28 ਨਵੰਬਰ ਨੂੰ ਅਕਾਲ ਚਲਾਣੇ ‘ਤੇ ਵਿਸ਼ੇਸ਼
ਸਰਾਇ ਨਾਗਾ (ਮਤੇ ਦੀ ਸਰਾਂ-ਪ੍ਰਕਾਸ਼ ਅਸਥਾਨ ਗੁਰੂ ਅੰਗਦ ਦੇਵ ਜੀ) ਦੇ ਵਸਨੀਕ ਭਾਈ ਫ਼ਿਰੰਦਾ ਨੇ ਉਚੇਚੀ ਰਬਾਬ ਬਣਾ ਕੇ ਭਾਈ ਮਰਦਾਨਾ ਜੀ ਨੂੰ ਜਦ ਦਿੱਤੀ ਤਾਂ ਫ਼ਿਰੰਦੇ ਨੇ ਮੁੱਲ ਸਿਰਫ਼ ਇਹ ਹੀ ਮੰਗਿਆ ਕਿ ਇਸ ਨੂੰ ਸਿਵਾਇ ਗੁਰੂ ਨਾਨਕ ਜੀ ਦੀ ਹਜੂਰੀ ਤੋਂ ਹੋਰ ਕਿਸੇ ਅੱਗੇ ਨਾ ਵਜਾਈਂ।
“ਮ੍ਰਿਤ ਮੰਡਲ ਕੇ ਇਹ ਰਬਾਬ ਨਹਿ ਲਖਯੋ
ਅਨਤ ਅਗਰ ਸੋ ਤਹੀਂ ਬਜਾਵਹੁ ਸ੍ਰੀ ਨਾਨਕ ਜਹਿ ਪਿਖਯੋ।”
ਰਬਾਬ ਜਦ ਵੱਜਦੀ ਸੀ ਤਾਂ ਪਸ਼ੂ ਪੰਛੀ ਆਪਣਾ ਆਪ ਭੁੱਲ ਜਾਂਦੇ ਸਨ ਤੇ ਦਰਖਤਾਂ ਤੋਂ ਰਸ ਚੋਣ ਲੱਗ ਪੈਂਦਾ ਸੀ।
”ਤਰਵਰ ਤੇ ਰਸ ਨਿਚਰਨ ਲਾਗਯੋ ਵਿਸਰਾ ਸਭਨ ਅਪਾਨਾ।”
ਮਰਦਾਨਾ ਜੀ ਦੀ ਆਵਾਜ਼ ਇਤਨੀ ਗਰਜਵੀਂ ਸੀ ਕਿ ਜਦ ਉਹ ਉੱਚੀ ਸੁਰ ਲਗਾ ਸ਼ਬਦ ਗਾਂਦੇ ਤਾਂ ਜੰਗਲਾਂ ਵਿਚ ਦਹਾੜਦੇ ਸ਼ੇਰ ਵੀ ਟਿਕ ਜਾਂਦੇ ਤੇ ਉਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ।
‘ਮਰਦਾਨੇ ਤੇ ਸ਼ਬਦ ਪਠਾਯੋ।
ਉਚੇ ਸੁਰ ਸੋ ਰਾਗ ਵਧਾਯੋ। ਸੁਨਿਯੋ ਸਬਦ ਸੋ ਸਿੰਘਨ ਜਬ ਹੀ।
ਉਰ ਨਿਰਮਲ ਤਿਨ ਕੇ ਭਏ ਤਬ ਹੀ।”
ਇਹ ਯਾਦ ਰਹੇ ਕਿ ‘ਮਰਦਾਨਾ’ ਗੁਰੂ ਨਾਨਕ ਜੀ ਵਲੋਂ ਦਿੱਤਾ ‘ਦਾਨਾ’ ਨੂੰ ਲਕਬ ਸੀ। ਇਤਨੇ ਪ੍ਰਸੰਨ ਹੋਏ ਸਨ ਇਕ ਵਾਰੀ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਤੇ, ਕਿ ਆਪਣੀ ਪਾਈ ਕਮੀਜ਼ ਵੀ ਉਸ ਨੂੰ ਦੇ ਦਿੱਤੀ ਸੀ।
ਜਦ ਵੀ ਰਬਾਬ ਮਰਦਾਨਾ ਸ਼ੁਰੂ ਕਰਦਾ ਪਹਿਲੀ ਆਵਾਜ਼ ਇਹ ਨਿਕਲਦੀ:
“ਤੂੰ ਹੀ ਨਿਰੰਕਾਰਾ ਤੂੰ ਹੀ ਕਰਤਾਰਾ”(ਪੂਰਨ ਸਚਿ ਭਰੇ)
-ਪ੍ਰਿੰ. ਸਤਿਬੀਰ ਸਿੰਘ
