਂ ਸਨ ਤਾਂ ਭਾਰਤੀ ਫੌਜ ਤੋਪਾਂ ਤੇ ਟੈਂਕ ਲੈ ਕੇ ਗੁਰੂ-ਘਰ ‘ਤੇ ਆਣ ਚੜ੍ਹੀ ਅਤੇ ਸ਼ਹਾਦਤਾਂ ਦਾ ਦੌਰ ਆਰੰਭ ਹੋ ਗਿਆ। ਜਿਸ ਸੂਰਮਗਤੀ ਨਾਲ ਅੱਗੋਂ ਗੁਰੂ ਕੇ ਸਿੰਘਾਂ ਨੇ ਭਾਰਤੀ ਫੌਜ ਦਾ ਟਾਕਰਾ ਕੀਤਾ, ਉਹ ਵੀ ਆਪਣੀ ਮਿਸਾਲ ਆਪ ਹੈ। ਇਸ ਘੱਲੂਘਾਰੇ ਦੌਰਾਨ ਸੈਂਕੜੇ ਗੁਰੂ ਕੇ ਸਿੰਘ ਅਤੇ ਯਾਤਰੀ (ਜਿਨ੍ਹਾਂ ਵਿਚ ਬੀਬੀਆਂ, ਬਜ਼ੁਰਗ ਅਤੇ ਮਾਸੂਮ ਬੱਚੇ ਵੀ ਸ਼ਾਮਲ ਸਨ) ਸ਼ਹੀਦ ਹੋਏ।
ਉਹ ਅੰਮ੍ਰਿਤ ਸਰੋਵਰ ਜਿਸ ਪ੍ਰਥਾਇ ਪੰਚਮ ਪਾਤਸ਼ਾਹ ਜੀ ਨੇ ਫੁਰਮਾਇਆ ਸੀ ‘ਧਰਤ ਸੁਹਾਵੀ ਤਾਲ ਸੁਹਾਵਾ, ਵਿਚਿ ਅੰਮ੍ਰਿਤ ਜਲ ਛਾਇਆ ਰਾਮ’ (੭੮੩) ਖੂਨ ਨਾਲ ਲਾਲੋ-ਲਾਲ ਹੋ ਗਿਆ। ਉਹ ਪਾਵਨ ਹਰਿਮੰਦਰ ਜਿਸ ਦੀ ਸਿਫ਼ਤ ਕਰਦਿਆਂ ਸਤਿਗੁਰੂ ਜੀ ‘ਡਿਠੈ ਸਭੇ ਥਾਵ ਨਹੀ ਤੁਧੁ ਜੇਹਿਆ’ (੧੩੬੨) ਉਚਾਰ ਰਹੇ ਹਨ, ਜਿਥੇ ਗੁਰਬਾਣੀ ਦਾ ਮਧੁਰ ਕੀਰਤਨ ਅਤੇ ਅਖੰਡ ਜਾਪ ਹੋਇਆ ਕਰਦਾ ਸੀ, ਦੀ ਇਕਾਗਰਤਾ ਤੋਪਾਂ ਤੇ ਟੈਂਕਾਂ ਦੀ ਗੜਗੜਾਹਟ ਨਾਲ ਭੰਗ ਹੋ ਗਈ ਅਤੇ ‘ਮੀਰੀ’ ਦਾ ਲਖਾਇਕ ਤੇ ਸਿੱਖ ਪੰਥ ਦਾ ਸ਼ਰੋਮਣੀ ਤਖ਼ਤ, ਜਿਸ ਦੀ ਉਸਾਰੀ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਦੇਖ-ਰੇਖ ਵਿਚ ਕਰਵਾਈ ਸੀ ਅਤੇ ਜਿਸ ਦੀ ਇਕ-ਇਕ ਇੱਟ ਸਾਧਾਰਨ ਕਾਰੀਗਰਾਂ ਨੇ ਨਹੀਂ, ਬਲਕਿ ਸਮੇਂ ਦੀਆਂ ਪੂਜਨੀਕ ਹਸਤੀਆਂ- ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ ਆਦਿਕ ਨੇ ਪਵਿੱਤਰ ਬਾਣੀ ਦਾ ਜਾਪ ਕਰਦਿਆਂ ਹੋਇਆਂ ਰੱਖੀ ਸੀ, ਜਿਸ ਨੂੰ ਇਸ ਦੇ ਬਾਨੀ ਨੇ ‘ਕਦੀ ਨਾਸ ਨਾ ਹੋਣ ਵਾਲਾ’, ਭਾਵ ‘ਅਕਾਲ ਤਖ਼ਤ’ ਕਿਹਾ ਸੀ ਅਤੇ ਜਿਸ ਵੱਲ ਅੱਖ ਚੁੱਕ ਕੇ ਤੱਕਣ ਦੀ ਜੁਰਅੱਤ ਔਰੰਗਜ਼ੇਬ, ਅਬਦਾਲੀ ਜਾਂ ਅੰਗਰੇਜ਼ਾਂ ਨੇ ਵੀ ਨਹੀਂ ਸੀ ਕੀਤੀ, ਤਾਈਂ ‘ਆਪਣੀ’ ਕਹੀ ਜਾਂਦੀ ਸਰਕਾਰ ਦੇ ਆਦੇਸ਼ਾਂ ਨਾਲ ਖੰਡਰ ਬਣਾ ਦਿੱਤਾ ਗਿਆ। ਉਹ ਪਵਿੱਤਰ ਤਖ਼ਤ, ਜਿਥੇ ਕਦੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਬਿਰਾਜਿਆ ਕਰਦੇ ਸਨ, ਤਾਈਂ ਫੌਜੀਆਂ ਦੇ ਬੱਟਾਂ ਅਤੇ ਬੂਟਾਂ ਨੇ ਰੌਂਦ ਕੇ ਰੱਖ ਦਿੱਤਾ। ਇਥੇ ਹੀ ਬੱਸ ਨਹੀਂ, ਕੇਂਦਰੀ ਸਿੱਖ ਅਜਾਇਬ ਘਰ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਸਦੀਆਂ ਦੀ ਮਿਹਨਤ ਬਾਅਦ ਸੰਗ੍ਰਹਿਤ ਕੀਤਾ ਸਿੱਖ ਕੌਮ ਦਾ ਅਮੋਲਕ ਖ਼ਜ਼ਾਨਾ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਹੱਥ-ਲਿਖਤ ਸਰੂਪ, ਅਨੇਕਾਂ ਧਾਰਮਕ ਗ੍ਰੰਥ ਤੇ ਖਰੜੇ ਅਤੇ ਇਤਿਹਾਸਕ ਚਿੱਤਰ ਮੌਜੂਦ ਸਨ, ਜਾਣ-ਬੁੱਝ ਕੇ ਖੁਰਦ-ਬੁਰਦ ਕਰ ਦਿੱਤੇ ਗਏ ਅਤੇ ਕਾਫ਼ੀ ਕੀਮਤੀ ਖਜ਼ਾਨਾ ਜਲਾ ਕੇ ਰਾਖ ਕਰ ਦਿੱਤਾ ਗਿਆ।
ਉਪਰੰਤ ਇਸੇ ਸਾਲ ਨਵੰਬਰ, ੮੪ ਵਿਚ ਦਿੱਲੀ ਅਤੇ ਦੇਸ਼ ਦੇ ਹੋਰ ਭਾਗਾਂ ਵਿਚ ਸਿੱਖ ਕੌਮ ਉੱਤੇ ਜੋ ਖੂਨੀ ਝੱਖੜ ਝੁੱਲਿਆ, ਉਸ ਨੇ ਤਾਂ ਬਿਦੇਸ਼ੀ ਹਮਲਾਵਰਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤਾ ਅਤੇ ਇਸ ਵਰਤਾਰੇ ਨੂੰ ‘ਕੋਈ ਵੱਡਾ ਦਰਖ਼ਤ ਡਿੱਗਣ ਬਾਅਦ ਧਰਤੀ ਦੇ ਹਿੱਲਣ’ ਨਾਲ ਜੋੜ ਕੇ ਸਾਰੇ ਕਹਿਰ ਨੂੰ ਇਕ ਸਾਧਾਰਨ ਅਮਲ ਦਰਸਾਉਣ ਦਾ ਕੋਝਾ ਯਤਨ ਵੀ ਕੀਤਾ ਗਿਆ। ਜੂਨ ਤੇ ਨਵੰਬਰ ੮੪ ਦੇ ਖੂਨੀ ਕਾਂਡਾਂ ਨੇ ਸਮੁੱਚੀ ਸਿੱਖ ਮਾਨਸਿਕਤਾ ਨੂੰ ਝੰਜੋੜ ਕੇ ਰੱਖ ਦਿੱਤਾ। ਇਥੋਂ ਤੀਕ ਕਿ ਧਰਮ ਯੁੱਧ ਮੋਰਚੇ ਦੇ ਕੱਟੜ ਵਿਰੋਧੀ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਪੱਤਰਕਾਰ ਤੇ ਇਤਿਹਾਸਕਾਰ ਸ. ਖੁਸ਼ਵੰਤ ਸਿੰਘ ਨੂੰ ਜਦੋਂ ਇਕ ਬਿਦੇਸ਼ੀ ਅੰਬੈਸੀ ਵਿਚ ਲੁਕ ਕੇ ਜਾਨ ਬਚਾਣੀ ਪਈ ਤਾਂ ਇਕ ਵਾਰੀ ਤਾਂ ਉਹ ਵੀ ਸਿੱਖ ਮੰਗਾਂ ਨਾਲ ਸਹਿਮਤ ਹੋ ਗਿਆ ਸੀ, ਲੇਕਿਨ ਬਾਅਦ ਵਿਚ ਫਿਰ ਸਭ ਕੁਝ ਭੁੱਲ ਭੁਲਾ ਗਿਆ। ਕੌਮ ਦਾ ਇਹ ਵੀ ਬੜਾ ਵੱਡਾ ਦੁਖਾਂਤ ਹੈ ਕਿ ਇਕ ਤਾਂ ਇਹ ਕੱਟੜ ਵਿਰੋਧੀਆਂ ਨੂੰ ਮੁਆਫ਼ ਕਰਨ ਵਿਚ ਬੜੀ ਦਲੇਰ ਹੈ, ਅਤੇ ‘ਭਗਤ’ ਜਿਹਾਂ ਨੂੰ ਗੁਰਦੁਆਰਿਆਂ ਵਿਚ ਸੱਦ ਕੇ ਸਿਰੋਪਾਉ ਵੀ ਦੇ ਦਿੰਦੀ ਹੈ, ਦੂਜੇ ਇਸ ਦੀ ਯਾਦਦਾਸ਼ਤ ਬੜੀ ਥੋੜ੍ਹ-ਚਿਰੀ ਹੈ, ਭਾਵ- ਇਹ ਸਭ ਦੁੱਖ ਅਤੇ ਸੰਤਾਪ ਭੁੱਲ ਵੀ ਬਹੁਤ ਜਲਦੀ ਜਾਂਦੀ ਹੈ। ੧੯੮੪ ਵਿਚ ਇਸ ਨਾਲ ਕੀ ਕੁਝ ਨਹੀਂ ਵਾਪਰਿਆ, ਪਰ ਅੱਜ ਕਈ ਵੇਰ ਇੰਜ ਲੱਗਦਾ ਹੈ ਕਿ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਫੌਜਾਂ ਘੱਲ ਕੇ ਗੁਰੂ-ਘਰ ਢਾਹੁਣ ਵਾਲੇ ਵੀ ਮੁਆਫ਼ ਅਤੇ ਉਸ ਸਮੇਂ ਖੁਸ਼ੀ ਵਿਚ ਭੰਗੜੇ ਪਾਉਣ ਅਤੇ ਮਠਿਆਈਆਂ ਵੰਡਣ ਵਾਲੇ ਵੀ ਮੁਆਫ਼। ਦੂਜੀਆਂ ਧਿਰਾਂ ਨੂੰ ਸਾਡੀਆਂ ਇਨ੍ਹਾਂ ਕਮਜ਼ੋਰੀਆਂ ਦਾ ਪੂਰਨ ਗਿਆਨ ਹੈ। ਇਸੇ ਲਈ ਜਦੋਂ ਪਾਕਿਸਤਾਨ ਜਾਂ ਚੀਨ ਨਾਲ ਦੇਸ਼ ਦੀ ਜੰਗ ਛਿੜਦੀ ਹੈ ਤਾਂ ਰਾਤ-ਦਿਨ ਰੇਡੀਓ ਅਤੇ ਟੀ. ਵੀ. ਉੱਤੇ ‘ਦੇਹ ਸ਼ਿਵਾ ਬਰ ਮੋਹਿ ਇਹੈ’ ਜਿਹੇ ਸ਼ਬਦ ਉੱਚੀ ਸੁਰ ਵਿਚ ਪੜ੍ਹੇ ਜਾਣੇ ਸ਼ੁਰੂ ਹੋ ਜਾਂਦੇ ਹਨ, ਇਨ੍ਹਾਂ ਨੂੰ ਵਡਿਆ ਤੇ ਉਕਸਾ ਕੇ ਮੈਦਾਨੇ-ਜੰਗ ਵਿਚ ਝੋਕ ਦਿੱਤਾ ਜਾਂਦਾ ਹੈ ਅਤੇ ਜੰਗ ਫ਼ਤਹ ਹੁੰਦੇ ਹੀ ਫਿਰ ‘ਜਨ ਗਨ ਮਨ’ ਸ਼ੁਰੂ ਹੋ ਜਾਂਦੀ ਹੈ।
ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ ਜਦੋਂ ਬਹਾਦਰ ਸਿੱਖ ਕੌਮ ਨੂੰ ਆਜ਼ਾਦੀ ਦੀ ਲੜਾਈ ਵਿਚ ਝੋਕਣਾ ਸੀ ਤਾਂ ‘ਬਾਪੂ’ ਗਾਂਧੀ ਤੇ ‘ਚਾਚਾ’ ਨਹਿਰੂ ਆਦਿ ਕੌਮੀ ਆਗੂ ਇਨ੍ਹਾਂ ਨੂੰ ਸਬਜ਼ਬਾਗ਼ ਵਿਖਾ-ਵਿਖਾ ਕੇ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਦੇ ਨਹੀਂ ਸੀ ਥੱਕਦੇ। ਮਿਸਾਲ ਵਜੋਂ ਜਨਵਰੀ ੧੯੨੯ ਨੂੰ ਕਾਂਗਰਸ ਦੇ ਲਾਹੌਰ ਇਜਲਾਸ ਵਿਚ ਇਹ ਮਤਾ ਪਾਸ ਕੀਤਾ ਗਿਆ ਸੀ-
“ਕਾਂਗਰਸ ਪਾਰਟੀ ਸਿੱਖ ਕੌਮ ਨੂੰ ਪੱਕਾ ਭਰੋਸਾ ਦਿਵਾਉਂਦੀ ਹੈ ਕਿ ਆਜ਼ਾਦ ਭਾਰਤ ਦਾ ਕੋਈ ਵੀ ਸੰਵਿਧਾਨ ਐਸਾ ਨਹੀਂ ਬਣਾਇਆ ਜਾਵੇਗਾ, ਜੋ ਕਿ ਇਸ ਨੂੰ ਪਰਵਾਨ ਨਹੀਂ ਹੋਵੇਗਾ।”
੬ ਜੁਲਾਈ ੧੯੪੬ ਨੂੰ ਕਲਕੱਤਾ ਕਾਨਫਰੰਸ ਵਿਚ ਪੰਡਤ ਜਵਾਹਰ ਲਾਲ ਨਹਿਰੂ ਨੇ ਇਹ ਸ਼ਬਦ ਕਹੇ ਸਨ-
“ਪੰਜਾਬ ਦੀ ਬਹਾਦਰ ਸਿੱਖ ਕੌਮ ਵਿਸ਼ੇਸ਼ ਮਹਾਨਤਾ ਦੀ ਧਾਰਨੀ ਹੈ। ਮੇਰੇ ਵਿਚਾਰ ਵਿਚ ਸਾਨੂੰ ਕਿਸੇ ਨੂੰ ਵੀ ਇਸ ਸੰਬੰਧ ਵਿਚ ਕੋਈ ਆਪੱਤੀ ਨਹੀਂ ਹੋਣੀ ਚਾਹੀਦੀ ਕਿ ਉੱਤਰ-ਪੱਛਮ ਭਾਰਤ ਵਿਚ ਇਕ ਅਜਿਹਾ ਇਲਾਕਾ ਅਤੇ ਇੰਤਜ਼ਾਮ ਸਿੱਖਾਂ ਲਈ ਰਾਖਵਾਂ ਰੱਖਿਆ ਜਾਵੇ, ਜਿਸ ਸਦਕਾ ਇਹ ਵੀ ਆਜ਼ਾਦੀ ਦਾ ਆਨੰਦ ਮਾਣ ਸਕਣ।”
ਮਹਾਤਮਾ ਗਾਂਧੀ ਨੇ ਮਾਰਚ ੧੯੩੧ ਵਿਚ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿਖੇ ਸਜੇ ਭਾਰੀ ਦੀਵਾਨ ਵਿਚ ਸਿੱਖ ਕੌਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ-
“ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਚਨਾਂ ਅਤੇ ਕਾਂਗਰਸ ਵੱਲੋਂ ਪਾਸ ਕੀਤੇ ਗਏ ਮਤਿਆਂ ਉਤੇ ਯਕੀਨ ਕਰੋ। ਸਿੱਖ ਕੌਮ ਨੂੰ ਧੋਖਾ ਦੇਣਾ ਤਾਂ ਪਾਸੇ ਰਿਹਾ, ਅਸੀਂ ਕਿਸੇ ਇਕ ਵਿਅਕਤੀ ਨਾਲ ਵੀ ਐਸਾ ਨਹੀਂ ਕਰ ਸਕਦੇ। ਜਦ ਕਦੀ ਕਾਂਗਰਸ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਬਰਬਾਦੀ ਨੂੰ ਆਪ ਸੱਦਾ ਦੇਵੇਗੀ। ਮੈਂ ਪਰਮਾਤਮਾ ਨੂੰ ਹਾਜ਼ਰ- ਨਾਜ਼ਰ ਜਾਣ ਕੇ ਕਹਿੰਦਾ ਹਾਂ ਕਿ ਜੋ ਵਾਅਦੇ ਮੇਰੇ ਵੱਲੋਂ ਅਤੇ ਕਾਂਗਰਸ ਵੱਲੋਂ ਆਪ ਦੀ ਕੌਮ ਨਾਲ ਕੀਤੇ ਗਏ ਹਨ, ਇਨ੍ਹਾਂ ਨੂੰ ਅਸੀਂ ਹਰ ਕੀਮਤ ‘ਤੇ ਨਿਭਾਵਾਂਗੇ।”
‘ਕੀ ਪੱਥਰਾਂ ਤੇ ਕੰਡਿਆਂ ਦੀ ਦੱਸਾਂ ਦੋਸਤੋ, ਹਰ ਫੁੱਲ ਮੇਰੇ ਸਿਰ ‘ਤੇ ਨਵਾਂ ਵਾਰ ਕਰ ਗਿਆ। ਕੁਝ ਐਸੀ ਦਾਸਤਾਨ ਹੈ ਮੇਰੇ ਇਸ਼ਕ ਦੀ, ਇਕਰਾਰ ਕਰਨ ਵਾਲਾ ਵੀ ਇਨਕਾਰ ਕਰ ਗਿਆ।’
ਇਸੇ ਗੱਲ ਦਾ ਤਾਂ ਸਾਰਾ ਰੋਣਾ ਹੈ ਕਿ ਗਾਂਧੀ ਤੇ ਨਹਿਰੂ ਆਦਿ ਲੀਡਰਾਂ ਵੱਲੋਂ ਸਮੇਂ-ਸਮੇਂ ਕੀਤੇ ਗਏ ਵਾਅਦਿਆਂ ਦੇ ਬਾਵਜੂਦ ਸਿੱਖ ਕੌਮ ਨੂੰ ਬਣਦੇ ਹੱਕ ਤੇ ਸਤਿਕਾਰ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ? ਇਨ੍ਹਾਂ ਨੂੰ ਹੀ ਕਿਉਂ ਬਾਰ-ਬਾਰ ਹੱਕੀ ਮੰਗਾਂ ਮਨਵਾਉਣ ਲਈ ਮੋਰਚੇ ਲਗਾਉਣੇ ਪੈ ਰਹੇ ਹਨ? ਭਾਰਤ ਦੇ ਸੰਵਿਧਾਨ ਵਿਚ ਇਨ੍ਹਾਂ ਨੂੰ ਇਕ ਵੱਖਰੀ ਕੌਮ ਨਾ ਮੰਨ ਕੇ ‘ਕੇਸਾਧਾਰੀ ਹਿੰਦੂ’ ਕਿਉਂ ਤਸੱਵਰ ਕੀਤਾ ਜਾ ਰਿਹਾ ਹੈ?
ਇਨ੍ਹਾਂ ਸਤਰਾਂ ਦੇ ਲਿਖਾਰੀ ਨੂੰ ੨੫ ਸਾਲ ਦੇ ਕਰੀਬ ਪੰਜਾਬ ਤੋਂ ਬਾਹਰ ਰਹਿਣ ਦਾ ਮੌਕਾ ਮਿਲਿਆ ਹੈ ਅਤੇ ਜ਼ਾਤੀ ਤਜਰਬੇ ਦੇ ਆਧਾਰ ਉੱਤੇ ਇਹ ਗੱਲ ਦਾਹਵੇ ਨਾਲ ਕਹੀ ਜਾ ਸਕਦੀ ਹੈ ਕਿ ਬੇਸ਼ੱਕ ਸਿੱਖ ਨੁਮਾਇੰਦੇ ਕੇਂਦਰ ਸਰਕਾਰ ਵਿਚ ਭਾਈਵਾਲ ਰਹੇ ਹਨ, ਪੰਜਾਬ ਵਿਚ ਵੀ ਇਨ੍ਹਾਂ ਦੀ ਹਕੂਮਤ ਰਹੀ ਹੈ, ਅੱਜ ਵੀ ਪੰਜਾਬ ਦਾ ਰਾਜ-ਭਾਗ ਇਕ ਸਿੱਖ ਹੀ ਚਲਾ ਰਿਹਾ ਹੈ, ਇਕ ਸਿੱਖ ਗਵਰਨਰ ਵੀ ਹੈ, ਮਿਨਾਰਟੀ ਕਮਿਸ਼ਨ ਦਾ ਚੇਅਰਮੈਨ ਵੀ ਇਕ ਸਿੱਖ ਹੀ ਹੈ, ਲੇਕਿਨ ਸਿੱਖ ਕੌਮ ਨੂੰ ਜੋ ਮਾਣ ਤੇ ਸਤਿਕਾਰ ੧੯੮੦ ਤੋਂ ਪਹਿਲਾਂ ਪ੍ਰਾਪਤ ਸੀ, ਅੱਜ ਉਸ ਵਿਚ ਭਾਰੀ ਤਬਦੀਲੀ ਆ ਚੁਕੀ ਹੈ ਅਤੇ ਕੌਮ ਦਾ ਸ਼ਾਨਾਂ-ਮੱਤਾ ਵਕਾਰ ਪਹਿਲਾਂ ਜਿਹਾ ਬਹਾਲ ਨਹੀਂ ਹੋ ਸਕਿਆ।
ਮੋਢੇ ਸੱਚ ਦੇ ਸਲੀਬ ਹੈ ਯਾਰੋ। ਮੇਰਾ ਮਸਤਕ ਅਜੀਬ ਹੈ ਯਾਰੋ।’ ਸਿੱਖੀ ਉੱਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਹਮਲੇ ਅੱਜ ਵੀ ਨਿਰੰਤਰ ਜਾਰੀ ਹਨ।
ਜੇਕਰ ੧੯੮੪ ਵਿਚ ਅਕਾਲ ਤਖ਼ਤ ਦੀ ਇਮਾਰਤ ਨੂੰ ਢਾਹੁਣ ਦਾ ਘੋਰ ਅਪਰਾਧ ਕੀਤਾ ਗਿਆ ਸੀ ਤਾਂ ਅੱਜ ਪੰਥ ਦੇ ਕਥਿਤ ‘ਸ਼ੁਭਚਿੰਤਕਾਂ’ ਵੱਲੋਂ ਅਕਾਲ ਤਖ਼ਤ ਦੇ ਸਿਧਾਂਤਾਂ ਤੋਂ ਮੁਨਕਰ ਹੋ ਕੇ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਕੋਝੇ ਯਤਨ ਬੜੇ ਵਿਆਪਕ ਪੱਧਰ ਉੱਤੇ ਅਤੇ ਬਹੁਤ ਹੀ ਯੋਜਨਾਬੱਧ ਢੰਗ ਨਾਲ ਕੀਤੇ ਜਾ ਰਹੇ ਹਨ, ਜਿਸ ਤੋਂ ਹੋਣ ਵਾਲੇ ਕੌਮੀ ਨੁਕਸਾਨ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਇਸ ਪੱਖ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ।
ਜੂਨ, ੮੪ ਦੇ ਦੁਖਾਂਤ ਨੂੰ ਵਾਪਰੇ ਅੱਜ ਕਈ (42) ਵਰ੍ਹੇ ਗੁਜ਼ਰ ਗਏ ਹਨ। ਲੇਕਿਨ ਬੜੇ ਅਫ਼ਸੋਸ ਅਤੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੀ ਸੋਚ ਅੱਜ ਤੋਂ ਵੀਹ ਸਾਲ ਪਹਿਲਾਂ ਜਿਥੇ ਖਲੋਤੀ ਸੀ, ਅੱਜ ਉਥੇ ਹੀ ਨਹੀਂ ਖਲੋਤੀ, ਬਲਕਿ ਰੀਵਰਸ ਗੇਅਰ ਲੱਗ ਕੇ ਹੋਰ ਵੀ ਪਿੱਛੇ ਵੱਲ ਜਾ ਚੁੱਕੀ ਹੈ, ਜੋ ਕਿ ਇਕ ਤਰ੍ਹਾਂ ਖ਼ਤਰੇ ਦੀ ਘੰਟੀ ਵੱਜਣ ਵਾਂਗ ਹੈ। ਜੇਕਰ ਅਸੀਂ ਆਪਣੇ ਕੌਮੀ ਫ਼ਰਜ਼ਾਂ ਤੋਂ ਇੰਜ ਹੀ ਅਵੇਸਲੇ ਹੋਏ ਰਹੇ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਅਤੇ ਮਾਰੂ ਸਿੱਧ ਹੋ ਸਕਦਾ ਹੈ। ਜਿਵੇਂ ਕਿ ਕਈ ਵੇਰ ਬੀਤੀਆਂ ਨੂੰ ਭੁੱਲ ਜਾਣ ਲਈ ਕਿਹਾ ਜਾਂਦਾ ਹੈ ਲੇਕਿਨ ਕੌਮ ਦੇ ਹਿਤਾਂ ਵਿਚ ਇਹ ਵਰਤਾਰਾ ਠੀਕ ਨਹੀਂ ਹੋਵੇਗਾ। ਭੂਤ ਨੂੰ ਭੁੱਲੀਏ ਨਾ, ਸਗੋਂ ਉਸ ਤੋਂ ਸਬਕ ਸਿੱਖ ਕੇ ਕੌਮ ਦੇ ਭਵਿੱਖ ਨੂੰ ਸੰਵਾਰਨ, ਨਿਖਾਰਨ ਤੇ ਉੱਜਵਲ ਬਣਾਉਣ ਵਿਚ ਆਪਣਾ ਯਥਾਸ਼ਕਤ ਹਿੱਸਾ ਪਾਈਏ-
ਵੋਹ ਸ਼ਮ੍ਹਾਂ ਜਲਾਏਂ, ਆਂਧੀ ਜਿਸੇ ਬੁਝਾ ਨਾ ਸਕੇ।
ਵੋਹ ਨਕਸ਼ ਬਨਾਏਂ, ਜ਼ਮਾਨਾ ਜਿਸੇ ਮਿਟਾ ਨਾ ਸਕੇ।
-ਨਿਰਵੈਰ ਸਿੰਘ ਅਰਸ਼ੀ
