ਰੋਜ਼ੀ-ਰੋਟੀ ਲਈ ਹਰੇਕ ਨੂੰ ਕੋਈ ਨਾ ਕੋਈ ਕਿਰਤ ਕਰਨੀ ਹੀ ਪੈਂਦੀ ਹੈ। ਬੇਈਮਾਨੀ, ਠੱਗੀ-ਠੋਰੀ ਤੇ ਰਿਸ਼ਵਤ ਖੋਰੀ ਤੋਂ ਪਾਸਾ ਵੱਟ ਕੇ ਸਿਰਫ ਖੂਨ-ਪਸੀਨੇ ਦੀ ਕਮਾਈ ਨਾਲ ਰੁੱਖੀ-ਮਿੱਸੀ ਖਾ ਕੇ ਪ੍ਰਭੂ ਦੇ ਗੁਣ ਗਾਉਣ ਵਾਲੇ ਸਿਦਕਵਾਨਾਂ ਦੇ ਯਥਾਰਥਵਾਦੀ ਜੀਵਨ ਦੇ ਇਤਿਹਾਸ ਵਿਚ ਭਾਈ ਲਾਲੋ ਜੀ ਦਾ ਉੱਘਾ ਸਥਾਨ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕਰੀਬ ਸਤਾਰ੍ਹਾਂ ਕੁ ਸਾਲ ਵੱਡੇ ਭਾਈ ਲਾਲੋ ਜੀ ਦਾ ਜਨਮ ਸੰਨ ੧੪੫੨ ਵਿਚ ਸੈਦਪੁਰ (ਹੁਣ ਏਮਨਾਬਾਦ, ਪਾਕਿਸਤਾਨ) ਵਿਚ ਪਿਤਾ ਸ੍ਰੀ ਜਗਤ ਰਾਮ ਜੀ ਦੇ ਘਰ ਹੋਇਆ। ਇਨ੍ਹਾਂ ਦੇ ਪਿਤਾ ਜੀ ਤਰਖਾਣਾ ਭਾਵ ਲੱਕੜ ਦੀਆਂ ਵਸਤਾਂ ਤਿਆਰ ਕਰਨ ਦਾ ਕਿੱਤਾ ਕਰਦੇ ਸਨ। ਭਾਈ ਲਾਲੋ ਜੀ ਨੇ ਵੀ ਆਪਣਾ ਖਾਨਦਾਨੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਭਾਈ ਲਾਲੋ ਜੀ ਇਸ ਵਿਚਾਰਧਾਰਾ ਦੇ ਧਾਰਨੀ ਸਨ ਕਿ ਇਮਾਨਦਾਰੀ ਨਾਲ ਐਸ਼ ਤਾਂ ਨਹੀਂ ਕੀਤੀ ਜਾ ਸਕਦੀ ਪਰ ਕਿਸੇ ਮਾਨਸਿਕ ਭਾਰ/ਪ੍ਰੇਸ਼ਾਨੀ ਤੋਂ ਮੁਕਤ ਸਕੂਨ ਭਰਪੂਰ ਸਾਦਗੀ ਭਰਿਆ ਜੀਵਨ ਜ਼ਰੂਰ ਗੁਜ਼ਾਰਿਆ ਜਾ ਸਕਦਾ ਹੈ। ਭਾਈ ਲਾਲੋ ਜੀ ਨੇ ਇਸ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਦਸਾਂ ਨਹੁੰਆਂ ਦੀ ਕਿਰਤ ਨਾਲ ਅਨੰਦਮਈ ਜੀਵਨ ਗੁਜ਼ਾਰਿਆ।
ਭਾਈ ਲਾਲੋ ਜੀ ਹਰ ਵਸਤ ਦੀ ਤਿਆਰੀ ਮਨ-ਤਨ ਤੇ ਰੀਝ ਨਾਲ ਕਰਿਆ ਕਰਦੇ ਸਨ ਜਿਸ ਕਰਕੇ ਉਨ੍ਹਾਂ ਦੇ ਹੱਥੀਂ ਤਿਆਰ ਹੋਈ ਹਰ ਵਸਤ ‘ਤੇ ਸਚਿਆਰਤਾ ਦਾ ਰੰਗ ਚੜ੍ਹਿਆ ਹੋਣ ਕਾਰਨ ਮੂੰਹੋਂ ਬੋਲਦੀ ਪ੍ਰਤੀਤ ਹੁੰਦੀ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ (ਪ੍ਰਚਾਰ-ਯਾਤਰਾ) ਦੌਰਾਨ ਜਦ ਭਾਈ ਮਰਦਾਨਾ ਜੀ ਨਾਲ ਇਸ ਖੇਤਰ ਵਿਚ ਦੀ ਗੁਜ਼ਰੇ ਤਾਂ ਭਾਈ ਲਾਲੋ ਜੀ ਦੀ ਸੱਚੀ-ਸੁੱਚੀ ਕਿਰਤ ਦੀ ਖੁਸ਼ਬੋਈ ਚੁਫੇਰੇ ਫੈਲੀ ਹੋਈ ਸੀ। ਗੁਰੂ ਜੀ ਭਾਈ ਲਾਲੋ ਜੀ ਨੂੰ ਮਿਲਣ ਲਈ ਅਤੇ ਸਿੱਖੀ ਦੇ ਪ੍ਰਚਾਰ ਲਈ ਏਮਨਾਬਾਦ ਪਹੁੰਚੇ। ਉਧਰ ਸਬੱਬ ਇਹ ਬਣਿਆ ਕਿ ਉਸ ਸਮੇਂ ਦੇ ਸਰਕਾਰੀ ਅਹਿਲਕਾਰ ਮਲਕ ਭਾਗੋ ਨੇ ਲੁੱਟ-ਖਸੁੱਟ ਦੀ ਕਮਾਈ ‘ਚੋਂ ਕੀਤੇ ਜਾ ਰਹੇ ਬ੍ਰਹਮ ਭੋਜ ਲਈ ਗੁਰੂ ਸਾਹਿਬ ਨੂੰ ਵੀ ਸੱਦਾ ਭੇਜਿਆ ਤਾਂ ਗੁਰੂ ਸਾਹਿਬ ਨੇ ਉਸ ਦੇ ਬ੍ਰਹਮ ਭੋਜ ਦੇ ਪਕਵਾਨਾਂ ਨੂੰ ਨਕਾਰਦਿਆਂ ਭਾਈ ਲਾਲੋ ਜੀ ਦੀ ਰੁੱਖੀ-ਸੁੱਖੀ ਵੱਲ ਰੁਖ਼ ਕਰ ਕੇ ਹੱਕ ਹਲਾਲ ਦੀ ਕਿਰਤ ਨੂੰ ਮਾਨਤਾ ਦੇ ਕੇ ਇਹ ਸਿੱਧ ਕੀਤਾ ਕਿ ਅਸਲ ਬ੍ਰਹਮ ਭੋਜ ਸੁੱਚੀ ਕਿਰਤ ਕਮਾਈ ਵਿੱਚੋਂ ਹੀ ਹੋ ਸਕਦਾ ਹੈ।
ਭਾਈ ਲਾਲੋ ਜੀ ਨੇ ਬੜੇ ਹੀ ਪ੍ਰੇਮ ਭਾਵਨਾ ਨਾਲ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਜੀ ਅੱਗੇ ਰੁੱਖਾ-ਮਿੱਸਾ ਭੋਜਨ ਪਰੋਸਿਆ। ਇਸ ਸਾਦੇ ਭੋਜਨ ਦੇ ਸੁਆਦ ਦਾ ਅਨੰਦ ਮਾਣ ਰਹੇ ਭਾਈ ਮਰਦਾਨਾ ਜੀ ਦੀ ਜਗਿਆਸਾ ਨੂੰ ਨਿਵਿਰਤ ਕਰਦਿਆਂ ਗੁਰੂ ਸਾਹਿਬ ਨੇ ਕਿਹਾ, “ਭਾਈ ਮਰਦਾਨਿਆਂ! ਇਸ ਸੁਆਦੀ ਭੋਜਨ ਵਿਚ ਖੂਨ-ਪਸੀਨੇ ਦੀ ਕਮਾਈ ਦੀਆਂ ਹੀ ਸਭੇ ਬਰਕਤਾਂ ਈ।” ਇਸ ਤਰ੍ਹਾਂ ਗੁਰੂ ਸਾਹਿਬ ਨੇ ਕਿਰਤ ਕਮਾਈ ਨੂੰ ਵਡਿਆਉਂਦਿਆਂ ਭਾਈ ਲਾਲੋ ਜੀ ਦੇ ਜੀਵਨ ਨੂੰ ਹੋਰ ਚਾਰ ਚੰਨ ਲਗਾ ਕੇ ਲੋਕਾਈ ਨੂੰ ਇਹੀ ਅਹਿਸਾਸ ਕਰਵਾਇਆ ਕਿ ਖੋਟ ਭਰੇ ਮਾਲ-ਪੂੜਿਆਂ ਵਿਚ ਗਰੀਬਾਂ ਦਾ ਚੂਸਿਆ ਖੂਨ ਹੀ ਪ੍ਰਤੱਖ ਦਿਖਾਈ ਦਿੰਦਾ ਹੈ ਜਦ ਕਿ ਹੱਕੀ ਕਮਾਈ ਦੀ ਸਾਦੇ ਪਰਸ਼ਾਦਿਆਂ ‘ਚੋਂ ਅੰਮ੍ਰਿਤ ਰੂਪੀ ਦੁੱਧ ਦੇ ਚਸ਼ਮੇ ਹੀ ਫੁੱਟਦੇ ਹਨ।
ਭਾਈ ਲਾਲੋ ਜੀ ਨੂੰ ਸੰਬੋਧਨ ਹੁੰਦਿਆਂ ਗੁਰੂ ਸਾਹਿਬ ਨੇ ਤਿਲੰਗ ਰਾਗ ਵਿਚ ਸ਼ਬਦ ਵੀ ਉਚਾਰਿਆ ਜਿਸ ਵਿਚ ਉਸ ਸਮੇਂ (ਰਾਜਸੀ, ਧਾਰਮਿਕ ਤੇ ਸਮਾਜਿਕ ਤਾਣੇ-ਬਾਣੇ) ਦੀ ਨਿੱਘਰੀ ਹਾਲਤ ਨੂੰ ਬਿਆਨਿਆ ਹੈ ਅਤੇ ‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥’ ਤਾਕੀਦ ਨਾਲ ਭਾਈ ਲਾਲੋ ਜੀ ਵਰਗੇ ਸੱਚੇ-ਸੁੱਚੇ ਜੀਵਨ ਨੂੰ ਮਾਨੋ ਇਕ ਥਾਪੜਾ ਹੀ ਦਿੱਤਾ ਹੈ।
-ਸ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
