“ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਧਾਰਮਿਕ ਅਜ਼ਾਦੀ, ਨਿਆਂ ਅਤੇ ਗੁਰੂ ਸਾਹਿਬ ਦੀਆਂ ਵਿਸ਼ਵਵਿਆਪੀ ਸਿੱਖਿਆਵਾਂ ਨੂੰ ਅਗਾਂਹ ਵਧਾਉਣ ਦਾ ਮੌਕਾ”: -ਗਿਆਨੀ ਕੁਲਦੀਪ ਸਿੰਘ ਗੜਗੱਜ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਖ਼ਾਲਸਾ ਪੰਥ ਵੱਲੋਂ ਵੱਡੇ ਪੱਧਰ ਉੱਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ ਜਾ ਰਹੀ ਹੈ। ਇਹ ਸਾਡੀ ਪੀੜ੍ਹੀ ਲਈ ਇਤਿਹਾਸਕ ਮੌਕਾ ਹੈ ਜਦੋਂ ਸ਼ਹੀਦੀ ਸ਼ਤਾਬਦੀ ਦੇ ਨਾਲ-ਨਾਲ ਅਸੀਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੀ ਵੀ 350 ਸਾਲਾ ਸ਼ਤਾਬਦੀ ਮਨਾ ਰਹੇ ਹਾਂ। ਨੌਵੇਂ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਨਾਲ ਇਸ ਖਿੱਤੇ ਵਿੱਚ ਧਾਰਮਿਕ ਅਜ਼ਾਦੀ ਦੀ ਬਹੁਤ ਗਹਿਰੀ ਤੇ ਮਜ਼ਬੂਤ ਨੀਂਹ ਰੱਖੀ, ਜਿਸ ਉੱਤੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਤੇ ਸਿੱਖਿਆਵਾਂ ਨੂੰ ਪ੍ਰਣਾਏ ਹੁੰਦਿਆਂ ਸਮਾਜ ਸਿਰਜਣ ਦੀ ਵੱਡੀ ਲੋੜ ਹੈ।
ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਬਚਿੱਤਰ ਨਾਟਕ ਵਿੱਚ ਇਹ ਮੋਹਲ ਲਗਾਈ ਹੈ ਕਿ – ਤਿਲਕ ਜੰਞੂ ਰਾਖਾ ਪ੍ਰਭ ਤਾ ਕਾ।। ਕੀਨੋ ਬਡੋ ਕਲੂ ਮਹਿ ਸਾਕਾ।। – ਤਾਂ ਇਸ ਗੱਲ ਤੋਂ ਦੁਨੀਆ ਦਾ ਕੋਈ ਵੀ ਵਿਅਕਤੀ ਮੁੱਕਰ ਨਹੀਂ ਸਕਦਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂਆਂ ਦੇ ਤਿਲਕ ਅਤੇ ਜੰਞੂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਨੌਵੇਂ ਪਾਤਸ਼ਾਹ ਜੀ ਦੇ ਅਜਿਹੇ ਔਖੇ ਸਮੇਂ ਹਿੰਦੂ ਧਰਮ ਦੀ ਰੱਖਿਆ ਕੀਤੀ ਜਦੋਂ ਔਰੰਗਜ਼ੇਬ ਵੱਲੋਂ ਇਸ ਖਿੱਤੇ ਅੰਦਰ ਹਿੰਦੂਆਂ ਦੇ ਸਵਾ-ਸਵਾ ਮਣ ਜਨੇਊ ਲਾਹੇ ਜਾਂਦੇ ਸਨ। ਉਦੋਂ ਹਿੰਦੂਆਂ ਦੀ ਧਾਰਮਿਕ ਅਜ਼ਾਦੀ ਖਤਰੇ ਵਿੱਚ ਸੀ ਤਾਂ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਿਤਾਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਪਾਸ ਆ ਕੇ ਰੱਖਿਆ ਲਈ ਅਰਜ਼ੋਈ ਕੀਤੀ। ਨੌਂ ਸਾਲ ਦੀ ਉਮਰ ਵਿੱਚ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ) ਜੀ ਨੇ ਸਹਿਜ-ਸੁਭਾਅ ਹੀ ਆਪਣੇ ਗੁਰੂ ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਨਾਲੋਂ ਸਤਿ ਪੁਰਖ ਅਤੇ ਮਹਾਤਮਾ ਹੋਰ ਕੌਣ ਹੋ ਸਕਦਾ ਹੈ। ਨੌਵੇਂ ਪਾਤਸ਼ਾਹ ਜੀ ਦਾ ਦੇਣਾ ਹਿੰਦੂ ਲੋਕ ਅਤੇ ਇਸ ਦੇਸ਼ ਦੇ ਲੋਕ ਨਹੀਂ ਦੇ ਸਕਦੇ ਅਤੇ ਅੱਜ ਇਸ ਗੱਲ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਜੇਕਰ ਉਸ ਸਮੇਂ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਇਸ ਦੇਸ਼ ਦਾ ਨਕਸ਼ਾ ਜੋ ਅੱਜ ਹੈ ਇਹ ਨਾ ਹੁੰਦਾ।
ਖੱਬੇ ਪੱਖੀ ਵਿਚਾਰਧਾਰਾ ਦੇ ਕੁਝ ਲੋਕ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਕੇਵਲ ਮਨੁੱਖ ਅਧਿਕਾਰਾਂ ਨਾਲ ਜੋੜ ਕੇ ਵੇਖਦੇ ਹਨ ਜਦਕਿ ਇਸੇ ਤਰ੍ਹਾਂ ਸੱਜੇ ਪੱਖੀ ਕੁਝ ਲੋਕ ਇਸ ਅਦੁੱਤੀ ਸਾਕੇ ਨੂੰ ਆਪਣੀ ਧਾਰਮਿਕ ਅਜ਼ਾਦੀ ਦੀ ਰੱਖਿਆ ਵਜੋਂ ਦੇਖਦੇ ਹਨ, ਲੇਕਿਨ ਗੁਰੂ ਸਾਹਿਬ ਜੀ ਦਾ ਸਿਧਾਂਤ ਤੇ ਪਰਉਪਕਾਰ ਵਿਸ਼ਵਵਿਆਪੀ ਹੈ ਅਤੇ ਸਾਰੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਵਾਲਾ ਹੈ। ਇਸ ਨੂੰ ਅਦੁੱਤੀ ਸਾਕੇ ਅਤੇ ਨੌਵੇਂ ਪਾਤਸ਼ਾਹ ਜੀ ਦੀ ਦੂਰਅੰਦੇਸ਼ੀ ਨੂੰ ਬਿਆਨ ਕਰਨਾ ਇਤਨਾ ਸੁਖਾਲਾ ਨਹੀਂ। ਇਸ ਖਿੱਤੇ ਦੀ ਸੂਝ ਅਤੇ ਸਮਝ ਹਾਲੇ ਇਤਨੀ ਨਹੀਂ ਬਣੀ ਕਿ ਅਸੀਂ ਨੌਵੇਂ ਪਾਤਸ਼ਾਹ ਜੀ ਦੀ ਅਦੁੱਤੀ ਸ਼ਹਾਦਤ ਨੂੰ ਆਪਣੀ ਮੱਤ ਅਨੁਸਾਰ ਬਿਆਨ ਕਰ ਸਕੀਏ। ਇਸ ਲਈ ਸਾਨੂੰ ਗੁਰਮਤਿ ਅਨੁਸਾਰ ਸੋਚ ਕੇ ਫੈਸਲਾ ਕਰਨਾ ਪਵੇਗਾ ਜੋ ਕਿ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਲਈ – ਕੀਨੋ ਬਡੋ ਕਲੂ ਮਹਿ ਸਾਕਾ।। – ਲਿਖਿਆ ਹੈ। ਇਸ ਤੁਕ ਨੂੰ ਸਹਿਜੇ ਸਮਝੀਏ ਤਾਂ ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਜੀ ਦੇ ਕਲਜੁਗ ਵਿੱਚ ਵੱਡਾ ਸਾਕਾ ਵਰਤਾਇਆ ਹੈ। ਔਰੰਗਜ਼ੇਬ ਦਾ ਰਾਜ ਇਸ ਖਿੱਤੇ ਦੇ ਲੋਕਾਂ ਉੱਤੇ ਕਲਜੁਗ ਦਾ ਕਹਿਰ ਢਾਹ ਰਿਹਾ ਸੀ ਜਦੋਂ ਨੌਵੇਂ ਪਾਤਸ਼ਾਹ ਜੀ ਨੇ ਵੱਡੀ ਸ਼ਹਾਦਤ ਦੇ ਕੇ ਜੁਲਮੀ ਰਾਜ ਦੀਆਂ ਜੜ੍ਹਾਂ ਪੁੱਟਣ ਦੀ ਮੁੱਢ ਬੰਨ੍ਹਿਆ। ਸਾਕਾ ਦਾ ਭਾਵ ਹੈ – ਇੱਕ ਇਤਿਹਾਸਕ ਘਟਨਾ, ਖਾਸ ਕਰਕੇ ਜਿਸ ਵਿੱਚ ਦੁਰਲੱਭ ਬਹਾਦਰੀ ਜਾਂ ਸ਼ਹਾਦਤਸ਼ਾਮਲ ਹੋਵੇ। ਇਹ ਸਮਝਣ ਦੀ ਲੋੜ ਹੈ ਕਿ ਜਦੋਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿੱਚ ਹਾਕਮੀ ਤਾਕਤ ਦੇ ਵਿਰੋਧ ਦੀ ਸਜ਼ਾ ਸਿਰ ਕਲਮ ਕਰਨ ਦੀ ਹੁੰਦੀ ਸੀ। ਗੁਰੂ ਸਾਹਿਬ ਨੇ ਇਸ ਖਿੱਤੇ ਦੇ ਸਮਾਜ ਅੰਦਰ ਆਪਣੀ ਸ਼ਹਾਦਤ ਨਾਲ ਇੱਕ ਐਸੀ ਚੇਤਨਤਾ ਤੇ ਚਿਣਗ ਜਗਾਈ ਜਿਸ ਦਾ ਅਨੰਦ ਅੱਜ ਅਸੀਂ ਸਭ ਮਾਣ ਰਹੇ ਹਨ, ਇਸ ਲਈ ਸਾਡੇ ਸਾਰਿਆਂ ਦੇ ਸਿਰਾਂ ਉੱਤੇ ਗੁਰੂ ਦਾ ਅਜਿਹਾ ਕਰਜ਼ਾ ਹੈ ਜਿਸ ਨੂੰ ਅਸੀਂ ਕਦੇ ਨਹੀਂ ਉਤਾਰ ਸਕਦੇ।
ਜਿੱਥੇ ਅਸੀਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰ ਰਹੇ ਹਾਂ ਤਾਂ ਉੱਥੇ ਹੀ ਉਨ੍ਹਾਂ ਦੇ ਤਿੰਨ ਅਨਿੰਨ ਸਿੱਖਾਂ – ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਯਾਦ ਕਰਨਾ ਵੀ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਸਿੱਖੀ ਸਿਦਕ ਵਿੱਚ ਪੱਕੇ ਰਹੇ ਅਤੇ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾਸਰੋਤ ਬਣੇ। ਜਿਵੇਂ ਦਸਵੇਂ ਪਾਤਸ਼ਾਹ ਜੀ ਨੇ ਲਿਖਿਆ ਹੈ – ਧਰਮ ਹੇਤ ਸਾਕਾ ਜਿਨਿ ਕੀਆ।। ਸੀਸੁ ਦੀਆ ਪਰ ਸਿਰਰੁ ਨ ਦੀਆ।। – ਉਵੇਂ ਹੀ ਅੱਜ ਲੋੜ ਹੈ ਕਿ ਸਿੱਖ ਆਪਣੇ ਧਰਮ ਵਿੱਚ ਪਰਪੱਕ ਰਹਿਣ ਤੇ ਸਾਬਤ ਸੂਰਤ ਸਿੱਖ ਪਛਾਣ ਕਾਇਮ ਰੱਖਣ। ਗੁਰੂ ਸਾਹਿਬ ਸਿੱਖਾਂ ਦੇ ਨਾਲ-ਨਾਲ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਇਹੀ ਸਿੱਖਿਆ ਦਿੰਦੇ ਹਨ ਕਿ ਉਹ ਆਪੋ-ਆਪਣੇ ਧਰਮ ਵਿੱਚ ਪੱਕੇ ਰਹਿਣ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਸਿਧਾਂਤ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹੈ। ਗੁਰੂ ਦਾ ਸਿਧਾਂਤ ਹਮੇਸ਼ਾ ਇਹ ਰਿਹਾ ਹੈ ਕਿ ਦੁਨੀਆ ਵਿੱਚ ਕਿਤੇ ਵੀ ਕਿਸੇ ਦੀ ਧਾਰਮਿਕ ਅਜ਼ਾਦੀ ਨਾਲ ਕੋਈ ਧੱਕਾ ਨਾ ਕੀਤਾ ਜਾਵੇ, ਕਿਸੇ ਦੀ ਵੀ ਧਾਰਮਿਕ ਪਛਾਣ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਖਤਮ ਨਾ ਕੀਤਾ ਜਾਵੇ। ਹਰ ਧਰਮ ਦੇ ਲੋਕਾਂ ਨੂੰ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦਾ ਪੂਰਾ ਹੱਕ ਹੈ, ਇਸ ਲਈ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਇਹ ਵੱਡਾ ਸੰਕਲਪ ਵੀ ਹੈ।
ਅੱਜ ਜੇਕਰ ਸਿੱਖਾਂ ਦੇ ਆਪਣੇ ਹੀ ਦੇਸ਼ ਅੰਦਰ ਕਿਤੇ ਸਿੱਖ ਕਕਾਰ – ਕਿਰਪਾਨ ਜਾਂ ਕੜਾ ਲੁਹਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਦੇਸ਼ ਦੇ ਹਾਕਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹਾ ਵਿਤਕਰਾ ਕਰਨ ਵਾਲਿਆਂ ਨੂੰ ਸਜ਼ਾ ਮਿਲੇ, ਦੇਸ਼ ਭਰ ਵਿੱਚ ਮਿਸਾਲ ਕਾਇਮ ਹੋਵੇ ਤਾਂ ਜੋ ਦੁਬਾਰਾ ਅਜਿਹਾ ਕੋਈ ਨਾ ਕਰ ਸਕੇ। ਅਜਿਹਾ ਵਿਤਕਰੇ ਨਾਲ ਭਰਿਆ ਵਰਤਾਰਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਉੱਤੇ ਹਮਲਾ ਹੈ, ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਲੱਖਣ ਤੇ ਅੱਡਰੀ ਪਛਾਣ ਦੇ ਕੇ ਨਿਵਾਜਿਆ ਹੈ। ਨੌਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚ ਦਰਜ ਸਿੱਖ ਸਿਧਾਂਤ – ਭੈ ਕਾਰੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।।੧੬।। – ਨੂੰ ਸਮਝਣ ਦੀ ਲੋੜ ਹੈ। ਸਿੱਖ ਗੁਰੂ ਬਖਸ਼ਿਸ਼ ਇਸ ਸਿਧਾਂਤ ਉੱਤੇ ਚੱਲਦਿਆਂ ਨਾ ਕਿਸੇ ਨੂੰ ਡਰਾਉਂਦੇ ਹਨ ਅਤੇ ਨਾ ਕਿਸੇ ਦੇ ਡਰਾਵੇ ਨੂੰ ਮੰਨਦੇ ਹਨ, ਬਲਕਿ ਸਿੱਖ ਨਿਰਭਉ ਅਤੇ ਨਿਰਵੈਰ ਵਾਲਾ ਜੀਵਨ ਬਤੀਤ ਕਰਦੇ ਹਨ ਪਰ ਜੇਕਰ ਕੋਈ ਉਨ੍ਹਾਂ ਉੱਤੇ ਚੜ੍ਹ ਕੇ ਆਵੇ ਤਾਂ ਉਹ ਉਸਦਾ ਜਵਾਬ ਆਪਣੀਆਂ ਰਵਾਇਤਾਂ ਮੁਤਾਬਕ ਦੇਣਾ ਜਾਣਦੇ ਹਨ।
ਭਾਰਤ ਅੰਦਰ ਵੱਖ-ਵੱਖ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋਂ ਵੀ ਨੌਵੇਂ ਪਾਤਸ਼ਾਹ ਜੀ ਦੇ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਚੰਗੀ ਹੈ ਕਿ ਦੇਸ਼ ਦੀਆਂ ਹੁਕਮਰਾਨ ਧਿਰਾਂ ਕਿਸੇ ਹੱਦ ਤੱਕ ਨੌਵੇਂ ਪਾਤਸ਼ਾਹ ਜੀ ਦੇ ਪਰਉਪਕਾਰ ਨੂੰ ਯਾਦ ਕਰਦਿਆਂ ਸਮਾਗਮ ਕਰ ਰਹੀਆਂ ਹਨ ਪਰ ਉੱਥੇ ਹੀ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਕੀ ਅੱਜ ਦੇਸ਼ ਦਾ ਹਾਕਮ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਸਿੱਖਾਂ ਨਾਲ ਨਿਆਂਪੂਰਨ ਹਨ ਜਾਂ ਨਹੀਂ। ਪੰਜਾਬ ਅੰਦਰ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 350 ਸਾਲਾ ਸ਼ਹੀਦੀ ਨੂੰ ਸਮਰਪਿਤ ਹੁੰਦਿਆਂ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਸੰਗਤ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਮੈਂ, ਇਹ ਮਹਿਸੂਸ ਕਰਦਾ ਹਾਂ ਕਿ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਕੌਮ ਨੂੰ ਵੰਡਣ ਵਾਲੀ ਦਿਸ਼ਾ ਵਿੱਚ ਨਹੀਂ ਹੋਣ ਚਾਹੀਦੇ ਸਨ ਅਤੇ ਸਰਕਾਰਾਂ ਨੂੰ ਸਿੱਖ ਸੰਸਥਾ ਦਾ ਧਾਰਮਿਕ ਸਮਾਗਮਾਂ ਵਿੱਚ ਸਹਿਯੋਗ ਕਰਨਾ ਚਾਹੀਦਾ ਸੀ। ਲੇਕਿਨ ਅਜਿਹਾ ਨਹੀਂ ਹੋਇਆ ਜਿਸ ਵਿੱਚ ਸਿੱਧੇ ਤੌਰ ਉੱਤੇ ਨਜ਼ਰ ਆਉਂਦਾ ਕਾਰਨ ਪੰਜਾਬ ਦੀ ਹਾਕਮ ਧਿਰ ਦੀ ਹਉਮੈ ਅਤੇ ਆਪਣੇ ਆਪ ਨੂੰ ਜਣਾਏ ਜਾਣ ਦੀ ਇੱਛਾ ਹੈ। ਜੇਕਰ ਸਰਕਾਰਾਂ ਚਾਹੁਣ ਤਾਂ ਆਪਣੀ ਭੂਮਿਕਾ ਪੰਥ ਨਾਲ ਸਹਿਯੋਗ ਕਰਕੇ ਵੀ ਵੱਡੀ ਦਿਖਾ ਸਕਦੀਆਂ ਹਨ। ਇਹ ਪੱਖ ਵੀ ਸਰਕਾਰ ਦਾ ਕਮਜ਼ੋਰ ਨਜ਼ਰ ਆਇਆ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਸ਼ਤਾਬਦੀ ਮੌਕੇ ਕੋਈ ਵੱਡੀ ਯਾਦਗਾਰ ਜਾਂ ਪ੍ਰੋਜੈਕਟ ਸਥਾਪਤ ਕਰਨ ਵਿੱਚ ਪੱਛੜੀ ਰਹੀ ਹੈ। ਕੀ ਇਹ ਕਾਰਗੁਜ਼ਾਰੀ ਗੁਰੂ ਸਾਹਿਬ ਦੇ ਸੰਦੇਸ਼ ਦੀ ਅਣਦੇਖੀ ਅਤੇ ਸਿੱਖ ਸੰਸਥਾਵਾਂ ਨੂੰ ਬੌਣਾ ਕਰਨ ਦੀ ਹਰਕਤ ਵਜੋਂ ਸਿੱਖ ਇਤਿਹਾਸ ਵਿੱਚ ਦਰਜ ਨਹੀਂ ਹੋਵੇਗੀ।
ਮੈਂ ਸਿੱਖ ਕੌਮ ਦਾ ਸੇਵਾਦਾਰ ਹੁੰਦਿਆਂ ਮਹਿਸੂਸ ਕਰਦਾ ਹਾਂ ਕਿ ਅਜਿਹੇ ਇਤਿਹਾਸਕ ਦਿਹਾੜੇ ਜਿੱਥੇ ਕੌਮੀ ਏਕਤਾ ਲਈ ਚੰਗੇ ਮੌਕੇ ਹੁੰਦੇ ਹਨ ਉੱਥੇ ਹੀ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਲਈ ਵੀ ਮੰਥਨ ਦਾ ਸਮਾਂ ਹਨ। ਇਹ ਸ਼ਹੀਦੀ ਸ਼ਤਾਬਦੀ ਕਈ ਪੱਖਾਂ ਤੋਂ ਕੌਮ ਨੂੰ ਚਿੰਤਨ ਕਰਨ ਲਈ ਪ੍ਰੇਰਿਤ ਕਰਦੀ ਹੈ। ਅੱਜ ਕੌਮ ਨੂੰ ਦੇਸ਼ ਦੁਨੀਆ ਅੰਦਰ ਕਈ ਚੁਣੌਤੀਆਂ ਦਰਪੇਸ਼ ਹਨ ਜਿਨ੍ਹਾਂ ਦੇ ਸਰਲੀਕਰਨ ਲਈ ਸੋਚਣਾ ਬਣਦਾ ਹੈ। ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਕੌਮ ਲਈ ਬੁਲੰਦ ਅਵਾਜ਼ ਦੀ ਮੰਗ ਕਰ ਰਿਹਾ ਹੈ, ਇਹ ਸਰਕਾਰਾਂ ਲਈ ਵੀ ਸੋਚਣ ਦਾ ਵਿਸ਼ਾ ਹੈ ਕਿ ਕਿਸੇ ਨੂੰ ਕਿੰਨੇ ਸਾਲਾਂ ਤੱਕ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ ਜਾ ਸਕਦਾ ਹੈ। ਕੀ ਸਰਕਾਰਾਂ ਨਜ਼ਰਬੰਦ ਸਿੰਘਾਂ ਦੀ ਮੌਤ ਦਾ ਇੰਤਜ਼ਾਰ ਕਰ ਰਹੀਆਂ ਹਨ ਅਤੇ ਇਸੇ ਤਰੀਕੇ ਮਾਮਲੇ ਖ਼ਤਮ ਕਰਨਾ ਚਾਹੁੰਦੀਆਂ ਹਨ। ਜੇਕਰ ਸਰਕਾਰ ਨੇ ਸੰਵਿਧਾਨ ਦੀ ਸੱਚੀ ਪਾਲਣਹਾਰ ਬਣਨਾ ਹੈ ਤਾਂ ਇਸ ਸ਼ਹੀਦੀ ਸ਼ਤਾਬਦੀ ਮੌਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਸੰਵਿਧਾਨਕ ਫਰਜ਼ ਪਾਲ਼ੇ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਇਲਜ਼ਾਮ ਤੋਂ ਬਚੇ।
ਇਹ ਵੀ ਜ਼ਰੂਰੀ ਹੈ ਕਿ ਸਰਕਾਰਾਂ ਧਾਰਮਿਕ ਸਰੋਕਾਰਾਂ ਅਤੇ ਅਕੀਦਿਆਂ ਪ੍ਰਤੀ ਸੰਜੀਦਾ ਹੁੰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਆਪਸੀ ਪ੍ਰੇਮ, ਸਤਿਕਾਰ ਤੇ ਇਤਫ਼ਾਕ ਨੂੰ ਆਪਣੀ ਨੀਤੀ ਦਾ ਹਿੱਸਾ ਬਣਾਉਣ ਅਤੇ ਦੇਸ਼ ਅੰਦਰ ਘੱਟਗਿਣਤੀਆਂ ਨੂੰ ਦਬਾਉਣ ਵਾਲੇ ਸ਼ਕਤੀਆਂ ਉੱਤੇ ਕਾਰਵਾਈਆਂ ਕਰਨ।
ਨੌਵੇਂ ਪਾਤਸ਼ਾਹ ਦੇ ਇਸ ਦਿਹਾੜੇ ਉੱਤੇ ਮੈਂ ਇਹ ਆਸ ਵੀ ਕਰਦਾ ਹਾਂ ਅਤੇ ਵਿਸ਼ਵਾਸ ਰੱਖਦਾ ਹਾਂ ਕਿ ਗੁਰੂ ਸਾਹਿਬ ਦੇ ਸੰਦੇਸ਼ ਦੀ ਰੋਸ਼ਨੀ ਵਿੱਚ ਪੂਰੀ ਮਾਨਵਤਾ ਸੁਖਦ ਵਸੇ ਅਤੇ ਭਵਿੱਖ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਨਿਰਧਾਰਤ ਕਰੇ। ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ, ਅੱਜ ਲੋੜ ਹੈ ਕਿ ਅਸੀਂ ਉਸ ਖ਼ਾਲਸਈ ਸੋਚ ਨੂੰ ਪ੍ਰਣਾਏ ਹੋਈਏ। ਆਓ! ਦੇਸ਼, ਕੌਮ ਤੇ ਸਮਾਜ ਲਈ ਆਪਣੀ ਜਿੰਮੇਵਾਰੀ ਸਮਝੀਏ ਅਤੇ ਹਰ ਬਸ਼ਰ ਦੀ ਖੁਸ਼ਹਾਲੀ ਲਈ ਅਰਦਾਸ ਕਰੀਏ।