views 13 secs 0 comments

ਲਹੂ ਦੇ ਨਕਸ਼ ਜੂਨ 84, ਵਕਤ ਦੀ ਪੈੜ ਅਤੇ ਸਿੱਖ ਚਿੰਤਨ ਦਾ ਭਵਿੱਖ

ਲੇਖ
June 05, 2026

​1984 ਦਾ ਜੂਨ ਮਹੀਨਾ ਸਿੱਖ ਮਾਨਸਿਕਤਾ ਦੇ ਪਿੰਡੇ ’ਤੇ ਇੱਕ ਅਜਿਹਾ ਡੂੰਘਾ ਜ਼ਖ਼ਮ ਹੈ, ਜਿਸ ਦੀ ਚੀਸ ਹਰ ਸਾਲ ਲਹੂ ਵਾਂਗ ਟਪਕਦੀ ਹੈ। ਘੱਲੂਘਾਰੇ ਦੀ ਬਰਸੀ ਆਉਂਦੀ ਹੈ, ਦਰਬਾਰ ਸਾਹਿਬ ਦੀਆਂ ਪਰਿਕਰਮਾਵਾਂ ਵਿੱਚ ਖਾਲਿਸਤਾਨ ਦੇ ਅਕਾਸ਼-ਗੁੰਜਾਊ ਨਾਅਰੇ ਲਗਦੇ ਹਨ, ਗਰਮੋ-ਗਰਮ ਤਕਰੀਰਾਂ ਦੇ ਨਾਲ ਮਾਹੌਲ ਭਖਦਾ ਹੈ, ਪਰ ਸਵਾਲ ਇਹ ਹੈ ਕਿ ਕੀ ਇਸ ਵਰਤਾਰੇ ਨਾਲ ਕੌਮ ਦੀ ਭਵਿੱਖੀ ਤਕਦੀਰ ਦਾ ਕੋਈ ਠੋਸ ਨਕਸ਼ ਉੱਘੜ ਰਿਹਾ ਹੈ? ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਘਿਸੇ-ਪਿਟੇ, ਪੂਰਵ-ਨਿਰਧਾਰਿਤ ਸੰਦੇਸ਼ ਹਵਾ ਵਿੱਚ ਵਿਲੀਨ ਹੋ ਜਾਂਦੇ ਹਨ, ਤਾਂ ਅਖ਼ੀਰ ਨਿਰਾਸ਼ਾ ਅਤੇ ਖ਼ਾਲੀਪਨ ਸੰਗਤ ਦੇ ਪੱਲੇ ਪੈਂਦਾ ਹੈ।

​ਅਸੀਂ ਪਿਛਲੇ ਚਾਰ ਦਹਾਕਿਆਂ ਤੋਂ ਭਾਵੁਕਤਾ ਦੇ ਜਵਾਲਾਮੁਖੀ ‘ਤੇ ਬੈਠੇ ਹਾਂ, ਪਰ ਗਿਆਨ ਅਤੇ ਹਿਕਮਤ ਦਾ ਉਹ ਚਸ਼ਮਾ ਵਗਾਉਣ ਵਿੱਚ ਨਾਕਾਮ ਰਹੇ ਹਾਂ ਜੋ ਸਾਡੀ ਹੋਂਦ ਨੂੰ ‘ਬੇਚਾਰਗੀ’ ,ਸੰਕਟ, ਬੇਗਾਨਗੀ ,ਬੇਚੈਨੀ ਵਿੱਚੋਂ ਕੱਢ ਕੇ ‘ਬਾਦਸ਼ਾਹਤ’ ਵੱਲ ਲੈ ਕੇ ਜਾਵੇ। ਸਾਨੂੰ ਸਮਝਣਾ ਪਵੇਗਾ ਕਿ ਨਾਅਰਿਆਂ ਦੀ ਰਾਜਨੀਤੀ ਨਾਲ ਲੋਕਾਂ ਨੂੰ ਉਤੇਜਿਤ ਕੀਤਾ ਜਾ ਸਕਦਾ , ਪਰ ਕੌਮਾਂ ਦੇ ਭਵਿੱਖ ਨਹੀਂ ਉਸਾਰੇ ਜਾ ਸਕਦੇ। ਜਰਮਨ ਫ਼ਿਲਾਸਫ਼ਰ ਫਰੈਡਰਿਕ ਨੀਤਸ਼ੇ ਨੇ ਬੜੀ ਕਮਾਲ ਦੀ ਗੱਲ ਕਹੀ ਸੀ:
​”ਜਿਹੜਾ ਵਿਅਕਤੀ ਰਾਖਸ਼ਾਂ ਨਾਲ ਲੜਦਾ ਹੈ, ਉਸ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਖ਼ੁਦ ਪ੍ਰਕਿਰਿਆ ਵਿੱਚ ਰਾਖਸ਼ ਨਾ ਬਣ ਜਾਵੇ। ਅਤੇ ਜਦੋਂ ਤੁਸੀਂ ਲੰਮਾ ਸਮਾਂ ਕਿਸੇ ਖੱਡ (ਹਨੇਰੇ) ਵੱਲ ਝਾਕਦੇ ਹੋ, ਤਾਂ ਉਹ ਹਨੇਰਾ ਵੀ ਤੁਹਾਡੇ ਅੰਦਰ ਝਾਕਣ ਲੱਗ ਪੈਂਦਾ ਹੈ।”
​ਸਾਡੀ ਹਾਲਤ ਵੀ ਕੁਝ ਅਜਿਹੀ ਹੀ ਹੋ ਗਈ ਹੈ। ਅਨਿਆਂ ਨਾਲ ਲੜਦਿਆਂ-ਲੜਦਿਆਂ ਅਸੀਂ ਆਪਣੀ ਅੰਦਰੂਨੀ ਸਿਰਜਣਾਤਮਕ ਊਰਜਾ ਨੂੰ ਗੁਆ ਰਹੇ ਹਾਂ। ਗੁਰੂ ਦੀਆਂ ਬੇਅਦਬੀਆਂ ਇਸ ਦੀ ਸਪਸ਼ਟ ਉਦਾਹਰਣ ਹੈ ਕਿ ਅਸੀਂ ਕਿਥੇ ਖੜੇ ਹਾਂ? ਦਸਾਂ ਪਾਤਸ਼ਾਹੀਆਂ ਦੀ ਜੋਤਿ ਗੁਰੂ ਗ੍ਰੰਥ ਸਾਹਿਬ ਨੂੰ ਕਨੂੰਨ ਅੰਡਰ ਲਿਆਕੇ ਅਸੀਂ ਇਸ ਨੂੰ ਹੋਲੀ ਸਕਰਪਿਟ ਬਣਾ ਦਿਤਾ। ਇਥੋਂ ਤਕ ਅਕਾਲ ਤਖ਼ਤ ਦੇ ਜਥੇਦਾਰ ,ਸ਼੍ਰੋਮਣੀ ਕਮੇਟੀ , ਸੰਪਰਦਾਵਾਂ ਨੇ ਵੀ ਇਸ ਦਾ ਚਿੰਤਨ ਨਹੀਂ ਕੀਤਾ ਤੇ ਉਹ ਕਨੂੰਨ ਵਿਚ ਸੋਧਾਂ ਦਾ ਮਸਲਾ ਲੈਕੇ ਬੈਠ ਗਏ।

ਅੱਜ ਪੰਜਾਬ ਦੀ ਆਰਥਿਕਤਾ ਖੋਖਲੀ ਹੋ ਚੁੱਕੀ ਹੈ, ਜਵਾਨੀ ਹਿਜਰਤ ਦੇ ਰਾਹ ਪੈ ਕੇ ਬਿਗਾਨੀ ਧਰਤੀਆਂ ’ਤੇ ਰੁਲ ਰਹੀ ਹੈ, ਅਤੇ ਸਾਡੀ ਸਿਆਸਤ ਸਿਧਾਂਤਹੀਣਤਾ ਦੇ ਦਲਦਲ ਵਿੱਚ ਗ਼ਰਕ ਚੁੱਕੀ ਹੈ। ਪੰਜਾਬ ਵਿਚ ਪ੍ਰਵਾਸੀ ਵਸਾਕੇ ਇਸ ਦੀ ਡੈਮੋਗਰਾਫੀ ਬਦਲੀ ਜਾ ਰਹੀ ਹੈ।ਇਸ ਕਾਰਣ ਕ੍ਰਾਈਮ ਵੀ ਵਧ ਰਿਹਾ।ਬੱਚੇ ਤੇ ਪੰਜਾਬ ਦੀਆਂ ਧੀਆਂ ਗਵਾਚ ਰਹੀਆਂ ਹਨ। ਪ੍ਰਵਾਸੀਆਂ ਨੂੰ ਦਰਿਆਵਾਂ ਕਿਨਾਰੇ ਵਸਾਕੇ ਵਾਤਾਵਰਨ ਗੰਧਲਾ ਕੀਤਾ ਜਾ ਰਿਹਾ ਹੈ। ਭਿਖਾਰੀ ਪੰਜਾਬ ਵਿਚ ਸੁਟੇ ਜਾ ਰਹੇ ਹਨ ਜੋ ਕ੍ਰਾਈਮ ਕਰ ਰਹੇ ਹਨ। ਪੰਜਾਬ ਸਰਕਾਰ ਦਾ ਇਸ ਵਲ ਧਿਆਨ ਨਹੀਂ। ਹਾਲਾਂਕਿ ਪੰਜਾਬ ਸਰਹੱਦੀ ਸੂਬਾ ਹੈ।
ਕੋਈ ਰਾਜਨੀਤਕ ਪਾਰਟੀ ਡੈਮੋਗਰਾਫੀ ਦੇ ਮਾਮਲੇ ਨੂੰ ਉਠਾ ਨਹੀਂ ਰਹੀ।ਅਸੀਂ ਆਪਣੇ ਪੁਰਖਿਆਂ ਦੇ ਸ਼ਾਨਾਮੱਤੇ ਇਤਿਹਾਸ ’ਤੇ ਮਾਣ ਤਾਂ ਕਰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਫ਼ਲਸਫ਼ੇ ਨੂੰ ਅਮਲੀ ਰੂਪ ਵਿੱਚ ਦੁਨੀਆ ਸਾਹਮਣੇ ਪੇਸ਼ ਕਰਨ ਵਿੱਚ ਪਛੜ ਗਏ ਹਾਂ। ਸਾਨੂੰ ਭੜਕਾਹਟ ਦੀ ਦਲਦਲ ਵਿੱਚੋਂ ਨਿਕਲ ਕੇ ‘ਗਿਆਨ ਅਵਸਥਾ’ ਵੱਲ ਤੁਰਨਾ ਪਵੇਗਾ।

​ਸਭਿਅਤਾਵਾਂ ਦਾ ਟਕਰਾਅ ਅਤੇ ਗੁਰੂ ਨਾਨਕ ਦਾ ਹੋਕਾ

​ਅੱਜ ਦਾ ਸੰਸਾਰ ਨਫ਼ਰਤ ਤੇ ਵੰਡੀਆਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਪ੍ਰਸਿੱਧ ਚਿੰਤਕ ਸੈਮੂਅਲ ਹੰਟਿੰਗਟਨ ਨੇ ‘ਕਲੈਸ਼ ਆਫ਼ ਸਿਵਿਲਾਈਜ਼ੇਸ਼ਨਜ਼’ (ਸਭਿਅਤਾਵਾਂ ਦੇ ਟਕਰਾਅ) ਦੀ ਗੱਲ ਕੀਤੀ ਸੀ। ਪਰ ਇਸ ਟਕਰਾਅ ਨੂੰ ਰੋਕਣ ਦੀ ਸਮਰੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਉਸ ਸੁਨੇਹੇ ਵਿੱਚ ਹੈ ਜੋ “ਨਾ ਕੋ ਬੈਰੀ ਨਹੀ ਬਿਗਾਨਾ” ਦਾ ਹੋਕਾ ਦਿੰਦਾ ਹੈ।ਪਰ ਸਿੱਖਾਂ ਵਿਚ ਜਨਮੀ ਅਰਧ ਸਰਕਾਰੀ ਕਮੇਟੀ ਸ਼੍ਰੋਮਣੀ ਕਮੇਟੀ, ਜਥੇਦਾਰਾਂ ਨੇ ਅਨੇਕਾਂ ਪਾਬੰਦੀਆਂ ਮਰਿਯਾਦਾ ਦੇ ਨਾਮ ਉਪਰ ਸਿਖਾਂ ਉਪਰ ਥੋਪ ਦਿਤੀਆਂ ਹਨ ਤਾਂ ਜੋ ਗੁਰੂ ਦਾ ਗਿਆਨ ਲੋਕਾਂ ਤਕ ਨਾ ਪੁਜ ਸਕੇ।

​ਸਵਾਲ ਇਹ ਹੈ ਕਿ ਸਿੱਖ ਜਗਤ ਕੋਲ ਅੱਜ ਕੋਈ ਅਜਿਹਾ ਕੌਮਾਂਤਰੀ ਚਿੰਤਨ ਕੇਂਦਰ ਤੇ ਸਥਾਨ ਹੈ, ਜਿੱਥੋਂ ਅਸੀਂ ਸੰਸਾਰ ਦੀਆਂ ਸਭਿਅਤਾਵਾਂ ਦੇ ਇਸ ਟਕਰਾਅ ਨੂੰ ਰੋਕਣ ਲਈ ਗੁਰੂ ਨਾਨਕ ਦੀ ਫ਼ਿਲਾਸਫ਼ੀ ਦਾ ਨੈਰੇਟਿਵ ਤਿਆਰ ਕਰ ਸਕੀਏ ਜੋ ਸਿੱਖਾਂ ਵਿਚ ਫੈਲਾਏ ਕਰਮਕਾਂਡ ਤੋਂ ਮੁਕਤ ਹੋਵੇ? ਕੀ ਅਸੀਂ ਕੋਈ ਅਜਿਹਾ ‘ਟਾਪੂ’ ਵਸਾਇਆ ਹੈ ਜਿੱਥੇ ਗਿਆਨ, ਵਿਗਿਆਨ ਅਤੇ ਅਧਿਆਤਮ ਦਾ ਸੁਮੇਲ ਹੋਵੇ? ਅਸੀਂ ਗੁਰਦੁਆਰਿਆਂ ਦੇ ਸੰਗਮਰਮਰ ਤਾਂ ਸੋਨੇ ਨਾਲ ਮੜ੍ਹ ਦਿੱਤੇ, ਪਰ ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਦੇ ਵਿਹੜੇ ਸੁੰਨੇ ਛੱਡ ਦਿੱਤੇ। ਸਤਿਗੁਰੂ ਨਾਨਕ ਨੇ ਤਾਂ ਕਿਹਾ ਸੀ ਕਿ ਸ਼ਬਦ ਮੇਰਾ ਗੁਰੂ ਹੈ।ਪਰ ਅਸੀਂ ਇਸ ਵਿਚਾਰ ਤੋਂ ਭਗੌੜੇ ਹੋ ਗਏ।

​ਜਦੋਂ ਤੱਕ ਕੋਈ ਕੌਮ ਬੌਧਿਕ ਪੱਧਰ ’ਤੇ ਸ਼ਕਤੀਸ਼ਾਲੀ ਨਹੀਂ ਹੁੰਦੀ, ਉਹ ਸੰਸਾਰ ਦੇ ਨਕਸ਼ੇ ’ਤੇ ਆਪਣੀ ਨੈਤਿਕ ਸਰਦਾਰੀ ਕਾਇਮ ਨਹੀਂ ਕਰ ਸਕਦੀ। ਸਾਡੀ ਇਤਿਹਾਸਕ ਹੋਂਦ ਕੋਈ ‘ਵੇਚਾਰਗੀ’ ਵਾਲੀ ਨਹੀਂ ਰਹੀ,ਗਿਆਨ ਆਧਾਰਿਤ ਰਹੀ ਹੈ, ਇਹ ‘ਚੜ੍ਹਦੀ ਕਲਾ’ ਗੁਰੂ ਗਿਆਨ ਤੋਂ ਪੈਦਾ ਹੁੰਦੀ ਰਹੀ ਹੈ। ਸਾਡੀ ਅਰਦਾਸ ਇਸ ਗਲ ਦੀ ਗਵਾਹ ਹੈ।ਸਾਨੂੰ ਆਪਣੀ ਅਧਿਆਤਮਕ ਅਤੇ ਰਾਜਨੀਤਿਕ ਸੂਝ-ਬੂਝ ਨੂੰ ਮੁੜ-ਪਰਿਭਾਸ਼ਿਤ ਕਰਨਾ ਪਵੇਗਾ। ਗੁਰੂ ਬਾਬੇ ਨਾਨਕ ਸਾਹਿਬ ਦੇ ਫ਼ਲਸਫ਼ੇ ਦੀ ਰੌਸ਼ਨੀ ਵਿੱਚ ਜਦੋਂ ਅਸੀਂ ਕਿਸੇ ‘ਬੌਧਿਕ ਜਾਂ ਅਧਿਆਤਮਕ ਟਾਪੂ’ (Institutions or Enclaves of Excellence) ਦੀ ਸਿਰਜਣਾ ਦੀ ਗੱਲ ਕਰਦੇ ਹਾਂ, ਤਾਂ ਉਸ ਦਾ ਮਤਲਬ ਦੁਨੀਆ ਤੋਂ ਟੁੱਟ ਕੇ ਅਲੱਗ-ਥਲੱਗ ਬੈਠਣਾ ਨਹੀਂ, ਸਗੋਂ ਸੰਸਾਰ ਦੇ ਕੋਲਾਹਲ ਵਿੱਚ ਇੱਕ ਅਜਿਹਾ ‘ਮਾਡਲ’ ਖੜ੍ਹਾ ਕਰਨਾ ਹੈ ਜਿੱਥੇ ਮਨੁੱਖਤਾ ਨੂੰ ਸੁਖ ਦਾ ਸਾਹ ਆ ਸਕੇ।ਅੱਜ ਦੁਨੀਆ ਨਸਲ, ਧਰਮ ਅਤੇ ਸਰਹੱਦਾਂ ਦੇ ਨਾਂ ’ਤੇ ਆਪਸ ਵਿੱਚ ਲੜ ਰਹੀ ਹੈ। ਇਸ ਟਾਪੂ ਵਿੱਚ ਇੱਕ ਅਜਿਹਾ ਕੌਮਾਂਤਰੀ ਚਿੰਤਨ ਕੇਂਦਰ ਹੋਵੇ, ਜਿੱਥੇ ਦੁਨੀਆ ਦੇ ਵੱਖ-ਵੱਖ ਧਰਮਾਂ, ਸਭਿਆਚਾਰਾਂ ਅਤੇ ਰਾਜਨੀਤਿਕ ਵਿਚਾਰਧਾਰਾਵਾਂ ਦੇ ਲੋਕ ਆ ਕੇ ਬੈਠਣ।ਸਿੱਖ ਇੱਥੇ ਜਗਤ ਨੂੰ “ਨਾ ਕੋ ਬੈਰੀ ਨਹੀ ਬਿਗਾਨਾ” ਅਤੇ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਦਾ ਅਮਲੀ ਪਾਠ ਪੜ੍ਹਾਉਣ।
​ਇਹ ਟਾਪੂ ਵਿਸ਼ਵ ਦੇ ਵੱਡੇ-ਵੱਡੇ ਝਗੜਿਆਂ ਨੂੰ ਸੁਲਝਾਉਣ ਲਈ ਇੱਕ ਨਿਰਪੱਖ, ਨੈਤਿਕ ਅਤੇ ਅਧਿਆਤਮਕ ਸੇਧ ਦੀ ਭੂਮਿਕਾ ਨਿਭਾਵੇ।
ਸਾਨੂੰ ਅਜਿਹੇ ਵਿਸ਼ਵ-ਪੱਧਰੀ ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਦੀ ਲੋੜ ਹੈ, ਜਿੱਥੇ ਆਧੁਨਿਕ ਵਿਗਿਆਨ , ਆਰਟੀਫੀਸ਼ੀਅਲ ਇੰਟੈਲੀਜੈਂਸ (AI), ਅਰਥਸ਼ਾਸਤਰ ਅਤੇ ਮਨੁੱਖੀ ਅਧਿਕਾਰਾਂ ਦੀ ਉੱਚ-ਪਾਏ ਦੀ ਪੜ੍ਹਾਈ ਹੋਵੇ।​ਜਦੋਂ ਦੁਨੀਆ ਦੇ ਸਭ ਤੋਂ ਬੁੱਧੀਮਾਨ ਲੋਕ ਇਸ ਟਾਪੂ ਵਿੱਚ ਆ ਕੇ ਰਿਸਰਚ ਕਰਨਗੇ, ਤਾਂ ਉੱਥੋਂ ਨਿਕਲਣ ਵਾਲੀ ਲੀਡਰਸ਼ਿਪ ਸੰਸਾਰ ਦੀਆਂ ਨੀਤੀਆਂ ਤੈਅ ਕਰੇਗੀ।ਜਦੋਂ ਦੁਨੀਆ ਦੇ ਸਭ ਤੋਂ ਬੁੱਧੀਮਾਨ ਲੋਕ ਇਸ ਟਾਪੂ ਵਿੱਚ ਆ ਕੇ ਰਿਸਰਚ ਕਰਨਗੇ, ਤਾਂ ਉੱਥੋਂ ਨਿਕਲਣ ਵਾਲੀ ਲੀਡਰਸ਼ਿਪ ਸੰਸਾਰ ਦੀਆਂ ਨੀਤੀਆਂ ਤੈਅ ਕਰੇਗੀ।
​ਇੱਥੇ ਸਿੱਖ ਇਤਿਹਾਸ, ਫ਼ਲਸਫ਼ੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦੁਨੀਆ ਦੀਆਂ ਪ੍ਰਮੁੱਖ ਭਾਸ਼ਾਵਾਂ (ਅੰਗਰੇਜ਼ੀ, ਫ਼ਰਾਂਸੀਸੀ, ਜਰਮਨ, ਅਰਬੀ, ਚੀਨੀ) ਵਿੱਚ ਅਨੁਵਾਦ ਕਰਕੇ ਅਕਾਦਮਿਕ ਤਰੀਕੇ ਨਾਲ ਪੇਸ਼ ਕੀਤਾ ਜਾਵੇ, ਨਾ ਕਿ ਸਿਰਫ਼ ਭਾਵੁਕ ਪ੍ਰਚਾਰ ਰਾਹੀਂ।ਅਖੰਡ ਪਾਠਾਂ ਰਾਹੀਂ ਸਿਖ ਪੰਥ ਦੀ ਸਿਰਜਣਾ ਨਹੀਂ ਹੋ ਸਕਦੀ।ਸਹਿਜ ਪਾਠ ਤੇ ਗੁਰਮਤਿ ਵਿਆਖਿਆ ਕੌਮ ਨੂੰ ਮਜ਼ਬੂਤ ਕਰ ਸਕਦੀ ਹੈ।ਗਿਆਨ ਗੁਰੂ ਦੇ ਵਿਚਾਰ ਵਿਚ ਨਿਹਿਤ ਹੈ।
​ਇੱਥੇ ਸਿੱਖ ਇਤਿਹਾਸ, ਫ਼ਲਸਫ਼ੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦੁਨੀਆ ਦੀਆਂ ਪ੍ਰਮੁੱਖ ਭਾਸ਼ਾਵਾਂ (ਅੰਗਰੇਜ਼ੀ, ਫ਼ਰਾਂਸੀਸੀ, ਜਰਮਨ, ਅਰਬੀ, ਚੀਨੀ) ਵਿੱਚ ਅਨੁਵਾਦ ਕਰਕੇ ਅਕਾਦਮਿਕ ਤੇ ਸਿਧਾਂਤਕ ਤਰੀਕੇ ਨਾਲ ਪੇਸ਼ ਕੀਤਾ ਜਾਵੇ।
​ਗੁਰੂ ਸਾਹਿਬਾਨ ਨੇ ਸਾਨੂੰ ਹਲੇਮੀ ਰਾਜ‘ਕਰਤਾਰਪੁਰ’ ਅਤੇ ਸੰਤ ਗੁਰੂ ਰਵਿਦਾਸ ਜੀ ਨੇ ‘ਬੇਗਮਪੁਰਾ’ (ਸ਼ਹਿਰ ਦਾ ਨਾਂ ਜਿੱਥੇ ਕੋਈ ਗ਼ਮ ਜਾਂ ਅਸਮਾਨਤਾ ਨਹੀਂ), ਨਿਆਂ ਤੇ ਸ਼ਾਂਤੀ ਹੈ,ਦਾ ਸੰਕਲਪ ਦਿੱਤਾ। ਇਸ ਟਾਪੂ ਦੇ ਅੰਦਰ ਇੱਕ ਅਜਿਹਾ ਸਮਾਜਿਕ ਅਤੇ ਆਰਥਿਕ ਮਾਡਲ ਲਾਗੂ ਕੀਤਾ ਜਾਵੇ ਜੋ ਪੂੰਜੀਵਾਦ ਦੇ ਸ਼ੋਸ਼ਣ ਅਤੇ ਸਾਮਵਾਦ ਦੀ ਜਕੜ ਤੋਂ ਮੁਕਤ ਹੋਵੇ।
​ਇਹ ਇੱਕ ਅਜਿਹਾ ਮਾਡਲ ਹੋਵੇ ਜਿੱਥੇ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਦੇ ਆਧਾਰ ’ਤੇ ਆਰਥਿਕ ਸਮਾਨਤਾ ਹੋਵੇ।
​ਇੱਥੇ ਵਾਤਾਵਰਣ ਦੀ ਸੰਭਾਲ (ਪਵਣੁ ਗੁਰੂ ਪਾਣੀ ਪਿਤਾ) ਅਤੇ ਕੁਦਰਤ ਦੇ ਨਿਯਮਾਂ ਅਨੁਸਾਰ ਜੀਵਨ ਜਿਊਣ ਦਾ ਤਰੀਕਾ ਦੁਨੀਆ ਨੂੰ ਸਿਖਾਇਆ ਜਾਵੇ।​ਇਸ ਟਾਪੂ ਤੋਂ ਇੱਕ ਅਜਿਹਾ ਕੌਮਾਂਤਰੀ ਪੱਧਰ ਦਾ ਮੀਡੀਆ ਨੈੱਟਵਰਕ (ਜਿਵੇਂ BBC ਜਾਂ Al Jazeera ਦੇ ਮੁਕਾਬਲੇ ਦਾ) ਚਲਾਇਆ ਜਾਵੇ, ਜੋ ਸਿਰਫ਼ ਸਿੱਖਾਂ ਦੇ ਮਸਲੇ ਹੀ ਨਹੀਂ, ਸਗੋਂ ਦੁਨੀਆ ਭਰ ਦੇ ਦੱਬੇ-ਕੁਚਲੇ ਲੋਕਾਂ, ਮਜ਼ਲੂਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬਣੇ ​ਜਦੋਂ ਸਿੱਖ ਸੰਸਾਰ ਦੇ ਹੱਕ ਵਿੱਚ ਬੋਲਣਗੇ, ਤਾਂ ਸੰਸਾਰ ਸਿੱਖਾਂ ਦੇ ਹੱਕ ਵਿੱਚ ਖੜ੍ਹਾ ਹੋਵੇਗਾ।

ਇਹ ਟਾਪੂ ਸਿੱਖ ਜਵਾਨੀ ਨੂੰ ਨਿਰਾਸ਼ਾ, ਨਸ਼ਿਆਂ ਅਤੇ ਦਿਸ਼ਾਹੀਣ ਭੜਕਾਹਟ ਵਿੱਚੋਂ ਕੱਢਣ ਦਾ ਕੇਂਦਰ ਬਣੇ। ਇੱਥੇ ਨੌਜਵਾਨਾਂ ਨੂੰ ਸ਼ਸਤਰ ਅਤੇ ਸ਼ਾਸਤਰ (ਗਿਆਨ) ਦੋਵਾਂ ਦੀ ਦੀਖਿਆ ਮਿਲੇ, ਤਾਂ ਜੋ ਉਹ ਭਾਵੁਕ ਹੋ ਕੇ ਆਪਣਾ ਨੁਕਸਾਨ ਨਾ ਕਰਵਾਉਣ, ਸਗੋਂ ਹਰ ਚੁਣੌਤੀ ਦਾ ਜਵਾਬ ਬੌਧਿਕ ਅਤੇ ਕਾਨੂੰਨੀ ਤਰੀਕੇ ਨਾਲ ਦੇਣ ਦੇ ਸਮਰੱਥ ਹੋਣ। ਇਹ ਟਾਪੂ ਕੋਈ ਦੇਸ਼ ਨਹੀਂ, ਮਨੁਖਤਾ ਦਾ ਕੇਂਦਰ ਹੈ ਜਿਥੇ ਕੋਈ ਨਸਲ ਨਹੀਂ ਨਫਰਤ ਨਹੀਂ।ਤਣਾਅ ਨਹੀਂ।

ਜਰਮਨ ਚਿੰਤਕ ਇਮੈਨੂਅਲ ਕਾਂਟ ਨੇ ਨੈਤਿਕਤਾ ਬਾਰੇ ਲਿਖਿਆ ਸੀ:
​”ਇਸ ਤਰ੍ਹਾਂ ਦਾ ਅਮਲ ਕਰੋ ਕਿ ਤੁਹਾਡੀ ਇੱਛਾ ਦਾ ਨਿਯਮ ਹਮੇਸ਼ਾ ਇੱਕੋ ਸਮੇਂ ਇੱਕ ਵਿਆਪਕ (ਸਰਵ-ਸਾਂਝਾ) ਕਾਨੂੰਨ ਬਣ ਸਕੇ।”
​ਗੁਰੂ ਸਾਹਿਬ ਨੇ ਵੀ ਤਾਂ ਇਹੀ ਸਿਖਾਇਆ ਸੀ ਕਿ ਜੋ ਸੱਚ ਤੁਸੀਂ ਆਪਣੇ ਲਈ ਚਾਹੁੰਦੇ ਹੋ, ਉਹ ਸਾਰੇ ਸੰਸਾਰ ਲਈ ਮੰਗੋ—”ਸਰਬੱਤ ਦਾ ਭਲਾ”। ਜਦੋਂ ਅਸੀਂ ਇਸ ਵਿਆਪਕ ਦ੍ਰਿਸ਼ਟੀਕੋਣ ਨੂੰ ਛੱਡ ਕੇ ਸੌੜੇ ਘੇਰਿਆਂ ਵਿੱਚ ਸਿਮਟ ਜਾਂਦੇ ਹਾਂ, ਤਾਂ ਅਸੀਂ ਆਪਣੀ ਹੀ ਫ਼ਿਲਾਸਫ਼ੀ ਨੂੰ ਬੇਦਾਵਾ ਦੇ ਰਹੇ ਹੁੰਦੇ ਹਾਂ।
​ਵਿਸ਼ਵ ਭਾਈਚਾਰੇ ਵਿੱਚ ਸਿੱਖ ਕੌਮ ਨੂੰ ਇੱਕ ਨੈਤਿਕ ਮਾਡਲ ਵਜੋਂ ਸਥਾਪਿਤ ਕਰਨ ਲਈ ਸਾਨੂੰ ਤਲਖ਼ੀ ਦੀ ਥਾਂ ਸੰਵਾਦ ਦਾ ਪੱਲਾ ਫੜਨਾ ਪਵੇਗਾ। ਤਬਦੀਲੀ ਦਾ ਰਾਜ਼ ਇਹ ਨਹੀਂ ਹੈ ਕਿ ਤੁਸੀਂ ਆਪਣੇ ਪੁਰਾਣੇ ਅਤੀਤ ਨਾਲ ਲੜਨ ਵਿੱਚ ਆਪਣੀ ਸਾਰੀ ਊਰਜਾ ਲਾ ਦਿਓ, ਸਗੋਂ ਇਸ ਵਿੱਚ ਹੈ ਕਿ ਤੁਸੀਂ ਨਵੇਂ ਭਵਿੱਖ ਦੀ ਸਿਰਜਣਾ ਉੱਤੇ ਆਪਣੀ ਪੂਰੀ ਤਾਕਤ ਕੇਂਦਰਿਤ ਕਰੋ।

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ